ਕੈਨੇਡਾ: ਕੁਝ ਪੰਜਾਬੀ ਵਿਦਿਆਰਥੀ ਵਾਪਸ ਮੁੜਨ ਲਈ ਕਿਉਂ ਮਜਬੂਰ ਹੋ ਰਹੇ ਹਨ, ਟਰੂਡੋ ਕੀ ਬੋਲੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਬਾਰੇ ਸੰਸਦ ਵਿੱਚ ਬਿਆਨ ਦਿੱਤਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ''ਸਾਡਾ ਮਕਸਦ ਦੋਸ਼ੀਆਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”

ਟਰੂਡੋ ਮੁਲਕ ਦੀ ਸੰਸਦ ਵਿੱਚ ਐੱਨਡੀਪੀ ਆਗੂ ਜਗਮੀਤ ਸਿੰਘ ਵਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਜਗਮੀਤ ਸਿੰਘ ਨੇ ਸਵਾਲ ਕੀਤਾ ਸੀ ਕਿ ਕੀ ਇੰਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਪੱਕੀ ਨਾਗਰਿਕਤਾ ਦੇਣ ਲਈ ਪ੍ਰਧਾਨ ਮੰਤਰੀ ਵਿਚਾਰ ਕਰਨਗੇ।

ਜਗਮੀਤ ਸਿੰਘ ਸਰਕਾਰ ਵਿੱਚ ਭਾਈਵਾਲ ਪਾਰਟੀ ਐੱਨਡੀਪੀ ਦੇ ਆਗੂ ਹਨ।

ਇਸ ਸਵਾਲ ਦੇ ਜਵਾਬ ਵਿੱਚ ਜਸਟਿਨ ਟਰੂਡੋ ਨੇ ਕਿਹਾ, ''ਹਰ ਇੱਕ ਮਾਮਲੇ ਦਾ ਮੁਲਾਂਕਣ ਹੋਵੇਗਾ ਅਤੇ ਪੀੜਤਾਂ ਨੂੰ ਉਨ੍ਹਾਂ ਦਾ ਪੱਖ਼ ਰੱਖਣ ਦਾ ਮੌਕਾ ਦਿੱਤਾ ਜਾਵੇਗਾ।''

ਇਸ ਤੋਂ ਪਹਿਲਾਂ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਰੈਡ ਰੇਡੇਕੋਪ ਨੇ ਵੀ ਕਿਹਾ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਕਮੇਟੀ ਵਲੋਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ।

ਉਨ੍ਹਾਂ ਇਸ ਦੀ ਜਾਣਕਾਰੀ ਦਿੰਦਿਆਂ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਇਸ ਪ੍ਰਸਤਾਵ ਦੇ ਪਾਸ ਹੋਣ ਨਾਲ ਕੈਨੇਡਾ ਵਿੱਚ ਪੜ੍ਹਨ ਆਏ ਵਿਦਿਆਰਥੀਆਂ ਨੂੰ ਰਾਹਤ ਮਿਲ ਸਕਦੀ ਅਤੇ ਉਨ੍ਹਾਂ ਲਈ ਵੀ ਆਸਾਨੀ ਹੋਵੇਗੀ, ਜੋ ਦੇਸ਼ ਦੀ ਨਾਗਰਿਕਤਾ ਹਾਸਿਲ ਕਰਨਾ ਚਹੁੰਦਾ ਹਨ।

ਦੱਸ ਦੇਈਏ ਕਿ ਇਸ ਵੇਲੇ ਕੈਨੇਡਾ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਡਿਪੋਰਟ ਹੋਣ ਦੀ ਸੰਭਾਵਨਾ ਦੇ ਚਲਦਿਆਂ ਚਿੰਤਾ ਵਿੱਚ ਘਿਰੇ ਹੋਏ ਹਨ।

ਅਜਿਹੇ ਵਿੱਚ ਇਸ ਪ੍ਰਸਤਾਵ ਦਾ ਪਾਸ ਹੋਣਾ ਉਨ੍ਹਾਂ ਲਈ ਕੁਝ ਰਾਹਤ ਲੈ ਕੇ ਆ ਸਕਦਾ ਹੈ।

ਲਵਪ੍ਰੀਤ ਸਿੰਘ ਨਾਂ ਦੇ ਇੱਕ ਵਿਦਿਆਰਥੀ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।

ਹੁਣ ਇੰਮੀਗ੍ਰੇਸ਼ਨ ਕਮੇਟੀ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਲੱਗਦਾ ਹੈ ਕਿ ਇਨ੍ਹਾਂ ਵਿਦਿਆਰਥੀਆ ਨੂੰ ਰਾਹਤ ਮਿਲ ਸਕਦੀ ਹੈ।

