ਜਦੋਂ ਇੰਡੋਨੇਸ਼ੀਆਈ ਦੇਸ਼ ਭਗਤਾਂ ਨੂੰ ਦਬਾਉਣ ਭੇਜੇ ਭਾਰਤੀ ਫੌਜੀ ਉਲਟਾ ਉਨ੍ਹਾਂ ਦੇ ਹੱਕ 'ਚ ਖੜ੍ਹ ਗਏ

ਤਸਵੀਰ ਸਰੋਤ, IWM SE 6735
ਸੰਨ 1945 ਵਿੱਚ ਸੁਰਾਬਾਇਆ ਦੀ ਲੜਾਈ ਦੌਰਾਨ ਇੰਡੋਨੇਸ਼ੀਆ ਦੇ ਅਜ਼ਾਦੀ ਘੁਲਾਟੀਆਂ ਦੀ ਮਦਦ ਲਈ ਬ੍ਰਿਟਿਸ਼ ਫ਼ੌਜ ਵੱਲੋਂ 600 ਭਾਰਤੀ ਸੈਨਿਕ ਤੈਨਾਤ ਕੀਤੇ ਗਏ ਸਨ।
ਸੰਯੋਗ ਸ੍ਰੀਵਾਸਤਵਾ ਇੱਕ ਭਾਰਤੀ ਹਨ ਜੋ ਸੁਰਾਬਾਇਆ ਵਿੱਚ ਪਿਛਲੇ ਲਗਭਗ 25 ਸਾਲਾਂ ਤੋਂ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰਾਬਾਇਆ ਦੀ ਜੰਗ ਦਾ ਭਾਰਤੀਆਂ ਅਤੇ ਇੰਡੋਨੇਸ਼ੀਆ ਦੇ ਲੋਕਾਂ ਲਈ ਇੱਕੋ ਜਿਹਾ ਭਾਵੁਕ ਮਹੱਤਵ ਹੈ।
ਸ੍ਰੀਵਾਸਤਵਾ ਨੇ ਇੰਡੋਨੇਸ਼ੀਆ ਵਿੱਚ ਆਪਣੇ ਘਰੋਂ ਹੀ ਬੀਬੀਸੀ ਨਾਲ਼ ਇੱਕ ਵਰਚੂਅਲ ਗੱਲਬਾਤ ਦੌਰਾਨ ਕਿਹਾ, “ਦੋਵਾਂ ਦਾ ਉਨ੍ਹਾਂ ਦੇ ਵਿਦੇਸ਼ੀ ਹੁਕਮਰਾਨਾ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਸੀ। ਜਦੋਂ ਭਾਰਤੀ ਸੈਨਿਕ ਬ੍ਰਿਟਿਸ਼ ਫ਼ੌਜ ਦੇ ਅਧੀਨ ਇੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਆਪਣੇ ਹੀ ਲੋਕਾਂ ਦੇ ਸਾਹਮਣੇ ਖੜ੍ਹੇ ਸਨ।”
ਉਹ ਜਦੋਂ ਵੀ ਸੁਰਾਬਾਇਆ ਦੀ ਜੰਗ ਵਿੱਚ ਮਾਰੇ ਗਏ ਸੈਨਿਕਾਂ ਦੀ ਯਾਦ ਵਿੱਚ ਬਣੇ ਸਮਾਰਕ ‘ਟੁਗੂ ਪਹਿਲਵਾਨ’ ਜਾਂਦੇ ਹਨ ਤਾਂ ਉਹ ਮਾਰੇ ਗਏ ਭਾਰਤੀ ਸੈਨਿਕਾਂ ਦੇ ਨਾਮ ਤਲਾਸ਼ ਕਰਦੇ ਹਨ। ਉਹ ਭਾਰਤੀ ਸੈਨਿਕ ਜੋ ਇੰਡੋਨੇਸ਼ੀਆ ਦੇ ਅਜ਼ਾਦੀ ਘੁਲਾਟੀਆਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਲੜੇ ਅਤੇ ਮਾਰੇ ਗਏ।
ਉਹ ਕਹਿੰਦੇ ਹਨ, “ਦੇਖੋ ਜੇ ਤੁਸੀਂ ਹੀਰੋਜ਼ ਮੌਨਿਊਮੈਂਟ, ਸਮਾਰਕ ’ਤੇ ਜਾਓ ਤਾਂ ਤੁਹਾਨੂੰ ਕੁਝ ਵੇਰਵੇ ਮਿਲਣਗੇ ਅਤੇ ਭਾਰਤੀ ਮੂਲ ਦੇ ਲੋਕ ਜੋ ਇੰਡੋਨੇਸ਼ੀਆ ਦੇ ਸਿਸਟਮ ਵਿੱਚ ਪੜ੍ਹੇ ਹਨ, ਉਹ ਇਤਿਹਾਸ ਤੋਂ ਭਲੀ-ਭਾਂਤ ਜਾਣੂ ਹਨ।”
