ਗੁਜਰਾਤੀ ਲੋਕ ਬਿਨਾਂ ਵੀਜ਼ੇ ਤੋਂ ਅਮਰੀਕਾ ਕਿਵੇਂ ਪਹੁੰਚ ਜਾਂਦੇ ਹਨ, ਕੀ ਤਰੀਕੇ ਉਹ ਵਰਤਦੇ ਹਨ

    • ਲੇਖਕ, ਰੌਕਸੀ ਗਾਗਡੇਕਰ ਛਾਰਾ
    • ਰੋਲ, ਬੀਬੀਸੀ ਪੱਤਰਕਾਰ

ਗੁਜਰਾਤ ਦੇ ਕਾਲੋਲ ਦੇ ਡਿੰਗੂਚਾ ਪਿੰਡ ਦੇ ਪਰਿਵਾਰ ਦੇ ਚਾਰ ਜੀਆਂ ਦੀ ਪਿਛਲ ਮਹੀਨੇ ਕੈਨੇਡਾ-ਅਮਰੀਕਾ ਸਰਹੱਦ ਉੱਪਰ ਨਾਸਹਿਣਯੋਗ ਠੰਢ ਅਤੇ ਹਵਾ ਵਿੱਚ ਰਹਿਣ ਕਾਰਨ ਮੌਤ ਹੋ ਗਈ ਸੀ।

ਹਾਲਾਂਕਿ ਗੁਜਰਾਤ ਤੋਂ ਅਮਰੀਕਾ ਜਾਣ ਵਾਲੇ ਸਾਰੇ ਲੋਕ ਕੈਨੇਡਾ ਵਿੱਚੋਂ ਦੀ ਲੰਘ ਕੇ ਨਹੀਂ ਜਾਂਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਗੁਜਰਾਤ ਤੋਂ ਅਮਰੀਕਾ ਜਾਣ ਵਾਲਾ ਹਰ ਵਿਅਕਤੀ ਗ਼ੈਰ-ਕਾਨੂੰਨੀ ਰਾਹ ਅਖ਼ਤਿਆਰ ਨਹੀਂ ਕਰਦਾ ਹੈ।

ਅਮਰੀਕਾ ਦੀ ਪੁਲਿਸ ਨੇ ਅਜੇ ਤੱਕ ਨਹੀਂ ਦੱਸਿਆ ਹੈ ਕਿ ਇਨ੍ਹਾਂ ਲੋਕਾਂ ਨੇ ਕੈਨੇਡਾ ਤੋਂ ਹੋਕੇ ਅਮਰੀਕਾ ਕਿਵੇਂ ਪਹੁੰਚਣਾ ਸੀ। ਇਸ ਤੋਂ ਇਲਾਵਾ ਵੀ ਹੋਰ ਕਈ ਰਸਤੇ ਹਨ ਜਿਨ੍ਹਾਂ ਰਾਹੀਂ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਦੇ ਹਨ।

ਅਮਰੀਕਾ ਵਿੱਚ ਬਹੁਤ ਸਾਰੇ ਗੁਜਰਾਤੀ ਪਰਿਵਾਰ ਵਸਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕੁਝ ਵਿਸ਼ੇਸ਼ ਸਮੂਹਾਂ ਵਿੱਚੋਂ ਹਨ। ਇਨ੍ਹਾਂ ਲੋਕਾਂ ਨੇ ਪਿੱਛੇ ਆਪਣੇ ਲੋਕਾਂ ਨਾਲ ਜੁੜਾਅ ਕਾਇਮ ਰੱਖਿਆ ਹੋਇਆ ਹੈ। ਇਸ ਲਈ ਜਦੋਂ ਵੀ ਇਨ੍ਹਾਂ ਭਾਈਚਾਰਿਆਂ ਦੇ ਲੋਕ ਕਾਨੂੰਨੀ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਦੇ ਹਨ ਤਾਂ ਇਹ ਲੋਕ ਉਨ੍ਹਾਂ ਦੀ ਮਦਦ ਕਰਦੇ ਹਨ। ਨਵੇਂ ਆਉਣ ਵਾਲੇ ਲੋਕ ਕੁਝ ਮਹੀਨਿਆਂ ਲਈ ਇਨ੍ਹਾਂ ਉੱਪਰ ਨਿਰਭਰ ਰਹਿ ਸਕਦੇ ਹਨ।