ਇਸ ਦੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ਿੰਨ ਫਰੇਜ਼ਰ ਨੇ ਵੀ ਇੱਕ ਟਵੀਟ ਸਾਂਝਾ ਕਰ ਕੇ ਦੇਸ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੰਬਧੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਆਪਣੇ ਟਵੀਟ 'ਚ ਉਨ੍ਹਾਂ ਲਿਖਿਆ, ''ਅਸੀਂ ਉਨ੍ਹਾਂ ਵਿਦਿਆਰਥੀਆਂ ਲਈ ਹੱਲ ਲੱਭ ਰਹੇ ਹਾਂ ਜੋ ਕਿ ਫਰਜ਼ੀ ਕਾਲਜ ਦਾਖਲਾ ਪੱਤਰਾਂ ਨਾਲ ਕੈਨੇਡਾ ਵਿੱਚ ਦਾਖਲ ਹੋਣ ਕਾਰਨ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।''

''ਜਿਨ੍ਹਾਂ ਲੋਕਾਂ ਨੇ ਇੱਥੇ ਪੜ੍ਹਾਈ ਕਰਨ ਦੀ ਸੱਚੀ ਇੱਛਾ ਰੱਖਣ ਵਾਲੇ ਲੋਕਾਂ ਦਾ ਫਾਇਦਾ ਉਠਾਇਆ ਹੈ, ਉਨ੍ਹਾਂ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ।''

ਭਾਰਤੀ ਵਿਦਿਆਰਥੀਆਂ ’ਚ ਭਵਿੱਖ ਨੂੰ ਲੈ ਕੇ ਚਿੰਤਾ ਕਿਉਂ?

ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀ ਇਸ ਡਰ ਨਾਲ ਰਹਿ ਰਹੇ ਹਨ ਕਿ ਉਨ੍ਹਾਂ ਨੂੰ ਕਾਲਜ ਵਿੱਚ ਦਾਖਲ ਹੋਣ ਦੇ ਕਥਿਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਦੇਸ਼ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਬਾਹਰ ਕੱਢਿਆ ਜਾ ਸਕਦਾ ਹੈ।

ਇਸ ਮਾਮਲੇ ਵਿੱਚ ਬਹੁਤ ਸਾਰੇ ਵਿਦਿਆਰਥੀ ਖੁੱਲ੍ਹ ਕੇ ਬਾਹਰ ਆ ਚੁੱਕੇ ਹਨ। ਕਈ ਧਰਨਾ ਵੀ ਦੇ ਰਹੇ ਹਨ।

ਇਸ ਮਾਮਲੇ ਨਾਲ ਜੁੜੇ ਇੱਕ ਵਕੀਲ ਦੇ ਮੁਤਾਬਿਕ ਅਜਿਹੇ ਵਿਦਿਆਰਥੀਆਂ ਦੀ ਗਿਣਤੀ 150 ਤੋਂ 200 ਤੱਕ ਹੋ ਸਕਦੀ ਹੈ।

ਜਿਨ੍ਹਾਂ ਵਿਦਿਆਰਥੀਆਂ ਨਾਲ ਬੀਬੀਸੀ ਨੇ ਗੱਲ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੇਕਸੂਰ ਹਨ। ਉਨ੍ਹਾਂ ਨੂੰ ਜਲੰਧਰ ਦੀ ਇੱਕ ਇਮੀਗ੍ਰੇਸ਼ਨ ਕੰਸਲਟੇਸ਼ਨ ਏਜੰਸੀ ਨੇ ਕਥਿਤ ਤੌਰ ’ਤੇ ਧੋਖਾ ਦਿੱਤਾ ਹੈ।

ਉਨ੍ਹਾਂ ਨੇ ਹੀ ਇਹ ਦਸਤਾਵੇਜ਼ ਮੁਹੱਈਆ ਕਰਵਾਏ ਸਨ। ਹਾਲਾਂਕਿ, ਕੀ ਇਸ ਮਾਮਲੇ ਵਿੱਚ ਕਿੰਨੀਆਂ ਏਜੰਸੀਆਂ ਸ਼ਾਮਲ ਹਨ, ਇਹ ਸਪੱਸ਼ਟ ਨਹੀਂ ਹੈ।

ਇਸ ਤੋਂ ਪਹਿਲਾਂ ਅਮਰੀਕਾ ਵਿੱਚ ਇੱਕ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਮਾਮਲੇ ਵਿੱਚ 100 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਸੀ।

ਕੈਨੇਡਾ ਤੋਂ ਫੋਨ ’ਤੇ ਗੱਲਬਾਤ ਵਿੱਚ ਡਿੰਪਲ ਨੇ ਬੀਬੀਸੀ ਨੂੰ ਕਿਹਾ, ‘‘ਮੇਰੇ ਦਿਮਾਗ਼ ਵਿੱਚ ਹਨ੍ਹੇਰਾ ਹੀ ਹਨ੍ਹੇਰਾ ਹੈ। ਨਾ ਮੈਂ ਅੱਗੇ ਵਧ ਸਕਦੀ ਹਾਂ, ਨਾ ਹੀ ਪਿੱਛੇ ਜਾ ਸਕਦੀ ਹਾਂ।’’

