ਕੈਨੇਡਾ : ਨਸ਼ੀਲੀ ਦਵਾਈ ਜੋ ਕੈਨੇਡਾ ਲਈ ਸਮਾਜਿਕ ਸੰਕਟ ਬਣ ਰਹੀ, ਜਿਸ ਦੀ ਤਸਕਰੀ ਕਾਰਨ ਮੈਕਸੀਕੋ ਨੇ ਟਰੂਡੋ ਨੂੰ ਘੇਰਿਆ

ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਿਨਬਾਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਿਨਬਾਮ

ਆਪਣੇ ਪਿਛਲੇ ਕਾਰਜਕਾਲ ਵਾਂਗ ਹੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਦਾ ਇਸ ਵਾਰ ਵੀ ਕੁਝ ਦੇਸਾਂ ਉੱਤੇ ਕਰ ਲਗਾਉਣ ਦਾ ਇਰਾਦਾ ਹੈ ।

ਹਾਲ ਵਿੱਚ ਉਹਨਾਂ ਨੇ ਕੈਨੇਡਾ ਅਤੇ ਮੈਕਸੀਕੋ ਉੱਤੇ ਵੀ ਕਰ ਲਗਾਉਣ ਦੀ ਚੇਤਾਵਨੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਨੇ ਅਮਰੀਕਾ ਤੋਂ ਆਪਣੀਆਂ ਸਰਹੱਦਾਂ ਸੁਰੱਖਿਅਤ ਨਹੀਂ ਕੀਤੀਆਂ ਤਾਂ ਸੱਤਾ ਸੰਭਾਲਦਿਆਂ ਹੀ ਉਹਨਾਂ ਉੱਤੇ 25 ਫੀਸਦੀ ਕਰ ਲਾ ਦਿੱਤਾ ਜਾਵੇਗਾ।

ਟਰੰਪ ਦੇ ਇਹ ਕਹਿੰਦਿਆਂ ਹੀ ਕੈਨੇਡਾ ਦੇ ਅਧਿਕਾਰੀਆਂ ਨੇ ਆਪਣਾ ਰੁਖ਼ ਬਦਲ ਲਿਆ ਅਤੇ ਕਿਹਾ ਕਿ ਅਮਰੀਕਾ ਦੀ ਦੱਖਣੀ ਸਰਹੱਦ ਉੱਤੇ ਤਸਕਰੀ ਅਤੇ ਘੁਸਪੈਠ ਹੈ।

ਦੱਖਣ ਵਿੱਚ ਅਮਰੀਕਾ ਦੀ ਸਰਹੱਦ ਮੈਕਸੀਕੋ ਨਾਲ ਲੱਗਦੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੈਕਸੀਕੋ ਨੂੰ ਬੁਰਾ ਲੱਗਿਆ

ਟਰੰਪ ਦੀ 'ਟੈਰਿਫ ਧਮਕੀ' ਤੋਂ ਬਾਅਦ ਕੈਨੇਡਾ ਨੇ ਮੈਕਸੀਕੋ ਦੀ ਆਲੋਚਨਾ ਕੀਤੀ ਸੀ। ਕੈਨੇਡਾ ਨੇ ਮੈਕਸੀਕੋ ਉੱਤੇ ਨਿਸ਼ਾਨਾ ਸਾਧਿਆ ਸੀ।

ਇਹਨਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੈਕਸੀਕੋ ਉੱਤਰੀ ਅਮਰੀਕਾ ਵਿੱਚ ਚੀਨੀ ਨਿਵੇਸ਼ ਦੇ ਲਈ 'ਪਿਛਲੇ ਦਰਵਾਜ਼ੇ' ਦੇ ਤੌਰ ਉੱਤੇ ਕੰਮ ਕਰ ਰਿਹਾ ਹੈ।

ਕੈਨੇਡਾ ਦੇ ਅਧਿਕਾਰੀਆਂ ਦੇ ਇਹਨਾਂ ਇਲਜ਼ਾਮਾਂ ਨੇ ਮੈਕਸੀਕੋ ਨੂੰ ਨਾਰਾਜ਼ ਕਰ ਦਿੱਤਾ।

ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਿਨਬਾਮ ਨੇ ਇਸ ਮਾਮਲੇ ਵਿੱਚ ਇਸ ਹਫ਼ਤੇ ਖ਼ਬਰ ਏਜੰਸੀ ਏਐੱਫਸੀ ਨਾਲ ਗੱਲਬਾਤ ਕੀਤੀ।