ਹਾਲਾਂਕਿ, ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਦੇ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਭਾਰਤ ਅਤੇ ਇੰਡੋਨੇਸ਼ੀਆ ਦੇ ਇਸ ਸਾਂਝੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਹੋਰ ਜ਼ਿਆਦਾ ਲੋਕ ਇਸ ਵਿਰਾਸਤ ਬਾਰੇ ਜਾਨਣਗੇ।
“ਮੈਨੂੰ ਲਗਦਾ ਹੈ ਕਿ ਇਸ ਨਾਲ ਅੱਗੇ ਜਾ ਕੇ ਏਕੇ ਦੀ ਅਤੇ ਮਨੁੱਖਤਾ ਦੀ ਭਾਵਨਾ ਪੈਦਾ ਹੋਵੇਗੀ। ਭਾਰਤੀ ਡਾਇਸਪੋਰਾ ਵਿੱਚ ਦੋਵਾਂ ਦੇਸ਼ਾਂ ਪ੍ਰਤੀ ਜ਼ਿੰਮੇਵਾਰੀ ਅਤੇ ਆਪਣੇ ਸੱਭਿਆਚਾਰ ਨਾਲ਼ ਘੁਲਣ-ਮਿਲਣ ਦੀ ਅਤੇ ਇੱਕ-ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ। ਇਸ ਨਾਲ ਰਲ਼-ਮਿਲ ਕੇ ਕੰਮ ਕਰਨ ਅਤੇ ਇੱਕਸੁਰਤਾ ਦੀ ਭਾਵਨਾ ਵੀ ਪੈਦਾ ਹੋਵੇਗੀ।”
ਭਾਰਤੀ ਸੈਨਿਕਾਂ ਨੇ ਸੁਰਾਬਾਇਆ ਦੀ ਲੜਾਈ ਵਿੱਚ ਕਿਵੇਂ ਹਿੱਸਾ ਲਿਆ

ਤਸਵੀਰ ਸਰੋਤ, IWM SE 5979
ਸੁਰਾਬਾਇਆ ਦੀ ਲੜਾਈ ਇੱਕ ਮੀਲ ਦਾ ਪੱਥਰ ਸਾਬਤ ਹੋਈ ਕਿਉਂਕਿ ਇਹ ਏਸ਼ੀਆਈ ਖਿੱਤੇ ਵਿੱਚ ਬ੍ਰਿਟਿਸ਼ ਸਾਮਰਾਜ ਦੀ ਆਖ਼ਰੀ ਲੜਾਈ ਸੀ।
ਸਤੰਬਰ 1945 ਵਿੱਚ ਜਦੋਂ ਮਿੱਤਰ ਫ਼ੌਜਾਂ ਜਿਨ੍ਹਾਂ ਵਿੱਚ ਬ੍ਰਿਟੇਨ ਤੋਂ ਇਲਾਵਾ ਆਸਟ੍ਰੇਲੀਆ ਵੀ ਸ਼ਾਮਲ ਸੀ, ਇਨ੍ਹਾਂ ਨੇ ਸੁਰਾਬਾਇਆ ਵਿੱਚ ਬਹੁਤ ਸਾਰੇ ਸੈਨਿਕ ਤੈਨਾਤ ਕੀਤੇ ਸਨ।
ਜਦਕਿ ਇੰਡੋਨੇਸ਼ੀਆ ਦੇ ਲੋਕਾਂ ਨੂੰ ਗੁੱਸਾ ਸੀ ਕਿ ਬ੍ਰਿਟਿਸ਼ਰਜ਼ ਦੇ ਨਾਲ ਡੱਚ ਲੋਕ ਵੀ ਦੇਸ਼ ਉੱਪਰ ਮੁੜ ਅਧਿਕਾਰ ਕਰਨ ਆ ਪਹੁੰਚੇ ਸਨ।
ਆਕਸਫੋਰਡ ਦੇ ਇਤਿਹਾਸਕਾਰ - ਪੀਟਰ ਕੈਰੀ, ਜੋ ਕਿ ਇੰਡੋਨੇਸ਼ੀਆ ਦੇ ਇਤਿਹਾਸ ਦੇ ਮਾਹਰ ਹਨ, ਉਨ੍ਹਾਂ ਮੁਤਾਬਕ, “ਇੱਕ ਤਰ੍ਹਾਂ ਨਾਲ਼ ਬ੍ਰਿਟੇਨ ਵਾਲ਼ਿਆਂ ਨੇ ਡੱਚ ਲੋਕਾਂ ਦੀ ਵਾਪਸੀ ਲਈ ਦਰਵਾਜ਼ੇ ਖੋਲ੍ਹ ਕੇ ਰੱਖੇ। ਇਸ ਤੋਂ ਇਲਾਵਾ ਸਤੰਬਰ 1945 ਤੋਂ ਮਾਰਚ 1946 ਤੱਕ ਤਾਂ ਬ੍ਰਿਟੇਨ ਵਾਲ਼ਿਆਂ ਦੀ ਹੀ ਜ਼ਿੰਮੇਵਾਰੀ ਸੀ।”
ਉਸ ਸਮੇਂ ਦੌਰਾਨ ਭਾਰਤ ਵੀ ਅਜੇ ਬ੍ਰਿਟੇਨ ਦੇ ਸ਼ਾਸਨ ਦੇ ਅਧੀਨ ਸੀ ਅਤੇ ਅਜ਼ਾਦ ਨਹੀਂ ਹੋਇਆ ਸੀ।