ਉਹ ਦਸੰਬਰ 2017 ਵਿੱਚ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਆਏ ਸਨ। ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਪਤੀ ਭਾਰਤ ਵਿੱਚ ਹਨ।

ਉਹ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਹਨ। ਉਨ੍ਹਾਂ ਦੇ ਤਿੰਨ ਭਰਾ-ਭੈਣਾਂ ਹਨ। ਪੰਜਾਬ ਦੇ ਜਲੰਧਰ ਵਿੱਚ ਉਨ੍ਹਾਂ ਦੇ ਪਿਤਾ ਦਰਜ਼ੀ ਹਨ ਅਤੇ ਮਾਂ ਘਰੇਲੂ ਔਰਤ ਹਨ।

ਵਿਗਿਆਨ ਵਿੱਚ ਮਾਸਟਰਜ਼ ਦੀ ਡਿਗਰੀ ਹਾਸਿਲ ਡਿੰਪਲ ਬੜੇ ਲੰਬੇ ਸਮੇਂ ਤੋਂ ਨੌਕਰੀ ਦੀ ਤਲਾਸ਼ ਵਿੱਚ ਸਨ।

ਉਹ ਕਹਿੰਦੇ ਹਨ, ‘‘ਦੋ ਵਾਰ ਬੈਂਕ ਦਾ ਇਮਤਿਹਾਨ ਦਿੱਤਾ। ਉਹ ਕਲੀਅਰ ਨਹੀਂ ਹੋਇਆ। ਇਸ ਸਭ ਤੋਂ ਤੰਗ ਆ ਕੇ ਮੈਂ ਇੱਥੇ (ਕੈਨੇਡਾ) ਦਾ ਅਪਲਾਈ ਕੀਤਾ ਸੀ ਕਿ ਇੱਧਰ ਤਾਂ ਕੁਝ ਹੋਵੇਗਾ। ਇੰਨੀ ਪੜ੍ਹਾਈ ਕੀਤੀ ਹੈ, ਉਸ ਦਾ ਤਾਂ ਫਾਇਦਾ ਹੋਣਾ ਚਾਹੀਦਾ ਹੈ।’’

ਭਾਰਤੀ ਵਿਦਿਆਰਥੀਆਂ ਬਾਰੇ ਖਾਸ ਗੱਲਾਂ:

  • ਕੈਨੇਡਾ ਵਿੱਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ
  • ਹਾਲਾਂਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਅਮਰੀਕਾ ਗਏ ਹਨ
  • 150 ਤੋਂ 200 ਵਿਦਿਆਰਥੀ ਕੈਨੇਡਾ ਤੋਂ ਕੱਢੇ ਜਾਣ ਦੇ ਡਰ ਹੇਠ ਹਨ
  • ਜਾਣਕਾਰੀ ਮੁਤਾਬਕ ਕਈ ਮਾਮਲਿਆਂ ’ਚ ਭਾਰੀ ਫੀਸ ’ਤੇ ਜਾਅਲੀ ਐਡਮਿਸ਼ਨ ਲੈਟਰਜ਼ ਜਾਰੀ ਕੀਤੇ ਗਏ

ਕਈ ਪਰਿਵਾਰਾਂ ਵਿੱਚ ਖ਼ਾਸ ਕਰਕੇ ਪੰਜਾਬ ਅੰਦਰ, ਕਿਸੇ ਪੱਛਮੀ ਦੇਸ਼ ਵਿੱਚ ਰਹਿਣ ਨੂੰ ਬਹੁਤ ਇੱਜ਼ਤ ਨਾਲ ਦੇਖਿਆ ਜਾਂਦਾ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ ਵੀਜ਼ਾ ਧੋਖਾਧੜੀ ਦੇ ਕਈ ਮਾਮਲੇ ਰਿਪੋਰਟ ਹੋਏ ਹਨ।

ਡਿੰਪਲ ਨੂੰ ਇੱਕ ਰਿਸ਼ਤੇਦਾਰ ਨੇ ਜਲੰਧਰ ਦੀ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਅਤੇ ਇਸ ਨਾਲ ਜੁੜੇ ਬ੍ਰਜੇਸ਼ ਮਿਸ਼ਰਾ ਬਾਰੇ ਦੱਸਿਆ।

ਉਹ ਕਹਿੰਦੇ ਹਨ, ‘‘ਉਸ ਸਮੇਂ ਉਹ ਬਹੁਤ ਇਨੋਸੈਂਟ ਸੀ, ਉਸ ਨੇ ਮੇਰੇ ਸਾਰੇ ਡਾਕੂਮੈਂਟ ਦੇਖੇ ਸਨ।’’