ਉਹਨਾਂ ਕਿਹਾ, ''ਮੈਕਸੀਕੋ ਨਾਲ ਸਨਮਾਨ ਦੇ ਨਾਲ ਪੇਸ਼ ਆਉਣਾ ਪਵੇਗਾ। ਖਾਸ ਕਰ ਕੇ ਕਾਰੋਬਾਰੀ ਸਾਂਝੇਦਾਰਾਂ ਲਈ ਇਹ ਕਰਨਾ ਜ਼ਰੂਰੀ ਹੈ।''

ਉਹਨਾਂ ਨੇ ਕਿਹਾ ਕਿ ਕੈਨੇਡਾ ਖੁਦ ਫੈਟਾਨਿਲ (ਨਸ਼ੀਲੀ ਦਵਾਈ) ਦੇ ਸੇਵਨ ਵਾਲੀ ਸਮਾਜਿਕ ਸਮੱਸਿਆ ਨਾਲ ਜੂਝ ਰਿਹਾ ਹੈ।

ਕੈਨੇਡਾ ਮੈਕਸੀਕੋ ਵਰਗੀ ਸੱਭਿਆਚਾਰਕ ਖੁਸ਼ਹਾਲੀ ਦੀ ਸਿਰਫ਼ ਕਲਪਨਾ ਹੀ ਕਰ ਸਕਦਾ ਹੈ।

ਮੈਕਸੀਕੋ ਦੀ ਰਾਸ਼ਟਰਪਤੀ ਸ਼ਿਨਬਾਮ ਦਾ ਇਹ ਬਿਆਨ ਅਮਰੀਕਾ ਵਿੱਚ ਕੈਨੇਡਾ ਦੀ ਰਾਜਦੂਤ ਕ੍ਰਿਸਟਨ ਹਿਲਮੈਨ ਦੇ ਉਸ ਬਿਆਨ ਤੋਂ ਬਾਅਦ ਆਇਆ ਜੋ ਉਹਨਾਂ ਨੇ ਫਲੋਰਿਡਾ ਦੇ ਮਾਰ-ਏ-ਲਾਗੋ ਵਿੱਚ ਟਰੰਪ ਨਾਲ ਰਾਤ ਦਾ ਖਾਣਾ ਖਾਂਦੇ ਹੋਏ ਦਿੱਤਾ ਸੀ।

ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਦੇ ਸਾਹਮਣੇ ਦਲੀਲ ਦਿੱਤੀ ਸੀ ਕਿ 'ਉੱਤਰੀ ਸਰਹੱਦ' ਮੈਕਸੀਕੋ ਤੋਂ ਕਾਫੀ ਵੱਖਰੀ ਹੈ।'

ਡੌਨਲਡ ਟਰੰਪ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦੀ 'ਟੈਰਿਫ ਧਮਕੀ' ਤੋਂ ਬਾਅਦ ਕੈਨੇਡਾ ਨੇ ਮੈਕਸੀਕੋ ਦੀ ਆਲੋਚਨਾ ਕੀਤੀ ਹੈ

ਕੈਨੇਡਾ ਦੀ ਸਰਹੱਦ ਉੱਤਰ ਵਿੱਚ ਅਮਰੀਕਾ ਨਾਲ ਲੱਗਦੀ ਹੈ।

ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਦੇ ਮੁੱਖ ਮੰਤਰੀ ( ਪ੍ਰੀਮੀਅਰ) ਡਗ ਫੋਰਡ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਰਹੱਦੀ ਸੁਰੱਖਿਆ ਦੇ ਮਾਮਲੇ ਵਿੱਚ ਕੈਨੇਡਾ ਅਤੇ ਮੈਕਸੀਕੋ ਨੂੰ ਇੱਕ ਹੀ ਤਰੀਕੇ ਨਾਲ ਦੇਖਣਾ ਅਮਰੀਕਾ ਵੱਲੋਂ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਅਪਮਾਨਿਤ ਕਰਨ ਵਾਲੀ ਗੱਲ ਹੈ।

