ਕੌਣ ਹੈ 7 ਬੱਚਿਆਂ ਦਾ ਕਤਲ ਕਰਨ ਵਾਲੀ ਨਰਸ ਜਿਸ ਦੇ ਜੁਰਮ ਦਾ ਖੁਲਾਸਾ ਭਾਰਤੀ ਮੂਲ ਦੇ ਡਾਕਟਰ ਨੇ ਕੀਤਾ

ਲੂਸੀ

ਤਸਵੀਰ ਸਰੋਤ, SWNS

    • ਲੇਖਕ, ਲੌਰੇਨ ਹਰਸਟ
    • ਰੋਲ, ਬੀਬੀਸੀ ਨਿਊਜ਼

ਜੁਲਾਈ 2018 ਦੀ ਇੱਕ ਸਵੇਰ ਲੂਸੀ ਲੇਟਬੀ ਨੂੰ ਉਨ੍ਹਾਂ ਦੇ ਘਰੋਂ ਹੀ ਹੱਥਕੜੀ ਲਗਾ ਕੇ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਵੇਲੇ ਨਵਜੰਮੇ ਬੱਚਿਆਂ ਦੀ 28 ਸਾਲਾ ਨਰਸ ਲੂਸੀ ਨੂੰ ਇੱਕ ਜੁਰਮ ਲਈ ਸਵਾਲ ਕੀਤੇ ਜਾਣੇ ਸਨ।

ਲੂਸੀ ਦੀ ਗ੍ਰਿਫ਼ਤਾਰੀ ਯੂਕੇ ਦੀ ਚੇਸ਼ਾਇਰ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੋਈ ਸੀ। ਇਸ ਜਾਂਚ ਵਿੱਚ ਲਗਭਗ 70 ਅਧਿਕਾਰੀ ਅਤੇ ਨਾਗਰਿਕਾਂ ਦਾ ਸਟਾਫ ਸ਼ਾਮਲ ਸੀ।

ਆਪਰੇਸ਼ਨ ਹਮਿੰਗਬਰਡ ਦਾ ਇੱਕੋ-ਇਕ ਫੋਕਸ ਚੈਸਟਰ ਹਸਪਤਾਲ ਦੇ ਨਿਓਨੇਟਲ ਯੂਨਿਟ ’ਚ ਮੌਤਾਂ ਵਿੱਚ ਚਿੰਤਾਜਨਕ ਅਤੇ ਅਣਜਾਣ ਵਾਧੇ ਤੇ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਦੀ ਮੌਤ ਸ਼ਾਮਲ ਸੀ।

ਕੁਝ ਹੀ ਘੰਟਿਆਂ ਬਾਅਦ ਲੂਸੀ ਲੇਟਬੀ ਦੀ ਗ੍ਰਿਫ਼ਤਾਰੀ ਪੂਰੀ ਦੁਨੀਆਂ ਵਿੱਚ ਸੁਰਖੀਆਂ ’ਚ ਆ ਗਈ।

ਸ਼ੁਰੂਆਤ ਵਿੱਚ ਲੂਸੀ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਪਰ ਫ਼ਿਰ ਦੋ ਵਾਰ ਮੁੜ ਗ੍ਰਿਫ਼ਤਾਰ ਕੀਤਾ ਗਿਆ ਅਤੇ ਫ਼ਿਰ ਨਵੰਬਰ 2020 ਵਿੱਚ ਉਨ੍ਹਾਂ ਉੱਤੇ ਇਲਜ਼ਾਮ ਲੱਗੇ।

ਹੁਣ 33 ਸਾਲ ਦੀ ਹੋ ਚੁੱਕੇ ਲੂਸੀ ਉੱਤੇ ਮੈਨਚੇਸਟਰ ਕਰਾਊਨ ਕੋਰਟ ਵਿੱਚ ਟ੍ਰਾਇਲ ਚੱਲ ਰਿਹਾ ਹੈ।

ਉਨ੍ਹਾਂ ਉੱਤੇ ਸੱਤ ਬੱਚਿਆਂ ਦੇ ਕਤਲ ਅਤੇ 10 ਹੋਰਾਂ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਹਨ।

ਇਹ ਇਲਜ਼ਾਮ ਜੂਨ 2015 ਤੋਂ ਜੂਨ 2016 ਦੇ ਦਰਮਿਆਨ ਦੇ ਮਾਮਲਿਆਂ ਵਿੱਚ ਲੱਗੇ ਹਨ।

ਲੂਸੀ ਦਾ ਸਕੈਚ

ਤਸਵੀਰ ਸਰੋਤ, PA MEDIA

ਲੂਸੀ ਨੇ ਸਾਰੇ ਇਲਜ਼ਾਮਾਂਂ ਨੂੰ ਰੱਦ ਕੀਤਾ ਪਰ ਸੱਤ ਕਤਲ ਅਤੇ ਸੱਤ ਹੀ ਕਤਲ ਦੀਆਂ ਕੋਸ਼ਿਸ਼ਾਂ ਦੇ ਇਲਜ਼ਾਮਾਂ ਵਿੱਚ ਉਹ ਦੋਸ਼ੀ ਪਾਏ ਗਏ, ਇਨ੍ਹਾਂ ਵਿੱਚ ਛੇ ਬੱਚਿਆਂ ਦੇ ਕਤਲ ਵੀ ਸਨ।