ਆਖਰਕਾਰ ਉਨ੍ਹਾਂ ਨੂੰ ਨਵੰਬਰ 2017 ਵਿੱਚ ਕੈਨੇਡਾ ਦਾ ਵੀਜ਼ਾ ਮਿਲ ਗਿਆ।

ਪਹਿਲਾ ਝਟਕਾ

ਕੈਨੇਡਾ ਤੋਂ ਫੋਨ ’ਤੇ ਉਹ ਦੱਸਦੇ ਹਨ, ‘‘ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇੱਕ ਕਾਲਜ ਨੇ ਮੇਰੇ ਦਸਤਾਵੇਜ਼ਾਂ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਕਾਲਜ ਤੋਂ ਐਡਮਿਸ਼ਨ ਲੈਟਰ ਆ ਗਿਆ ਹੈ।’’

ਡਿੰਪਲ ਨੇ ਕੈਨੇਡਾ ਵਿੱਚ ਕੰਪਿਊਟਰ ਨੈੱਟਵਰਕਿੰਗ ਦੇ ਕੋਰਸ ਲਈ ਅਪਲਾਈ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਉਸ ਸਮੇਂ 12 ਲੱਖ ਰੁਪਏ ਨਕਦ ਦਿੱਤ ਸਨ।

ਇਸ ਵਿੱਚ ਕਾਲਜ ਫੀਸ ਅਤੇ ਉਹ ਖਰਚ ਸ਼ਾਮਲ ਸਨ, ਜਿਸ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਉਨ੍ਹਾਂ ਕੋਲ ਇੰਨੇ ਪੈਸੇ ਮੌਜੂਦ ਹਨ। ਜਿਸ ਨਾਲ ਉਹ ਕੈਨੇਡਾ ਵਿੱਚ ਆਪਣਾ ਖਰਚ ਉਠਾ ਸਕਦੇ ਹਨ।

ਪਰ ਕੈਨੇਡਾ ਵਿੱਚ ਆਉਣ ਦੇ ਦੋ ਦਿਨ ਦੇ ਬਾਅਦ ਹੀ ਡਿੰਪਲ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਕਾਲਜ ਵਿੱਚ ਹੜਤਾਲ ਹੈ ਅਤੇ ਉਹ ਇੱਕ ਦੂਜੇ ਕਾਲਜ ਵਿੱਚ ਅਪਲਾਈ ਕਰੇ।

ਉਨ੍ਹਾਂ ਵਲੋਂ ਜਮ੍ਹਾਂ ਕਰਵਾਈ ਗਈ ਕਾਲਜ ਦੀ ਫੀਸ ਨੂੰ ਵੀ ਵਾਪਸ ਕਰ ਦਿੱਤਾ ਗਿਆ।

ਡਿੰਪਲ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ 2019 ਵਿੱਚ ਪੂਰੀ ਕੀਤੀ। ਉਨ੍ਹਾਂ ਨੂੰ ਵਰਕ ਪਰਮਿਟ ਵੀ ਮਿਲ ਗਿਆ ਸੀ।

ਪਰ ਉਨ੍ਹਾਂ ਨੂੰ ਉਦੋਂ ਝਟਕਾ ਲੱਗਿਆ ਜਦੋਂ ਮਈ 2022 ਵਿੱਚ ਪਰਮਾਨੈਂਟ ਰੈਜ਼ੀਡੈਂਸੀ ਦੀ ਉਨ੍ਹਾਂ ਦੀ ਅਰਜ਼ੀ ’ਤੇ ਜਵਾਬ ਆਇਆ ਕਿ ਉਨ੍ਹਾਂ ਵਲੋਂ ਪਹਿਲਾਂ ਚੁਣੇ ਗਏ ਕਾਲਜ ਦਾ ਐਕਸੈਪਟੈਂਸ ਲੈਟਰ ਜਾਅਲੀ ਹੈ।

ਇਸ ਚਿੱਠੀ ਦੇ ਆਧਾਰ ’ਤੇ ਉਨ੍ਹਾਂ ਨੂੰ ਭਾਰਤ ਵਿੱਚ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਵਿੱਚ ਪ੍ਰਵੇਸ਼ ਮਿਲਿਆ ਸੀ।

ਇਸ ਬਾਰੇ ਅਜੇ ਵੀ ਕਈ ਸਵਾਲ ਹਨ ਕਿ ਅਜਿਹਾ ਆਖਰ ਕਿਵੇਂ ਹੋਇਆ।

ਬਾਹਰ ਜਾਣ ਦਾ ਆਦੇਸ਼

ਡਿੰਪਲ ਨੂੰ ਕਿਹਾ ਗਿਆ ਕਿ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਮਿਲੇ। ਫਿਰ ਇਸ ਸਾਲ ਜਨਵਰੀ ਵਿੱਚ ਇੱਕ ਸੁਣਵਾਈ ਦੇ ਬਾਅਦ ਉਨ੍ਹਾਂ ਨੂੰ ‘‘ਐਕਸਕਲੂਜ਼ਨ ਆਰਡਰ’ ਦੇ ਦਿੱਤਾ ਗਿਆ।