ਇਸ ਤਰ੍ਹਾਂ ਹਜ਼ਾਰਾਂ ਭਾਰਤੀ ਸੈਨਿਕ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ, ਮਦਰਾਸ ਤੋਂ ਆਏ ਸਨ, ਮਰਾਠੇ ਅਤੇ ਹੋਰ ਇਲਾਕਿਆਂ ਤੋਂ ਸਨ, (ਉਨ੍ਹਾਂ) ਨੂੰ ਬ੍ਰਿਟੇਨ ਨੇ ਸੁਰਾਬਾਇਆ ਵਿੱਚ “ਅਮਨ ਰੱਖਣ” ਲਈ ਤੈਨਾਤ ਕੀਤਾ।
ਪ੍ਰੋਫ਼ੈਸਰ ਕੈਰੀ ਅੱਗੇ ਦੱਸਦੇ ਹਨ, “ਇਸ ਤਰ੍ਹਾਂ ਪੰਜਵੀ ਭਾਰਤੀ ਡਿਵੀਜ਼ਨ ਮੇਜਰ ਜਨਰਲ ਰੌਬਰਟ ਮਨਸੇਰਗ਼ ਦੀ ਕਮਾਂਡ ਹੇਠ ਇੰਡੋਨੇਸ਼ੀਆ ਪਹੁੰਚੀ। ਇਸ ਨਾਲ਼ 6000 ਭਾਰਤੀਆਂ ਦੀ ਇੱਕ ਪੂਰੀ ਡਿਵੀਜ਼ਨ ਮੁਕਾਬਲੇ ਵਿੱਚ ਆ ਗਈ।”
ਹਾਲਾਂਕਿ ਬ੍ਰਿਟਿਸ਼ ਸੈਨਾ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਨ੍ਹਾਂ ਵਿੱਚੋਂ 600 ਭਾਰਤੀ ਸੈਨਿਕ ਆਪਣੇ ਬਰਤਾਨਵੀ ਕਮਾਂਡਿੰਗ ਅਫ਼ਸਰਾਂ ਨੂੰ ਪਿੱਠ ਦਿਖਾ ਕੇ ਇੰਡੋਨੇਸ਼ੀਆ ਦੇ ਅਜ਼ਾਦੀ ਘੁਲਾਟੀਆਂ ਨਾਲ਼ ਮਿਲ ਕੇ ਬ੍ਰਿਟਿਸ਼ ਅਤੇ ਡੱਚਾਂ ਨਾਲ਼ ਲੜਨ ਦਾ ਫ਼ੈਸਲਾ ਕਰ ਲੈਣਗੇ।
ਪੰਜਵੀਂ ਭਾਰਤੀ ਡਿਵੀਜ਼ਨ ਨੂੰ ਮਨਸੇਰਗ ਤੋਂ ਆਪਣੇ ਦੇਸ਼ ਲਈ ਲੜ ਰਹੇ ਇੰਡੋਨੇਸ਼ੀਆਈ ਲੜਾਕਿਆਂ ਉੱਪਰ ਹਮਲਾ ਕਰਨ ਦਾ ਹੁਕਮ ਮਿਲਿਆ ਸੀ।
ਪ੍ਰੋਫ਼ੈਸਰ ਅੱਗੇ ਦੱਸਦੇ ਹਨ, “ਜਦਕਿ ਭਾਰਤੀਆਂ ਨੇ ਕਿਹਾ ਅਸੀਂ ਬਰਤਾਨਵੀਆਂ ਨੂੰ ਇਸ ਔਖੀ ਘੜੀ ਵਿੱਚੋਂ ਕਿਉਂ ਕੱਢੀਏ ਜਦੋਂ ਅਸੀਂ ਖ਼ੁਦ ਵੀ ਆਪਣੇ ਦੇਸ਼ ਲਈ ਅਜ਼ਾਦੀ ਦੀ ਮੰਗ ਕਰ ਰਹੇ ਹਾਂ।”



ਰਾਸ਼ਟਰਵਾਦ ਤੋਂ ਇਲਾਵਾ, ਇੱਕ ਹੋਰ ਕਾਰਕ ਨੇ ਇੰਡੋਨੇਸ਼ੀਆਈ ਅਜ਼ਾਦੀ ਘੁਲਾਟੀਆਂ ਅਤੇ ਭਾਰਤੀ ਸੈਨਿਕਾਂ ਦਰਮਿਆਨ ਇਸ ਮਿਲਵਰਤਨ ਨੂੰ ਹਵਾ ਦਿੱਤੀ। ਉਹ ਇੱਕ ਸਾਂਝੇ ਵਿਸ਼ਵਾਸ ਲਈ ਲੜ ਰਹੇ ਸਨ।
ਇੰਡੋਨੇਸ਼ੀਆਈ ਲੜਾਕਿਆਂ ਵੱਲੋਂ ਵਾਰ-ਵਾਰ ਮਾਰੇ ਜਾ ਰਹੇ ਅੱਲ੍ਹਾ-ਹੂ-ਅਕਬਰ ਦੇ ਨਾਅਰਿਆਂ ਨੇ ਭਾਰਤੀ ਸੈਨਿਕਾਂ ਨੂੰ ਯਕੀਨ ਦੁਆ ਦਿੱਤਾ ਕਿ ਉਹ ਆਪਣੇ ਹੀ ਸਹਿ-ਧਰਮੀਆਂ ਨਾਲ਼ ਲੜਾਏ ਜਾ ਰਹੇ ਹਨ।
ਜ਼ਾਹਿਰ ਖ਼ਾਨ ਦੀ ਕਿਤਾਬ “ਰੋਲ ਆਫ਼ ਪਾਕਿਸਤਾਨ ਡਿਊਰਿੰਗ ਦਿ ਇੰਡੋਨੇਸ਼ੀਆ ਸਟਰਗਲ” ਵਿੱਚ ਜ਼ਿਕਰ ਹੈ ਕਿ ਬ੍ਰਿਗੇਡ 1 ਦੀ ਡਿਵੀਜ਼ਨ 32 ਦੇ ਕਮਾਂਡਰ ਗੁਲਾਮ ਅਲੀ ਅਤੇ ਹੋਰ ਮੁਸਲਮਾਨ ਸੈਨਿਕਾਂ ਨੇ ਇੰਡੋਨੇਸ਼ੀਆ ਦੇ ਲੋਕਾਂ ਨੂੰ ਕੱਪੜੇ, ਚੌਲ਼, ਸ਼ੱਕਰ, ਲੂਣ ਅਤੇ ਹੋਰ ਵਸਤਾਂ ਵੰਡੀਆਂ।