ਲੂਸੀ ਲੇਟਬੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋ ਮਾਮਲਿਆਂ ਤੋਂ ਬਰੀ ਕਰ ਦਿੱਤਾ ਗਿਆ ਸੀ ਜਦਕਿ ਜਿਊਰੀ ਕਤਲ ਦੀ ਕੋਸ਼ਿਸ਼ ਦੇ ਛੇ ਹੋਰ ਇਲਜ਼ਾਮਾਂ 'ਤੇ ਫੈਸਲੇ 'ਤੇ ਪਹੁੰਚਣ ਵਿੱਚ ਅਸਮਰੱਥ ਸੀ।

ਸੱਤ ਔਰਤਾਂ ਅਤੇ ਚਾਰ ਮਰਦਾਂ ਦੀ ਜਿਊਰੀ ਨੇ ਨੌਂ ਮਹੀਨਿਆਂ ਦੇ ਦੁਖਦਾਈ ਸਬੂਤ ਸੁਣਨ ਤੋਂ ਬਾਅਦ 110 ਘੰਟਿਆਂ ਤੋਂ ਵੱਧ ਸਮੇਂ ਤੱਕ ਵਿਚਾਰ-ਵਟਾਂਦਰਾ ਕੀਤਾ।

ਪਰ ਅਸੀਂ ਉਸ ਔਰਤ ਯਾਨੀ ਲੂਸੀ ਲੇਟਬੀ ਬਾਰੇ ਕੀ ਸਮਝ ਸਕੇ ਹਾਂ ਜਿਸ ਨੇ ਬੱਚਿਆਂ ਦਾ ਕਤਲ ਕੀਤਾ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਦੇਖਭਾਲ ਕਰਨ ਲਈ ਲੂਸੀ 'ਤੇ ਭਰੋਸਾ ਕੀਤਾ ਗਿਆ ਸੀ?

ਲਾਈਨ

ਖ਼ਬਰ ਦੇ ਮੁੱਖ ਅੰਸ਼

  • ਨਰਸ ਲੂਸੀ ਲੇਟਬੀ ਨੂੰ ਪਹਿਲੀ ਵਾਰ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ
  • ਨਵਜੰਮੇ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਲੂਸੀ ਉੱਤੇ ਬੱਚਿਆਂ ਦੇ ਕਤਲ ਦਾ ਇਲਜ਼ਾਮ ਹੈ
  • ਲੂਸੀ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਪਰ ਫ਼ਿਰ ਦੋ ਵਾਰ ਮੁੜ ਗ੍ਰਿਫ਼ਤਾਰ ਕੀਤਾ ਗਿਆ ਅਤੇ ਫ਼ਿਰ ਨਵੰਬਰ 2020 ਵਿੱਚ ਉਨ੍ਹਾਂ ਉੱਤੇ ਇਲਜ਼ਾਮ ਲੱਗੇ
  • ਉਨ੍ਹਾਂ ਉੱਤੇ ਸੱਤ ਬੱਚਿਆਂ ਦੇ ਕਤਲ ਅਤੇ 10 ਹੋਰਾਂ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਹਨ
  • ਲੂਸੀ ਲੇਟਬੀ ਆਪਣੇ ਪਰਿਵਾਰ ਵਿੱਚੋਂ ਯੂਨੀਵਰਸਿਟੀ ਜਾਣ ਵਾਲੀ ਪਹਿਲੇ ਸਨ
  • ਭਾਰਤੀ ਮੂਲ ਦੇ ਇੱਕ ਸਲਾਹਕਾਰ ਡਾਕਟਰ ਡਾ. ਰਵੀ ਜਯਾਰਾਮ ਨੇ ਕਿਹਾ ਹੈ ਕਿ ਜਦੋਂ ਡਾਕਟਰਾਂ ਨੇ ਨਰਸ ਲੂਸੀ ਲੇਟਬੀ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਤਾਂ ਹਸਪਤਾਲ ਪ੍ਰਬੰਧਨ ਵੱਲੋਂ ਉਨ੍ਹਾਂ 'ਤੇ ਚੁੱਪ ਰਹਿਣ ਲਈ ਦਬਾਅ ਪਾਇਆ ਗਿਆ
ਲਾਈਨ

ਲੂਸੀ ਦੀ ਪੜ੍ਹਾਈ ਲਿਖਾਈ

ਨਰਸਰੀ

ਤਸਵੀਰ ਸਰੋਤ, CHESHIRE POLICE

ਤਸਵੀਰ ਕੈਪਸ਼ਨ, ਚੇਸਟਰ ਹਸਪਤਾਲ ਦਾ ਨਵਜੰਮੇ ਬੱਚਿਆਂ ਦਾ ਵਾਰਡ

ਲੂਸੀ ਦਾ ਜਨਮ 4 ਜਨਵਰੀ, 1990 ਨੂੰ ਹੋਇਆ ਅਤੇ ਉਹ ਹੇਅਰਫੋਰਡ ਵਿੱਚ ਆਪਣੀ ਮਾਂ ਅਤੇ ਪਿਤਾ, ਜੌਨ ਅਤੇ ਸੂਜ਼ਨ ਨਾਲ ਵੱਡੀ ਹੋਈ ਸੀ। ਇਨ੍ਹਾਂ ਮਾਪਿਆਂ ਨੇ ਅਕਤੂਬਰ ਤੋਂ ਆਪਣੀ ਧੀ ਦੇ ਮੁਕੱਦਮੇ ਨੂੰ ਜਨਤਕ ਗੈਲਰੀ ਤੋਂ ਸਾਹਮਣੇ ਤੋਂ ਦੇਖਿਆ ਹੈ।