ਐਕਸਕਲੂਜ਼ਨ ਆਦੇਸ਼ ਤਹਿਤ ਤੁਹਾਨੂੰ ਇੱਕ ਸਾਲ ਲਈ ਕੈਨੇਡਾ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਪਰ ਜੇਕਰ ਤੁਸੀਂ ਆਪਣੇ ਬਾਰੇ ਵਿੱਚ ਗਲਤ ਜਾਣਕਾਰੀ ਦਿੱਤੀ ਹੈ ਤਾਂ ਤੁਹਾਨੂੰ ਪੰਜ ਸਾਲ ਲਈ ਕੈਨੇਡਾ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ।

ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਹੋਈ ਮੁਲਾਕਾਤ ’ਤੇ ਡਿੰਪਲ ਦੱਸਦੇ ਹਨ, ‘‘ਮੈਂ ਇੰਟਰਵਿਊ ਦੇ ਦੌਰਾਨ ਇੰਨੀ ਡਰੀ ਹੋਈ ਸੀ ਕਿ ਮੈਂ ਸ਼ਾਇਦ ਹੀ ਕੁਝ ਕਿਹਾ। ਮੈਨੂੰ ਲੱਗਿਆ ਕਿ ਮੈਨੂੰ ਤੁਰੰਤ ਭਾਰਤ ਭੇਜ ਦਿੱਤਾ ਜਾਵੇਗਾ।’’

ਕੈਨੇਡਾ ਦੇ ਫੈਡਰਲ ਕੋਰਟ ਵਿੱਚ ਉਨ੍ਹਾਂ ਨੇ ਇਸ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪਾਈ ਹੈ। ਉਨ੍ਹਾਂ ਦੇ ਵਕੀਲ ਜਸਵੰਤ ਸਿੰਘ ਮੰਗਤ ਅਜਿਹੀ ਹੀ ਸਥਿਤੀ ਵਿੱਚ ਫਸੇ ਹੋਏ ਕਈ ਵਿਦਿਆਰਥੀਆਂ ਦੇ ਵਕੀਲ ਵੀ ਹਨ।

ਉਹ ਦੱਸਦੇ ਹਨ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਭਾਰੀ ਫੀਸ ’ਤੇ ਜਾਅਲੀ ਐਡਮਿਸ਼ਨ ਲੈਟਰਜ਼ ਜਾਰੀ ਕੀਤੇ ਗਏ।

ਦਸਤਾਵੇਜ਼ਾਂ ਦੇ ਆਧਾਰ ’ਤੇ ਵੀਜ਼ਾ ਐਪਲੀਕੇਸ਼ਨ ਦਾਖਲ ਹੋਏ ਅਤੇ ਵੀਜ਼ੇ ਜਾਰੀ ਹੋਏ।

ਆਖਿਰ ਕੀ ਹੋਇਆ?

ਵਿਦਿਆਰਥੀ ਕੈਨੇਡਾ ਆਏ, ਪਰ ਆਉਣ ਦੇ ਬਾਅਦ ਜਾਂ ਫਿਰ ਠੀਕ ਪਹਿਲਾਂ ਭਾਰਤੀ ਇਮੀਗ੍ਰੇਸ਼ਨ ਏਜੰਸੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਿਸੇ ਕਾਰਨ ਆਪਣਾ ਦਾਖਲਾ ਕਿਸੇ ਹੋਰ ਕਾਲਜ ਵਿੱਚ ਕਰਵਾ ਲੈਣ।

ਬਹੁਤ ਸਾਰੇ ਵਿਦਿਆਰਥੀਆਂ ਨੇ ਨਵੇਂ ਕਾਲਜਾਂ ਵਿੱਚ ਆਪਣੇ ਕੋਰਸ ਪੂਰੇ ਕੀਤੇ, ਵਰਕ ਪਰਮਿਟ ਲਈ ਅਪਲਾਈ ਕੀਤਾ, ਪਰ ਜਦੋਂ ਉਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦਿੱਤੀ ਤਾਂ ਉਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਛਲੇ ਕਾਲਜ ਦੇ ਐਡਮਿਸ਼ਨ ਲੈਟਰ ਜਾਅਲੀ ਹਨ।

ਡਿੰਪਲ ਪੁੱਛਦੀ ਹੈ, ‘‘ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹਵਾਈ ਅੱਡਿਆਂ ’ਤੇ, ਵੀਜ਼ਾ ਜਾਰੀ ਕਰਦੇ ਹੋਏ ਇਹ ਨਹੀਂ ਪਤਾ ਲੱਗਿਆ ਕਿ ਦਸਤਾਵੇਜ਼ ਜਾਅਲੀ ਹਨ ਤਾਂ ਸਾਡੇ ਤੋਂ ਕਿਵੇਂ ਉਮੀਦ ਕੀਤੀ ਜਾ ਰਹੀ ਹੈ ਕਿ ਸਾਨੂੰ ਇਹ ਪਤਾ ਚੱਲ ਜਾਵੇ।’’