ਬੀਬੀਸੀ ਗੁਜਰਾਤੀ ਨੇ ਕੁਝ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ, ਜੋ ਅਮਰੀਕਾ ਪਹੁੰਚਣ ਦੇ ਚਾਹਵਾਨ ਲੋਕਾਂ ਦੀ ਕਾਗਜ਼ੀ ਕਾਰਵਾਈ ਵਿੱਚ ਮਦਦ ਕਰਦੇ ਹਨ। ਹਾਲਾਂਕਿ ਪੁਲਿਸ ਦੀ ਸਖ਼ਤੀ ਅਤੇ ਜਾਂਚ ਦੇ ਡਰੋਂ ਉਹ ਇਸ ਬਾਰੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ ਅਤੇ ਨਾ ਹੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਨਾਮ ਸਾਹਮਣੇ ਆਏ।

ਇਹ ਵੀ ਪੜ੍ਹੋ:

ਅਮਰੀਕਾ ਪ੍ਰਵਾਸ ਦੀ ਪ੍ਰਕਿਰਿਆ ਕਿਵੇਂ ਸ਼ੁਰੂ ਹੁੰਦੀ ਹੈ

ਜੇ ਤੁਸੀਂ ਭਾਰਤ ਤੋਂ ਬਾਹਰ ਵਿਦੇਸ਼ ਜਾਣਾ ਹੈ ਤਾਂ ਤੁਹਾਨੂੰ ਪਾਸਪੋਰਟ ਦੀ ਲੋੜ ਹੁੰਦੀ ਹੈ। ਕੈਨੇਡਾ-ਅਮਰੀਕਾ ਸਰਹੱਦ ਉੱਪਰ ਮਾਰੇ ਗਏ ਪਰਿਵਾਰ ਕੋਲ ਪਹਿਲਾਂ ਹੀ ਆਪਣਾ ਪਾਸਪੋਰਟ ਸੀ। ਇਸੇ ਦੇ ਅਧਾਰ ’ਤੇ ਉਨ੍ਹਾਂ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲ ਗਿਆ।

ਇੱਕ ਏਜੰਟ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ,''ਅਕਸਰ ਅਸੀਂ ਗਾਹਕਾਂ ਨੂੰ ਅਮਰੀਕਾ ਦੇ ਆਲੇ-ਦੁਆਲੇ ਦੇ ਕਿਸੇ ਵੀ ਦੇਸ ਲਈ ਵਿਜ਼ਟਰ ਵੀਜ਼ਾ ਹਾਸਲ ਕਰਨ ਲਈ ਕਹਿੰਦੇ ਹਾਂ।''

ਇੱਕ ਵਾਰ ਵਿਜ਼ਟਰ ਵੀਜ਼ਾ ਮਿਲਣ ਤੋਂ ਬਾਅਦ ਉਹ ਸੌਖਿਆਂ ਹੀ ਦੇਸ ਛੱਡ ਕੇ ਅਮਰੀਕਾ ਦੇ ਨਾਲ ਲਗਦੇ ਕਿਸੇ ਵੀ ਦੇਸ ਵਿੱਚ ਪਹੁੰਚ ਸਕਦੇ ਹਨ।

ਹਾਲਾਂਕਿ ਇਸ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਣ ਦੇ ਚਾਹਵਾਨਾਂ ਨੂੰ ਮੋਟੀ ਰਾਸ਼ੀ ਖ਼ਰਚਣੀ ਪੈਂਦੀ ਹੈ। ਉਨ੍ਹਾਂ ਨੂੰ ਪਰਿਵਾਰ ਦੇ ਹਰੇਕ ਮੈਂਬਰ ਲਈ ਮੋਟੇ ਪੈਸੇ ਚੁਕਾਉਣੇ ਪੈਂਦੇ ਹਨ।''

