ਇੰਡੋਨੇਸ਼ੀਆ ਦੀਆਂ ਕੰਧਾਂ ’ਤੇ ਪੰਜਾਬੀ ਤੇ ਹੋਰ ਭਾਰਤੀ ਫੌਜੀਆਂ ਨੇ ਕੀ ਪੜ੍ਹਿਆ ਕਿ ਅੰਗਰੇਜ਼ਾਂ ਖਿਲਾਫ਼ ਬਾਗ਼ੀ ਹੋ ਗਏ

ਸਿਪਾਹੀ

ਤਸਵੀਰ ਸਰੋਤ, Imperial War Museums

    • ਲੇਖਕ, ਪੀਟਰ ਕੈਰੇ
    • ਰੋਲ, ਟ੍ਰਿਨਿਟੀ ਕਾਲਜ ਔਕਸਫੋਰਡ ਤੇ ਐਡਜੰਕਟ ਪ੍ਰੋਫੈਸਰ

ਇੰਡੋਨੇਸ਼ੀਆ 17 ਹਜ਼ਾਰ ਤੋਂ ਵੱਧ ਟਾਪੂਆਂ 'ਤੇ ਫੈਲਿਆ ਹੋਇਆ ਮੁਲਕ ਹੈ। ਇੱਥੇ 700 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇੱਥੇ 1340 ਤੋਂ ਵੱਧ ਫਿਰਕੇ ਰਹਿੰਦੇ ਹਨ।

ਇਹ ਦੁਨੀਆਂ ਦੇ ਸਭ ਤੋਂ ਬਹੁ-ਸੱਭਿਅਕ ਖੇਤਰਾਂ ਵਿੱਚੋਂ ਇੱਕ ਹੈ। ਇੰਡੋਨੇਸ਼ੀਆ ਦੇ ਟਾਪੂਆਂ ਦਾ ਸਮੂਹ ਏਸ਼ੀਆ ਦੀਆਂ ਦੋ ਮਹਾਨ ਸੱਭਿਅਤਾਵਾਂ ਚੀਨ ਅਤੇ ਭਾਰਤ ਵਿਚਕਾਰ ਵੱਸਿਆ ਹੋਇਆ ਹੈ।

290 ਈਸਾ ਪੂਰਵ ਤੋਂ ਲੈ ਕੇ 15ਵੀਂ ਸਦੀ ਤੱਕ, ਇੰਡੋਨੇਸ਼ੀਆ ਭਾਰਤ ਦੇ ਸੱਭਿਆਚਾਰਕ ਪ੍ਰਭਾਵ ਦੇ ਖੇਤਰ ਦਾ ਇੱਕ ਹਿੱਸਾ ਸੀ।

ਇਸ ਸਮੇਂ ਦੌਰਾਨ, ਹਿੰਦੂ ਅਤੇ ਬੋਧੀ ਧਰਮਾਂ ਦਾ ਇੰਡੋਨੇਸ਼ੀਆ ਦੀਆਂ ਸਥਾਨਕ ਸਿਆਸੀ ਪ੍ਰਣਾਲੀਆਂ 'ਤੇ ਡੂੰਘਾ ਅਸਰ ਪਿਆ।

ਭਾਰਤੀ ਉਪ-ਮਹਾਂਦੀਪ ਦੇ ਦੱਖਣ-ਪੂਰਬ ਵਿੱਚ ਸਥਿਤ ਰਾਜਘਰਾਨਿਆਂ, ਖਾਸ ਤੌਰ 'ਤੇ ਚੋਲ ਸਾਮਰਾਜ (300 ਈਸਾ ਪੂਰਵ ਤੋਂ 1279 ਈ.), ਨੇ ਜਾਵਾ ਉੱਤੇ ਸ਼ਾਸਨ ਕਰਨ ਵਾਲੇ ਰਾਜਿਆਂ ਨਾਲ ਵਪਾਰਕ, ਸੱਭਿਆਚਾਰਕ ਅਤੇ ਸਿਆਸੀ ਸਬੰਧ ਸਥਾਪਤ ਕੀਤੇ।

ਇਸ ਕਾਰਨ ਇਹ ਟਾਪੂਆਂ ਦਾ ਸਮੂਹ ਭਾਰਤੀ ਰੰਗ ਵਿੱਚ ਰੰਗਿਆ ਗਿਆ ਅਤੇ ਇਨ੍ਹਾਂ ਦਾ ਭਾਰਤੀਕਰਨ ਹੋ ਗਿਆ।

ਇਸ ਦੀ ਦਿਲਚਸਪ ਮਿਸਾਲ ਇੰਡੋਨੇਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਉਪ-ਭਾਸ਼ਾਵਾਂ ਉੱਤੇ ਭਾਰਤੀ ਭਾਸ਼ਾਵਾਂ ਦੇ ਅਸਰ ਵਿੱਚ ਦੇਖੀ ਜਾ ਸਕਦੀ ਹੈ।

ਇੰਡੋਨੇਸ਼ੀਆ 'ਤੇ ਭਾਰਤੀ ਭਾਸ਼ਾਵਾਂ ਦਾ ਪ੍ਰਭਾਵ

ਇੰਡੋਨੇਸ਼ੀਆ ਦੇ ਟਾਪੂਆਂ 'ਤੇ ਆਸਟ੍ਰੋਨੇਸ਼ੀਆਈ ਪਰਿਵਾਰ (ਇੰਡੋਨੇਸ਼ੀਆ ਤੇ ਆਲੇ-ਦੁਆਲੇ ਦੇ ਮੁਲਕਾਂ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ) ਦੀਆਂ ਉਪ-ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

ਹਾਲਾਂਕਿ, ਜਾਵਾ ਦੀ ਪੁਰਾਣੀ ਬੋਲੀ (ਓਲਡ ਜਾਵਾ) ਬੋਲਣ ਵਾਲੇ ਲੋਕ ਤਾਮਿਲ ਸ਼ਬਦ ਵਲੁਕੂ (ਹਲ ਵਾਹੁਣ ਲਈ) ਦੀ ਧੜੱਲੇ ਨਾਲ ਵਰਤੋਂ ਕਰਦੇ ਹਨ।

ਪੁਰਾਣੀ ਜਾਵਾ ਬੋਲੀ ਦੀ ਸ਼ਬਦਾਵਲੀ ਅਤੇ ਇਸਦੀ ਸਮੁੱਚੀ ਲਿਖਣ ਪ੍ਰਣਾਲੀ, ਭਾਵ ਜਾਵਾ ਦੀ ਵਰਣਮਾਲ਼ਾ (ਲਿੱਪੀ ਅਤੇ ਅੱਖਰ) ਪ੍ਰਾਚੀਨ ਭਾਰਤੀ ਭਾਸ਼ਾਵਾਂ 'ਤੇ ਆਧਾਰਿਤ ਹਨ।

ਪੁਰਾਣੀ ਜਾਵਾ ਭਾਸ਼ਾ ਦਾ ਹਰ ਲਿਖਤੀ ਰੂਪ (ਸਾਹਿਤ, ਅਰਦਾਸ ਅਤੇ ਸ਼ਿਲਾਲੇਖ) ਪ੍ਰਾਚੀਨ ਭਾਰਤੀ ਭਾਸ਼ਾਵਾਂ ਤੋਂ ਲਿਆ ਗਿਆ ਹੈ।

ਮਿਸਾਲ ਵਜੋਂ ਕਕਾਵਿਨ (ਪੁਰਾਣੀ ਜਾਵਾ ਭਾਸ਼ਾ ਵਿੱਚ ਵਿਆਖਿਆ ਲਈ ਵਿਸ਼ੇਸ਼ ਤੌਰ 'ਤੇ ਲਿਖੀਆਂ ਗਈਆਂ ਕਵਿਤਾਵਾਂ, ਜੋ ਕਿ ਸੰਸਕ੍ਰਿਤ ਦੇ ਛੰਦਾਂ ਵਿੱਚ ਲਿਖੀਆਂ ਗਈਆਂ ਹਨ), ਪਰਵਾ (ਸੰਸਕ੍ਰਿਤ ਮਹਾਭਾਰਤ ਅਤੇ ਰਾਮਾਇਣ ਦਾ ਵਾਰਤਕ ਸੰਗ੍ਰਹਿ), ਮੰਤਰ (ਵਿਭਿੰਨ ਅਰਦਾਸਾਂ ਅਤੇ ਪੂਜਾ ਦੇ ਮੰਤਰ), ਅਤੇ ਪ੍ਰਸ਼ਤੀ (ਕਾਂਸੀ ਅਤੇ ਪੱਥਰ) ਉੱਤੇ ਲਿਖਿਆ ਹੋਇਆ ਹੈ।

ਦੀਪਾਂ ਵਿੱਚ ਫੈਲਿਆ ਇੰਡੋਨੇਸ਼ੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪਾਂ ਵਿੱਚ ਫੈਲਿਆ ਇੰਡੋਨੇਸ਼ੀਆ

ਸਾਨੂੰ ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅੱਜ ਦੇ ਇੰਡੋਨੇਸ਼ੀਆ ਦਾ ਸੂਤਰ ਵਾਕ, ਭਿੰਨੇਕਾ ਤੁੰਗਲ ਇਕਾ (ਸਾਰੇ ਵੱਖਰੇ ਹਨ ਪਰ ਇੱਕ ਹਨ, ਭਾਵ ਅਨੇਕਤਾ ਵਿੱਚ ਏਕਤਾ) ਦੋ ਮਹਾਨ ਭਾਰਤੀ ਧਰਮਾਂ ਹਿੰਦੂ ਅਤੇ ਬੁੱਧ ਧਰਮ ਤੋਂ ਪ੍ਰੇਰਿਤ ਹੈ।

ਇੰਡੋਨੇਸ਼ੀਆ 'ਤੇ ਵੱਖ-ਵੱਖ ਸਮਿਆਂ 'ਤੇ ਬੋਧੀ ਅਤੇ ਹਿੰਦੂ ਰਾਜਿਆਂ ਅਤੇ ਰਾਣੀਆਂ ਦਾ ਰਾਜ ਰਿਹਾ ਹੈ।

ਜਿਵੇਂ ਮਹਾਰਾਣੀ ਗਾਯਤਰੀ ਰਾਜਪਤਨੀ (1276-1350 ਈ.), ਗਾਯਤਰੀ, ਮਜਾਪਹਿਤ ਦੇ ਸੰਸਥਾਪਕ ਅਤੇ ਪਹਿਲੇ ਸ਼ਾਸਕ ਕੇਰਤਰਾਜਸਾ ਜੈਵਰਧਨ (1293-1309 AD) ਦੀ ਪਤਨੀ ਸੀ।

ਉਸਦੇ ਪੋਤੇ ਹਯਾਮ ਵੁਰੁਕ (ਸ਼ਾਸਨ 1350-89 ਈ.) ਸ਼ੈਵ ਧਰਮ ਦਾ ਪੈਰੋਕਾਰ ਸੀ।

'ਅਨੇਕਤਾ ਵਿੱਚ ਏਕਤਾ' ਦਾ ਇਹ ਸੰਕਲਪ ਏਮਪੂ ਟੈਂਟੂਲਰ ਦੁਆਰਾ 14ਵੀਂ ਸਦੀ ਵਿੱਚ ਪੁਰਾਣੇ ਜਾਵਾ ਵਿੱਚ ਲਿਖੇ ਸੂਤਸੋਮ ਕਕਾਵਿਨ ਤੋਂ ਲਿਆ ਗਿਆ ਹੈ।

ਕਿਹਾ ਜਾਂਦਾ ਹੈ ਕਿ ਜਾਵਾ ਦੇ ਜਵਾਲਾਮੁਖੀ, ਹਿਮਾਲਿਆ ਦਾ ਪਰਛਾਵਾਂ ਹੈ। ਇਹ ਵਿਚਾਰ ਭਾਰਤੀ ਵਿਰਾਸਤ ਤੋਂ ਹੀ ਆਉਂਦਾ ਹੈ। ਇਸ ਲਈ ਮੌਜੂਦਾ ਇੰਡੋਨੇਸ਼ੀਆਈ ਲੋਕਾਂ ਵਿੱਚੋਂ ਔਸਤਨ ਛੇ ਫੀਸਦੀ ਦਾ ਡੀਐੱਨਏ ਭਾਰਤ ਨਾਲ ਸਬੰਧ ਰੱਖਦਾ ਹੈ।