ਅਸੀਂ ਇਸ ਬਾਰੇ ਵਿੱਚ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਅਤੇ ਬ੍ਰਜੇਸ਼ ਮਿਸ਼ਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਈਮੇਲ ’ਤੇ ਇੱਕ ਜਵਾਬ ਵਿੱਚ ਕਿਹਾ ਕਿ ਉਹ ਕਿਸੇ ਖ਼ਾਸ ਵਿਅਕਤੀ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ, ਪਰ ਸਾਲ 2022 ਵਿੱਚ ਉਨ੍ਹਾਂ ਦੇ ਅਧਿਕਾਰੀਆਂ ਨੇ ਇਸ ਸਬੰਧੀ ਇੱਕ ਅਜਿਹੀ ਸਕੀਮ ਨੂੰ ਉਜਾਗਰ ਕੀਤਾ।

ਜਿੱਥੇ ਨਿੱਜੀ ਕਾਲਜ ਪ੍ਰੋਗਰਾਮਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਕਰੀਬ 21 ਲੱਖ ਰੁਪਏ (25,000 ਡਾਲਰ) ਦੇ ਖਰਚ ’ਤੇ ਵਰਕ ਪਰਮਿਟ ’ਤੇ ਲੈ ਜਾਇਆ ਜਾ ਰਿਹਾ ਸੀ। ਉਸ ਦਾ ਇੱਕੋ ਇੱਕ ਮਕਸਦ ਉਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮੁਹੱਈਆ ਕਰਾਉਣਾ ਸੀ।

ਉਮੀਦਾਂ ਹੋਈਆਂ ਚੂਰ-ਚੂਰ

ਇਸ ਪੂਰੇ ਘਟਨਾਕ੍ਰਮ ਨਾਲ ਕਈ ਉਮੀਦਾਂ ਚੂਰ-ਚੂਰ ਹੋ ਗਈਆਂ ਹਨ। ਇਹ ਵਿਦਿਆਰਥੀ ਇੱਕ ਵੱਟਸਐਪ ਗਰੁੱਪ ’ਤੇ ਸੰਪਰਕ ਵਿੱਚ ਰਹਿੰਦੇ ਹਨ।

ਚਮਨਦੀਪ ਸਿੰਘ ਪੰਜਾਬ ਦੇ ਇੱਕ ਮੱਧਵਰਗੀ ਪਰਿਵਾਰ ਦੇ ਰਹਿਣ ਵਾਲੇ ਹਨ ਅਤੇ ਉਹ ਇੱਕ ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਕੈਨੇਡਾ ਗਏ ਸਨ।

ਉਹ ਕਹਿੰਦੇ ਹਨ, ‘‘ਜਦੋਂ ਮੈਂ ਸਟੂਡੈਂਟ ਵੀਜ਼ਾ ਲੈਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਉਸ ਸਮੇਂ ਸਿਸਟਮ ਦਾ ਪਤਾ ਨਹੀਂ ਸੀ, ਇਸ ਲਈ ਏਜੰਟ ਹਾਇਰ ਕੀਤਾ ਸੀ।’’

‘‘ਪਤਾ ਨਹੀਂ ਸੀ ਕਿ ਉਹ ਅਜਿਹੇ ਜਾਅਲੀ ਦਸਤਾਵੇਜ਼ ਵੀ ਲਾ ਸਕਦੇ ਹਨ।’’

ਉਨ੍ਹਾਂ ਨੇ ਕੈਨੇਡਾ ਵਿੱਚ ਇੰਜਨੀਅਰਿੰਗ ਕੋਰਸ ਲਈ ਅਪਲਾਈ ਕੀਤਾ ਅਤੇ ਉਸ ਲਈ 14-15 ਲੱਖ ਰੁਪਏ ਦਿੱਤੇ। ਇਸ ਲਈ ਉਨ੍ਹਾਂ ਨੂੰ ਕਰਜ਼ ਤੱਕ ਲੈਣਾ ਪਿਆ।

ਇਸ ਪੂਰੇ ਘਟਨਾਕ੍ਰਮ ’ਤੇ ਉਹ ਕਹਿੰਦੇ ਹਨ, ‘‘ਇੱਥੋਂ ਦਾ ਲਾਈਫ ਸਟਾਇਲ ਬਿਹਤਰ ਹੈ, ਪਰ ਇੱਥੇ ਭਾਰਤ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਜੋ ਦੂਰ ਤੋਂ ਦਿਖਦਾ ਹੈ ਕਿ ਬਹੁਤ ਕਮਾਈ ਹੈ, ਉਹ ਹੁਣ ਨਹੀਂ ਰਹੀ। ਤੁਹਾਨੂੰ ਏਜੰਟ ਸਹੀ ਚੁਣਨਾ ਹੋਵੇਗਾ।’’

ਉਹ ਯਾਦ ਕਰਦੇ ਹਨ, ‘‘ਜਦੋਂ ਜਲੰਧਰ ਜਾਂਦੇ ਸੀ, ਉਦੋਂ ਹਰ ਜਗ੍ਹਾ ਏਜੰਟ ਹੀ ਏਜੰਟ ਨਜ਼ਰ ਆਉਂਦੇ ਸਨ, ਪਰ ਉਸ ਏਜੰਸੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਉਨ੍ਹਾਂ ਨੇ ਸਾਡੀ ਫਾਈਲ ਤਿਆਰ ਕੀਤੀ ਹੈ।’’