ਡਿੰਗੂਚਾ ਦੇ ਇੱਕ ਪਿੰਡ ਵਾਸੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ,''ਇੱਥੋਂ ਦੇ ਲੋਕ ਅਮਰੀਕਾ ਜਾਣ ਲਈ ਲੱਖਾਂ ਰੁਪਏ ਖ਼ਰਚ ਕਰਦੇ ਹਨ। ਆਮ ਤੌਰ ’ਤੇ ਕੋਈ ਪਰਿਵਾਰ ਉੱਥੇ ਜਾਣ ਲਈ ਇੱਕ ਕਰੋੜ ਰੁਪਏ ਤੱਕ ਖ਼ਰਚਣ ਲਈ ਤਿਆਰ ਹੁੰਦਾ ਹੈ।''

ਇੱਕ ਟਰੈਵਲ ਏਜੰਟ ਨੇ ਇਸ ਦੀ ਪੁਸ਼ਟੀ ਕੀਤੀ। ਉਸ ਨੇ ਦੱਸਿਆ,''ਹਾਂ, ਇਸ ਵਿੱਚ ਬਹੁਤ ਪੈਸਾ ਲਗਦਾ ਹੈ ਕਿਉਂਕਿ ਸਾਨੂੰ ਏਜੰਟਾਂ ਨੂੰ ਪੈਸਾ ਦੇਣਾ ਪੈਂਦਾ ਹੈ ਜਾਂ ਉਨ੍ਹਾਂ ਲੋਕਾਂ ਨੂੰ ਜੋ ਪਹਿਲਾਂ ਹੀ ਉੱਥੇ ਹਨ। ਇਸ ਤੋਂ ਇਲਾਵਾ ਸਾਨੂੰ ਰਾਹ ਵਿੱਚ ਪੈਣ ਵਾਲੇ ਦੇਸ ਦੇ ਏਜੰਟਾਂ ਨੂੰ ਵੀ ਪੈਸਾ ਦੇਣਾ ਪੈਂਦਾ ਹੈ।

ਅਮਰੀਕਾ ਦਾਖ਼ਲ ਹੋਣ ਦੇ ਮੁੱਖ ਐਂਟਰੀ ਪੁਆਇੰਟ

ਸਭ ਤੋਂ ਜ਼ਿਆਦਾ ਘੁਸਪੈਠ ਅਮਰੀਕਾ ਦੀ ਦੱਖਣੀ ਸਰਹੱਦ ਵਾਲੇ ਪਾਸਿਓਂ ਹੁੰਦੀ ਹੈ।

ਅਮਰੀਕਾ ਦੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਵੈਬਸਾਈਟ ਮੁਤਾਬਕ, ਪਿਛਲੇ ਸਾਲ ਅਕਤੂਬਰ, ਨਵੰਬਰ ਅਤੇ ਦਸੰਬਰ ਦੌਰਾਨ ਇਸ ਰਸਤੇ ਤੋਂ ਲਗਭਗ ਪੰਜ ਲੱਖ ਲੋਕਾਂ ਨੇ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

ਅਮਰੀਕਾ ਵਿੱਚ ਦਾਖ਼ਲ ਹੋਣ ਦੇ ਪ੍ਰਮੁੱਖ ਰੂਟ ਮੈਕਸੀਕੋ, ਗੁਆਤੇਮਾਲਾ, ਹੌਂਡਿਊਰਸ ਅਤੇ ਏਲ ਸਲਵੇਡੋਰ ਵਿੱਚੋਂ ਦੀ ਹਨ। ਇਸੇ ਤਰ੍ਹਾਂ ਉੱਤਰੀ ਪਾਸੇ ਤੋਂ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਜ਼ਿਆਦਾਤਰ ਐਲਬਰਟਾ ਰਾਹੀਂ ਇਹ ਕੋਸ਼ਿਸ਼ ਕਰਦੇ ਹਨ।

