ਕੈਨੇਡਾ ਵਿੱਚ ਰਹਿੰਦੇ ਅਤੇ ਜਾਣ ਵਾਲਿਆਂ ਲਈ ਭਾਰਤ ਵੱਲੋਂ ਐਡਵਾਇਜ਼ਰੀ, ਪੋਰਟਲ ਵੀ ਜਾਰੀ

ਭਾਰਤ ਸਰਕਾਰ ਨੇ ਕੈਨੇਡਾ ਜਾਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਨਫ਼ਰਤੀ ਅਪਰਾਧਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਟਰੈਵਲ ਅਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ''ਤੇਜ਼ੀ ਨਾਲ ਵਾਧਾ'' ਹੋਇਆ ਹੈ।

ਪਿਛਲੇ ਦਿਨੀਂ ਓਂਟਾਰੀਓ ਵਿੱਚ ਇੱਕ ਸ਼ਖਸ਼ ਨੇ ਅੰਨ੍ਹੇਨਾਹ ਫਾਇਰਿੰਗ ਕੀਤੀ ਸੀ ਜਿਸ ਵਿੱਚ ਇੱਕ ਪੁਲਿਸ ਕਰਮੀ ਸਣੇ ਇੱਕ ਹੋਰ ਸ਼ਖਸ ਦੀ ਮੌਤ ਹੋ ਗਈ।

ਘਟਨਾ ਵਿੱਚ ਪੰਜਾਬ ਤੋਂ 28 ਸਾਲਾ ਵਿਦਿਆਰਥੀ ਸਤਵਿੰਦਰ ਸਿੰਘ ਵੀ ਜ਼ਖਮੀ ਹੋਇਆ ਸੀ, ਸਤਵਿੰਦਰ ਸਿੰਘ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਭਾਰਤੀ ਵਿਦੇਸ਼ ਨੇ ਕਿਹਾ ਹੈ ਕਿ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਉੱਪਰ ਕੈਨੇਡੀਅਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ।

ਕੈਨੇਡਾ ਦੇ ਅਧਿਕਾਰੀਆਂ ਨੂੰ ਇਨ੍ਹਾਂ ਅਪਰਾਧਾਂ ਦੀ ਜਾਂਚ ਕਰਨ ਅਤੇ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ''ਇਨ੍ਹਾਂ ਅਪਰਾਧਾਂ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਅਜੇ ਤੱਕ ਕੈਨੇਡਾ ਵਿੱਚ ਕੋਈ ਸਜ਼ਾ ਨਹੀਂ ਦਿੱਤੀ ਗਈ ਹੈ।''

ਭਾਰਤ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਯਾਤਰਾ ਅਤੇ ਪੜ੍ਹਾਈ ਦੇ ਦੌਰਾਨ ਚੌਕਸ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।

ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਓਟਵਾ ਸਥਿਤ ਭਾਰਤੀ ਮਿਸ਼ਨ ਜਾਂ ਫਿਰ ਟੋਰਾਂਟੋ ਅਤੇ ਵੈਂਕੂਵਰ ਵਿੱਚ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ-

ਕਿਹਾ ਗਿਆ ਹੈ ਕਿ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਜਾਂ ਲੋੜ ਪੈਣ ਤੇ ਰਜਿਸਟਰੇਸ਼ਨ ਕਰਵਾਉਣ ਵਾਲੇ ਨਾਗਰਿਕਾਂ ਤੱਕ ਪਹੁੰਚ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

ਸਰਕਾਰ ਵੱਲੋਂ ਇੱਕ ਮਦਦ ਨਾਂ ਦਾ ਪੋਰਟਲ ਵੀ ਬਣਾਇਆ ਗਿਆ ਹੈ, ਜਿਸਦਾ ਪਤਾ ਹੈ madad.gov.in ਇਸ ਪੋਰਟਲ ਉੱਪਰ ਵੀ ਰਜਿਟਰੇਸ਼ਨ ਕਰਵਾਈ ਜਾ ਸਕਦੀ ਹੈ। ਪੋਰਟਲ ਉੱਪਰ ਰਜਿਸ਼ਟਰੇਸ਼ਨ ਦੀ ਸਾਰੀ ਪ੍ਰਕਿਰਿਆ ਦੱਸੀ ਵੀ ਗਈ ਹੈ।

ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਬਾਰੇ ਹਾਲੇ ਤੱਕ ਕੈਨੇਡਾ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

ਬੀਤੇ ਐਤਵਾਰ ਕੈਨੇਡਾ ਦੇ ਓਂਟਾਰੀਓ ਵਿੱਚ ਹੀ ਖਾਲਿਸਤਾਨ ਪੱਖੀ ਕੁਝ ਲੋਕਾਂ ਵੱਲੋਂ ਖਾਲਿਸਤਾਨ ਲਈ ਰਾਇਸ਼ੁਮਾਰੀ (ਰਫਰੈਂਡਮ) ਕਰਵਾਇਆ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿੱਚ ਇੱਕ ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਬਾਰੇ ਸ਼ਨਿੱਚਰਵਾਰ ਨੂੰ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਇਸ ਨੂੰ ਭਾਰਤ ਦੇ ਇੱਕ ''ਮਿੱਤਰ ਦੇਸ਼ ਵਿੱਚ ਹੋਈ ਇਤਰਾਜ਼ਯੋਗ ਸਰਗਮਰੀ ਦੱਸਿਆ''।

ਉਨ੍ਹਾਂ ਨੇ ਕਿਹਾ, ''ਇਹ ਇੱਕ ਹਾਸੋਹੀਣੀ ਗੱਲ ਹੈ ਜੋ ਕੱਟੜਪੰਥੀ ਅਨਸਰਾਂ ਵੱਲੋਂ ਕੈਨੇਡਾ ਵਿੱਚ ਕੀਤੀ ਗਈ। ਇਹ ਸਮਲਾ ਕੈਨੇਡੀਅਨ ਅਧਿਕਾਰੀਆਂ ਕੋਲ ਚੁੱਕਿਆ ਗਿਆ ਸੀ। ਅਸੀਂ ਇਸ ਨੂੰ ਬੇਹੱਦ ਇਤਰਾਜ਼ਯੋਗ ਸਮਝਦੇ ਹਾਂ ਕਿ ਇੱਕ ਮਿੱਤਰ ਮੁਲਕ ਵਿੱਚ ਅਜਿਹੀਆਂ ਸਿਆਸਤ ਤੋਂ ਪ੍ਰੇਰਿਤ ਕਾਰਵਾਈਆਂ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।''

ਇਸ ਇਕੱਠ ਤੋਂ ਤਿੰਨ ਦਿਨ ਪਹਿਲਾਂ ਟੋਰਾਂਟੋ ਦੇ ਪ੍ਰਸਿੱਧ ਸਵਾਮੀ ਨਰਾਇਣ ਮੰਦਰ ਦੀਆਂ ਕੰਧਾਂ ਉੱਪਰ ਵੀ ਖਾਲਿਸਨਤਾਨ ਪੱਖੀ ਨਾਅਰੇ ਲਿਖੇ ਗਏ ਸਨ।

ਭਾਰਤ ਦੇ ਹਾਈ ਕਮਿਸ਼ਨਰ ਵੱਲੋਂ ਘਟਨਾ ਦਾ ਨੋਟਿਸ ਲਿਆ ਗਿਆ ਅਤੇ ਕੈਨੇਡੀਅਨ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ।

ਭਾਰਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਪੜ੍ਹਨ ਅਤੇ ਰੁਜ਼ਗਾਰ ਦੀ ਤਲਾਸ਼ ਵਿੱਚ ਜਾਂਦੇ ਹਨ।

ਕੈਨੇਡੀਅਨ ਵਿਦਿਅਕ ਸੰਸਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ।

ਭਾਰਤ ਵਿੱਚ ਰਹਿੰਦੇ ਮਾਪਿਆਂ ਦਾ ਕੀ ਕਹਿਣਾ ਹੈ?