ਬਾਲੀ ਅਤੇ ਅਸੇਹ ਵਿੱਚ ਇਹ ਪ੍ਰਤੀਸ਼ਤ ਇਸ 10 ਫੀਸਦ ਤੋਂ ਵੀ ਵੱਧ ਹੈ।

ਕਿਉਂਕਿ ਇਹ ਇਲਾਕੇ ਸਦੀਆਂ ਤੋਂ ਹਿੰਦ ਮਹਾਂਸਾਗਰ ਦੇ ਵਪਾਰਕ ਸੰਪਰਕਾਂ ਜ਼ਰੀਏ ਭਾਰਤੀ ਰੀਤੀ ਰਿਵਾਜਾਂ ਅਤੇ ਸੱਭਿਆਚਾਰਕ ਲੈਣ-ਦੇਣ ਕਰ ਰਹੇ ਸੀ।

ਦੱਖਣੀ ਬਾਲੀ ਦੇ ਸ਼ਾਹੀ ਦਰਬਾਰਾਂ ’ਤੇ ਬ੍ਰਾਹਮਣਵਾਦੀ ਪ੍ਰਭਾਵ ਦੀ ਵਿਰਾਸਤ ਕੁਝ ਜ਼ਿਆਦਾ ਹੀ ਸੀ।

ਪਰ ਇੰਨੇ ਵੱਡੇ ਪੱਧਰ ’ਤੇ ਭਾਸ਼ਾਈ, ਸੱਭਿਆਚਾਰਕ ਅਤੇ ਧਾਰਮਿਕ ਪ੍ਰਭਾਵ ਦੇ ਬਾਵਜੂਦ, ਜਾਵਾ ਲੋਕ ਸਿਰਫ਼ ਨਕਲ ਕਰਨ ਵਾਲੇ ਨਹੀਂ ਸਨ।

ਇਹ ਗੱਲ ਇੰਡੋਨੇਸ਼ੀਆ ਦੇ ਗੁਆਂਢੀ ਸਿਆਮ (1932 ਤੋਂ ਬਾਅਦ ਦਾ ਥਾਈਲੈਂਡ) ਤੋਂ ਉਲਟ ਸੀ, ਜਿੱਥੇ ਗੁਆਂਢੀ ਬਰਮਾ ਅਤੇ ਚੀਨੀ ਸੱਭਿਆਚਾਰ ਦਾ ਅਸਰ ਘੱਟ ਸੁਹਜ ਬਦਲਾਵਾਂ ਨਾਲ, ਸਿੱਧੇ ਤੌਰ ‘ਤੇ ਪਿਆ।

ਰਬਿੰਦਰਨਾਥ ਟੈਗੋਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਵਾ ਨੂੰ ਦੇਖਣ ਤੋਂ ਬਾਅਦ ਰਬਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਉਹ ਇੱਥੇ ਹਰ ਜਗ੍ਹਾ ਭਾਰਤ ਨਜ਼ਰ ਆਉਂਦਾ ਹੈ

ਜਦੋਂ ਰਵਿੰਦਰ ਨਾਥ ਟੈਗੋਰ ਇੰਡੋਨੇਸ਼ੀਆ ਦੇ ਜਾਵਾ ਪਹੁੰਚੇ

ਜਾਵਾ ਦੇ ਲੋਕਾਂ ਨੇ ਭਾਰਤ ਤੋਂ ਜੋ ਕਲਾਤਾਮਕ ਅਤੇ ਅਧਿਆਤਮਕ ਪ੍ਰੇਰਨਾ ਲਈ, ਉਸ ਨੂੰ ਖੁਦ ਆਪਣੀ ਕਲਾ ਦੇ ਰੂਪ ਵਿੱਚ ਆਰਕੀਟੈਕਟ, ਸਾਹਿਤਕ ਅਤੇ ਧਾਰਮਿਕ ਪ੍ਰਤਿਭਾ ਦੇ ਨਾਲ ਆਪਣਾ ਬਣਾਇਆ।

ਮਹਾਨ ਬੰਗਾਲੀ ਕਵੀ ਰਬਿੰਦਰਨਾਥ ਟੈਗੋਰ (1861-1941) ਨੇ ਇਸ ਬਾਰੇ ਸੰਖੇਪ ਟਿੱਪਣੀ ਕੀਤੀ ਸੀ।

ਜਦੋਂ ਉਹ 1929 ਵਿੱਚ ਪਹਿਲੀ ਜਾਵਾ ਦੀ ਸੱਭਿਆਚਾਰਕ ਤੇ ਸਮਾਜਿਕ ਸੰਸਥਾ ਬੋਇਡੀ ਓਟੋਮੋ (1908-42) ਦੇ ਮਹਿਮਾਨ ਵਜੋਂ ਜਾਵਾ ਗਏ ਸਨ।

ਜਾਵਾ ਦੇ ਪ੍ਰਭਾਵਸ਼ਾਲੀ ਹਿੰਦੂ-ਬੋਧੀ ਸਮਾਰਕਾਂ ਦਾ ਸਰਵੇ ਕਰਨ ਤੋਂ ਬਾਅਦ, ਉਨ੍ਹਾਂ ਨੇ ਕਿਹਾ ਸੀ, “ਮੈਂ ਹਰ ਜਗ੍ਹਾ ਭਾਰਤ ਦੇਖਦਾ ਹਾਂ, ਪਰ ਇਸ ਨੂੰ ਪਛਾਣਦਾ ਨਹੀਂ। ਜਿਸ ਦਾ ਮਤਲਬ ਸੀ ਕਿ ਭਾਵੇਂ ਹਰ ਥਾਂ ਭਾਰਤੀ ਪ੍ਰਭਾਵ ਸੀ, ਪਰ ਹਰ ਚੀਜ਼ ਨੂੰ ਸੁਹਜਤਾ ਨਾਲ ਤਬਦੀਲ ਕੀਤਾ ਗਿਆ ਸੀ।”

ਠੀਕ, ਓਵੇਂ ਹੀ ਜਿਵੇਂ ਸ਼ੇਕਸਪੀਅਰ ਦੇ ਨਾਟਕ ਦ ਟੈਂਪੇਸਟ ਦੇ ਕਿਰਦਾਰ ਏਰੀਅਲ ਨੇ ਕਿਹਾ ਸੀ, “ਨਵੀਂ ਪਛਾਣ ਦੇਣ ਵਾਲਾ ਬਹੁਤ ਅਜਨਬੀ ਪਰ ਸ਼ਾਨਦਾਰ ਬਦਲਾਅ।”

ਬੀਬੀਸੀ

ਬਸਤੀਵਾਦੀ ਘਟਨਾਵਾਂ- ਬ੍ਰਿਟਿਸ਼ ਅੰਤਰਰਾਜ (1811-16) ਅਤੇ ਇਸ ਦੀ ਵਿਰਾਸਤ

ਇੰਡੋਨੇਸ਼ੀਆ ਦੇ ਯੂਰਪੀ ਬਸਤੀ ਬਣਨ ਤੋਂ ਪਹਿਲਾਂ ਦੇ ਯੁੱਗ ਵਿੱਚ, ਦੱਖਣੀ ਏਸ਼ੀਆਈ, ਖਾਸ ਕਰਕੇ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਛਾਪ ਅਤੇ ਪ੍ਰੇਰਨਾ ਹਰ ਪਾਸੇ ਦਿਖਾਈ ਦਿੰਦੀ ਹੈ।

ਪਰ, ਜਦੋਂ ਅਸੀਂ ਇਸਦੇ ਬਸਤੀਵਾਦੀ ਦੌਰ ਵੱਲ ਵਧਦੇ ਹਾਂ, ਅਸੀਂ ਇੰਡੋਨੇਸ਼ੀਆ ਵਿੱਚ ਵੱਡੀਆਂ ਤਬਦੀਲੀਆਂ ਅਤੇ ਇੱਕ ਵੱਖਰਾ ਦ੍ਰਿਸ਼ ਦੇਖ ਸਕਦੇ ਹਾਂ।

ਇਹ ਗਵਰਨਰ ਜਨਰਲ ਦੇ ਤੌਰ 'ਤੇ ਮਾਰਸ਼ਲ ਹਰਮਨ ਵਿਲਮ ਡੇਂਡਲਜ਼ (1762-1818) ਦੇ ਆਉਣ ਨਾਲ ਸ਼ੁਰੂ ਹੁੰਦਾ ਹੈ।

ਮਾਰਸ਼ਲ ਹਰਮਨ ਨੂੰ ਨੈਪੋਲੀਅਨ ਦੁਆਰਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਜਨਵਰੀ 1808 ਤੋਂ 1811 ਤੱਕ ਇਸ ਅਹੁਦੇ 'ਤੇ ਰਹੇ।

ਇਹ ਅੰਤਰਰਾਸ਼ਟਰੀ ਸੰਘਰਸ਼ ਦਾ ਦੌਰ ਸੀ: ਫਰਾਂਸੀਸੀ ਇਨਕਲਾਬ (1792-1802) ਅਤੇ ਬਾਅਦ ਵਿੱਚ ਨੈਪੋਲੀਅਨ ਯੁੱਧ (1803-1815) ਕੌਮਾਂਤਰੀ ਭਾਈਚਾਰੇ ਲਈ ਪਹਿਲੇ ਵਿਸ਼ਵ ਯੁੱਧ ਦੇ ਬਰਾਬਰ ਤਜਰਬਾ ਸੀ।

ਇਸ ਦੌਰਾਨ ਜਲ ਸੈਨਾ ਦੀਆਂ ਲੜਾਈਆਂ ਦੇਖਣ ਨੂੰ ਮਿਲੀਆਂ। ਯੂਰਪੀ ਸ਼ਕਤੀਆਂ ਨੇ ਬਸਤੀ ਬਣਾਉਣ ਲਈ ਨਵੇਂ ਦੇਸ਼ਾਂ ਦੀ ਖੋਜ ਵਿੱਚ ਮੁਹਿੰਮਾਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਅਰਜਨਟੀਨਾ ਤੋਂ ਦੱਖਣੀ ਪੂਰਬੀ ਏਸ਼ੀਆ ਤੱਕ ਹਮਲੇ ਕੀਤੇ ਗਏ।

ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਤੋਂ ਕਰੀਬ 12 ਹਜ਼ਾਰ 600 ਨੌਟੀਕਲ ਮੀਲ ਦੂਰ ਸਥਿਤ ਜਾਵਾ ਇਨ੍ਹਾਂ ਯੂਰਪੀ ਯੁੱਧਾਂ ਦਾ ਵੱਡਾ ਮੋਰਚਾ ਬਣ ਚੁੱਕਾ ਸੀ।

ਅਗਸਤ-ਸਤੰਬਰ 1811 ਵਿੱਚ ਬਰਤਾਨੀਆ ਨੇ 12 ਹਜ਼ਾਰ ਸੈਨਿਕਾਂ ਨਾਲ ਜਾਵਾ ਉੱਤੇ ਹਮਲਾ ਕੀਤਾ। ਅੱਧੇ ਤੋਂ ਵੱਧ ਬ੍ਰਿਟਿਸ਼ ਸੈਨਿਕ ਬੰਗਾਲੀ ਸਨ।

ਮਾਊਂਟਡ ਆਰਟਿਲਰੀ ਦੇ ਕੁਝ ਟੁਕੜੇ ਅਤੇ ਇੰਜੀਨੀਅਰ ਵੀ ਮਦਰਾਸ ਜਾਂ ਅੱਜ ਦੇ ਚੇਨਈ ਤੋਂ ਸਨ। ਇਨ੍ਹਾਂ ਸਾਰਿਆਂ ਨੂੰ ਜਾਵਾ ਮੁਹਿੰਮ ਲਈ ਵਿਸ਼ੇਸ਼ ਤੌਰ 'ਤੇ 'ਵਲੰਟੀਅਰ ਬਟਾਲੀਅਨ' ਵਜੋਂ ਭਰਤੀ ਕੀਤਾ ਗਿਆ ਸੀ।

ਇਹਨਾਂ ਵਿੱਚੋਂ, ਬੰਗਾਲ ਲਾਈਟ ਇਨਫੈਂਟਰੀ ਵਾਲੰਟੀਅਰ ਬਟਾਲੀਅਨ (ਐੱਲ.ਆਈ.ਵੀ.ਬੀ.) ਖਾਸ ਕਰਕੇ ਬਰਤਾਨੀਆ ਲਈ ਬੋਝ ਬਣ ਗਈ।