ਲੂਸੀ ਨੇ ਇੱਕ ਸਥਾਨਕ ਸਕੂਲ ਅਤੇ ਸਿਕਸਥ-ਫਾਰਮ ਕਾਲਜ ਤੋਂ ਪੜ੍ਹਾਈ ਕੀਤੀ। ਲੂਸੀ ਨੇ ਅਜਿਹੇ ਵਿਸ਼ਿਆਂ ਦੀ ਚੋਣ ਕੀਤੀ ਜਿਸ ਉੱਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਟੀਚਿਆਂ ਅਤੇ ਇੱਛਾਵਾਂ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਗੇ।

ਲੂਸੀ ਨੇ ਜਿਊਰੀ ਨੂੰ ਕਿਹਾ, "ਮੈਂ ਹਮੇਸ਼ਾ ਬੱਚਿਆਂ ਨਾਲ ਕੰਮ ਕਰਨਾ ਚਾਹੁੰਦੀ ਸੀ।"

ਲੂਸੇ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਏ-ਲੈਵਲ ਚੁਣੇ "ਜੋ ਉਨ੍ਹਾਂ ਦੇ ਕਰੀਅਰ ਵਿੱਚ ਸਹਾਈ ਹੋਣਗੇ।"

ਲੂਸੀ ਲੇਟਬੀ ਆਪਣੇ ਪਰਿਵਾਰ ਵਿੱਚੋਂ ਯੂਨੀਵਰਸਿਟੀ ਜਾਣ ਵਾਲੀ ਪਹਿਲੇ ਸਨ। ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਚੇਸਟਰ ਤੋਂ ਤਿੰਨ ਸਾਲਾਂ ਦੀ ਨਰਸਿੰਗ ਦੀ ਪੜ੍ਹਾਈ ਕੀਤੀ।

ਆਪਣੀ ਪੜ੍ਹਾਈ ਦੌਰਾਨ ਲੂਸੀ ਨੇ ਕਈ ਪਲੇਸਮੈਂਟ ਮੁਕੰਮਲ ਕੀਤੀਆਂ। ਇਨ੍ਹਾਂ ਵਿੱਚੋਂ ਬਹੁਤੀਆਂ ਪਲੇਸਮੈਂਟਾਂ ਕਾਊਂਟੇਸ ਆਫ਼ ਚੇਸਟਰ ਹਸਪਤਾਲ ਦੇ ਬੱਚਿਆਂ ਦੇ ਵਾਰਡ ਜਾਂ ਫ਼ਿਰ ਨਵਜੰਮੇ ਬੱਚਿਆਂ ਦੀ ਯੂਨਿਟ ਵਿੱਚ ਸਨ।

ਸਤੰਬਰ 2011 ਵਿੱਚ ਲੂਸੀ ਨੇ ਬੈਂਡ 5 ਨਰਸ ਦੇ ਤੌਰ ਉੱਤੇ ਯੋਗਤਾ ਪੂਰੀ ਕੀਤੀ ਅਤੇ ਹਸਪਤਾਲ ਵਿੱਚ ਫੁੱਲ-ਟਾਈਮ ਜਨਵਰੀ 2012 ਤੋਂ ਕੰਮ ਕਰਨ ਲੱਗੇ ਸਨ। 2015 ਵਿੱਚ ਬੱਚਿਆਂ ਦੇ ਇੰਟੈਸਿਵ ਕੇਅਰ ਵਿੱਚ ਕੰਮ ਕਰਨ ਦੇ ਯੋਗ ਹੋ ਗਏ ਸਨ।

ਲਾਈਨ
ਲਾਈਨ

ਜਦੋਂ ਪੜ੍ਹੀ ਲਿਖੀ ਨਰਸ ਨੂੰ ਅਦਾਲਤ ਦਾ ਮੂੰਹ ਦੇਖਣਾ ਪਿਆ

ਲੂਸੀ

ਤਸਵੀਰ ਸਰੋਤ, PA/ELIZABETH COOK

ਲੂਸੀ ਲੇਟਬੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਸਮੇਂ ਤੋਂ ਉਨ੍ਹਾਂ ਦਾ ਕੰਮ "ਮੁੱਖ ਤੌਰ’’ 'ਤੇ ਯੂਨਿਟ ਦੇ ਸਭ ਤੋਂ ਬਿਮਾਰ ਬੱਚਿਆਂ ਦੀ ਦੇਖਭਾਲ ਕਰਨ ਦਾ ਸੀ।

ਲੂਸੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪੰਜ ਜਾਂ ਛੇ ਵਿਦਿਆਰਥੀ ਨਰਸਾਂ ਨੂੰ ਟਰੇਨਿੰਗ ਦਿੱਤੀ ਅਤੇ ਅੰਦਾਜ਼ੇ ਤਹਿਤ ਦੱਸਿਆ ਕਿ ਉਨ੍ਹਾਂ ਨੇ 2015 ਤੇ 2016 ਦੌਰਾਨ ਸੈਂਕੜੇ ਨਵਜੰਮੇ ਬੱਚਿਆਂ ਦੀ ਦੇਖਭਾਲ ਕੀਤੀ ਸੀ।

ਸਤੰਬਰ 2016 ਵਿੱਚ ਲੇਟਬੀ ਨੂੰ ਅਧਿਕਾਰਤ ਤੌਰ 'ਤੇ ਰਾਇਲ ਕਾਲਜ ਆਫ਼ ਨਰਸਿੰਗ ਤੋਂ ਇੱਕ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਉਹ ਬੱਚਿਆਂ ਦੀਆਂ ਮੌਤਾਂ ਦੀ ਜਾਂਚ ਦੇ ਅਧੀਨ ਸਨ।