ਚਮਨਦੀਪ ਕਹਿੰਦੇ ਹਨ, ‘‘ਸੁਪਨਾ ਸੀ ਕਿ ਲਾਈ ਫਸਟਾਇਲ ਚੰਗਾ ਹੋ ਜਾਵੇਗਾ। ਅਸੀਂ ਵੀ ਜਾ ਕੇ ਇਹੀ ਕਰਾਂਗੇ। ਸੁਪਨੇ ਅਤੇ ਰਿਐਲਿਟੀ ਵਿੱਚ ਬਹੁਤ ਫ਼ਰਕ ਹੈ।’’

‘‘ਜੋ ਇੱਥੋਂ ਵਾਪਸ ਜਾਣਗੇ, ਉਹ ਬਹੁਤ ਮਿਹਨਤ ਕਰਨਗੇ…ਜੇਕਰ ਅਸੀਂ ਭਾਰਤ ਵਿੱਚ ਬਿਨਾਂ ਸ਼ਰਮ ਕੰਮ ਕਰਾਂਗੇ, ਤਾਂ ਸਾਡਾ ਵੀ ਕੁਝ ਨਾ ਕੁਝ ਬਣ ਜਾਵੇਗਾ।’’

27 ਸਾਲਾ ਇੰਦਰਜੀਤ ਸਿੰਘ ਦੇ ਮੁਤਾਬਿਕ ਉਹ ਵਾਪਸ ਭਾਰਤ ਨਹੀਂ ਜਾਣਗੇ ਕਿਉਂਕਿ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ।

ਟਰੱਕ ਚਲਾ ਕੇ ਆਪਣਾ ਖਰਚ ਕੱਢਣ ਵਾਲੇ ਇੰਦਰਜੀਤ ਸਿੰਘ ਕਹਿੰਦੇ ਹਨ, ‘‘ਸਾਨੂੰ ਨਹੀਂ ਪਤਾ ਕਿ ਇਸ ਦਾ ਕੀ ਹੱਲ ਹੈ, ਸਾਨੂੰ ਅੰਦਾਜ਼ਾ ਨਹੀਂ ਹੈ। ਸਾਡੀ ਕੋਈ ਗਲਤੀ ਨਹੀਂ ਹੈ। ਵਾਪਸ ਕਿਵੇਂ ਆ ਜਾਵਾਂਗੇ।’’

ਧੋਖੇਬਾਜ਼ ਏਜੰਸੀਆਂ ਖਿਲਾਫ਼ ਕਾਰਵਾਈ ਦੀ ਮੰਗ

ਜਾਣਕਾਰਾਂ ਦੇ ਮੁਤਾਬਕ ਭਾਰਤੀ ਅਧਿਕਾਰੀਆਂ ਨੂੰ ਵਿਦਿਆਰਥੀਆਂ ਨੂੰ ਧੋਖਾ ਦੇ ਰਹੀਆਂ ਏਜੰਸੀਆਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ।

ਵਿਦਿਆਰਥੀਆਂ ਨੂੰ ਵੀ ਕੋਈ ਕਦਮ ਚੁੱਕਣ ਤੋਂ ਪਹਿਲਾਂ ਖ਼ੁਦ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਉਹ ਭਰੋਸੇਯੋਗ ਏਜੰਟਾਂ ਅਤੇ ਕਾਲਜਾਂ ਬਾਰੇ ਜਾਣਨ ਅਤੇ ਸਮਝਣ।

ਵਕੀਲ ਜਸਵੰਤ ਸਿੰਘ ਮੰਗਤ ਕਹਿੰਦੇ ਹਨ, ‘‘ਇਹ ਤੁਹਾਡਾ ਪੈਸਾ ਹੈ, ਤੁਹਾਡੀ ਜ਼ਿੰਦਗੀ ਹੈ, ਤੁਹਾਡਾ ਭਵਿੱਖ ਹੈ।’’

ਅਸੀਂ ਇਸ ਬਾਰੇ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਈਮੇਲ ਕੀਤੀ, ਪਰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ। ਜਵਾਬ ਮਿਲਣ ’ਤੇ ਅਸੀਂ ਉਸ ਨੂੰ ਇੱਥੇ ਅਪਡੇਟ ਕਰਾਂਗੇ।

ਪੰਜਾਬ ਵਿੱਚ ਵੀ ਬਣਿਆ ਸਿਆਸੀ ਮੁੱਦਾ

ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਬਹੁਤੇ ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਇਸ ਲਈ ਇਹ ਮਾਮਲਾ ਪੰਜਾਬ ਦੇ ਕਈ ਸਿਆਸਤਦਾਨ ਲਗਾਤਾਰ ਉਠਾ ਰਹੇ ਹਨ।