ਬ੍ਰਿਟਿਸ਼ ਲੈਫਟੀਨੈਂਟ-ਗਵਰਨਰ ਥੋਮਸ ਸਟੈਮਫੋਰਡ ਰੈਫਲਜ਼ (1781-1826, ਅਹੁਦੇ ਤੇ 1811-16) ਨੇ ਕਿਹਾ ਸੀ ‘ਇਨ੍ਹਾਂ ਬੰਗਾਲੀ ਸਿਪਾਹੀਆਂ ਦੀਆਂ ਆਦਤਾਂ ਅਤੇ ਸ਼ਿਸ਼ਟਾਚਾਰ ਜਾਵਾ ਦੇ ਲੋਕਾਂ ਲਈ ਅਪਮਾਨਜਕ ਹਨ’ ਜਿਨ੍ਹਾਂ ਕਰਕੇ ਅਕਸਰ ਪਰੇਸ਼ਾਨੀ ਖੜ੍ਹੀ ਹੋ ਜਾਂਦੀ ਸੀ।

ਇਨ੍ਹਾਂ ਸਿਪਾਹੀਆਂ ਨੂੰ 'ਪੂਰਬੀ ਸਮੁੰਦਰ ਦੀ ਵੱਡੀ ਬੈਰਕ’ ਯਾਨਿ ਕਿ ਭਾਰਤ ਤੋਂ ਭਰਤੀ ਕੀਤਾ ਗਿਆ ਸੀ।

ਸਿਪਾਹੀ

ਤਸਵੀਰ ਸਰੋਤ, imperial war museum

ਤਸਵੀਰ ਕੈਪਸ਼ਨ, ਸੁਰਬਾਯਾ ਦੀ ਲੜਾਈ ਦੌਰਾਨ ਬ੍ਰਿਟਿਸ਼ ਫੌਜ ਦੁਆਰਾ ਕਬਜ਼ੇ ਵਿੱਚ ਲਏ ਗਏ ਇੱਕ ਟੈਂਕ ਦੀ ਰਾਖੀ ਕਰ ਰਿਹਾ ਇੱਕ ਭਾਰਤੀ ਸਿਪਾਹੀ

19ਵੀਂ ਸਦੀ ਦੇ ਅੰਤ ਤੱਕ ਬਰਤਾਨੀਆ ਨੇ ਭਾਰਤ ਤੋਂ ਭਾੜੇ ਦੇ ਕਰੀਬ ਢਾਈ ਲੱਖ ਸਿਪਾਹੀਆਂ ਦੀ ਫ਼ੌਜ ਖੜ੍ਹੀ ਕਰ ਲਈ ਸੀ।

ਭਾਰਤ ਤੋਂ ਭਰਤੀ ਕੀਤੇ ਗਏ ਇਨ੍ਹਾਂ ਸਿਪਾਹੀਆਂ ਨੂੰ ਪੂਰੇ ਏਸ਼ੀਆ ਅਤੇ ਮੱਧ ਪੂਰਬ (ਮਿਸਰ ਅਤੇ ਸੀਰੀਆ) ਵਿੱਚ ਲੜਨ ਲਈ ਭੇਜਿਆ ਗਿਆ ਸੀ। ਜਾਵਾ ਵਿੱਚ ਅੰਗਰੇਜ਼ਾਂ ਦੀ ਤਰਫੋਂ ਲੜਨ ਲਈ ਭੇਜੇ ਗਏ ਭਾਰਤੀ ਫੌਜੀਆਂ ਨੇ ਆਪਣੀ ਪੰਜ ਸਾਲਾਂ ਦੀ ਸੇਵਾ ਦੌਰਾਨ ਆਪਣੇ ਖੂਨ ਨਾਲ ਕੁਰਬਾਨੀ ਦਾ ਨਵਾਂ ਅਧਿਆਏ ਲਿਖਿਆ।

ਇਹ ਆਧੁਨਿਕ ਯੁੱਗ ਵਿੱਚ ਘੱਟੋ ਘੱਟ ਦੋ ਵਾਰ ਵਾਪਰਿਆ, ਜਦੋਂ ਭਾਰਤੀ ਫੌਜੀ ਇੰਡੋਨੇਸ਼ੀਆਈ ਮੋਰਚੇ 'ਤੇ ਦੋ ਖੂਨੀ ਲੜਾਈਆਂ ਦਾ ਹਿੱਸਾ ਬਣੇ।

ਸਭ ਤੋਂ ਪਹਿਲਾਂ 26 ਅਗਸਤ 1811 ਨੂੰ ਅੱਜ ਦੇ ਜਕਾਰਤਾ ਦੇ ਜਤੀਨੇਗਰਾ (1942 ਤੋਂ ਪਹਿਲਾਂ ਬਟਾਵੀਆ ਦੇ ਮੀਸਟਰ ਕੋਰਨੇਲਿਸ) ਵਿੱਚ, ਇਸ ਤੋਂ ਬਾਅਦ, 10 ਤੋਂ 27 ਨਵੰਬਰ 1945 ਦੌਰਾਨ, ਭਾਰਤੀ ਸੈਨਿਕਾਂ ਨੇ ਪੂਰਬੀ ਜਾਵਾ ਦੇ ਸੁਰਾਬਾਇਆ ਵਿੱਚ ਬਰਤਾਨੀਆ ਦੀ ਤਰਫੋਂ ਇੱਕ ਖੂਨੀ ਜੰਗ ਲੜੀ।

ਪਹਿਲੀ ਜੰਗ ਦੌਰਾਨ ਬਰਤਾਨੀਆ ਵਿਰੁੱਧ ਲੜ ਰਹੀਆਂ ਫਰਾਂਸੀਸੀ ਅਤੇ ਡੱਚ ਫ਼ੌਜਾਂ ਦੇ ਪੰਜਾਹ ਫੀਸਦੀ ਫੌਜੀ ਮਾਰੇ ਗਏ ਸਨ।

ਇਸ ਦੇ ਨਾਲ ਹੀ ਜਾਵਾ ਦੇ ਸਥਾਨਕ ਮਦਰਾਸੀ ਅਤੇ ਹੈਲਪਟਰੋਏਪੇਨ (ਸਥਾਨਕ ਸਹਿਯੋਗੀ ਯੂਨਿਟਾਂ) ਦੇ 80 ਪ੍ਰਤੀਸ਼ਤ ਫੌਜੀ ਮਾਰੇ ਗਏ ਸਨ। ਇਸ ਬਸਤੀਵਾਦੀ ਯੁੱਧ ਲਈ ਫਰਾਂਸ ਦੇ ਗਵਰਨਰ ਜਨਰਲ ਮਾਰਸ਼ਲ ਹਰਮਨ ਦੁਆਰਾ 18,000 ਫੌਜੀਆਂ ਦੀ ਫੌਜ ਭਰਤੀ ਕੀਤੀ ਗਈ ਸੀ।

ਪਰ, ਇਹਨਾਂ ਛੇ ਹਫ਼ਤਿਆਂ ਦੌਰਾਨ (4 ਅਗਸਤ ਤੋਂ 18 ਸਤੰਬਰ, 1811 ਦੇ ਵਿਚਕਾਰ) ਇਹਨਾਂ ਵਿੱਚੋਂ 12,000 ਤੋਂ ਵੱਧ ਸਿਪਾਹੀ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਸਨ।

ਜਤੀਨੇਗਰਾ/ਮਿਸਟਰ ਕਾਰਨੇਲਿਸ ਵਿੱਚ ਫ਼ੌਜੀਆਂ ਦੀਆਂ ਇੰਨੀਆਂ ਲਾਸ਼ਾਂ ਇਕੱਠੀਆਂ ਹੋ ਗਈਆਂ ਸਨ ਕਿ ਉਨ੍ਹਾਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਉਣਾ ਪਿਆ ਸੀ। ਗੁਆਂਢੀ ਕੰਪੁੰਗ ਮੇਲਾਯੂ ਦੇ ਲੋਕਾਂ ਨੇ ਇਸਦਾ ਨਾਮ ਰਾਵਾ ਬੰਕੇ (ਲਾਸ਼ਾਂ ਦੀ ਦਲਦਲ) ਰੱਖਿਆ।

ਬਾਅਦ ਵਿੱਚ, ਜਾਵਾ ਦੇ ਗਵਰਨਰ, ਅਲੀ ਸਾਦੀਕਿਨ (ਅਵਧੀ 1966-77) ਨੇ ਇਸ ਬਦਨਾਮ ਸਥਾਨ ਦਾ ਨਾਮ ਬਦਲ ਕੇ ਰਾਵਾ ਮਾਵਾਰ, ਭਾਵ ਗੁਲਾਬ ਦੀ ਦਲਦਲ ਰੱਖ ਕੇ ਇਸ ਦੀਆਂ ਖੂਨੀ ਯਾਦਾਂ ਉੱਤੇ ਇੱਕ ਮਾਮੂਲੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ।

ਦੂਜਾ ਮੌਕਾ, ਭਾਵ ਨਵੰਬਰ 1945 ਵਿਚ ਸੁਰਾਬਾਇਆ ਦੀ ਲੜਾਈ, ਆਖਰੀ ਮੋਰਚਾ ਸੀ, ਜਿਸ ਵਿਚ ਭਾਰਤੀ ਫੌਜੀਆਂ ਨੂੰ ਬਸਤੀਵਾਦੀ ਸੰਘਰਸ਼ ਵਿਚ ਬ੍ਰਿਟਿਸ਼ ਕਮਾਂਡ ਦੇ ਅਧੀਨ ਲੜਨਾ ਪਿਆ ਸੀ।

ਇਸ ਜੰਗ ਦੇ ਨਤੀਜੇ ਸਾਰੇ ਪੱਖਾਂ ਲਈ ਘਾਤਕ ਸਾਬਤ ਹੋਏ, ਇੰਡੋਨੇਸ਼ੀਆ ਦੇ ਰਾਸ਼ਟਰਵਾਦੀ ਨੇਤਾ ਅਤੇ ਸੁਰਾਬਾਇਆ ਵਿੱਚ ਪੈਦਾ ਹੋਏ ਕੂਟਨੀਤਕ ਡਾ: ਰੁਸਲਾਨ ਅਬਦੁਲਗਾਨੀ ਨੇ ਇਸ ਯੁੱਧ ਬਾਰੇ ਲਿਖਿਆ, 'ਇਹ ਇੱਕ ਤਬਾਹੀ ਸੀ, ਜਿਸ ਨੇ ਸੁਰਾਬਾਇਆ ਦਾ ਇਤਿਹਾਸ ਹੀ ਬਦਲ ਦਿੱਤਾ, ਪਰ ਇਸ ਦੇ ਨਾਲ ਹੀ ਇਹ ਪੂਰੇ ਇੰਡੋਨੇਸ਼ੀਆ ਵਿੱਚ ਸਾਡੀ ਆਜ਼ਾਦੀ ਦੀ ਲੜਾਈ ਦੀ ਸਥਿਤੀ ਅਤੇ ਦਿਸ਼ਾ ਬਦਲ ਗਿਆ।

ਪਰ, ਅਸੀਂ ਅਚਾਨਕ ਆਪਣੀ ਕਹਾਣੀ ਤੋਂ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ।

ਸਿਪਾਹੀ

ਤਸਵੀਰ ਸਰੋਤ, Imperial War Museums

ਤਸਵੀਰ ਕੈਪਸ਼ਨ, ਇੰਡੋਨੇਸ਼ੀਆਈ ਰਾਸ਼ਟਰਵਾਦੀਆਂ ਦੁਆਰਾ ਸੁਬਾਯਾ ਵਿੱਚ ਲਗਾਇਆ ਗਿਆ ਪੋਸਟਰ ਭਾਰਤੀ ਸੈਨਿਕਾਂ ਨੂੰ ਉਨ੍ਹਾਂ ਦੇ ਵਿਰੁੱਧ ਨਾ ਲੜਨ ਦੀ ਅਪੀਲ ਕਰਦਾ ਹੈ

ਪਹਿਲਾਂ, ਸਾਨੂੰ 19ਵੀਂ ਸਦੀ ਦੇ ਯੁੱਧ ਬਾਰੇ ਗੱਲ ਕਰਨੀ ਚਾਹੀਦੀ ਹੈ। 1811 ਤੋਂ 1816 ਤੱਕ ਜਾਵਾ ਉੱਤੇ ਆਪਣੇ ਥੋੜ੍ਹੇ ਜਿਹੇ ਸ਼ਾਸਨ ਦੌਰਾਨ, ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਉੱਥੇ 5 ਹਜ਼ਾਰ ਸਿਪਾਹੀਆਂ ਦੀ ਬੇਸ ਬਣਾਈ ਰੱਖਣ ਲਈ ਬੰਗਾਲ ਦੇ ਸਿਪਾਹੀਆਂ 'ਤੇ ਬਹੁਤ ਜ਼ਿਆਦਾ ਭਰੋਸਾ ਕਰਨਾ ਉਨ੍ਹਾਂ ਨੂੰ ਮਹਿੰਗਾ ਪਿਆ ਸੀ।