ਉਸ ਸਾਲ ਦੇ ਸ਼ੁਰੂ ਵਿੱਚ ਲੂਸੀ ਨੂੰ ਕਲੀਨਿਕਲ ਡਿਊਟੀਆਂ ਤੋਂ ਹਟਾ ਦਿੱਤਾ ਗਿਆ ਸੀ ਅਤੇ ਹਸਪਤਾਲ ਪ੍ਰਬੰਧਨ ਵੱਲੋਂ ਜੋਖਮ ਅਤੇ ਰੋਗੀ ਸੁਰੱਖਿਆ ਦਫਤਰ ਵਿੱਚ ਕਲੈਰੀਕਲ ਭੂਮਿਕਾ ਦਿੱਤੀ ਗਈ ਸੀ।

ਉਸ ਸਮੇਂ ਲੂਸੀ ਦਾ ਮੰਨਣਾ ਸੀ ਕਿ ਅਜਿਹਾ ਇਹ ਜਾਂਚ ਕਰਨ ਲਈ ਹੈ ਕਿ ਸਟਾਫ਼ ਆਪਣੀਆਂ ਨੌਕਰੀਆਂ ਕਰਨ ਦੇ ਯੋਗ ਹੈ ਅਤੇ ਲੂਸੀ ਨੂੰ ਉਮੀਦ ਸੀ ਕਿ ਜਿਸ ਕੰਮ ਨੂੰ ਪਸੰਦ ਕਰਦੇ ਹਨ, ਉਸ ਕੰਮ (ਨੌਕਰੀ) 'ਤੇ ਵਾਪਸ ਆਉਣਗੇ।

ਪਰ ਛੇ ਸਾਲ ਬਾਅਦ ਲੇਟਬੀ, ਜਿਸ ਦੇ ਖਿਲਾਫ਼ ਪਹਿਲਾਂ ਕੋਈ ਇਲਜ਼ਾਮ, ਜਾਂ ਸਾਵਧਾਨੀ ਦਰਜ ਨਹੀਂ ਸੀ ਹੁਣ ਉਹ ਕਟਹਿਰੇ ਵਿੱਚ ਮੌਜੂਦ ਸੀ।

ਇੱਥੇ ਵਕੀਲ ਨੇ ਲੂਸੀ ਨੂੰ ਇੱਕ "ਤੋੜ ਮਰੋੜ ਕਰਨ ਵਾਲਾ, ਚਾਲਬਾਜ਼ ਤੇ ਮੌਕਾਪ੍ਰਸਤ ਕਰਾਰ ਕੀਤਾ ਜਿਸ ਨੇ ਆਪਣੇ ਸਾਥੀਆਂ ਦੇ ਨਾਮ ‘‘ਕਾਤਲਾਨਾ ਹਮਲਿਆਂ" ਲਈ ਜੋੜੇ।

ਲੂਸੀ ਦੇ ਵਕੀਲਾਂ ਦੀ ਟੀਮ ਨੇ ਮੌਤਾਂ ਬਾਰੇ ਕਿਹਾ ਕਿ ਯੂਨਿਟ ਵਿੱਚ ‘‘ਦੇਖਭਾਲ ਵਿੱਚ ਲੜੀਵਾਰ ਅਸਫ਼ਲਤਾਵਾਂ’’ ਕਰਕੇ ਅਜਿਹਾ ਵਾਪਰਿਆ ਹੈ ਅਤੇ ਲੂਸੀ ‘‘ਸਿਸਟਮ ਜੋ ਅਸਫ਼ਲ ਹੋਣ ’ਤੇ ਦੋਸ਼ ਵੰਡਣਾ ਚਾਹੁੰਦਾ ਹੈ’’ ਉਸ ਦਾ ਸ਼ਿਕਾਰ ਸੀ।

ਮੁਕੱਦਮੇ ਦੌਰਾਨ ਜੱਜਾਂ ਨੂੰ ਲੇਟਬੀ ਦੇ ਕੰਮ ਤੋਂ ਬਾਹਰ ਦੇ ਜੀਵਨ ਦੀ ਇੱਕ ਝਲਕ ਦਿੱਤੀ ਗਈ। ਇਸ ਵਿੱਚ ਲੂਸੀ ਦੇ ਇੱਕ ਵਾਰ-ਨਿੱਜੀ ਵਟਸਐਪ ਅਤੇ ਸੋਸ਼ਲ ਮੀਡੀਆ ਸੰਦੇਸ਼ਾਂ ਨੂੰ ਅਦਾਲਤ ਵਿੱਚ ਪੜ੍ਹਿਆ ਗਿਆ।

ਲੂਸੀ ਨੇ ਜਿਊਰੀ ਨੂੰ ਦੱਸਿਆ, "ਮੇਰੀ ਕਾਫ਼ੀ ਸਰਗਰਮ ਸਮਾਜਿਕ ਜ਼ਿੰਦਗੀ ਸੀ।"

"ਮੈਂ ਨਿਯਮਿਤ ਤੌਰ 'ਤੇ ਸਾਲਸਾ ਕਲਾਸ ਵਿੱਚ ਜਾਂਦੀ ਸੀ, ਦੋਸਤਾਂ ਨਾਲ ਬਾਹਰ ਜਾਂਦੀ ਸੀ, ਦੋਸਤਾਂ ਨਾਲ ਛੁੱਟੀਆਂ 'ਤੇ ਜਾਂਦੀ ਸੀ ਤੇ ਜਿਮ ਵੀ।"