ਬੀਬੀਸੀ ਗੁਜਰਾਤੀ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਰੂਪ ਵਿੱਚ 15 ਸਾਲ ਰਹਿ ਕੇ ਆਏ ਇੱਕ ਗੁਜਰਾਤੀ ਵਿਅਕਤੀ ਨਾਲ ਗੱਲਬਾਤ ਕੀਤੀ।

ਨਾਮ ਨਾ ਛਾਪਣੀ ਦੀ ਸ਼ਰਤ ਤੇ ਉਨ੍ਹਾਂ ਨੇ ਕਿਹਾ,''ਉਦੋਂ ਵੀ ਅਤੇ ਹੁਣ ਵੀ ਮੈਕਸੀਕੋ ਦੀ ਸਰਹੱਦ ਗੁਜਰਾਤੀਆਂ ਲਈ (ਅਮਰੀਕਾ ਵੜਨ ਦਾ) ਸਭ ਤੋਂ ਵਧੀਆ ਵਿਕਲਪ ਸਮਝਿਆ ਜਾਂਦਾ ਹੈ। ਮੈਂ ਵੀ ਉਸੇ ਬਾਰਡਰ ਤੋਂ ਗਿਆ ਸੀ। ਹਾਲਾਂਕਿ ਕੁਝ ਕਾਰਨਾਂ ਕਰਕੇ ਮੈਨੂੰ ਵਾਪਸ ਆਉਣਾ ਪਿਆ।''

ਉਨ੍ਹਾਂ ਨੇ ਅੱਗੇ ਦੱਸਿਆ ਕਿ 15 ਸਾਲ ਪਹਿਲਾਂ ਉਹ ਮੈਕਸੀਕੋ ਵਿੱਚ 'ਔਨ-ਅਰਾਈਵਲ' (ਕਿਸੇ ਦੇਸ ਵਿੱਚ ਉੱਤਰਨ 'ਤੇ ਦਿੱਤਾ ਜਾਣ ਵਾਲਾ ਵੀਜ਼ਾ) ਵੀਜ਼ੇ ਰਾਹੀਂ ਲੈਂਡ ਕੀਤੇ ਸੀ। ਉਸ ਸਮੇਂ ਭਾਰਤੀਆਂ ਲਈ ਇਹ ਵੀਜ਼ੇ ਉਪਲਭਦਧ ਸਨ। ਉਨ੍ਹਾਂ ਦਾ ਗਰੁੱਪ ਔਨ-ਅਰਾਈਵਲ ਵੀਜ਼ੇ ਰਾਹੀਂ ਮੈਕਸੀਕੋ ਪਹੁੰਚੇ ਅਤੇ ਉੱਥੋਂ ਗੁਜਰਾਤੀਆਂ ਦਾ ਸਾਰਾ ਗਰੁੱਪ ਹੀ ਅਮਰੀਕਾ ਦਾਖ਼ਲ ਹੋ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਾਲਾਂਕਿ ਹੁਣ ਮੈਕਸੀਕੋ ਨੇ ਆਪਣੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ ਅਤੇ ਭਾਰਤੀਆਂ ਨੂੰ ਯਾਤਰਾ ਤੋਂ ਪਹਿਲਾਂ ਵੀਜ਼ੇ ਲਈ ਅਰਜ਼ੀ ਦੇਣੀ ਪੈਂਦੀ ਹੈ।

ਟਰੈਵਲ ਏਜੰਟ ਮੁਤਾਬਕ,''ਹਾਲਾਂਕਿ ਅਮਰੀਕਾ ਨਾਲ ਲਗਦੇ ਬਹੁਤੇ ਦੇਸਾਂ ਦੇ ਵੀਜ਼ੇ, ਕੈਨੇਡਾ ਨੂੰ ਛੱਡ ਕੇ, ਸੌਖਿਆ ਹੀ ਮਿਲ ਜਾਂਦੇ ਹਨ ਅਤੇ ਜ਼ਿਆਦਾ ਖ਼ਰਚਾ ਵੀ ਨਹੀਂ ਆਉਂਦਾ ਹੈ।”