19 ਅਗਸਤ 1816 ਨੂੰ ਯੂਨੀਅਨ ਜੈਕ (ਇੰਗਲੈਂਡ ਦਾ ਝੰਡਾ) ਨੂੰ ਬਟਾਵੀਆ ਤੋਂ ਉਤਾਰ ਦਿੱਤਾ ਗਿਆ ਅਤੇ ਜਾਵਾ ਨੂੰ ਡੱਚ ਫੌਜਾਂ ਨੂੰ ਦੁਬਾਰਾ ਸੌਂਪ ਦਿੱਤਾ ਗਿਆ। ਪਰ ਇਸ ਤੋਂ ਪਹਿਲਾਂ ਜਾਵਾ ਵਿੱਚ ਅੰਗਰੇਜ਼ਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਅਕਤੂਬਰ-ਨਵੰਬਰ 1815 ਦੌਰਾਨ ਉੱਥੇ ਤਾਇਨਾਤ ਬੰਗਾਲ ਦੇ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ।

ਦੱਖਣੀ ਮੱਧ ਜਾਵਾ ਵਿੱਚ ਯੋਗਯਾਕਾਰਤਾ ਅਤੇ ਸੁਰਾਕਾਰਤਾ ਦੀਆਂ ਅਦਾਲਤਾਂ ਵਿੱਚ ਸਿਪਾਹੀਆਂ ਦੀ ਇਸ ਬਗਾਵਤ ਨੂੰ ਸਿਪਾਹੀਆਂ ਦੀ ਸਾਜ਼ਿਸ਼ ਵਜੋਂ ਜਾਣਿਆ ਜਾਂਦਾ ਹੈ।

ਇਹ ਬਗਾਵਤ ਇੰਨੀ ਗੰਭੀਰ ਸੀ ਕਿ ਅੰਗਰੇਜ਼ ਸਰਕਾਰ ਦੇ ਚੁੱਲ੍ਹੇ ਹਿੱਲ ਗਏ। ਇਸ ਸਾਜ਼ਿਸ਼ ਵਿੱਚ ਸੁਰਕਾਰਤਾ ਦੇ ਸ਼ਾਸਕ, ਸੁਨਾਨ ਪਾਕੂ ਬੁਵੋਨੋ IV (ਰਾਜਕਾਲ 1788-1820), ਅਤੇ ਬੰਗਾਲ ਲਾਈਟ ਇਨਫੈਂਟਰੀ ਵਾਲੰਟੀਅਰ ਬਟਾਲੀਅਨ ਦੇ ਲਗਭਗ 800 ਸਿਪਾਹੀ ਸ਼ਾਮਲ ਸਨ।

ਇਹ ਸਿਪਾਹੀ 1811 ਤੋਂ ਲਗਾਤਾਰ ਇਨ੍ਹਾਂ ਅਦਾਲਤਾਂ ਦੇ ਫੌਜੀ ਠਿਕਾਣਿਆਂ 'ਤੇ ਤੈਨਾਤ ਸਨ। ਸਿਪਾਹੀ ਸਾਜ਼ਿਸ਼ਕਾਰਾਂ ਦਾ ਉਦੇਸ਼ ਆਪਣੇ ਬ੍ਰਿਟਿਸ਼ ਅਫਸਰਾਂ ਨੂੰ ਮਾਰਨਾ ਅਤੇ ਜਾਵਾ ਵਿੱਚ ਮੌਜੂਦ ਹੋਰ ਵਿਦੇਸ਼ੀ ਯੂਰਪੀਅਨਾਂ ਨੂੰ ਖਤਮ ਕਰਨਾ ਸੀ।

ਸੁਨਾਨ ਦੁਆਰਾ ਯੂਰਪੀਅਨ ਸ਼ਾਸਕਾਂ ਨੂੰ ਉਖਾੜ ਸੁੱਟਣ ਵਿੱਚ ਮਦਦ ਕਰਨ ਦੇ ਬਦਲੇ, ਲਾਈਟ ਇਨਫੈਂਟਰੀ ਦੇ ਇੱਕ ਸਿਪਾਹੀ ਸੂਬੇਦਾਰ - ਜਾਂ ਕਪਤਾਨ ਦੇ ਦਰਜੇ ਵਾਲੇ ਇੱਕ ਜੇਸੀਓ, ਨੂੰ ਨਵੇਂ ਲੈਫਟੀਨੈਂਟ ਗਵਰਨਰ ਵਜੋਂ ਤੈਨਾਤ ਕੀਤਾ ਜਾਣਾ ਸੀ।

ਇਸ ਤੋਂ ਇਲਾਵਾ, ਪੱਛਮੀ ਜਾਵਾ ਅਤੇ ਉੱਤਰੀ ਤੱਟੀ ਜ਼ਿਲ੍ਹਿਆਂ (ਪਾਸੀਸਰ) ਨੂੰ ਬ੍ਰਿਟਿਸ਼ ਭਾਰਤੀ ਫੌਜਾਂ ਦੀ ਨਿਗਰਾਨੀ ਹੇਠ ਰੱਖਿਆ ਜਾਣਾ ਸੀ। ਇੱਥੋਂ ਤੱਕ ਕਿ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਸੁਰਕਾਰਤਾ ਦੇ ਸ਼ਾਸਕ ਸੁਨਾਨ ਨੇ ਆਪਣੀ ਇੱਕ ਧੀ ਦਾ ਵਿਆਹ ਇਸ ਸਿਪਾਹੀ ਨਾਲ ਕਰਨ ਦਾ ਵਾਅਦਾ ਕੀਤਾ ਸੀ।

ਜਾਵਾ ਵਿੱਚ 9ਵੀਂ ਸਦੀ ਦਾ ਬੋਰੋਬੁਦੁਰ ਬੋਧੀ ਮੰਦਰ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਵਾ ਵਿੱਚ 9ਵੀਂ ਸਦੀ ਦਾ ਬੋਰੋਬੁਦੁਰ ਬੋਧੀ ਮੰਦਰ

ਇਸ ਨੇ ਜਾਵਾ ਦੇ ਸ਼ਾਸਕ ਵਰਗ ਵਿੱਚ ਇਸਦੇ ਹਿੰਦੂ ਤੇ ਬੋਧੀ ਇਤਿਹਾਸ ਅਤੇ ਭਾਰਤੀ ਵਿਰਾਸਤ ਵਿੱਚ ਵਧ ਰਹੀ ਦਿਲਚਸਪੀ ਵਿੱਚ ਯੋਗਦਾਨ ਪਾਇਆ ਹੋ ਸਕਦਾ ਹੈ।

ਉਦਾਹਰਨ ਲਈ, ਯੋਗਯਾਕਾਰਤਾ ਵਿੱਚ ਪ੍ਰਿੰਸ ਡਿਪੋਨੇਗੋਰੋ (1785-1855) ਨੇ ਨੇੜਲੇ ਮੰਦਰਾਂ ਤੋਂ ਬਹੁਤ ਸਾਰੀਆਂ ਮੂਰਤੀਆਂ ਲੈ ਕੇ ਆਪਣੇ ਮਹਿਲ ਵਿੱਚ ਰੱਖੀਆਂ ਸਨ, ਅਤੇ ਆਪਣੇ ਧਿਆਨ ਲਈ ਕੱਢੇ ਗਏ ਸਮੇਂ ਦੀ ਵਰਤੋਂ ਕੀਤੀ ਸੀ।

ਪ੍ਰਿੰਸ ਡਿਪੋਨੇਗੋਰੋ ਨੂੰ ਡੱਚ ਬਸਤੀਵਾਦੀਆਂ ਦੇ ਵਿਰੁੱਧ ਜਾਵਾ ਯੁੱਧ (1825-30) ਦੇ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ।

ਜਦੋਂ ਸਿਪਾਹੀ ਦੀ ਸਾਜ਼ਿਸ਼ ਹੋਈ ਤਾਂ ਜ਼ਮੀਨ 'ਤੇ ਬਰਤਾਨੀਆ ਦੇ ਆਪਣੇ ਅਫ਼ਸਰ ਬਹੁਤ ਘੱਟ ਸਨ। ਫੌਜ ਦੇ ਨਿਯਮਾਂ ਦੇ ਅਨੁਸਾਰ, 800 ਦੇਸੀ ਫੌਜੀਆਂ ਤੋਂ ਵੱਧ ਘੱਟੋ-ਘੱਟ ਸੱਤ ਬ੍ਰਿਟਿਸ਼ ਅਫਸਰ ਹੋਣੇ ਚਾਹੀਦੇ ਸਨ।

ਭਾਵੇਂ ਕਿ ਉਸ ਸਮੇਂ ਵੀ ਬਹੁਤ ਘੱਟ ਬ੍ਰਿਟਿਸ਼ ਫੌਜੀ ਅਧਿਕਾਰੀ ਉੱਥੇ ਤੈਨਾਤ ਸਨ। ਇਸ ਕਾਰਨ ਅੰਗਰੇਜ਼ਾਂ ਨੂੰ ਇਸ ਸਾਜ਼ਿਸ਼ ਦਾ ਬਹੁਤ ਦੇਰ ਨਾਲ ਪਤਾ ਲੱਗਿਆ। ਪਰ, ਬ੍ਰਿਟਿਸ਼ ਫੌਜੀ ਕਮਾਂਡ ਨੇ ਤੁਰੰਤ ਕਾਰਵਾਈ ਕੀਤੀ ਅਤੇ ਬਾਗੀ ਸਿਪਾਹੀਆਂ ਵਿਰੁੱਧ ਕਾਰਵਾਈ ਕੀਤੀ।

17 ਸਿਪਾਹੀਆਂ ਨੂੰ ਤੋਪ ਦੇ ਮੂੰਹ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਉਡਾਉਣ ਦੀ ਸਜ਼ਾ ਦਿੱਤੀ ਗਈ (ਮੁਗਲ ਯੁੱਗ ਦੀ ਪ੍ਰਥਾ)। ਇਸ ਤੋਂ ਇਲਾਵਾ ਪੰਜਾਹ ਹੋਰ ਫੌਜੀਆਂ ਨੂੰ ਹਥਕੜੀਆਂ ਪਾ ਕੇ ਬੰਗਾਲ ਵਾਪਸ ਭੇਜ ਦਿੱਤਾ ਗਿਆ।

ਪਰ, ਉਹ ਜਾਵਾ ਵਿੱਚ ਤੈਨਾਤ ਆਖਰੀ ਭਾਰਤੀ ਸਿਪਾਹੀ ਨਹੀਂ ਸੀ। ਬਰਤਾਨਵੀ ਫੌਜ ਵਿੱਚ ਭਰਤੀ ਹੋਏ ਕਈ ਸਿਪਾਹੀ ਫੌਜ ਛੱਡ ਕੇ ਭੱਜ ਗਏ ਸਨ।

ਉਨ੍ਹਾਂ ਦਾ ਵਿਆਹ ਜਾਵਾ ਦੇ ਸਥਾਨਕ ਪਰਿਵਾਰਾਂ ਵਿੱਚ ਹੋਇਆ। ਬਹੁਤ ਸਾਰੇ ਸਿਪਾਹੀ ਮਹਾਵਤ ਬਣ ਗਏ, ਜਾਂ ਯੋਗਕਾਰਤਾ ਵਿੱਚ ਸੁਲਤਾਨ ਦੇ ਅੰਗ ਰੱਖਿਅਕਾਂ ਵਿੱਚ ਸ਼ਾਮਲ ਹੋ ਗਏ।

ਪ੍ਰਿੰਸ ਦੀਪੋਨੇਗੋਰੋ ਨੇ ਆਪਣੀ ਸਵੈ-ਜੀਵਨੀ (ਬਾਬਦ) ਵਿੱਚ ਇਨ੍ਹਾਂ ਵਿੱਚੋਂ ਇੱਕ ਕਾਂਸਟੇਬਲ ਨੂੰ ਨੂਰਾਂਗਲੀ ਦਾ 'ਬੰਗਾਲ ਦਾ ਪਰੰਪਰਾਗਤ ਹਕੀਮ' (ਦੁਕੁਨ ਬੇਂਗਲਾ) ਦੱਸਿਆ ਹੈ। ਨੂਰਾਂਗਲੀ ਬਾਅਦ ਵਿਚ ਰਾਜਕੁਮਾਰ ਦਾ ਨਿੱਜੀ ਡਾਕਟਰ ਬਣ ਗਿਆ।

ਭਾਰਤ ਦੇ ਗਵਰਨਰ ਜਨਰਲ ਅਰਲ ਐਮਹਰਸਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਗਵਰਨਰ ਜਨਰਲ ਅਰਲ ਐਮਹਰਸਟ