ਜਦੋਂ ਜਿਊਰੀ ਨੂੰ ਲੂਸੀ ਦੀ ਉਨ੍ਹਾਂ ਦੇ ਘਰ ਤੋਂ ਹੋਈ ਪਹਿਲੀ ਗ੍ਰਿਫ਼ਤਾਰੀ ਵੇਲੇ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਤਾਂ ਲੂਸੀ ਰੋਣ ਲੱਗ ਪਏ।

ਖ਼ੁਦ ਦੇ ਖਰੀਦੇ ਘਰ ਵਿੱਚ ਲੂਸੀ

ਲੂਸੀ
ਤਸਵੀਰ ਕੈਪਸ਼ਨ, ਲੂਸੀ

ਚੇਸਟਰ ਦੇ ਫਲੈਟ ਵਿੱਚ ਜਾਣ ਤੋਂ ਪਹਿਲਾਂ ਲੂਸੀ ਐਸ਼ ਹਾਊਸ ਵਿੱਚ ਸਟਾਫ਼ ਲਈ ਬਣੀ ਰਿਹਾਇਸ਼ ਵਿੱਚ ਲਗਭਗ ਛੇ ਮਹੀਨੇ ਤੱਕ ਰਹੇ।

ਉਹ ਮੁੜ ਐਸ਼ ਹਾਊਸ ਵਿੱਚ ਜੂਨ 2015 ਵਿੱਚ ਆਏ। ਇਸ ਤੋਂ ਬਾਅਦ ਉਹ ਅਪ੍ਰੈਲ 2016 ਵਿੱਚ ਚੇਸਟਰ ਦੀ ਵੈਸਟਬੌਰਨ ਰੋਡ ਉੱਤੇ ਖ਼ਰੀਦੇ ਗਏ ਘਰ ਵਿੱਚ ਚਲੇ ਗਏ।

ਲੂਸੀ ਦੇ ਘਰ ਦੀ ਰਸੋਈ ਵਿੱਚ ਲੱਗਿਆ ਨੋਟਿਸ ਬੋਰਡ ਤਸਵੀਰਾਂ ਤੇ ਚਿੱਠੀਆਂ ਨਾਲ ਕਵਰ ਸੀ ਅਤੇ ਉਸ ਉੱਤੇ ਇੱਕ ਪੋਸਟਰ ਲੱਗਿਆ ਸੀ। ਇਸ ਪੋਸਟਰ ਨੂੰ ਲੂਸੀ ਦੇ ਗੌਡ ਸਨ ਨੇ ਬਣਾਇਆ ਸੀ, ਜਿਸ ਉੱਤੇ ਲਿਖਿਆ ਸੀ – ‘‘ਨੰਬਰ 1 ਗੌਡ ਮਦਰ ਦਾ ਐਵਾਰਡ ਲੂਸੀ ਲੇਟਬੀ ਨੂੰ ਜਾਂਦਾ ਹੈ।’’

ਲੂਸੀ ਦੇ ਬੈੱਡ ਉੱਤੇ ਵਿਨੀ ਦਾ ਪੂਹ ਅਤੇ ਈਓਰ ਖਿਡੌਣੇ ਪਏ ਸਨ ਅਤੇ ਡਰਾਅਰ ਦੇ ਵਿੱਚ ਕਈ ਦਸਤਾਵੇਜ਼ ਅਤੇ ਲੂਸੀ ਦੀਆਂ ਦੋ ਬਿੱਲੀਆਂ ਟਿਗਰ ਅਤੇ ਸਮਜ ਲਈ ਮੈਡੀਕਲ ਨੋਟਸ ਸਨ।

ਲੂਸੀ ਨਵੰਬਰ 2020 ਤੋਂ ਹਿਰਾਸਤ ਵਿੱਚ ਹਨ ਅਤੇ ਚਾਰ ਵੱਖ-ਵੱਖ ਜੇਲ੍ਹਾਂ ਵਿੱਚ ਸਮਾਂ ਬਿਤਾ ਚੁੱਕੇ ਹਨ।

ਲੂਸੀ ਦੇ ਮੁਕੱਦਮੇ ਵੱਲ ਪੂਰੀ ਦੁਨੀਆਂ ਦੇ ਲੋਕਾਂ ਦਾ ਧਿਆਨ ਗਿਆ ਹੈ, ਬਹੁਤ ਲੋਕ ਹੈਰਾਨ ਹਨ ਕਿ ਇੱਕ ਨਵਜੰਮੇ ਬੱਚਿਆਂ ਦੀ ਨਰਸ ਐਨਾ ਭਿਆਨਕ ਕਾਰਾ ਕਿਵੇਂ ਕਰ ਸਕਦੀ ਹੈ।

ਭਾਰਤੀ ਮੂਲ ਦੇ ਡਾਕਟਰ ਨੇ ਕੀਤਾ ਸੀ ‘ਖੁਲਾਸਾ’

ਲੂਸੀ

ਤਸਵੀਰ ਸਰੋਤ, CHESHIRE POLICE

ਤਸਵੀਰ ਕੈਪਸ਼ਨ, ਚੇਸਟਰ ਵਿੱਚ ਲੂਸੀ ਦੀ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਘਰ ਦੀ ਤਲਾਸ਼ੀ ਲਈ ਗਈ