ਜਦਕਿ ਕੈਨੇਡਾ ਅਮਰੀਕਾ ਦੀ ਦੋਸਤੀ ਅਤੇ ਦੋਵੇਂ ਸਰਹੱਦਾਂ ਵਿੱਚ ਅੰਤਰ ਦੀ ਗੱਲ ਸਭ ਨੂੰ ਪਤਾ ਹੈ।

ਕੈਨੇਡਾ ਦੇ ਅਧਿਕਾਰੀਆਂ ਨੇ ਚੀਨ ਦੇ ਵਿਰੁੱਧ ਕੈਨੇਡਾ ਅਤੇ ਅਮਰੀਕਾ ਨੂੰ ਇਕੱਠੇ ਖੜ੍ਹੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਨੇ ਕਿਹਾ ਹੈ ਕਿ ਚੀਨ ਅਮਰੀਕੀ ਬਾਜ਼ਾਰਾਂ ਨੂੰ ਆਪਣੇ ਸਸਤੇ ਸਮਾਨ ਨਾਲ ਲੁਭਾਉਣ ਦੇ ਲਈ ਮੈਕਸੀਕੋ ਨੂੰ ਪਿਛਲੇ ਦਰਵਾਜ਼ੇ ਵਾਂਗ ਵਰਤ ਰਿਹਾ ਹੈ। ਇਹ ਅਮਰੀਕਾ ਅਤੇ ਕੈਨੇਡਾ, ਦੋਵਾਂ ਲਈ ਚਿੰਤਾ ਦੀ ਗੱਲ ਹੈ।

ਅਕਤੂਬਰ ਵਿੱਚ ਕੈਨੇਡਾ ਨੇ ਚੀਨ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਦੇ ਆਯਾਤ ਉੱਤੇ 100 ਫੀਸਦੀ ਕਰ ਲਗਾਇਆ ਸੀ।

ਇਸ ਤੋਂ ਪਹਿਲਾਂ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਵੀ ਅਜਿਹਾ ਹੀ ਕਦਮ ਉਠਾਇਆ ਸੀ।

ਕੈਨੇਡਾ ਹੁਣ ਚੀਨ ਦੇ ਸਟੀਲ ਅਤੇ ਐਲੂਮੀਨੀਅਮ ਉੱਤੇ ਵੀ 25 ਫੀਸਦੀ ਦੀ ਡਿਊਟੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ।

ਮੈਕਸੀਕੋ ਨੇ ਚੀਨੀ ਸਮਾਨ ਉੱਤੇ ਬਹੁਤ ਜ਼ਿਆਦਾ ਟੈਰਿਫ ਨਹੀਂ ਲਾਇਆ ਹੈ।

ਇਸ ਸਮੇਂ ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਉੱਤਰੀ ਅਮਰੀਕਨ ਟਰੇਡ ਐਗਰੀਮੈਂਟ ਦੇ ਅਧੀਨ ਆਪਸੀ ਕਾਰੋਬਾਰ ਕਰਦੇ ਹਨ।

ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਕਾਰੋਬਾਰ ਦੀਆਂ ਸ਼ਰਤਾਂ ਮੁੜ ਤੈਅ ਕੀਤੀਆਂ ਗਈਆਂ ਸਨ। 2026 ਵਿੱਚ ਇਹਨਾਂ ਸ਼ਰਤਾਂ ਉੱਤੇ ਮੁੜ ਗੱਲਬਾਤ ਹੋਵੇਗੀ।

ਮੈਕਸੀਕੋ ਨੂੰ ਖ਼ਲਨਾਇਕ ਬਣਾਉਣ ਦੀ ਕੋਸ਼ਿਸ਼?

ਮੈਕਸੀਕੋ ਵਿੱਚ ਚੀਨੀ ਨਿਵੇਸ਼ ਨਾਲ ਬਣੀ ਫੈਕਟਰੀ ਵਿੱਚ ਕੰਮ ਕਰਦੇ ਹੋਏ ਵਰਕਰ
ਤਸਵੀਰ ਕੈਪਸ਼ਨ, ਮੈਕਸੀਕੋ ਵਿੱਚ ਚੀਨੀ ਨਿਵੇਸ਼ ਨਾਲ ਬਣੀ ਫੈਕਟਰੀ ਵਿੱਚ ਕੰਮ ਕਰਦੇ ਹੋਏ ਵਰਕਰ

ਕੈਨੇਡਾ ਅਤੇ ਚੀਨ ਦੇ ਵਿਚਾਲੇ ਤਣਾਅ ਵਧਣ ਤੋਂ ਬਾਅਦ ਡਗ ਫੋਰਡ ਨੇ ਵਾਰ-ਵਾਰ ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਵੱਖ-ਵੱਖ ਦੋ-ਪੱਖੀ ਸਮਝੌਤਾ ਕਰਨ ਦੀ ਅਪੀਲ ਕੀਤੀ।