ਇਸ ਦੇ ਨਾਲ ਹੀ, ਜਾਵਾ ਵਿੱਚ ਵਸਣ ਵਾਲੇ ਹੋਰ ਭਾਰਤੀ ਸਿਪਾਹੀ ਜਾਵਾ ਯੁੱਧ (1825-30) ਦੌਰਾਨ ਦੋਵਾਂ ਪਾਸਿਆਂ ਤੋਂ ਯਾਨੀ ਡੱਚ ਅਤੇ ਜਾਵਾ ਫੌਜਾਂ ਨਾਲ ਲੜੇ।

ਬੁਯੋਲਾਲੀ ਵਿੱਚ ਦੁੱਧ ਦਾ ਕਾਰੋਬਾਰ ਵੀ ਇੱਕ ਸਾਬਕਾ ਭਾਰਤੀ ਫੌਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜਦੋਂ ਬ੍ਰਿਟਿਸ਼ ਨੇ ਇਸ ਉੱਤੇ ਕਬਜ਼ਾ ਕੀਤਾ ਸੀ। ਉਨ੍ਹਾਂ ਦੀ ਡੇਅਰੀ ਵਿੱਚ ਘਿਓ ਅਤੇ ਹੋਰ ਡੇਅਰੀ ਉਤਪਾਦ ਬਣਦੇ ਸਨ। ਇਹ ਸਿਲਸਿਲਾ ਅੱਜ ਤੱਕ ਜਾਰੀ ਹੈ।

1824 ਵਿੱਚ ਜਾਵਾ ਯੁੱਧ ਸ਼ੁਰੂ ਹੋਣ ਤੋਂ ਇੱਕ ਸਾਲ ਪਹਿਲਾਂ, ਬੰਗਾਲ ਅਤੇ ਇਸ ਦੇ ਫੌਜੀਆਂ ਲਈ ਇੱਕ ਵਾਰ ਫਿਰ ਸਮੱਸਿਆ ਬਣ ਗਈ। ਇਸ ਦਾ ਕਾਰਨ ਇਹ ਸੀ ਕਿ ਪੈਸਿਆਂ ਦੀ ਕਮੀ ਨਾਲ ਜੂਝ ਰਹੀ ਨੀਦਰਲੈਂਡ-ਭਾਰਤ ਸਰਕਾਰ ਨੇ ਕਲਕੱਤਾ ਦੇ ਇੱਕ ਨਿੱਜੀ ਬੈਂਕ ਜੌਹਨ ਪਾਮਰ ਐਂਡ ਕੰਪਨੀ ਤੋਂ 60 ਲੱਖ ਸਿੱਕੇ (2023 ਮੁਤਾਬਕ ਲਗਭਗ 35 ਕਰੋੜ ਡਾਲਰ) ਉਧਾਰ ਲਏ ਸਨ।

ਬੈਂਕ ਨੇ ਇਹ ਕਰਜ਼ਾ ਜਾਵਾ ਦੇ ਸਭ ਤੋਂ ਉਪਜਾਊ ਸੂਬੇ ਕੇਦੂ ਦੇ ਬਦਲੇ ਦਿੱਤਾ ਸੀ। 1826-27 ਦੌਰਾਨ ਕਰਜ਼ਾ ਇੱਕ ਵੱਡਾ ਮੁੱਦਾ ਬਣ ਗਿਆ, ਜਦੋਂ ਇਹ ਪ੍ਰਗਟ ਹੋਇਆ ਕਿ ਪ੍ਰਿੰਸ ਡਿਪੋਨੇਗੋਰੋ ਦੀਆਂ ਫ਼ੌਜਾਂ ਡੱਚਾਂ ਨੂੰ ਜਾਵਾ ਵਿੱਚੋਂ ਬਾਹਰ ਕੱਢ ਦੇਣਗੀਆਂ।

ਕਰਜ਼ੇ ਵਿੱਚ ਫਸਣ ਤੋਂ ਚਿੰਤਤ, ਜੌਨ ਪਾਮਰ ਐਂਡ ਕੰਪਨੀ ਨੇ ਬੰਗਾਲ ਦੇ ਤਤਕਾਲੀ ਗਵਰਨਰ ਜਨਰਲ (1834 ਤੋਂ ਬਾਅਦ ਭਾਰਤ ਦੇ ਗਵਰਨਰ ਜਨਰਲ), ਅਰਲ ਐੱਮ-ਹਰਸਟ (1823-28 ਦਾ ਰਾਜ) ਨੂੰ ਡੱਚ ਫ਼ੌਜਾਂ ਦੀ ਸਹਾਇਤਾ ਲਈ ਜਾਵਾ ਵਿੱਚ ਦੋ ਹਜ਼ਾਰ ਸੈਨਿਕ ਭੇਜਣ ਲਈ ਕਿਹਾ। ਬਾਅਦ 'ਚ ਬੈਂਕ ਦੀ ਇਸ ਅਰਜ਼ੀ 'ਤੇ ਬ੍ਰਿਟੇਨ ਦੀ ਸੰਸਦ 'ਚ ਵੀ ਚਰਚਾ ਹੋਈ।

ਹਾਲਾਂਕਿ ਬੈਂਕ ਦੇ ਇਸ ਪ੍ਰਸਤਾਵ ਨੂੰ ਬ੍ਰਿਟੇਨ ਦੇ ਵਿਦੇਸ਼ ਮੰਤਰੀ ਜਾਰਜ ਕੈਨਿੰਗ (1822-27) ਦੇ ਸੁਝਾਅ 'ਤੇ ਠੁਕਰਾ ਦਿੱਤਾ ਗਿਆ ਸੀ। ਬ੍ਰਿਟਿਸ਼ ਪਾਰਲੀਮੈਂਟ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਸੀ ਕਿ ਜਾਵਾ ਦੀ ਜੰਗ ਵਿਚ ਬੰਗਾਲ ਪ੍ਰੈਜ਼ੀਡੈਂਸੀ ਦੇ ਫੌਜੀ ਸਾਧਨਾਂ ਦੀ ਵਰਤੋਂ ਕਰਨਾ ਗਲਤ ਹੋਵੇਗਾ।

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ

ਸੁਰਬਾਇਆ ਦੀ ਜੰਗ ਤੇ ਭਾਰਤੀ ਰਾਸ਼ਟਰਵਾਦ

ਜਾਵਾ ਯੁੱਧ ਦੇ ਲਗਭਗ 125 ਸਾਲਾਂ ਬਾਅਦ, ਬ੍ਰਿਟੇਨ ਨੇ ਇੱਕ ਵਾਰ ਫਿਰ ਮਹਿਸੂਸ ਕੀਤਾ ਕਿ ਜਾਵਾ ਵਿੱਚ ਇੰਡੋਨੇਸ਼ੀਆਈ ਰਾਸ਼ਟਰਵਾਦੀ ਤਾਕਤਾਂ ਦੇ ਵਿਰੁੱਧ ਭਾਰਤੀ ਫੌਜਾਂ ਦੀ ਵਰਤੋਂ ਕਿੰਨੀ ਨੁਕਸਾਨਦੇਹ ਹੋ ਸਕਦੀ ਹੈ।

25 ਅਕਤੂਬਰ 1945 ਨੂੰ 4,000 ਭਾਰਤੀ ਫੌਜੀਆਂ ਦੀ ਇੱਕ ਬ੍ਰਿਗੇਡ ਸਿੰਗਾਪੁਰ ਤੋਂ ਸੁਰਾਬਾਇਆ ਪਹੁੰਚੀ।

ਇਸ ਬ੍ਰਿਗੇਡ ਦੀ ਕਮਾਨ ਬ੍ਰਿਗੇਡੀਅਰ ਜਨਰਲ ਔਬਰਟਿਨ ਵਾਲਟਰ ਸੌਦਰਨ ਮਾਲਬੀ (1899-1945) ਦੇ ਹੱਥਾਂ ਵਿੱਚ ਸੀ। ਉਸ ਦੀ ਜ਼ਿੰਮੇਵਾਰੀ ਇਸ ਗੜਬੜ ਵਾਲੇ ਸ਼ਹਿਰ ਵਿਚ ਸ਼ਾਂਤੀ ਸਥਾਪਿਤ ਕਰਨਾ ਸੀ।

ਦਰਅਸਲ, 17 ਅਗਸਤ, 1945 ਨੂੰ ਰਾਸ਼ਟਰਪਤੀ ਸੁਕਾਰਨੋ ਅਤੇ ਉਪ-ਰਾਸ਼ਟਰਪਤੀ ਹੱਟਾ ਨੇ ਜਕਾਰਤਾ ਵਿੱਚ ਆਜ਼ਾਦੀ ਦਾ ਐਲਾਨ ਕੀਤਾ ਸੀ।

ਇਸ ਤੋਂ ਬਾਅਦ 22 ਅਗਸਤ 1945 ਤੋਂ ਪੂਰਬੀ ਜਾਵਾ ਦੇ ਇਸ ਮਹਾਨ ਬੰਦਰਗਾਹ ਸ਼ਹਿਰ ਵਿੱਚ ਆਜ਼ਾਦੀ ਲਈ ਲੜ ਰਹੀਆਂ ਵੱਖ-ਵੱਖ ਜਥੇਬੰਦੀਆਂ (ਸਟ੍ਰਿਜ਼ਡ ਆਰਗੇਨਾਈਜ਼ੇਸ਼ਨਜ਼) ਨੇ ਆਪਣੇ ਸੁਤੰਤਰ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।

ਇਨ੍ਹਾਂ ਜਥੇਬੰਦੀਆਂ ਦੀ ਅਗਵਾਈ ਜ਼ਿਆਦਾਤਰ ਨੌਜਵਾਨਾਂ ਦੇ ਹੱਥਾਂ ਵਿੱਚ ਸੀ। ਉਸ ਦੇ ਅੰਦੋਲਨ ਨੂੰ ਤੇਜ਼ੀ ਨਾਲ ਸਫਲਤਾ ਮਿਲੀ। ਅਕਤੂਬਰ ਦੇ ਸ਼ੁਰੂਆਤੀ ਮਹੀਨਿਆਂ ਤੱਕ ਸੁਰਬਾਯਾ ਸ਼ਹਿਰ ਦਾ ਪੁਰਾਣਾ ਇਲਾਕਾ ਪੂਰੀ ਤਰ੍ਹਾਂ ਆਜ਼ਾਦੀ ਘੁਲਾਟੀਆਂ ਦੇ ਕਬਜ਼ੇ ਹੇਠ ਸੀ। ਜਾਪਾਨੀ ਫ਼ੌਜ ਉਨ੍ਹਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆ ਰਹੀ ਸੀ।

ਇਸ ਤੋਂ ਇਲਾਵਾ, ਇਨ੍ਹਾਂ ਨੌਜਵਾਨਾਂ ਨੇ ਗੁਬੇਂਗ ਵਿੱਚ ਜਪਾਨੀ ਨੇਵਲ ਸਟੋਰਾਂ ਤੋਂ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਲੁੱਟ ਲਿਆ, ਜੋ ਸਥਾਨਕ ਆਬਾਦੀ ਵਿੱਚ ਵੰਡਿਆ ਗਿਆ ਸੀ।

ਬ੍ਰਿਗੇਡੀਅਰ ਜਨਰਲ ਮੈਲੇਬੀ ਨੂੰ ਇਨ੍ਹਾਂ ਗੱਲਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। 23ਵੀਂ ਭਾਰਤੀ ਡਿਵੀਜ਼ਨ ਦੇ ਇਤਿਹਾਸਕਾਰ ਦੇ ਸ਼ਬਦਾਂ ਵਿਚ, ਬ੍ਰਿਗੇਡੀਅਰ ਮੈਲੇਬੀ ਨੇ 'ਅਣਜਾਣੇ ਵਿਚ ਆਪਣੇ ਹੱਥ ਭਰਿੰਡਾਂ ਦੇ ਛੱਤੇ ਨੂੰ ਲਾ ਦਿੱਤੇ ਸਨ।’'

ਮੈਲੇਬੀ ਨੇ ਆਪਣੇ 4,000 ਸਿਪਾਹੀਆਂ ਨੂੰ ਕੰਪਨੀ (100) ਅਤੇ ਪਲਟੂਨ (30) ਟੁਕੜਿਆਂ ਵਿੱਚ ਵੰਡਿਆ ਅਤੇ ਉਹਨਾਂ ਨੂੰ ਪੂਰੇ ਖੇਤਰ ਵਿੱਚ ਫੈਲਾ ਦਿੱਤਾ, ਤਾਂ ਜੋ ਮਹੱਤਵਪੂਰਨ ਇਮਾਰਤਾਂ ਅਤੇ ਠਿਕਾਣਿਆਂ ਦੀ ਨਿਗਰਾਨੀ ਕੀਤੀ ਜਾ ਸਕੇ।