ਉੱਤਰੀ ਇੰਗਲੈਂਡ ਦੇ ਪੱਤਰਕਾਰ ਜੁਡਿਥ ਮੋਰਿਟਜ਼ ਦੀ ਫਰਵਰੀ 2023 ਦੀ ਰਿਪੋਰਟ ਮੁਤਾਬਕ ਭਾਰਤੀ ਮੂਲ ਦੇਇੱਕ ਸਲਾਹਕਾਰ ਡਾਕਟਰ ਡਾ. ਰਵੀ ਜਯਾਰਾਮ ਨੇ ਕਿਹਾ ਹੈ ਕਿ ਜਦੋਂ ਡਾਕਟਰਾਂ ਨੇ ਨਰਸ ਲੂਸੀ ਲੇਟਬੀ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਤਾਂ ਹਸਪਤਾਲ ਪ੍ਰਬੰਧਨ ਵੱਲੋਂ ਉਨ੍ਹਾਂ 'ਤੇ ਚੁੱਪ ਰਹਿਣ ਲਈ ਦਬਾਅ ਪਾਇਆ ਗਿਆ।

ਡਾ. ਰਵੀ ਜਯਾਰਾਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਬੱਚਿਆਂ ਨਾਲ ਜੁੜੇ ਅਸਾਧਾਰਨ ਮਾਮਲੇ ਵਿੱਚ ਪਹਿਲੀ ਚਿੰਤਾ ਅਕਤੂਬਰ 2015 ਵਿੱਚ ਜ਼ਾਹਰ ਕੀਤੀ ਗਈ ਸੀ।

ਡਾ. ਜਯਾਰਾਮ ਨੇ ਮੈਨਚੇਸਟਰ ਕਰਾਊਨ ਕੋਰਟ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਸ ਬਾਰੇ ਸੀਨੀਅਰ ਡਾਇਰੈਕਟ ਆਫ਼ ਨਰਸਿੰਗ ਨੂੰ 2015 ਵਿੱਚ ਦੱਸਿਆ ਸੀ ਪਰ ਕੁਝ ਵੀ ਨਹੀਂ ਹੋਇਆ।

ਜਯਾਰਾਮ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਨੂੰ ਮੁੜ ਫ਼ਰਵਰੀ 2016 ਵਿੱਚ ਹੀ ਚੁੱਕਿਆ ਗਿਆ ਸੀ ਅਤੇ ਇਸ ਦੌਰਾਨ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੂੰ ਦੱਸਿਆ ਗਿਆ ਸੀ।

ਕੋਰਟ ਨੂੰ ਦੱਸਿਆ ਗਿਆ ਕਿ ਸਲਾਹਕਾਰਾਂ ਨੇ ਮੀਟਿੰਗ ਲਈ ਕਿਹਾ ਪਰ ਹੋਰ ਤਿੰਨ ਮਹੀਨਿਆਂ ਤੱਕ ਸੁਣਵਾਈ ਨਹੀਂ ਹੋਈ।

2016 ਦੀਆਂ ਗਰਮੀਆਂ ਤੱਕ ਲੂਸੀ ਲੇਟਬੀ ਨੂੰ ਫਰੰਟ ਲਾਈਨ ਨਰਸਿੰਗ ਤੋਂ ਨਹੀਂ ਹਟਾਇਆ ਗਿਆ ਸੀ।

ਡਾ. ਜਯਾਰਾਮ ਨੇ ਅਦਾਲਤ ਵਿੱਚ ਜਿਊਰੀ ਨੂੰ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਉਹ ਹਸਪਤਾਲ ਪ੍ਰਬੰਧਨ ਨੂੰ ਬਾਈ ਪਾਸ ਕਰਕੇ ਪੁਲਿਸ ਕੋਲ ਜਾਂਦੇ।

ਜਯਾਰਾਮ ਨੇ ਕਿਹਾ, ‘‘ਸਾਨੂੰ ਹਸਪਤਾਲ ਦੀ ਸੀਨੀਅਰ ਮੈਨੇਜਮੈਂਟ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਕਿ ਕੋਈ ਗੜਬੜ ਨਾ ਕੀਤੀ ਜਾਵੇ।’’

ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਲੂਸੀ ਨੇ ਫ਼ਰਵਰੀ 2016 ਵਿੱਚ ਇੱਕ ਬੱਚੀ ‘ਕੇ’ ਉੱਤੇ ਹਮਲਾ ਕੀਤਾ ਸੀ।

ਬੱਚੀ ‘ਕੇ’ ਦੀ ਮਨੋਨੀਤ ਨਰਸ ਜੋਐਨ ਵਿਲੀਅਮਜ਼ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੇ ਮਾਪਿਆਂ ਨਾਲ ਗੱਲ ਕਰਨ ਲਈ ਬੱਚੀ ਨੂੰ ‘ਸਿਹਤਯਾਬ’ ਛੱਡਿਆ ਸੀ।

ਡਾ. ਜਯਾਰਾਮ ਨੇ ਕਿਹਾ, ‘‘ਜੋਐਨ ਨੇ ਮੈਨੂੰ ਦੱਸਿਆ ਸੀ ਕਿ ਉਹ ਲੇਬਰ ਵਾਰਡ ਜਾ ਰਹੇ ਸਨ ਅਤੇ ਇਹ ਵੀ ਦੱਸਿਆ ਸੀ ਕਿ ਲੂਸੀ ਲੇਟਬੀ ਬੱਚਿਆਂ ਦੇ ਕੋਲ ਹਨ ਅਤੇ ਨਿਗਾਹ ਰੱਖ ਰਹੇ ਹਨ।’’