ਇੰਡੋਨੇਸ਼ੀਆ ਦੇ ਲੋਕ ਕਿਉਂਕਿ ਆਪਣੇ ਸੁੱਜੇ ਪੈਰਾਂ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਸਤਾਏ ਹੋਏ ਸਨ। ਭਾਰਤੀ ਸੈਨਿਕਾਂ ਦੀ ਇਸ ਮਦਦ ਦੀ ਬਹੁਤ ਸ਼ਲਾਘਾ ਕੀਤੀ ਗਈ ।
ਗੁਲਾਮ ਰਸੂਲ ਅਤੇ ਸੱਤ ਹੋਰ ਸੈਨਿਕਾਂ ਨੇ ਸਿਲੀਵਾਂਗੀ ਡਿਵੀਜ਼ਨ ਵਿੱਚ ਇੰਡੋਨੇਸ਼ੀਆ ਗਣਰਾਜ ਦੀ ਫ਼ੌਜ ਦੇ ਕਮਾਂਡਰਾਂ ਨਾਲ਼ ਗੁਪਤ ਮੀਟਿੰਗ ਵੀ ਕੀਤੀ। ਉਨ੍ਹਾਂ ਦਾ ਗੁਪਤ ਮੰਤਰ ਸੀ “ਅਸਲਾਮਾਉਲੇਕਮ”। ਇਹ ਇੱਕ ਅਰਬੀ ਅਭਿਵਾਦਨ ਹੈ ਜਿਸ ਦਾ ਅਰਥ ਹੈ “ਤੁਹਾਨੂੰ ਸ਼ਾਂਤੀ ਮਿਲੇ।” (2010)
ਹਾਲਾਂਕਿ ਪ੍ਰੋਫ਼ੈਸਰ ਕੈਰੀ ਦਾ ਕਹਿਣਾ ਹੈ ਕਿ ਇਸ ਦਾ ਜ਼ਿਆਦਾ ਸੰਬੰਧ ਸਾਂਝੇ ਰਾਸ਼ਟਰਵਾਦ ਨਾਲ਼ੋਂ ਧਰਮ ਨਾਲ਼ ਜ਼ਿਆਦਾ ਸੀ।
ਇਹ ਸਿਰਫ਼ ਇੱਕ ਧਾਰਮਿਕ ਵਜ੍ਹਾ ਨਹੀਂ ਸੀ। ਇਹ ਰਾਸ਼ਟਰਵਾਦੀ ਕਾਰਕ ਸੀ ਜੋ ਬਸਤੀਵਾਦ ਵਿਰੋਧੀ ਭਾਵਨਾ ਦੇ ਪਲੜੇ ਵਿੱਚ ਜ਼ਿਆਦਾ ਸੀ।
ਜੰਗ ਵਿੱਚ ਬਹੁਤ ਜ਼ਿਆਦਾ ਜਾਨਾਂ ਗਈਆਂ। ਡੇਢ ਲੱਖ ਲੋਕ ਰਿਫਿਊਜੀ ਬਣ ਗਏ ਅਤੇ 27 ਹਜ਼ਾਰ ਲੋਕਾਂ ਦੀ ਜਾਨ ਗਈ।
ਸੜਕਾਂ ਤੇ ਗਲੀਆਂ ਵਿੱਚ ਲੜੀ ਗਈ ਲੜਾਈ ਦੇ ਪੀੜਤਾਂ ਵਿੱਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।
75 ਭਾਰਤੀ ਫੌਜੀ ਹੀ ਜ਼ਿੰਦਾ ਬਚੇ

ਤਸਵੀਰ ਸਰੋਤ, IWM SE 5866
ਅੰਤ ਵਿੱਚ 600 ਭਾਰਤੀ ਸੈਨਿਕਾਂ ਵਿੱਚੋਂ ਮਹਿਜ਼ 75 ਹੀ ਜ਼ਿੰਦਾ ਬਚੇ ਰਹਿ ਸਕੇ।
ਪ੍ਰੋਫ਼ੈਸਰ ਕੈਰੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸੈਨਾ ਦੇ ਲਗਭਗ 800 ਸੈਨਿਕ ਮਾਰੇ ਗਏ। “ਇਹ ਇੱਕ ਗਹਿਗੱਚ ਲੜਾਈ ਸੀ।”
ਸੰਨ 1945-1950 ਵਿੱਚ ਪੀ.ਆਰ.ਐੱਸ. ਮਨੀ ਨੇ ਦਿ ਸਟੋਰੀ ਆਫ਼ ਇੰਡੋਨੇਸ਼ੀਅਨ ਰੈਵੋਲੂਸ਼ਨ ਕਿਤਾਬ ਲਿਖੀ। ਉਹ ਬ੍ਰਿਟਿਸ਼ ਆਰਮੀ ਵਿੱਚ ਇੱਕ ਭਾਰਤੀ ਕੈਪਟਨ ਸਨ। ਉਹ ਬਾਅਦ ਵਿੱਚ ਫਰੀ ਪ੍ਰੈੱਸ ਜਰਨਲ ਬੰਬੇ ਲਈ ਪੱਤਰਕਾਰੀ ਕਰਨ ਲੱਗੇ। ਉਹ ਉਸ ਮੌਕੇ ਨੂੰ ਯਾਦ ਕਰਦੇ ਹਨ ਜਦੋਂ ਮੌਤ ਦੇ ਮੂੰਹ ਵਿੱਚ ਪਏ ਇੱਕ ਰਾਜਪੂਤ ਸੈਨਿਕ ਨੇ ਉਨ੍ਹਾਂ ’ਤੇ ਭਰੋਸਾ ਕੀਤਾ।