ਇੱਕ ਹਫ਼ਤੇ ਦੇ ਅੰਦਰ, ਮਲੇਬੀ ਦੀ ਫੌਜ ਨੂੰ ਆਜ਼ਾਦੀ ਘੁਲਾਟੀਆਂ ਦੇ ਅੱਗੇ ਝੁਕਦਿਆਂ, ਤਨਜੁੰਗ ਪੇਰਕ ਬੰਦਰਗਾਹ ਖੇਤਰ ਤੋਂ ਪਿੱਛੇ ਹਟਣਾ ਪਿਆ।

ਜਦੋਂ ਉਹ ਅਜ਼ਾਦੀ ਘੁਲਾਟੀਆਂ ਨਾਲ ਜੰਗਬੰਦੀ ਦੀ ਗੱਲਬਾਤ ਕਰਨ ਲਈ ਆਪਣੀ ਲਿੰਕਨ ਕਾਰ ਵਿੱਚ ਮੋਰਚੇ 'ਤੇ ਪਹੁੰਚਿਆ, ਤਾਂ ਉਸ ਨੂੰ ਇੱਕ ਪੇਮੂਡਾ (ਆਜ਼ਾਦੀ ਘੁਲਾਟੀਏ) ਦੁਆਰਾ ਖੁੱਲ੍ਹੀ ਖਿੜਕੀ ਵਿੱਚੋਂ ਗੋਲੀ ਮਾਰ ਦਿੱਤੀ ਗਈ, ਅਤੇ ਬ੍ਰਿਗੇਡੀਅਰ ਮੈਲੇਬੀ ਦੀ 30 ਅਕਤੂਬਰ 1945 ਨੂੰ ਮੌਤ ਹੋ ਗਈ ਸੀ।

ਇੰਡੋਨੇਸ਼ੀਆ ਵਿੱਚ ਇੱਕ ਬ੍ਰਿਟਿਸ਼ ਟੈਂਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਸਿਪਾਹੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਵਿੱਚ ਇੱਕ ਬ੍ਰਿਟਿਸ਼ ਟੈਂਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਸਿਪਾਹੀ

ਅੰਗਰੇਜ਼ਾਂ ਨੇ ਵੀ ਬਦਲਾ ਲੈਣ ਵਿੱਚ ਦੇਰ ਨਹੀਂ ਕੀਤੀ। 10 ਨਵੰਬਰ 1945 ਤੱਕ, ਬ੍ਰਿਟਿਸ਼ ਇੰਡੀਅਨ ਆਰਮੀ ਦੀ ਪੂਰੀ 5ਵੀਂ ਡਿਵੀਜ਼ਨ, ਮੇਜਰ ਜਨਰਲ ਸਰ ਰੌਬਰਟ ਮਾਨਸੋਰਗ (1900-1970) ਦੀ ਅਗਵਾਈ ਵਿੱਚ ਸੁਰਾਬਾਇਆ ਪਹੁੰਚ ਗਈ ਸੀ। ਇਸ ਡਿਵੀਜ਼ਨ ਵਿਚ ਟੈਂਕ ਅਤੇ ਲੜਾਕੂ ਜਹਾਜ਼ ਵੀ ਸਨ।

ਅਗਲੇ ਦੋ ਹਫ਼ਤਿਆਂ (10 ਤੋਂ 27 ਨਵੰਬਰ 1945) ਦੌਰਾਨ, ਡਵੀਜ਼ਨ ਨੇ ਗਲੀਆਂ-ਮੁਹੱਲਿਆਂ ਵਿੱਚ ਹੱਥੋ-ਹੱਥ ਲੜਦਿਆਂ ਸੁਰਾਬਾਇਆ ਦੇ ਬੰਦਰਗਾਹ ਸ਼ਹਿਰ ਉੱਤੇ ਮੁੜ ਕਬਜ਼ਾ ਕਰ ਲਿਆ।

ਜਦੋਂ 27 ਨਵੰਬਰ ਨੂੰ ਲੜਾਈ ਰੁਕ ਗਈ ਸੀ ਤਾਂ ਤਕਰੀਬਨ ਸਾਢੇ ਚਾਰ ਲੱਖ ਦੀ ਆਬਾਦੀ ਵਾਲੇ ਸ਼ਹਿਰ ਦੇ ਇੱਕ ਤਿਹਾਈ ਜਾਂ ਸਾਢੇ ਲੱਖ ਲੋਕ ਬੇਘਰ ਹੋ ਗਏ ਸਨ।

ਲਗਭਗ 16 ਹਜ਼ਾਰ ਪੇਮੂਦਾ ਅਤੇ ਇੰਡੋਨੇਸ਼ੀਆਈ ਫੌਜੀ (ਟੈਂਟਾਰਾ ਕਿਆਮਨਨ ਰਾਕਯਤ ਟੀਕੇਆਰ) ਇਸ ਯੁੱਧ ਵਿੱਚ ਮਾਰੇ ਗਏ ਸਨ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਵੀ ਮਾਰੇ ਗਏ ਅਤੇ ਲਗਭਗ ਵੀਹ ਹਜ਼ਾਰ ਲੋਕ ਜ਼ਖਮੀ ਹੋਏ।

ਮਾਰੇ ਗਏ ਬ੍ਰਿਟਿਸ਼ ਅਤੇ ਭਾਰਤੀਆਂ ਦੀ ਗਿਣਤੀ 588 ਸੀ।

ਇਹ ਇੰਪੀਰੀਅਲ ਬ੍ਰਿਟਿਸ਼ ਆਰਮੀ ਦੀ ਆਖਰੀ ਖੂਨੀ ਲੜਾਈ ਸੀ, ਅਤੇ ਨਤੀਜੇ ਘਾਤਕ ਸਾਬਤ ਹੋਏ (ਜਿਵੇਂ ਕਿ ਉੱਪਰ ਰੁਸਲਾਨ ਅਬਦੁਲਗਾਨੀ ਦੁਆਰਾ ਨੋਟ ਕੀਤਾ ਗਿਆ ਹੈ)।

ਬ੍ਰਿਟਿਸ਼ ਐਡਮਿਰਲ ਲਾਰਡ ਲੂਇਸ ਮਾਊਂਟਬੈਟਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਟਿਸ਼ ਐਡਮਿਰਲ ਲਾਰਡ ਲੂਇਸ ਮਾਊਂਟਬੈਟਨ

ਅਜਿਹ ਕਿਵੇਂ ਹੋਇਆ ?

ਜਦੋਂ ਜਾਪਾਨ ਨੇ 15 ਅਗਸਤ 1945 ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ। ਇਸ ਲਈ ਨੀਦਰਲੈਂਡਜ਼ ਅਤੇ ਈਸਟ ਇੰਡੀਜ਼ ਦੀਆਂ ਸਾਬਕਾ ਕਲੋਨੀਆਂ ਦੀ ਜ਼ਿੰਮੇਵਾਰੀ ਅਮਰੀਕੀ ਜਨਰਲ ਡਗਲਸ ਮੈਕਆਰਥਰ ਦੀ ਦੱਖਣੀ ਪੱਛਮੀ ਪ੍ਰਸ਼ਾਂਤ ਕਮਾਂਡ ਤੋਂ ਬ੍ਰਿਟਿਸ਼ ਐਡਮਿਰਲ ਲਾਰਡ ਲੂਈ ਮਾਊਂਟਬੈਟਨ ਦੀ ਦੱਖਣੀ ਪੂਰਬੀ ਏਸ਼ੀਆ ਕਮਾਂਡ ਨੂੰ ਸੌਂਪ ਦਿੱਤੀ ਗਈ ਸੀ।

ਮਾਊਂਟਬੈਟਨ ਨੂੰ ਜਾਵਾ ਦੀ ਸਥਿਤੀ ਦਾ ਬਿਲਕੁਲ ਵੀ ਪਤਾ ਨਹੀਂ ਸੀ। ਜੋ ਉਸ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ:

'ਮੈਂ ਬਿਨਾਂ ਕਿਸੇ ਖੁਫੀਆ ਰਿਪੋਰਟ ਦੇ ਦੱਖਣੀ ਪੱਛਮੀ ਪ੍ਰਸ਼ਾਂਤ ਖੇਤਰ ਤੋਂ ਨੀਦਰਲੈਂਡ ਅਤੇ ਈਸਟ ਇੰਡੀਜ਼ ਨੂੰ ਆਪਣੀ ਕਮਾਂਡ ਹੇਠ ਲਿਆ ਸੀ। ਮੈਨੂੰ (ਮਾਊਂਟਬੈਟਨ) ਜਾਵਾ ਵਿੱਚ ਪੈਦਾ ਹੋਈ ਸਥਿਤੀ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ।’

ਯਕੀਨਨ ਇਹ ਪਤਾ ਸੀ ਕਿ ਇੰਡੋਨੇਸ਼ੀਆ ਵਿੱਚ ਯੁੱਧ ਤੋਂ ਪਹਿਲਾਂ ਤੋਂ ਹੀ ਇੱਕ ਅੰਦੋਲਨ ਚੱਲ ਰਿਹਾ ਸੀ; ਅਤੇ ਇਸ ਨੂੰ ਨਾਮਵਰ ਬੁੱਧੀਜੀਵੀਆਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਉਹਨਾਂ ਵਿੱਚੋਂ ਕੁਝ (ਜਿਵੇਂ ਕਿ ਡਾ. ਤਜਿਪਟੋ ਮਾਂਗੋਏਨਕੋਏਸੋਮੋ, ਸੁਵਾਰਦੀ ਸੂਰਿਆਨਿਗਰਾਤ/ ਅਤੇ ਈਐਫਈ ਡੌਵਸ ਡੇਕਰ ਦੇ ਹਜ਼ਦਾਰ ਦੇਵੰਤਰਾ) ਨੂੰ ਵੀ ਰਾਸ਼ਟਰਵਾਦੀ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਦੇਸ਼ ਨਿਕਾਲਾ ਦਿੱਤਾ ਗਿਆ ਸੀ।

ਪਰ ਜਾਪਾਨ ਦੇ ਕਬਜ਼ੇ (1943-45) ਦੌਰਾਨ ਇਸ ਅੰਦੋਲਨ ਦਾ ਕੀ ਬਣਿਆ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ। NEI ਦੇ ਲੈਫਟੀਨੈਂਟ ਗਵਰਨਰ ਡਾ: ਐਚ.ਜੇ. ਵੈਨ ਮੂਕ (1894-1965; ਮਿਆਦ 1942-48), 1 ਸਤੰਬਰ ਨੂੰ ਕੈਂਡੀ (ਸੀਲੋਨ) ਪਹੁੰਚਿਆ।

ਉਸ ਨੇ ਗੱਲਬਾਤ ਦੌਰਾਨ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਜਾਵਾ 'ਤੇ ਮੁੜ ਕਬਜ਼ਾ ਕਰਨ ਦੌਰਾਨ ਜਾਪਾਨੀ ਫੌਜੀਆਂ ਨੂੰ ਬੰਧਕ ਬਣਾਉਣ ਤੋਂ ਇਲਾਵਾ ਹੋਰ ਕੋਈ ਸਮੱਸਿਆ ਆਵੇਗੀ।

ਇਹ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਕਿਵੇਂ ਸੁਰਬਾਯਾ ਵਿੱਚ ਬ੍ਰਿਟਿਸ਼ ਅਤੇ ਇੰਡੋਨੇਸ਼ੀਆਈ ਨਾਗਰਿਕਾਂ ਨੂੰ ਖੁਫੀਆ ਜਾਣਕਾਰੀ ਦੇਣ ਵਿੱਚ ਅਸਫ਼ਲਤਾ ਦਾ ਨਤੀਜਾ ਭੁਗਤਣਾ ਪਿਆ।

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ ਨਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ ਨਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ

ਸੁਰਾਬਾਯਾ ਵਿੱਚ ਆਜ਼ਾਦੀ ਘੁਲਾਟੀਆਂ ਦੁਆਰਾ ਮਾਰਿਆ ਗਿਆ ਬ੍ਰਿਗੇਡੀਅਰ ਮੈਲੇਬੀ ਖੁਦ ਬ੍ਰਿਟਿਸ਼ ਭਾਰਤੀ ਫੌਜ ਦਾ ਇੱਕ ਅਧਿਕਾਰੀ ਸੀ। ਉਹ ਬ੍ਰਿਟਿਸ਼ ਭਾਰਤੀ ਫੌਜ ਦੀ ਦੂਜੀ ਪੰਜਾਬ ਰੈਜੀਮੈਂਟ ਨਾਲ ਸਬੰਧਤ ਸੀ।