ਮਨਪ੍ਰੀਤ ਸਿੰਘ ਸੋਖੀ ਜਿੰਨ੍ਹਾਂ ਦੀ ਇੱਕ ਧੀ ਅਤੇ ਹੋਰ ਰਿਸ਼ਤੇਦਾਰ ਕੈਨੇਡਾ ਰਹਿੰਦਾ ਹਨ, ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਮਨਪ੍ਰੀਤ ਸਿੰਘ ਕਹਿੰਦੇ ਹਨ, "ਸਰਕਾਰ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ। ਇਸ ਦਾ ਮਕਸਦ ਸਾਡੇ ਬੱਚਿਆਂ ਦੀ ਸੁਰੱਖਿਆ ਹੈ।"

ਸੁਖਵਿੰਦਰ ਸਿੰਘ ਸੋਖੀ ਦਾ ਕਹਿਣਾ ਹੈ ਕਿ, "ਉਥੇ ਭਾਰਤੀਆਂ ਦੀ ਗਿਣਤੀ ਕਾਫ਼ੀ ਹੈ। ਅਸੀਂ ਬੱਚਿਆਂ ਨੂੰ ਕਿਹਾ ਹੈ ਕਿ ਉਹ ਭਾਵੇਂ ਆਪਣੇ ਸਫ਼ਰ ਦੀ ਦੂਰੀ ਵਧਾ ਲੈਣ ਪਰ ਉਹਨਾਂ ਨੂੰ ਉਸ ਖਿੱਤੇ ਵਿੱਚ ਰਹਿਣਾ ਚਾਹੀਦਾ ਹੈ ਜਿੱਥੇ ਸਾਡੇ ਭਾਈਚਾਰੇ ਦੇ ਲੋਕ ਰਹਿੰਦੇ ਹਨ।"

ਵਰੁਣ ਬਖਸ਼ੀ ਜੋ ਕੈਨੇਡਾ ਵਿੱਚ ਹੀ ਰਹਿੰਦੇ ਹਨ ਅਤੇ ਅੱਜ ਕੱਲ੍ਹ ਭਾਰਤ ਆਏ ਹੋਏ ਹਨ, ਉਹ ਕਹਿੰਦੇ ਹਨ, "ਉੱਥੇ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਕੋਈ ਘਟਨਾ ਹੋ ਸਕਦੀ ਹੈ ਪਰ ਜਿੱਥੇ ਮੈਂ ਰਹਿ ਰਿਹਾ ਹਾਂ ਉਸ ਥਾਂ 'ਤੇ ਬਹੁਤ ਚੰਗਾ ਮਹੌਲ ਹੈ। ਸਾਰੇ ਹੀ ਸਾਡੇ ਘਰ ਵਾਂਗ ਹਨ।"

ਵਰੁਣ ਦੀ ਮਾਂ ਸ਼ਸ਼ੀ ਬਖਸ਼ੀ ਕਹਿੰਦੇ ਹਨ, "ਮੈਂ ਇੱਕ ਮਾਂ ਹਾਂ ਅਤੇ ਜੇਕਰ ਉੱਥੇ ਕੋਈ ਗੜਬੜ ਹੁੰਦੀ ਹੈ ਤਾਂ ਮੈਨੂੰ ਆਪਣੇ ਬੱਚੇ ਦੀ ਚਿੰਤਾ ਹੇਵੇਗੀ। ਜੇਕਰ ਸਰਕਾਰ ਸਾਨੂੰ ਸਤਰਕ ਰਹਿਣ ਲਈ ਕਹਿੰਦੀ ਹੈ ਤਾਂ ਸਾਨੂੰ ਰਹਿਣਾ ਪਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)