ਇਹ ਪ੍ਰਸਤਾਵ ਦਾ ਡੇਨੀਅਲ ਸਮਿਥ ਨੇ ਵੀ ਸਮਰਥਨ ਕੀਤਾ ਸੀ। ਡੇਨੀਅਲ ਸਮਿਥ ਕੈਨੇਡਾ ਦੇ ਤੇਲ ਭੰਡਾਰ ਵਾਲੇ ਸੂਬੇ ਅਲਬਰਟਾ ਦੀ ਮੁੱਖ ਮੰਤਰੀ ਹੈ।

ਡਗ ਫੋਰਡ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਸਮੱਸਿਆ ਨੂੰ ਸੁਲਝਾਉਣ ਲਈ ਕਈ ਸਾਲ ਸਨ ਪਰ ਤਿੰਨਾਂ ਮੁਲਕਾਂ ਨੇ ਕੁਝ ਵੀ ਨਹੀਂ ਕੀਤਾ।

ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਚਾਹੁੰਦਾ ਹੈ ਕਿ ਮੈਕਸੀਕੋ ਉੱਤਰੀ ਅਮਰੀਕਾ ਵਿੱਚ ਸੰਯੁਕਤ ਵਪਾਰ ਦਾ ਸਹਿਯੋਗੀ ਬਣਿਆ ਰਹੇ।

ਪਰ ਉਹਨਾਂ ਨੇ ਕਿਹਾ ਕਿ ਜੇਕਰ ਮੈਕਸੀਕੋ ਚੀਨ ਨਾਲ ਚਲ ਰਹੇ ਕਾਰੋਬਾਰ ਦੀ ਸਮੱਸਿਆ ਨਹੀਂ ਸੁਲਝਾਉਂਦਾ ਹੈ ਤਾਂ ਉਹ 'ਦੂਸਰੇ ਬਦਲ ਦੀ ਚੋਣ' ਕਰ ਸਕਦੇ ਹਨ।

ਕੈਨੇਡਾ ਵਿੱਚ ਵਿੰਡਸਰ ਯੂਨੀਵਰਸਿਟੀ ਦੇ ਕਰਾਸ-ਬਾਰਡਰ ਇੰਸਟੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਮਾਰਤਾ ਲਿਯਰਡੀ ਐਂਡਰਸਨ ਨੇ ਕਿਹਾ ਕਿ ਡਗ ਫੋਰਡ ਦੇ ਬਿਆਨ ਦਾ ਅਸਰ ਅਮਰੀਕਾ ਉੱਤੇ ਕਾਫ਼ੀ ਜ਼ਿਆਦਾ ਨਿਰਭਰ ਓਨਟਾਰੀਓ ਦੇ ਕਾਰੋਬਾਰੀ ਰਿਸ਼ਤਿਆਂ ਉੱਤੇ ਪੈ ਸਕਦਾ ਹੈ।

ਇਹ ਸੂਬਾ ਕੈਨੇਡਾ ਵਿੱਚ ਜੁੜੇ ਵਾਹਨ ਉਦਯੋਗ ਦੇ ਕੇਂਦਰ ਵਿੱਚ ਹੈ। ਓਨਟਾਰੀਓ ਅਤੇ ਅਮਰੀਕਾ ਵਿਚਾਲੇ 2023 ਵਿੱਚ 493 ਅਰਬ ਡਾਲਰ ਦਾ ਕਾਰੋਬਾਰ ਹੋਇਆ ਸੀ।

ਲਿਯਰਡੀ ਐਂਡਰਸਨ ਨੇ ਕਿਹਾ ਕਿ ਇਕ ਹੀ ਸੂਬੇ ਹੈ ਜਿਸ ਤੋਂ ਇੰਨੀ ਜ਼ਿਆਦਾ ਰਕਮ ਦਾ ਕਾਰੋਬਾਰ ਇੱਕ ਵੱਡਾ ਆਰਥਿਕ ਸਰੋਤ ਹੈ।