“ਅਸਲੀ ਕੰਮ ਤਾਂ ਇਨ੍ਹਾਂ ਦੇਸਾਂ ਵਿੱਚ ਪਹੁੰਚਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਸਥਾਨਕ ਲੋਕਾਂ ਨਾਲ ਬਾਰਡਰ ਤੱਕ ਲਿਜਾਣ ਲਈ ਸੌਦਾ ਕਰਨਾ ਪੈਂਦਾ ਹੈ। ਸਥਾਨਕ ਏਜੰਟ ਸਰਹੱਦ ਪਾਰ ਕਰਨ ਲਈ ਲੋੜ ਪੈਣ ਵਾਲੀ ਹਰ ਚੀਜ਼ ਮੁਹੱਈਆ ਕਰਵਾਉਂਦੇ ਹਨ। ਉਹ ਸਭ ਕੁਝ ਦਿੰਦੇ ਹਨ, ਜਿਵੇਂ ਗਰਮ ਕੱਪੜੇ, ਖਾਣਾ ਤੇ ਪਾਣੀ, ਵਗੈਰਾ।''

ਉਹ ਉਨ੍ਹਾਂ ਦਾ ਮਾਰਗਦਰਸ਼ਨ ਕਰਦੇ ਹਨ ਅਤੇ ਅਕਸਰ ਉਹ ਜੰਗਲਾਂ ਅਤੇ ਰੇਗਿਸਤਾਨ ਦਾ ਰਾਹ ਲੈਂਦੇ ਹਨ।

ਜਗਦੀਸ਼ਭਾਈ ਦੇ ਪਰਿਵਾਰ ਦੇ ਕੇਸ ਵਿੱਚ ਇੱਕ ਵਿਅਕਤੀ ਸਟੀਵ ਸ਼ੈਂਡ, ਸਥਾਨਕ ਏਜੰਟ ਵਜੋਂ ਕੰਮ ਕਰ ਰਿਹਾ ਸੀ। ਸਟੀਵ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਪੁਲਿਸ ਦਾ ਮੰਨਣਾ ਹੈ ਕਿ ਉਹ ਮਨੁੱਖੀ ਤਸਕਰੀ ਨਾਲ ਜੁੜੇ ਵੱਡੇ ਨੈਟਵਰਕ ਦਾ ਹਿੱਸਾ ਹੈ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਇਸੇ ਨੇ ਜਗਦੀਸ਼ਭਾਈ ਦੇ ਪਰਿਵਾਰ ਨੂੰ ਖਾਣਾ, ਪਾਣੀ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਸਨ।

ਜਗਦੀਸ਼ਭਾਈ ਨੇ ਕਿਹੜਾ ਰੂਟ ਲਿਆ?

ਗੁਜਰਾਤ ਦੇ ਡਿੰਗੂਚਾ ਦਾ ਪਟੇਲ ਪਰਿਵਾਰ ਪਹਿਲਾਂ ਕੈਨੇਡਾ ਪਹੁੰਚਿਆ। ਉੱਥੇ ਪਹੁੰਚ ਕੇ ਉਨ੍ਹਾਂ ਨੇ ਸਥਾਨਕ ਏਂਜਟਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਮਿਨੀਟੋਬਾ ਨਾਮ ਦੇ ਪਿੰਡ ਪਹੁੰਚੇ। ਇਹ ਇੱਕ ਨਿੱਕਾ ਜਿਹਾ ਲਗਭਗ 300 ਲੋਕਾਂ ਦੀ ਅਬਾਦੀ ਵਾਲਾ ਪਿੰਡ ਹੈ।