ਮਨੀ ਲਿਖਦੇ ਹਨ, “ਉਹ ਅਹਿੱਲ ਪਿਆ ਕਿਸੇ ਇੰਡੋਨੇਸ਼ੀਆਈ ਸਿਪਾਹੀ ਵੱਲੋਂ ਉਸ ਦੇ ਦਿਲ ਵਿੱਚ ਮਾਰੀ ਗਈ ਗੋਲੀ ਕਾਰਨ ਮੌਤ ਦੀ ਉਡੀਕ ਕਰ ਰਿਹਾ ਸੀ। ਉਸ ਨੇ ਮੈਨੂੰ ਪੁੱਛਿਆ, “ਜਨਾਬ, ਸਾਨੂੰ ਡੱਚਾਂ ਲਈ ਕਿਉਂ ਮਰਨਾ ਪੈ ਰਿਹਾ ਹੈ?’’ (ਪੰਨਾ 107, 1989)।
ਆਪਣੀਆਂ ਸਮ੍ਰਿਤੀਆਂ (ਪੰਨਾ 92-108) ਵਿੱਚ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਭਾਰਤੀ ਫ਼ੌਜਾਂ ਨੂੰ ਛੱਡ ਕੇ ਇੰਡੋਨੇਸ਼ੀਆਈ ਦੇਸ਼ ਭਗਤਾਂ ਲਈ ਲੜਨ ਵਾਲ਼ਿਆਂ ਦੀ ਇੰਡੋਨੇਸ਼ੀਆ ਦੇ ਲੋਕਾਂ ਵੱਲੋਂ ਕਿੰਨਾ ਮਾਣ-ਸਤਿਕਾਰ ਕੀਤਾ ਗਿਆ ਸੀ।
ਮਨੀ ਨੇ ਇਹ ਵੀ ਲਿਖਿਆ ਕਿ ਜਵਾਹਰ ਲਾਲ ਨਹਿਰੂ ਵੱਲੋਂ ਵੀ ਬ੍ਰਿਟਿਸ਼ ਫ਼ੌਜ ਉੱਪਰ ਇੱਕ ਰਾਸ਼ਟਰੀ ਦਬਾਅ ਬਣਾਇਆ ਜਾ ਰਿਹਾ ਸੀ। ਨਹਿਰੂ ਨੇ ਬ੍ਰਿਟਿਸ਼ ਫ਼ੌਜ ਨੂੰ ਭਾਰਤੀ ਫੌਜਾਂ ਇੰਡੋਨੇਸ਼ੀਆ ਤੋਂ ਵਾਪਸ ਬੁਲਾਉਣ ਅਤੇ ਉਨ੍ਹਾਂ ਨੂੰ ਘਰ ਭੇਜਣ ਦੀ ਅਪੀਲ ਕੀਤੀ ਸੀ।
ਆਖਿਰਕਾਰ, ਉਨ੍ਹਾਂ ਦੀ ਬੇਨਤੀ ਨੂੰ ਮੰਨ ਕੇ ਬ੍ਰਿਟਿਸ਼ ਫੌਜ ਨੇ 20 ਨਵੰਬਰ 1945 ਨੂੰ ਆਤਮ ਸਮਰਪਣ ਕੀਤਾ। ਭਾਰਤੀ ਫ਼ੌਜਾਂ ਨੂੰ ਹੌਲੀ-ਹੌਲੀ ਵਾਪਸ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਇੱਕ ਹੋਰ ਮੋਰਚੇ ਲਈ ਤਿਆਰੀ ਕਰਨੀ ਸੀ। ਆਪਣੀ ਖ਼ੁਦ ਦੀ ਅਜ਼ਾਦੀ ਮੁੜ ਹਾਸਲ ਕਰਨ ਦੀ ਲੜਾਈ।
ਯੁੱਧ ਤੋਂ ਬਾਅਦ, ਇੰਡੋਨੇਸ਼ੀਆ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਸਰਬਉੱਚ ਸਨਮਾਨਾਂ ਨਾਲ ਸਨਮਾਨਿਤ ਕੀਤਾ। ਹਾਲਾਂਕਿ ਬਹੁਤ ਸਾਰਿਆਂ ਨੂੰ ਇਹ ਸਨਮਾਨ ਮਰਨ ਮਗਰੋਂ ਹੀ ਮਿਲੇ।
ਸੁਰਾਬਾਇਆ ਦੀ ਲੜਾਈ ਦੌਰਾਨ ਲੜਨ ਵਾਲੇ ਕੁਝ ਉੱਘੇ ਸਿਪਾਹੀਆਂ ਵਿੱਚ ਲਾਂਸ ਨਾਇਕ ਮੀਰ ਖ਼ਾਨ, ਗਿਲਮਾਰ ਬਾਨੀ, ਮੁਹੰਮਦ ਯਾਕੂਬ, ਉਮਰ ਦੀਨ, ਗੁਲਾਮ ਰਸੂਲ, ਗੁਲਾਮ ਅਲੀ, ਮੇਜਰ ਅਬਦੁਲ ਸੱਤਾਰ, ਮੁਹੰਮਦ ਸਿੱਦਿਕ, ਮੁਹੰਮਦ ਖ਼ਾਨ, ਫਜ਼ੁਲ, ਸੇਂਜਾਹ ਫਜ਼ੁਲ ਦੀਨ ਅਤੇ ਮੇਜਰ ਜ਼ਿਆਉਲ-ਹੱਕ ਸ਼ਾਮਲ ਸਨ, ਜੋ ਬਾਅਦ ਵਿਚ ਪਾਕਿਸਤਾਨ ਦੇ ਛੇਵੇਂ ਰਾਸ਼ਟਰਪਤੀ ਬਣੇ।