ਪੰਜਾਬ ਦੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਬਾਬਤ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਈ ਚਿੱਠੀਆਂ ਲਿਖ ਚੁੱਕੇ ਹਨ। ਹੁਣ ਉਨ੍ਹਾਂ ਨਿੱਜੀ ਬੈਠਕ ਲ਼ਈ ਸਮਾਂ ਮੰਗਿਆ ਹੈ।

ਪੰਜਾਬ ਸਰਕਾਰ ਨੇ ਇਸ ਮਸਲੇ ਦੀ ਹੱਲ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ। ਜਿਸ ਦੀ ਵੀਰਵਾਰ ਨੂੰ ਇੱਕ ਅਹਿਮ ਬੈਠਕ ਹੋਵੇਗੀ।

ਕੁਲਦੀਪ ਸਿੰਘ ਧਾਲ਼ੀਵਾਲ ਦਾ ਕਹਿਣਾ ਹੈ ਕਿ ਇਹ ਇਸ ਮਸਲੇ ਦੀ ਹੱਲ ਲ਼ਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਉਮੀਦ ਹੈ ਕਿ ਮਸਲਾ ਛੇਤੀ ਹੀ ਹੱਲ ਹੋ ਜਾਵੇਗੀ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਅਤੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਇਹ ਮਾਮਲਾ ਮੀਡੀਆ ਰਾਹੀ ਉਠਾ ਚੁੱਕੇ ਹਨ। ਇਹ ਆਗੂ ਵੀ ਆਪਣੇ ਤੌਰ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰ ਰਹੇ ਹਨ।

ਵਿਦੇਸ਼ਾਂ ਵਿੱਚ ਕਿੰਨੇ ਭਾਰਤੀ ਵਿਦਿਆਰਥੀ

ਭਾਰਤ ਸਰਕਾਰ ਵੱਲੋਂ ਲੋਕ ਸਭਾ ਵਿੱਚ ਉੱਚੇਰੀ ਸਿੱਖਿਆ ਲਈ ਵਿਦੇਸ਼ਾਂ ਵਿੱਚ ਪੜਨ ਗਏ ਵਿਦਿਆਰਥੀਆਂ ਦੀ ਗਿਣਤੀ ਬਾਰੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ।

ਹਾਲਾਂਕਿ, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਮਰੀਕਾ ਗਏ ਹਨ।

27 ਮਾਰਚ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਵਿਭਾਗ ਨੇ ਦੱਸਿਆ ਕਿ 7 ਲੱਖ 50 ਹਜਾਰ 365 ਵਿਦਿਆਰਥੀ ਸਾਲ 2022 ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਪੜਾਈ ਕਰਨ ਗਏ ਸਨ।

ਇਸ ਦੌਰਾਨ ਸਾਲ 2022 ਦੌਰਾਨ ਅਮਰੀਕਾ ਵਿੱਚ 1 ਲੱਖ 90 ਹਜਾਰ 512 ਵਿਦਿਆਰਥੀ ਗਏ ਸਨ। ਜਦਕਿ ਸਾਲ 2021 ਵਿੱਚ 1 ਲੱਖ 25 ਹਜਾਰ 115 ਅਤੇ 2020 ਵਿੱਚ 62 ਹਜਾਰ 415 ਭਾਰਤੀ ਵਿਦਿਆਰਥੀ ਅਮਰੀਕਾ ਗਏ।

ਦੂਜੇ ਪਾਸੇ ਸਾਲ 2022 ਵਿੱਚ 1 ਲੱਖ 85 ਹਜਾਰ 955 ਵਿਦਿਆਰਥੀ ਕੈਨੇਡਾ ਗਏ। ਇਸ ਤੋਂ ਪਹਿਲਾਂ ਸਾਲ 2021 ਵਿੱਚ 1 ਲੱਖ 2 ਹਜਾਰ 688 ਅਤੇ ਸਾਲ 2020 ਵਿੱਚ 43 ਹਜਾਰ 624 ਭਾਰਤੀ ਵਿਦਿਆਰਥੀ ਕੈਨੇਡਾ ਗਏ ਸਨ।

ਅੰਕੜਿਆਂ ਤੋਂ ਕੈਨੇਡਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਜਾਪਦਾ ਹੈ ਪਰ ਕੈਨੇਡਾ ਵਿੱਚ 150 ਤੋਂ 200 ਦੇ ਕਰੀਬ ਵਿਦਿਆਰਥੀ ਕਿਸੇ ਸਮੇਂ ਵੀ ਬਾਹਰ ਕੱਢੇ ਜਾਣ ਦੇ ਡਰ ਹੇਠ ਜੀਅ ਰਹੇ ਹਨ।

ਬੀਬੀਸੀ ਪੱਤਰਕਾਰ ਵਿਨੀਤ ਖਰੇ ਨੇ ਕੈਨੇਡਾ ਵਿੱਚ ਇਸ ਸਮੱਸਿਆ ਨਾਲ ਜੂਝ ਰਹੇ ਪੰਜਾਬੀ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)