ਬੀਬੀਸੀ ਅਮਰੀਕਾ ਦੀ ਰਿਪੋਰਟ ਮੁਤਾਬਕ, ਪਰਿਵਾਰ ਭਾਰਤ ਤੋਂ ਟੋਰਾਂਟੋ ਪਹੁੰਚਿਆ ਅਤੇ ਫਿਰ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਰਾਹ ਵਿੱਚ ਉਨ੍ਹਾਂ ਨੇ ਦੱਖਣੀ ਓਨਟਾਰੀਓ ਵਿੱਚ ਅਮਰੀਕੀ ਬਾਰਡਰ ਕੋਲ ਜੰਮੀ ਹੋਈ ਝੀਲ ਪਾਰ ਕਰਨੀ ਸੀ। ਹਾਲਾਂਕਿ ਪਰਿਵਾਰ ਬਾਰਡਰ ਪਾਰ ਨਹੀਂ ਕਰ ਸਕਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਬਾਰਡਰ ਦੇ ਕੋਲ ਮਿਲੀਆਂ।

ਉਨ੍ਹਾਂ ਨੇ ਬੂਟ ਅਤੇ ਗ਼ਰਮ ਕੱਪੜੇ ਪਾਏ ਹੋਏ ਸਨ। ਹਾਲਾਂਕਿ ਇਹ ਇੰਤਜ਼ਾਮ ਮਨਫ਼ੀ 35 ਡਿਗਰੀ ਤਾਪਮਾਨ ਦੇ ਮੁਕਾਬਲੇ ਲਈ ਨਾਕਾਫੀ ਸਨ।

ਇਸ ਤੋਂ ਪਹਿਲਾਂ ਸਾਲ 2019 ਵਿੱਚ ਇੱਕ ਛੇ ਸਾਲ ਦੀ ਬੱਚੀ ਗੁਰਪ੍ਰੀਤ ਕੌਰ ਅਮਰੀਕਾ ਦੇ ਐਰੀਜ਼ੋਨਾ ਬਾਰਡਰ ਤੋਂ ਲਾਪਤਾ ਹੋ ਗਈ ਸੀ।

ਸੀਐਨਐਨ ਦੀ ਰਿਪੋਰਟ ਮੁਤਾਬਕ, ਉਹ ਆਪਣੇ ਪਰਿਵਾਰ, ਜਿਸ ਵਿੱਚ ਉਸ ਦੀ ਮਾਂ ਅਤੇ ਭੈਣ ਸਨ, ਜਦੋਂ ਉਹ ਐਰੀਜ਼ੋਨਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਬਾਅਦ ਵਿੱਚ ਪੁਲਿਸ ਨੂੰ ਬੱਚੀ ਦੀ ਲਾਸ਼ ਹੀ ਮਿਲ ਸਕੀ ਸੀ।

ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਸਾਲ 2019 ਦੀ ਰਿਪੋਰਟ ਦੇ ਪੰਨਾ ਨੰਬਰ 39 ਮੁਤਾਬਕ, ਭਾਰਤ, ਕਿਊਬਾ ਅਤੇ ਇਕੁਆਡੋਰ ਤੋਂ ਵੱਡੀ ਗਿਣਤੀ ਵਿੱਚ ਲੋਕ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ।

ਸਾਲ 2019 ਦੇ ਸਤੰਬਰ ਮਹੀਨੇ ਤੱਕ, ਲਗਭਗ 8000 ਭਾਰਤੀਆਂ ਨੇ ਗੈਰ-ਕਾਨੂੰਨੀ ਰੂਪ ਵਿੱਚ ਅਮਰੀਕੀ ਬਾਰਡਰ ਲੰਘਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚੋਂ 7500 ਲੋਕਾਂ ਨੇ ਦੱਖਣੀ ਬਾਰਡਰ ਰਾਹੀਂ ਅਮਰੀਕਾ ਦਾਖ਼ਲ ਹੋਏ। ਜਦਕਿ ਸਿਰਫ਼ 339 ਲੋਕਾਂ ਨੇ ਉੱਤਰੀ ਬਾਰਡਰ ਤੋਂ ਅਜਿਹਾ ਕੀਤਾ।

ਇਹ ਦਰਸਾਉਂਦਾ ਹੈ ਕਿ ਭਾਰਤ ਤੋਂ ਆਉਣ ਵਾਲੇ ਜ਼ਿਆਦਾਤਰ ਲੋਕ ਦੱਖਣ ਅਮਰੀਕੀ ਦੇਸਾਂ ਰਾਹੀਂ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)