ਭਾਰਤ ਅਤੇ ਇੰਡੋਨੇਸ਼ੀਆ ਦੇ ਰਿਸ਼ਤਿਆਂ 'ਤੇ ਲੜਾਈ ਦਾ ਪ੍ਰਭਾਵ

ਤਸਵੀਰ ਸਰੋਤ, Getty Images
ਇਸ ਇਤਿਹਾਸਕ ਘਟਨਾ ਦੇ ਸਬੰਧ ਵਿੱਚ, ਇੰਡੀਅਨ ਐਸੋਸੀਏਸ਼ਨ ਸੁਰਾਬਾਇਆ (ਆਈ.ਏ.ਐਸ.) ਦੇ ਪ੍ਰਧਾਨ - ਮਨੋਜੀਤ ਦਾਸ ਦਾ ਮੰਨਣਾ ਹੈ ਕਿ ਭਾਰਤੀ-ਇੰਡੋਨੇਸ਼ੀਆਈ ਲੋਕਾਂ ਨੂੰ ਇਤਿਹਾਸ ਤੋਂ ਸਬਕ ਸਿੱਖਦੇ ਹੋਏ ਦੋਵਾਂ ਦੇਸ਼ਾਂ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਭਾਰਤ ਅਤੇ ਇੰਡੋਨੇਸ਼ੀਆਂ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਇਲਾਵਾ ਕੁਝ ਸੱਭਿਆਚਾਰਕ ਸਮਾਨਤਾਵਾਂ ਵੀ ਹਨ। ਸੱਭਿਆਚਾਰ ਲਗਭਗ ਇੱਕੋ ਜਿਹੇ ਹਨ ਅਤੇ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਕਿਵੇਂ ਦੋਵੇਂ ਦੁਨੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ।”
ਆਈ.ਏ.ਐਸ. ਦੇ ਰਿਕਾਰਡ ਅਨੁਸਾਰ, ਸੁਰਾਬਾਇਆ ਵਿੱਚ 55 ਭਾਰਤੀ ਪਰਿਵਾਰਾਂ ਦੇ ਲਗਭਗ 180 ਮੈਂਬਰ ਰਹਿੰਦੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਉਹ ਪ੍ਰਵਾਸੀ ਹਨ ਜੋ ਭਾਰਤ ਤੋਂ ਆਏ ਹਨ ਪਰ ਕੁਝ ਅਜਿਹੇ ਵੀ ਹਨ ਜੋ ਇੰਡੋਨੇਸ਼ੀਆ ਵਿੱਚ ਤਿੰਨ ਤੋਂ ਚਾਰ ਪੀੜ੍ਹੀਆਂ ਤੋਂ ਰਹਿ ਰਹੇ ਹਨ।
ਹਾਲਾਂਕਿ, ਉਹ ਦਾਅਵਾ ਕਰਦੇ ਹਨ ਕਿ ਪੰਜਵੀਂ ਡਿਵੀਜ਼ਨ ਅਤੇ ਹੋਰ ਬ੍ਰਿਟਿਸ਼-ਭਾਰਤੀ ਡਿਵੀਜ਼ਨਾਂ ਦੇ ਸੈਨਿਕਾਂ ਦੇ ਕਈ ਪਰਿਵਾਰ ਕਾਫ਼ੀ ਸਮਾਂ ਪਹਿਲਾਂ ਜਾਂ ਤਾਂ ਦੂਜੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਵਸਣ ਲਈ ਸੁਰਾਬਾਇਆ ਛੱਡ ਚੁੱਕੇ ਹਨ ਜਾਂ ਭਾਰਤ ਵਾਪਸ ਚਲੇ ਗਏ ਹਨ।
ਉਨ੍ਹਾਂ ਨੂੰ ਉਮੀਦ ਹੈ ਕਿ ਇੰਡੋਨੇਸ਼ੀਆ ਵਿੱਚ ਤੈਨਾਤ ਭਾਰਤੀ ਫ਼ੌਜੀਆਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵੱਲੋਂ ਇੱਕ ਦੂਜੇ ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਬਾਰੇ ਵੀ ਜਾਨਣਗੇ।