ਉਸਦੀ ਕਮਾਂਡ ਹੇਠ ਮਰਾਠਾ ਲਾਈਟ ਇਨਫੈਂਟਰੀ (4ਵੀਂ ਅਤੇ 6ਵੀਂ ਬਟਾਲੀਅਨ) ਅਤੇ ਰਾਜਪੂਤਾਨਾ ਰਾਈਫਲਜ਼ (5ਵੀਂ ਬਟਾਲੀਅਨ) ਦੇ ਸਿਪਾਹੀ ਸਨ।

ਪਰ, ਜਦੋਂ ਜਨਰਲ ਮਾਨਸਰਗਾ ਦੀ 5ਵੀਂ ਭਾਰਤੀ ਡਿਵੀਜ਼ਨ ਸੁਰਬਾਯਾ ਪਹੁੰਚੀ, ਇਸ ਦੇ ਨਾਲ 11 ਪੈਦਲ ਬ੍ਰਿਗੇਡ ਸਨ।

ਜਿਸ ਵਿੱਚ ਵੱਡੀ ਗਿਣਤੀ ਵਿੱਚ ਗੋਰਖਾ ਸੈਨਿਕ (ਪਹਿਲੀ, ਪੰਜਵੀਂ, 8ਵੀਂ, 9ਵੀਂ ਅਤੇ 10ਵੀਂ ਗੋਰਖਾ ਰਾਈਫਲਜ਼), ਪੰਜਾਬੀਆਂ (15ਵੀਂ ਪੰਜਾਬ ਰੈਜੀਮੈਂਟ), ਸਿੱਖ (11ਵੀਂ ਸਿੱਖ ਰੈਜੀਮੈਂਟ), ਜਾਟਾਂ (9ਵੀਂ ਜਾਟ ਰੈਜੀਮੈਂਟ), ਬਿਹਾਰੀਆਂ (1ਵੀਂ ਬਟਾਲੀਅਨ ਬਿਹਾਰ ਰੈਜੀਮੈਂਟ) ਸ਼ਾਮਲ ਸਨ। , ਬਲੋਚ (10ਵੀਂ ਬਲੋਚ ਰੈਜੀਮੈਂਟ), ਮਰਾਠਾ (ਮਰਾਠਾ ਲਾਈਟ ਰੈਜੀਮੈਂਟ), ਹੈਦਰਾਬਾਦੀ (19ਵੀਂ ਹੈਦਰਾਬਾਦ ਰੈਜੀਮੈਂਟ) ਅਤੇ ਰਾਜਪੂਤ (ਰਾਜਪੂਤਾਨਾ ਰਾਈਫਲਜ਼) ਦੇ ਸਿਪਾਹੀ ਵੀ ਮੌਜੂਦ ਸਨ।

ਜਦੋਂ ਇੰਡੋਨੇਸ਼ੀਆ ਦੇ ਸੁਤੰਤਰਤਾ ਸੈਨਾਨੀਆਂ ਨੂੰ ਕੁਚਲਣ ਲਈ ਕਿਹਾ ਗਿਆ ਤਾਂ ਇਨ੍ਹਾਂ ਭਾਰਤੀ ਫੌਜਾਂ ਨੇ ਕੀ ਕੀਤਾ? ਕਿਉਂਕਿ, ਇੰਡੋਨੇਸ਼ੀਆ ਦੇ ਲੜਾਕੇ ਬਸਤੀਵਾਦੀ ਤਾਕਤਾਂ ਨਾਲ ਉਸੇ ਤਰ੍ਹਾਂ ਲੜ ਰਹੇ ਸਨ, ਜਿਸ ਤਰ੍ਹਾਂ ਕਾਂਗਰਸ ਦੀ ਅਗਵਾਈ ਵਿੱਚ ਭਾਰਤ ਵਿੱਚ ਸਵਦੇਸ਼ੀ ਅਤੇ ਸਵਰਾਜ ਲਹਿਰਾਂ ਚੱਲ ਰਹੀਆਂ ਸਨ।

ਭਾਰਤੀ ਫੌਜੀਆਂ ਨੂੰ ਇਹ ਸਮਝਣ ਲਈ ਬਹੁਤੀ ਕੋਸ਼ਿਸ਼ ਵੀ ਨਹੀਂ ਕਰਨੀ ਪਈ, ਕਿਉਂਕਿ ਇੰਡੋਨੇਸ਼ੀਆ ਦੇ ਆਜ਼ਾਦੀ ਘੁਲਾਟੀਆਂ ਭਾਵ ਪੇਮੁਦਾ ਨੇ ਸੁਰਾਬਾਇਆ ਦੀਆਂ ਸਾਰੀਆਂ ਕੰਧਾਂ 'ਤੇ ਸ਼ੁੱਧ ਅੰਗਰੇਜ਼ੀ ਵਿਚ ਬਹੁਤ ਸਾਰੇ ਪੋਸਟਰ ਲਗਾਏ ਸਨ, ਜਿਨ੍ਹਾਂ 'ਤੇ ਲਿਖਿਆ ਸੀ:

'ਇੰਡੀਅਨ ਨੈਸ਼ਨਲ ਕਾਂਗਰਸ ਦੇ ਆਗੂ ਪੰਡਿਤ ਜਵਾਹਰ ਲਾਲ ਨਹਿਰੂ ਨੇ ਅੱਜ (30 ਸਤੰਬਰ 1945 ਨੂੰ) ਹੁਕਮ ਦਿੱਤਾ ਹੈ ਕਿ ਇੰਡੋਨੇਸ਼ੀਆ ਅਤੇ ਹੋਰ ਰਾਸ਼ਟਰੀ ਪਾਰਟੀਆਂ ਦੀ ਬਗਾਵਤ ਨੂੰ ਦਬਾਉਣ ਲਈ ਭਾਰਤੀ ਫੌਜਾਂ ਦੀ ਵਰਤੋਂ ਨਾ ਕੀਤੀ ਜਾਵੇ। ਅਸੀਂ ਏਸ਼ੀਆ ਅਤੇ ਅਫਰੀਕਾ ਵਿੱਚ ਆਜ਼ਾਦੀ ਲਈ ਅੰਦੋਲਨਾਂ ਵਿੱਚ ਦਿਲਚਸਪੀ ਰੱਖਦੇ ਹਾਂ ਅਤੇ ਉਹਨਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਇੰਡੋਨੇਸ਼ੀਆ ਦੇ ਲੋਕਾਂ ਨੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਅਸੀਂ ਇਸ ਦੀ ਰੱਖਿਆ ਲਈ ਲੜ ਰਹੇ ਹਾਂ।’

ਇਹ ਪੋਸਟਰ ਦੇਖ ਕੇ ਭਾਰਤੀ ਜਵਾਨਾਂ ਦੀ ਕੀ ਪ੍ਰਤੀਕਿਰਿਆ ਰਹੀ ਹੋਵੇਗੀ? ਇਸ ਦੇ ਲਈ 1944 ਵਿਚ ਬ੍ਰਿਟਿਸ਼ ਇੰਡੀਅਨ ਆਰਮੀ ਵਿਚ ਕਮਿਸ਼ਨ ਲੈ ਕੇ ਅਫਸਰ ਬਣੇ ਪੀ.ਆਰ.ਐਸ. ਮਨੀ ਇੱਕ ਚੰਗੀ ਮਿਸਾਲ ਹੋ ਸਕਦੀ ਹੈ।

ਉਹ ਲੋਕ ਸੰਪਰਕ ਦੀ ਇਕ ਯੂਨਿਟ ਵਿਚ ਤੈਨਾਤ ਸੀ। ਕੈਪਟਨ ਮਨੀ ਨੇ ਜਪਾਨ ਦੇ ਸਮਰਪਣ ਤੱਕ ਬਰਮਾ ਅਤੇ ਮਲਾਇਆ (1962 ਤੋਂ ਬਾਅਦ ਮਲੇਸ਼ੀਆ) ਵਿੱਚ ਤੈਨਾਤ ਭਾਰਤੀ ਫੌਜੀਆਂ ਦੇ ਤਜ਼ਰਬੇ ਨੂੰ ਬਿਆਨ ਕੀਤਾ।

15 ਅਗਸਤ ਤੋਂ ਬਾਅਦ, ਜਦੋਂ ਮਾਊਂਟਬੈਟਨ ਦੀ ਦੱਖਣ ਪੂਰਬੀ ਏਸ਼ੀਆ ਕਮਾਂਡ ਨੇ ਮਨੀ ਸਮੇਤ ਹੋਰ ਭਾਰਤੀ ਸੈਨਿਕਾਂ ਨੂੰ ਇੰਡੋਨੇਸ਼ੀਆ ਅਤੇ ਵੀਅਤਨਾਮ ਦੀਆਂ ਰਾਸ਼ਟਰਵਾਦੀ ਤਾਕਤਾਂ ਵਿਰੁੱਧ ਤੈਨਾਤ ਕੀਤਾ, ਕੈਪਟਨ ਮਨੀ ਨੂੰ ਬਹੁਤ ਨਿਰਾਸ਼ਾ ਹੋਈ। ਖਾਸ ਤੌਰ 'ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਸੂਰਾਬਾਇਆ ਵਿਚ ਜਨਰਲ ਮਾਨਸਰਗ ਦੀ 5ਵੀਂ ਭਾਰਤੀ ਡਿਵੀਜ਼ਨ ਨਾਲ ਲੜ ਰਿਹਾ ਸੀ।

ਇਸ ਤਜਰਬੇ ਤੋਂ ਕੈਪਟਨ ਮਨੀ ਦਾ ਦਿਲ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਜਨਵਰੀ 1946 ਵਿਚ ਫੌਜ ਤੋਂ ਅਸਤੀਫਾ ਦੇ ਦਿੱਤਾ। ਫਿਰ ਉਹ ਬੰਬਈ ਦੇ ਅਖਬਾਰ ਫਰੀ ਪ੍ਰੈਸ ਜਰਨਲ ਦਾ ਵਿਦੇਸ਼ੀ ਪੱਤਰਕਾਰ ਬਣ ਗਿਆ।

1928 ਵਿੱਚ ਸਥਾਪਿਤ ਫ੍ਰੀ ਪ੍ਰੈਸ ਜਰਨਲ ਨੇ ਭਾਰਤ ਅਤੇ ਇੰਡੋਨੇਸ਼ੀਆ ਦੋਵਾਂ ਦੀ ਆਜ਼ਾਦੀ ਦੀ ਜ਼ੋਰਦਾਰ ਵਕਾਲਤ ਕੀਤੀ। ਮਨੀ ਨੇ 1946-47 ਦੌਰਾਨ ਇੰਡੋਨੇਸ਼ੀਆ ਤੋਂ ਜਰਨਲ ਲਈ ਰਿਪੋਰਟ ਕੀਤੀ। ਉਸਨੇ ਲੇਖ ਲਿਖੇ ਜੋ ਇੰਡੋਨੇਸ਼ੀਆ ਦੀ ਆਜ਼ਾਦੀ ਦੀ ਲੜਾਈ ਦਾ ਜ਼ੋਰਦਾਰ ਸਮਰਥਨ ਕਰਦੇ ਸਨ।

ਜਨਰਲ ਮੁਹੰਮਦ ਜ਼ਿਆ-ਉਲ-ਹੱਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਜਨਰਲ ਮੁਹੰਮਦ ਜ਼ਿਆ-ਉਲ-ਹੱਕ

15 ਅਗਸਤ, 1947 ਨੂੰ ਭਾਰਤ ਦੀ ਅਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਵਿਦੇਸ਼ ਸੇਵਾਵਾਂ ਵਿੱਚ ਜ਼ਿੰਮੇਵਾਰੀ ਸਾਂਭੀ ਅਤੇ ਜਕਰਾਤਾ ਵਿੱਚ ਪਹਿਲੇ ਭਾਰਤੀ ਕੌਸੁਲ-ਜਨਰਲ ਬਣੇ।

1980 ਵਿੱਚ ਆਪਣੀ ਸੇਵਾ-ਮੁਕਤੀ ਦੌਰਾਨ ਉਨ੍ਹਾਂ ਨੇ ਇੰਡੋਨੇਸ਼ੀਆ ਤੋਂ ਆਪਣੀਆਂ ਲਿਖਤਾਂ ਦੇ ਪੇਪਰ ਇਕੱਠੇ ਕੀਤੇ ਅਤੇ ਇੱਕ ਭਾਰਤੀ ਦੇ ਨਜ਼ਰੀਏ ਤੋਂ ਇੰਡੋਨੇਸ਼ੀਅਨ ਕ੍ਰਾਂਤੀ ਬਾਰੇ ਲਿਖਿਆ।