‘‘ਇਸ ਦਰਮਿਆਨ ਮੱਧ-ਫ਼ਰਵਰੀ ਵਿੱਚ, ਸਾਨੂੰ ਬਤੌਰ ਟੀਮ ਕਈ ਅਜਿਹੀਆਂ ਨਾ-ਉਮੀਦ ਕਰਨ ਵਾਲੀਆਂ ਅਤੇ ਅਸਾਧਾਰਨ ਘਟਨਾਵਾਂ ਬਾਰੇ ਪਤਾ ਸੀ ਅਤੇ ਸਾਨੂੰ ਲੂਸੀ ਲੇਟਬੀ ਨਾਲ ਇਨ੍ਹਾਂ ਦੀ ਸਾਂਝ ਬਾਰੇ ਵੀ ਪਤਾ ਸੀ।’’

"ਸਾਨੂੰ ਇੰਨਾ ਹੀ ਪਤਾ ਸੀ। ਕੋਈ ਕਾਰਨ ਅਤੇ ਪ੍ਰਭਾਵ ਨਹੀਂ ਦੱਸਿਆ ਗਿਆ ਸੀ।"

ਡਾ. ਜਯਾਰਾਮ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਲੇਟਬੀ ਦੇ ਉੱਥੇ ਹੋਣ ਬਾਰੇ ਦੱਸੇ ਜਾਣ 'ਤੇ "ਬਹੁਤ ਅਸੁਵਿਧਾਜਨਕ" ਮਹਿਸੂਸ ਕੀਤਾ।

ਜਯਾਰਾਮ ਨੇ ਅਦਾਲਤ ਨੂੰ ਕਿਹਾ, "ਤੁਸੀਂ ਮੈਨੂੰ ਪਾਗਲ ਕਹਿ ਸਕਦੇ ਹੋ, ਤੁਸੀਂ ਮੈਨੂੰ ਤਰਕਹੀਣ ਕਹਿ ਸਕਦੇ ਹੋ, ਪਰ ਇਸ ਸਾਂਝ ਕਾਰਨ ਮੈਂ ਅਜਿਹਾ ਮਹਿਸੂਸ ਕੀਤਾ।"

"ਫਿਰ ਮੇਰੇ ਦਿਮਾਗ ਦੇ ਤਰਕਸ਼ੀਲ ਹਿੱਸੇ ਨੇ ਮੈਨੂੰ ਇੰਨਾ ਹਾਸੋਹੀਣਾ ਹੋਣ ਤੋਂ ਰੋਕਣ ਲਈ ਕਿਹਾ ਅਤੇ ਮੈਂ ਉਹੀ ਕਰਦਾ ਰਿਹਾ ਜੋ ਮੈਂ ਕਰ ਰਿਹਾ ਸੀ ਪਰ ਇਹ ਵਿਚਾਰ ਮੇਰੇ ਦਿਮਾਗ ਵਿੱਚ ਵਾਪਸ ਆਉਂਦਾ ਰਿਹਾ।"

ਜਯਾਰਾਮ ਨੇ ਕਿਹਾ ਕਿ ਉਹ ਆਪਣੇ ਆਪ ਨੂੰ "ਸਾਬਤ" ਕਰਨ ਲਈ ਬੱਚੀ ‘ਕੇ’ ਦੀ ਜਾਂਚ ਕਰਨ ਲਈ ਉੱਠੇ ਕਿ ਉਨ੍ਹਾਂ ਨੂੰ "ਹਾਸੋਹੀਣਾ ਅਤੇ ਤਰਕਹੀਣ ਹੋਣਾ ਬੰਦ ਕਰਨ ਦੀ ਲੋੜ ਹੈ।"

"ਮੈਂ ਨਰਸਰੀ ਵੰਨ ਵਿੱਚ ਗਿਆ।"

ਸਾਹ ਲੈਣ ਵਾਲੀ ਟਿਊਬ ਹਟਾਈ ਗਈ

ਲੂਸੀ

ਤਸਵੀਰ ਸਰੋਤ, PA MEDIA

ਮੁਕੱਦਮਾ ਚਲਾ ਰਹੇ ਜੱਜ ਫਿਲ ਐਸਟਬਰੀ ਨੇ ਪੁੱਛਿਆ: "ਤੁਸੀਂ ਕੀ ਦੇਖਿਆ ਹੈ?"

ਡਾ. ਜਯਾਰਾਮ ਨੇ ਜਵਾਬ ਦਿੱਤਾ: ‘‘ਜਿਵੇਂ ਹੀ ਮੈਂ ਅੰਦਰ ਗਿਆ ਤਾਂ ਦੇਖਿਆ ਲੂਸੀ ਲੇਟਬੀ ਇਨਕਿਊਬੇਟਰ ਅਤੇ ਵੈਂਟੀਲੇਟਰ ਕੋਲ ਖੜ੍ਹੇ ਸਨ। ਲੂਸੀ ਦੇ ਹੱਥ ਇਨਕਿਊਬੇਟਰ ’ਤੇ ਨਹੀਂ ਸਨ। ਮੈਂ ਲੂਸੀ ਵੱਲ ਦੇਖਿਆ ਤੇ ਫ਼ਿਰ ਮੈਂ ਮੋਨੀਟਰ ਵੱਲ ਦੇਖਿਆ ਤੇ ਬੱਚੀ ‘ਕੇ’ ਦਾ ਬਲੱਡ ਆਕਸੀਜਨ ਲੈਵਲ 80 ਫੀਸਦੀ ਨੇੜੇ ਸੀ ਅਤੇ ਹੇਠਾਂ ਜਾ ਰਿਹਾ ਸੀ।’’