ਉਹ ਕਹਿੰਦੇ ਹਨ, “ਇਹ ਕਹਾਣੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਫਿਰ ਹੀ, ਇਸ ਬਾਰੇ ਲੋਕਾਂ ਨੂੰ ਅਸਲੀਅਤ ਬਾਰੇ ਜਾਨਣ ਵਿੱਚ ਦਿਲਚਸਪੀ ਹੋਵੇਗੀ”,
ਸੰਨ 1947 ਵਿੱਚ ਬੰਗਾਲ ਦੇ ਅਕਾਲ ਸਮੇਂ ਇੰਡੋਨੇਸ਼ੀਆ ਨੇ ਭਾਰਤ ਲ਼ਈ 10,000 ਟਨ ਚੌਲ਼ ਭੇਜੇ ਸਨ।
ਪ੍ਰੋਫੈਸਰ ਪੀਟਰ ਕੈਰੀ ਕਹਿੰਦੇ ਹਨ “ਭਾਰਤ ਨੇ ਯੋਜਨਾਬੰਦੀ ਅਤੇ ਰੈੱਡ ਕਰਾਸ ਦੇ ਰੂਪ ਵਿੱਚ ਮਦਦ ਕੀਤੀ। ਇਸ ਨੇ ਕੌਮਾਂਤਰੀ ਘੇਰਾਬੰਦੀ ਵਿੱਚੋਂ ਲੰਘਣ ਵਿੱਚ ਮਦਦ ਕੀਤੀ। ਭਾਰਤ ਨੇ ਸੰਨ 1947 ਵਿੱਚ ਅਜ਼ਾਦੀ ਮਿਲਣ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਇੰਡੋਨੇਸ਼ੀਆ ਲਈ ਅਵਾਜ਼ ਚੁੱਕੀ।’’
ਉਹ ਅੱਗੇ ਕਹਿੰਦੇ ਹਨ, “ਭਾਰਤ ਇੰਡੋਨੇਸ਼ੀਆ ਦਾ ਦੋਸਤ ਸੀ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਸੀ ਜਿਨ੍ਹਾਂ ਨੇ 27 ਦਸੰਬਰ 1949 ਵਿੱਚ ਸਭ ਤੋਂ ਪਹਿਲਾਂ ਇੰਡੋਨੇਸ਼ੀਆ ਦੀ ਅਜ਼ਾਦੀ ਨੂੰ ਮਾਨਤਾ ਦਿੱਤੀ।"
ਇੱਕ ਮਿਸਾਲੀ ਹੋਰ ਮੌਕਾ ਬੈਂਡੁੰਗ ਏਸ਼ੀਆ- ਅਫ਼ਰੀਕਾ ਕਾਨਫ਼ਰੰਸ ਦੌਰਾਨ ਨਹਿਰੂ ਅਤੇ ਸੋਇਕਾਰਨੋ ਦਾ ਆਪਸੀ ਸਹਿਯੋਗ ਸੀ। ਇੰਡੋਨੇਸ਼ੀਆ ਹੀ ਇਸ ਕਾਨਫ਼ਰੰਸ ਦੀ ਮੇਜ਼ਬਾਨੀ ਵੀ ਕਰ ਰਿਹਾ ਸੀ।
ਪ੍ਰੋ. ਕੈਰੀ ਧਿਆਨ ਦਿਵਾਉਂਦੇ ਹਨ, "ਨਹਿਰੂ ਨੇ ਐਡਵਿਨਾ ਮਾਊਂਟਬੈਟਨ ਨੂੰ ਲਿਖਿਆ, “ਮੈਂ ਇੰਡੋਨੇਸ਼ੀਆ ਦੇ ਲੋਕਾਂ ਦੁਆਰਾ ਇਸ ਨੂੰ ਸੰਭਾਲਣ ਅਤੇ ਇਸ ਦੀ ਮੇਜ਼ਬਾਨੀ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਕਹਿ ਸਕਦਾ ਹਾਂ ਕਿ ਅਸੀਂ ਇੰਨਾ ਵਧੀਆ ਕੰਮ ਨਹੀਂ ਕਰ ਸਕਦੇ ਸੀ।”

ਤਸਵੀਰ ਸਰੋਤ, SANYOG SRIVASTAVA JI
ਸ਼੍ਰੀਵਾਸਤਵ, ਜੋ ਕਿ 2012 ਤੋਂ 2014 ਤੱਕ ਐਸੋਸੀਏਸ਼ਨ ਦੇ ਪ੍ਰਧਾਨ ਰਹੇ, ਉਹ ਕਹਿੰਦੇ ਹਨ ਕਿ ਸੁਰਾਬਾਇਆ ਵਿੱਚ ਇੰਡੀਅਨ ਐਸੋਸੀਏਸ਼ਨ ਇੰਡੋਨੇਸ਼ੀਆ ਦੀ ਆਜ਼ਾਦੀ ਤੋਂ ਵੀ ਪੁਰਾਣੀ ਹੈ।