ਇਸ ਬਾਰੇ ਉਨ੍ਹਾਂ ਦੀ ਕਿਤਾਬ ‘ਦਿ ਸਟੋਰੀ ਆਫ ਇੰਡੋਨੇਸ਼ਈਅਨ ਰੈਵੋਲਿਊਸ਼ਨ 1945-50’ ਨੂੰ ਮਦਰਾਸ ਯੁਨੀਵਰਸਿਟੀ ਦੇ ਸੈਂਟਰ ਫਾਰ ਸਾਊਥ ਐਂਡ ਸਾਊਥ ਈਸਟ ਏਸ਼ੀਅਨ ਸਟੱਡੀਜ਼ ਨੇ 1986 ਵਿੱਚ ਪ੍ਰਕਾਸ਼ਿਤ ਕੀਤਾ ਸੀ।

ਬਾਅਦ ਵਿੱਚ ਇੰਡੋਨੇਸ਼ੀਆ ਵਿੱਚ ਇਸ ਕਿਤਾਬ ਦਾ ਅਨੁਵਾਦ 1989 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਮਨੀ ਜਿਹੇ ਕਈ ਸਨ ਜਿਨ੍ਹਾਂ ਨੇ ਇੰਡੋਨੇਸ਼ੀਅਨ ਰਾਸ਼ਟਰਵਾਦੀ ਮੁਹਿੰਮ ਲਈ ਹਮਦਰਦੀ ਜਤਾਈ ਅਤੇ ਇੰਡੋਨੇਸ਼ੀਆ ਦੇ ਹਥਿਆਰਵਾਦੀ ਸੰਘਰਸ਼ ਦੀ ਮਦਦ ਲਈ ਆਪਣੇ ਮਿਲਟਰੀ ਹੁਨਰ ਨੂੰ ਵਰਤਿਆ।

ਸਾਨੂੰ ਮਨੀ ਜਿਹੇ ਕਈ ਹੋਰ ਲੋਕਾਂ ਦੀ ਕਹਾਣੀ ਚਾਹੀਦੀ ਹੋਏਗੀ ਤਾਂ ਕਿ ਤਸਵੀਰ ਸਿਰਜ ਸਕੀਏ ਕਿ ਇੰਡੋਨੇਸ਼ੀਆ ਦੀ ਮੁਹਿੰਮ ਵਿੱਚ ਭਾਰਤੀ ਹਮਦਰਦਾਂ ਦਾ ਭੂਮਿਕਾ ਕੀ ਸੀ।

ਦੂਜੇ ਜਿਵੇਂ ਕਿ ਅੱਗੇ ਜਾ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਮੁਹੰਮਦ ਜ਼ੀਆ ਉਲ-ਹਕ (1924-88), ਜੋ ਕਿ ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ ਤੋਂ 1943 ਵਿੱਚ ਗ੍ਰੈਜੁਏਟ ਹੋਏ ਸੀ ਅਤੇ ਏਸ਼ੀਆ-ਪੈਸਿਫਿਕ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸੇਵਾ ਨਿਭਾਈ ਸੀ। ਉਨ੍ਹਾਂ ਨੇ ਬ੍ਰਿਟਿਸ਼ ਭਾਰਤੀ ਸੇਨਾ ਵੱਲੋਂ ਏਸ਼ੀਆ ਦੇ ਕਈ ਮੋਰਚਿਆਂ ’ਤੇ ਲੜਾਈ ਲੜੀ ਸੀ।

ਉਹ 'ਆਪਰੇਸ਼ਨ ਕੈਪੀਟਲ’ ਦੌਰਾਨ ਬਰਮਾ ਅਤੇ ‘ਆਪਰੇਸ਼ਨ ਜਿਪਰ’ ਦੌਰਾਨ ਮਲ਼ਾਇਆ ਵਿੱਚ ਸਨ।ਉਨ੍ਹਾਂ ਨੂੰ ਸਤੰਬਰ 1945 ਵਿੱਚ 23ਵੀਂ ਭਾਰਤੀ ਡਵਿਜ਼ਨ ਵਿਚ ਜਾਵਾ ਭੇਜਿਆ ਗਿਆ ਸੀ।

ਜਾਵਾ ਵਿੱਚ ਬ੍ਰਿਟਿਸ਼ ਮਿਲਟਰੀ ਅਪਰੇਸ਼ਨ (1945-46) ਵਿਚ ਹਿੱਸਾ ਲੈਣ ਬਾਅਦ, ਉਨ੍ਹਾਂ ਨੂੰ 1947 ਵਿੱਚ ਪਾਕਿਸਤਾਨ ਆਰਮੀ ਵਿੱਚ ਟਰਾਂਸਫ਼ਰ ਕਰ ਦਿੱਤਾ ਗਿਆ ਸੀ।

ਮੋਟਾ ਜਿਹਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਜੰਗੀ ਤਜਰਬੇ ਕੀ ਰਹਿ ਹੋਣਗੇ ਅਤੇ ਇਨ੍ਹਾਂ ਦਾ ਭਵਿੱਖ ਵਿੱਚ ਉਨ੍ਹਾਂ ਦੇ ਮਿਲਟਰੀ ਕਰੀਅਰ ਅਤੇ ਸਿਆਸੀ ਖਵਾਹਿਸ਼ਾਂ ‘ਤੇ ਕੀ ਅਸਰ ਰਿਹਾ ਹੋਏਗਾ।

ਇੰਡੋਨੇਸ਼ੀਆ ਵਿੱਚ 9ਵੀਂ ਸਦੀ ਦਾ ਪ੍ਰੰਬਨਨ ਮੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਵਿੱਚ 9ਵੀਂ ਸਦੀ ਦਾ ਪ੍ਰੰਬਨਨ ਮੰਦਰ

ਨਿਚੋੜ ਕੀ ਰਿਹਾ

ਆਧੁਨਿਕ ਯੁੱਗ ਵਿੱਚ ਇੰਡੋਨੇਸ਼ੀਆਈ ਟਾਪੂਆਂ ਦੇ ਸਮੂਹ ਵਿੱਚ ਬ੍ਰਿਟੇਨ ਦੀ ਭੂਮਿਕਾ ਭਿਆਨਕ ਹਿੰਸਾ ਅਤੇ ਬੇਰਹਿਮੀ ਵਾਲੀ ਸੀ। ਇਸ ਦਾ ਅਸਰ ਭਾਰਤ ਵਿਚ ਬਰਤਾਨੀਆ ਦੇ ਅਕਸ 'ਤੇ ਵੀ ਪਿਆ।

ਬਰਤਾਨੀਆ ਨੇ 1811 ਤੋਂ 1816 ਤੱਕ ਜਾਵਾ ਵਿੱਚ ਬੰਗਾਲ ਪ੍ਰੈਜ਼ੀਡੈਂਸੀ ਦੇ ਸਿਪਾਹੀਆਂ ਦੀ ਵਰਤੋਂ ਕੀਤੀ ਸੀ ਅਤੇ ਫਿਰ ਨੈਪੋਲੀਅਨ ਯੁੱਧਾਂ ਦੌਰਾਨ।

ਇਸ ਤੋਂ ਬਾਅਦ 1945-46 ਦੌਰਾਨ ਇੰਡੋਨੇਸ਼ੀਆ ਵਿੱਚ ਬਰਤਾਨਵੀ ਦਖਲਅੰਦਾਜ਼ੀ ਨੇ ਵੀ ਪ੍ਰੇਸ਼ਾਨ ਕੀਤਾ। ਇਨ੍ਹਾਂ ਦੋਵਾਂ ਘਟਨਾਵਾਂ ਦਾ ਭਾਰਤੀ ਉਪ-ਮਹਾਂਦੀਪ ਵਿੱਚ ਬਰਤਾਨੀਆ ਦੀ ਰਾਜਨੀਤਿਕ ਸਥਿਤੀ 'ਤੇ ਡੂੰਘਾ ਪ੍ਰਭਾਵ ਪਿਆ, ਜਿਸ ਕਾਰਨ ਭਾਰਤ ਦੀ ਆਜ਼ਾਦੀ ਦੀ ਮੁਹਿੰਮ ਨੇ ਜ਼ੋਰ ਫੜ ਲਿਆ।

ਉਨ੍ਹੀਵੀਂ ਸਦੀ ਵਿੱਚ, ਬੰਗਾਲ ਦੇ ਸਿਪਾਹੀਆਂ ਨੇ ਜਾਵਾ ਦੇ ਸ਼ਾਸਕਾਂ ਨਾਲ ਸਾਜ਼ਿਸ਼ ਰਚੀ ਅਤੇ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ।

ਜਾਵਾ ਵਿੱਚ ਬੰਗਾਲੀ ਸਾਜ਼ਿਸ਼ਾਂ ਤੋਂ ਸਿਰਫ਼ ਨੌਂ ਸਾਲ ਪਹਿਲਾਂ, ਆਰਕੋਟ ਵਿੱਚ ਭਾਰਤੀ ਸਿਪਾਹੀਆਂ ਨੇ ਬਗਾਵਤ ਕੀਤੀ ਸੀ (1806 ਦੀ ਵੇਲੋਰ ਵਿਦਰੋਹ)।

1857 ਵਿੱਚ, ਜਾਵਾ ਵਿੱਚ ਬਗਾਵਤ ਤੋਂ ਸਿਰਫ਼ ਚਾਰ ਦਹਾਕਿਆਂ ਬਾਅਦ, ਸਿਪਾਹੀਆਂ ਨੇ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਪਹਿਲੀ ਜੰਗ ਲੜੀ। 1945 ਵਿੱਚ, ਜਦੋਂ ਭਾਰਤੀ ਫੌਜੀ ਇੰਡੋਨੇਸ਼ੀਆਈ ਆਜ਼ਾਦੀ ਘੁਲਾਟੀਆਂ ਨਾਲ ਲੜ ਰਹੇ ਸਨ, ਭਾਰਤ ਵਿੱਚ ਸਵਰਾਜ ਜਾਂ ਆਜ਼ਾਦੀ ਲਈ ਅੰਦੋਲਨ ਇੱਕ ਅਟੁੱਟ ਅੰਦੋਲਨ ਬਣ ਗਿਆ ਸੀ।

ਇਨ੍ਹਾਂ ਦੋਵਾਂ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਅੰਤ ਦੀ ਰਫ਼ਤਾਰ ਨੂੰ ਤੇਜ਼ ਕੀਤਾ। ਇਨ੍ਹਾਂ ਦੋਵਾਂ ਘਟਨਾਵਾਂ ਦੀ ਵਿਰਾਸਤ ਅੱਜ ਵੀ ਆਮ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹੈ। ਹਾਲਾਂਕਿ, ਇੰਡੋਨੇਸ਼ੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ - ਖਾਸ ਕਰਕੇ ਸਿੰਧੀਆਂ - ਦੀ ਗਿਣਤੀ ਬਹੁਤ ਘੱਟ ਹੈ। 280 ਮਿਲੀਅਨ ਦੀ ਆਬਾਦੀ ਵਾਲੇ ਇੰਡੋਨੇਸ਼ੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਸਿਰਫ਼ ਇੱਕ ਲੱਖ ਵੀਹ ਹਜ਼ਾਰ ਹੈ।

ਜਦੋਂ ਕਿ ਚੀਨੀ ਅਤੇ ਅਰਬ ਮੂਲ ਦੇ ਮਿਸ਼ਰਤ ਫਿਰਕੇ ਦੇ ਇੰਡੋਨੇਸ਼ੀਆਈ ਨਾਗਰਿਕਾਂ ਦੀ ਗਿਣਤੀ, ਭਾਵ ਪੇਰਾਨਾਕਨ ਚੀਨੀ, ਕੁੱਲ ਆਬਾਦੀ ਦਾ 3.2 ਪ੍ਰਤੀਸ਼ਤ ਹੈ।

ਪਰ, ਭਾਰਤ ਦੀ ਕਹਾਣੀ ਅਜੇ ਵੀ ਇੰਡੋਨੇਸ਼ੀਆ ਦੇ ਲੋਕਾਂ ਨੂੰ ਦੱਸਣ ਦੀ ਲੋੜ ਹੈ। ਕਿਉਂਕਿ, ਇੰਡੋਨੇਸ਼ੀਆ ਦੇ ਭਾਰਤੀ ਅਤੇ ਹਿੰਦੂ-ਬੋਧੀ ਇਤਿਹਾਸ ਦੀਆਂ ਜੜ੍ਹਾਂ ਦੋ ਹਜ਼ਾਰ ਸਾਲ ਤੋਂ ਵੱਧ ਡੂੰਘੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)