ਕੈਨੇਡਾ ਵਿੱਚ ਤਿੰਨ ਕਾਲਜ ਬੰਦ, ਹਜ਼ਾਰਾਂ ਪੰਜਾਬੀ ਵਿਦਿਆਰਥੀ ਹੋਏ ਪ੍ਰਭਾਵਿਤ - ਪ੍ਰੈਸ ਰਿਵਿਊ

ਕੋਰੋਨਾਵਾਇਰਸ ਕਰਕੇ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿੱਚ ਤਿੰਨ ਪ੍ਰਾਈਵੇਟ ਕਾਲਜ ਅਚਾਨਕ ਬੰਦ ਹੋਣ ਕਾਰਨ ਪੰਜਾਬ, ਹਰਿਆਣਾ ਤੇ ਗੁਜਰਾਤ ਦੇ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ।

ਦਿ ਟ੍ਰਿਬਿਊਨ ਦੀ ਖਬਰ ਮੁਤਾਬਕ ਇਹ ਤਿੰਨ ਕਾਲਜ 'ਕਾਲਜ ਡੀ ਕੌਂਪਟਾਬਿਲਾਈਟ ਐਟ ਡੀ ਸੈਕਰਟ੍ਰੀਏਟ ਡੂ ਕਿਊਬੈਕ' (ਸੀਸੀਐੱਸਕਿਊ), ਕਾਲਜ ਡੀ ਆਈ'ਐਸਟਰੀ (ਸੀਡੀਈ) ਤੇ ਐਮ ਕਾਲਜ ਹਨ।

ਖ਼ਬਰ ਮੁਤਾਬਕ ਇਨ੍ਹਾਂ ਤਿੰਨਾਂ ਕਾਲਜਾਂ ਨੇ ਦੀਵਾਲੀਆ ਹੋਣ ਤੋਂ ਬਚਣ ਲਈ ਸਬੰਧਤ ਅਧਿਕਾਰੀਆਂ ਕੋਲ ਪਹੁੰਚ ਕੀਤੀ ਹੈ। ਇਨ੍ਹਾਂ ਵਿੱਚੋਂ ਕੁਝ ਵਿਦਿਆਰਥੀ ਆਨਲਾਈਨ ਕਲਾਸਾਂ ਲਗਾ ਰਹੇ ਹਨ ਅਤੇ ਕੁਝ ਕੈਨੇਡਾ ਵਿੱਚ ਸਟੱਡੀ ਵੀਜ਼ੇ ਉੱਪਰ ਹਨ।

ਸੀਸੀਐੱਸਕਿਊ ਦੇ ਦੋ ਕੈਂਪਸ ਹਨ ਜਿਨ੍ਹਾਂ ਵਿੱਚੋਂ ਇੱਕ ਸ਼ੇਰਬਰੁੱਕ ਤੇ ਦੂਜਾ ਲੌਂਗਯੂਇਲ ਵਿੱਚ ਹੈ। ਇੱਥੇ ਅਕਾਊਂਟਿੰਗ, ਮੈਡੀਕਲ, ਕੰਪਿਊਟਿੰਗ ਤੇ ਲੀਗਲ ਸਟੱਡੀ ਦੇ ਕੋਰਸ ਪੜ੍ਹਾਏ ਜਾਂਦੇ ਹਨ।

ਇਹ ਵੀ ਪੜ੍ਹੋ:

ਕਾਲਜ ਵੱਲੋਂ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਫ਼ੀਸ ਜਮ੍ਹਾ ਕਰਵਾਉਣ ਦੀ ਗੱਲ ਵੀ ਅਖ਼ਬਾਰ ਵਿੱਚ ਲਿਖੀ ਗਈ ਹੈ। ਇਨ੍ਹਾਂ ਕਾਲਜਾਂ ਵਿੱਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 18-21 ਸਾਲ ਹੈ।

ਇਸ ਵਿੱਚ ਵਪਾਰ, ਸਿਹਤ, ਤਕਨੀਕ, ਅਕਾਊਂਟਿੰਗ, ਮੈਡੀਕਲ, ਕੰਪਿਊਟਰ ਅਤੇ ਵਕਾਲਤ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਖ਼ਬਰ ਮੁਤਾਬਕ ਵਿਦਿਆਰਥੀਆਂ ਵੱਲੋਂ ਜਨਵਰੀ ਦੇ ਅਖੀਰ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ ਅਤੇ ਨਿਆਂ ਦੀ ਮੰਗ ਕੀਤੀ ਸੀ।

ਵਿਦਿਆਰਥੀਆਂ ਵੱਲੋਂ ਕੈਨੇਡਾ ਦੇ ਸਿੱਖਿਆ ਮੰਤਰੀ, ਭਾਰਤੀ ਦੂਤਾਵਾਸ, ਸੰਸਦ ਮੈਂਬਰਾਂ ਨੂੰ ਵੀ ਮੰਗ ਪੱਤਰ ਦਿੱਤੇ ਗਏ ਹਨ।