ਲੜਾਈ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਬਾਰੇ ਪੀ.ਆਰ.ਐਸ. ਮਨੀ ਲਿਖਦੇ ਹਨ ਕਿ ਜਦੋਂ ਜਨਰਲ ਏ.ਡਬਲਯੂ.ਐਸ. ਮੱਲਾਬੀ ਨੂੰ ਗੋਲੀ ਮਾਰ ਦਿੱਤੀ ਗਈ ਸੀ, ਕੁੰਦਨ - ਉਸ ਸਮੇਂ ਸੁਰਾਬਾਇਆ ਵਿੱਚ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ - ਬਿਲਕੁਲ ਉਨ੍ਹਾਂ ਦੇ ਨਾਲ਼ ਸੀ। ਕੁੰਦਨ ਨੂੰ ਮਮੂਲੀ ਸੱਟਾਂ ਲੱਗੀਆਂ। (ਪੰਨਾ 17, 1989)।
ਸ਼੍ਰੀਵਾਸਤਵਾ ਸਮਝਦੇ ਹਨ ਕਿ ਭਾਰਤੀ ਪ੍ਰਵਾਸੀਆਂ ਵਿੱਚ ਅਕਸਰ ਉਸ ਭਾਈਚਾਰੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਹੁੰਦੀ ਹੈ ਜਿਸ ਦਾ ਉਹ ਹਿੱਸਾ ਹੋਣ।
ਸ਼੍ਰੀਵਾਸਤਵਾ ਕਹਿੰਦੇ ਹਨ ਕਿ, “ਮੈਨੂੰ ਲਗਦਾ ਹੈ ਕਿ ਅਸੀਂ ਸਾਰੇ ਜੋ ਭਾਰਤ ਤੋਂ ਦੂਰ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਹਾਂ, ਸਾਡਾ ਉਸ ਦੇਸ਼ ਪ੍ਰਤੀ ਯੋਗਦਾਨ ਬਹੁਤ ਮਹੱਤਵਪੂਰਨ ਹੈ।’’
ਉਹ ਅੱਗੇ ਕਹਿੰਦੇ ਹਨ, “ਖਾਸ ਤੌਰ 'ਤੇ ਇੰਡੋਨੇਸ਼ੀਆ, ਕਿਉਂਕਿ ਅਜਿਹਾ ਕਦੇ ਲਗਦਾ ਹੀ ਨਹੀਂ ਕਿ ਅਸੀਂ ਭਾਰਤ ਤੋਂ ਦੂਰ ਹਾਂ। ਸਗੋਂ ਅਸੀਂ ਤਾਂ ਬਹੁਤ ਨੇੜੇ ਹਾਂ, ਕਿਉਂਕਿ ਸਾਡੇ ਵਿਚਾਰ, ਸਾਡੀ ਸੋਚ, ਸਾਡੇ ਬਜ਼ੁਰਗਾਂ-ਪੂਰਵਜਾਂ ਪ੍ਰਤੀ ਸਾਡਾ ਸਤਿਕਾਰ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿਕਾਸ ਦੀ ਸਾਡੀ ਇੱਛਾ ਬਹੁਤ ਸਮਾਨ ਹਨ।”
ਉਨ੍ਹਾਂ ਨੂੰ ਆਸ ਹੈ ਕਿ ਇੰਡੋਨੇਸ਼ੀਆ ਵਿੱਚ ਭਾਰਤੀ ਸੈਨਿਕਾਂ ਦੀ ਕਹਾਣੀ ਤੋਂ ਭਾਰਤੀ ਡਾਇਸਪੋਰਾ ਕੁਝ ਸਿੱਖੇਗਾ ਅਤੇ ਉਸ ਸਮਾਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਹੋਵੇਗਾ, ਜਿਸ ਵਿੱਚ ਉਹ ਇੱਕ ਹਾਂਮੁਖੀ ਤਰੀਕੇ ਨਾਲ ਰਹਿ ਰਹੇ ਹਨ।
ਸ਼੍ਰੀਵਾਸਤਵ ਜੀ ਕਹਿੰਦੇ ਹਨ ਕਿ, “ਜਿੱਥੇ ਤੁਸੀਂ ਰਹਿੰਦੇ ਹੋ, ਉਸ ਦੇਸ਼ ਦੀ ਜ਼ਮੀਨ ਦੀ ਹਮਾਇਤ ਅਤੇ ਸੁਰੱਖਿਆ ਕਰਨਾ, ਉਸ ਦੇਸ਼ ਅਤੇ ਉਸਦੇ ਲੋਕਾਂ ਦੇ ਵਿਕਾਸ ਵਿੱਚ ਮਦਦ ਕਰਨਾ ਤੁਹਾਡੀ ਨੈਤਿਕ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੇ ਦੇਸ਼ ਦੀ ਹੀ ਮਦਦ ਕਰ ਰਹੇ ਹੋ।”