‘‘ਵੈਂਟੀਲੇਟਰ ਤੇ ਇਨਕਿਊਬੇਟਰ ਦਾ ਅਲਾਰਮ ਨਹੀਂ ਵੱਜ ਰਿਹਾ ਸੀ ਅਤੇ ਜਦੋਂ ਲੈਵਲ 90 ਫੀਸਦੀ ਤੋਂ ਹੇਠਾਂ ਜਾਂਦਾ ਹੈ ਤਾਂ ਮੋਨੀਟਰ ਦਾ ਅਲਾਰਮ ਵੱਜਣ ਚਾਹੀਦਾ ਹੈ।’’

‘‘ਮੈਂ ਕਹਿੰਦਾ ਹਾਂ ‘ਕੀ ਹੋ ਰਿਹਾ ਹੈ?’ ਅਤੇ ਲੂਸੀ ਦੇਖਦੇ ਹਨ ਤੇ ਕਹਿੰਦੇ ਹਨ ਕਿ ‘ਉਨ੍ਹਾਂ ਨੂੰ ਨਿਰਾਸ਼ਾ ਹੋ ਰਹੀ’ ਹੈ।’’

ਐਸਟਬਰੀ ਪੁੱਛਦੇ ਹਨ: ‘‘ਕੀ, ਉਹ ਕੁਝ ਕਰ ਰਹੇ ਸਨ?’’

ਡਾ. ਜਯਾਰਾਮ ਨੇ ਕਿਹਾ, ‘‘ਕੁਝ ਵੀ ਨਹੀਂ। ਮੈਨੂੰ ਨਹੀਂ ਪਤਾ ਕਿ ਉਹ ਮੋਨੀਟਰ ਵੱਲ ਦੇਖ ਰਹੇ ਸਨ...ਲੂਸੀ ਨੇ ਮੈਨੂੰ ਉਦੋਂ ਤੱਕ ਕੁਝ ਨਹੀਂ ਕਿਹਾ ਜਦੋਂ ਤੱਕ ਮੈਂ ਨਹੀਂ ਪੁੱਛਿਆ ਕਿ ਕੀ ਹੋ ਰਿਹਾ ਹੈ।’’

ਜਯਾਰਾਮ ਨੇ ਕਿਹਾ ਕਿ ਉਨ੍ਹਾਂ ਨੇ ਇਹ ਨੋਟਿਸ ਕੀਤਾ ਕਿ ਨਵਜੰਮੇ ਬੱਚੇ ਦੀ ਛਾਤੀ ਵਿੱਚ ਕੋਈ ਹਿਲਜੁੱਲ ਨਹੀਂ ਸੀ।

ਵਕੀਲ ਨੇ ਇਲਜ਼ਾਮ ਲਗਾਇਆ ਕਿ ਲੂਸੀ ਲੇਟਬੀ ਨੇ ਸਲਾਹਕਾਰ ਡਾਕਟਰ ਜਯਾਰਾਮ ਦੇ ਨਰਸਰੀ ਰੂਮ ਵਿੱਚ ਆਉਣ ਤੋਂ ਪਹਿਲਾਂ ਜਾਣਬੁੱਝ ਕੇ ਬੱਚੇ ਦੀ ਸਾਹ ਲੈਣ ਵਾਲੀ ਟਿਊਬ (ਨਲੀ) ਨੂੰ ਹਟਾ ਦਿੱਤਾ ਸੀ।

ਐਸਟਬਰੀ ਪੁੱਛਦੇ ਹਨ: ‘‘ਤੁਹਾਡੇ ਦੋਵਾਂ ਦਰਮਿਆਨ ਕੋਈ ਹੋਰ ਗੱਲਬਾਤ?’’

ਡਾ. ਜਯਾਰਾਮ ਕਹਿੰਦੇ ਹਨ: ‘‘ਅਸੀਂ ਪੇਸ਼ੇਵਰ ਮੋਡ ਵਿੱਚ ਆ ਗਏ ਸੀ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਟਿਊਬ ਕਿਉਂ ਹਟਾ ਦਿੱਤੀ ਗਈ ਸੀ। ਟਿਊਬ ਨੂੰ ਠੀਕ ਕੀਤਾ ਗਿਆ ਅਤੇ ’ਕੇ’ ਬੱਚਾ ਜੋਸ਼ਿਲਾ ਨਹੀਂ ਸੀ।’’

‘‘ਬਿਨਾਂ ਦੇਖੇ ਟਿਊਬ ਨੂੰ ਹਟਾਉਣਾ ਔਖਾ ਹੈ। ਫ਼ਿਰ ਮੈਂ ਟਿਊਬ ਨੂੰ ਹਟਾਇਆ ਤੇ ਇਹ ਬਲੌਕ ਨਹੀਂ ਸੀ।’’

ਡਾ. ਜਯਾਰਾਮ ਨੇ ਕਿਹਾ ਕਿ ਉਹ ਬੱਚੇ ‘ਕੇ’ ਨੂੰ ਬਚਾਅ ਲਈ ਸਾਹ ਦੇਣ ਲਈ ਅੱਗੇ ਵਧੇ ਅਤੇ ਉਸ ਦੀ ਛਾਤੀ ਮੁੜ ਹਿੱਲਣ ਲੱਗੀ ਤੇ ਬੱਚੇ ਦਾ ਆਕਸੀਜਨ ਲੈਵਲ ਵੱਧ ਗਿਆ।

‘ਕੇ’ ਬੱਚੇ ਨੂੰ ਉਸੇ ਦਿਨ ਵਿਰਾਲ ਦੇ ਐਰੋ ਪਾਰਕ ਹਸਪਤਾਲ ਵਿੱਚ ਸ਼ਿਫ਼ਟ ਕੀਤਾ ਗਿਆ, ਜਿੱਥੇ ਤਿੰਨ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)