ਪ੍ਰਧਾਨ ਮੰਤਰੀ ਦੇ ਮਹਾਂਮਾਰੀ ਬਾਰੇ ਬਿਆਨਾਂ 'ਤੇ ਸੂਬਾ ਸਰਕਾਰਾਂ ਵਿੱਚ ਰੋਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸੋਮਵਾਰ ਨੂੰ ਸੰਸਦ ਵਿੱਚ ਮਹਾਂਮਾਰੀ ਬਾਰੇ ਕੀਤੀਆਂ ਟਿੱਪਣੀਆਂ ਦਾ ਕਈ ਸੂਬਾ ਸਰਕਾਰਾਂ ਨੇ ਵਿਰੋਧ ਕੀਤਾ ਹੈ।

ਪ੍ਰਧਾਨ ਮੰਤਰੀ ਵੱਲੋਂ ਵਿਰੋਧੀ ਧਿਰ ਬਾਰੇ ਆਖਿਆ ਗਿਆ ਸੀ ਕਿ ਉਨ੍ਹਾਂ ਨੂੰ ਸਰਕਾਰਾਂ ਕਾਰਨ ਮਜ਼ਦੂਰਾਂ ਨੂੰ ਸੂਬੇ ਛੱਡਣੇ ਪਏ ਅਤੇ ਲਾਗ ਦੀ ਦਰ ਵਧ ਗਈ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਦੇ ਬਿਆਨ ਨੂੰ 'ਝੂਠ' ਦੱਸਿਆ ਹੈ।

ਮਹਾਰਾਸ਼ਟਰ ਦੇ ਵੀ ਕਈ ਮੰਤਰੀਆਂ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਕਿਉਂਕਿ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ।

ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਬਾਲਾਸਾਹਿਬ ਥੋਰਾਟ ਨੇ ਆਖਿਆ ਕਿ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਗਈ ਅਤੇ ਬਿਨਾਂ ਤਿਆਰੀ ਤੋਂ ਲਾਕਡਾਊਨ ਲਗਾ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਦੇ ਨਾਲ ਹੀ ਸੋਮਵਾਰ ਦੇਰ ਸ਼ਾਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਵਿੱਚ ਵੀ ਕੋਰੋਨਾਵਾਇਰਸ ਦੌਰਾਨ ਹਾਲਾਤਾਂ ਨੂੰ ਲੈ ਕੇ ਇੱਕ ਦੂਜੇ ਉਪਰ ਹਮਲੇ ਕੀਤੇ ਗਏ।

ਜਿੱਥੇ ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਦਾ ਜ਼ਿਕਰ ਕੀਤਾ ਉੱਥੇ ਹੀ ਕੇਜਰੀਵਾਲ ਨੇ ਆਪਣੇ ਹਮਲੇ ਵਿੱਚ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਆਪਣੀ ਝੂਠੀ ਵਾਹ-ਵਾਹ ਦੇ ਵਿਗਿਆਪਨ ਦਿੱਤੇ ਹਨ।

ਸੁਨੀਲ ਜਾਖੜ ਹੋਏ ਸਰਗਰਮ ਰਾਜਨੀਤੀ ਤੋਂ ਦੂਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਰਾਜਨੀਤੀ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨਾਲ ਜੁੜੇ ਰਹਿਣ ਦੀ ਗੱਲ ਵੀ ਉਨ੍ਹਾਂ ਨੇ ਆਖੀ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੁਸਤਾਨ ਟਾਈਮਜ਼'ਨੂੰ ਦਿੱਤੀ ਇਕ ਇੰਟਰਵਿਊ ਵਿੱਚ ਜਾਖੜ ਨੇ ਅੰਬਿਕਾ ਸੋਨੀ ਉੱਪਰ ਵੀ ਹਮਲਾ ਬੋਲਿਆ ਹੈ।

ਅੰਬਿਕਾ ਸੋਨੀ ਨੇ ਆਖਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੀ ਹੋਵੇਗਾ।

ਜਾਖੜ ਨੇ ਇੰਟਰਵਿਊ ਵਿੱਚ ਆਖਿਆ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਉਸ ਵਿੱਚ ਅਜਿਹੇ ਬੈਨਰ ਲਈ ਕੋਈ ਜਗ੍ਹਾ ਨਹੀਂ ਹੈ। ਰਾਹੁਲ ਗਾਂਧੀ ਦੁਆਰਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦਾ ਵੀ ਉਨ੍ਹਾਂ ਨੇ ਸਵਾਗਤ ਕੀਤਾ ਹੈ।

ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਐਲਾਨ ਭਾਵੇਂ ਹੁਣ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਚੋਣਾਂ ਨਾ ਲੜ ਕੇ ਇਸ ਦਾ ਇਸ਼ਾਰਾ ਪਹਿਲਾਂ ਹੀ ਦੇ ਦਿੱਤਾ ਸੀ।

ਸੁਨੀਲ ਜਾਖੜ ਨੇ ਇੱਕ ਵਾਇਰਲ ਵੀਡੀਓ 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਹਮਾਇਤ 42 ਵਿਧਾਇਕਾਂ ਵੱਲੋਂ ਕੀਤੀ ਗਈ ਸੀ ।

ਸੁਨੀਲ ਜਾਖੜ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਸਾਂਸਦ ਵੀ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)