ਉਨ੍ਹਾਂ ਨੇ ਕਿਹਾ ਕਿ ਟੈਰਿਫ ਅਤੇ ਸੀਮਾ ਸੁਰੱਖਿਆ ਦੇ ਮਾਮਲੇ ਉੱਤੇ ਟਰੰਪ ਦੇ ਵਿਚਾਰਾਂ ਨੇ ਪੁਰਾਣੇ ਦੋਸਤ ਮੈਕਸੀਕੋ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਵਿੱਚ ਕਮੀਆਂ ਨੂੰ ਖੰਗਾਲਣ ਲਈ ਮਜ਼ਬੂਰ ਕਰ ਦਿੱਤਾ ਹੈ।

ਹੁਣ ਤੱਕ ਉਨ੍ਹਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਸੀ।

ਇਹ ਵੀ ਪੜ੍ਹੋ-

ਮੈਕਸੀਕੋ ਦੇ ਸੀਨੀਅਰ ਵਪਾਰ ਬੁਲਾਰੇ ਗੁਟਰੇਜ਼ ਰੋਮਾਨੋ ਕੈਨੇਡਾ ਦੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਧੋਖਾਧੜੀ ਮੰਨਦੇ ਹਨ।

ਉਹਨਾਂ ਨੇ ਕੈਨੇਡਾ ਦੇ ਅਖ਼ਬਾਰ ਗਲੋਬ ਐਂਡ ਮੇਲ ਨੂੰ ਪਿਛਲੇ ਹਫਤੇ ਕਿਹਾ ਕਿ ਕੈਨੇਡਾ ਸਿੱਧਾ ਅਮਰੀਕਾ ਨਾਲ ਵਪਾਰਕ ਡੀਲ ਕਰਨਾ ਚਾਹੁੰਦਾ ਹੈ। ਇਹ ਠੀਕ ਨਹੀਂ ਹੈ।

ਨੈਸ਼ਨਲ ਆਟੋਨੌਮਸ ਯੂਨਿਵਰਸਿਟੀ ਆਫ ਮੈਕਸੀਕੋ ਦੇ ਪ੍ਰੋਫੈਸਰ ਓਲੀਵਰ ਸੇਂਤਿਨ ਪੇਨਾ ਨੇ ਕਿਹਾ ਕਿ ਡਗ ਫੋਰਡ ਦੇ ਬਿਆਨਾਂ ਅਤੇ ਟਰੂਡੋ ਦੀ ਉਸ ਉੱਤੇ ਚੁੱਪੀ ਨੇ ਮੈਕਸੀਕੋ ਵਿਚ ਕਈ ਲੋਕਾਂ ਨੂੰ ਨਾਰਾਜ਼ ਕਰ ਦਿੱਤਾ ਹੈ।

ਉਹਨਾਂ ਨੇ ਬੀਬੀਸੀ ਨੂੰ ਕਿਹਾ, ''ਕੈਨੇਡਾ ਅਤੇ ਮੈਕਸੀਕੋ ਦੇ ਰਿਸ਼ਤੇ ਦਾ ਮੌਜੂਦਾ ਦੌਰ ਵਿੱਚ ਚੰਗੇ ਨਹੀਂ ਹਨ।"

ਉਹਨਾਂ ਨੇ ਕਿਹਾ ਕਿ ਪਿਛਲੇ 85 ਸਾਲਾਂ ਤੋਂ ਦੋਵਾਂ ਮੁਲਕਾਂ ਵਿਚਾਲੇ ਚੰਗੀ ਦੋਸਤੀ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸ਼ਿਨਬਾਮ ਦੇ ਬਿਆਨ ਤੋਂ ਇਹ ਸੰਕੇਤ ਮਿਲਦੇ ਹਨ ਕਿ ਅਗਰ ਜ਼ਰੂਰਤ ਪਈ ਤਾਂ ਉਹ ਮੈਕਸੀਕੋ ਵੱਲੋਂ ਮੋਰਚਾ ਲਗਾਉਣ ਤੋਂ ਪਿੱਛੇ ਨਹੀਂ ਹਟਣਗੇ।

ਪਰ ਉਹ ਟਰੰਪ ਅਤੇ ਟਰੂਡੋ ਦੋਨਾਂ ਨਾਲ "ਟਰੇਡ ਵਾਰ" ਨਹੀਂ ਚਾਹੁਣਗੇ।

ਪ੍ਰੋਫੈੱਸਰ ਓਲੀਵਰ ਸੇਂਤਿਨ ਪੇਨਾ ਨੇ ਕਿਹਾ ਕਿ ਸ਼ੀਨਬਾਮ ਭਟਕਣਗੇ ਨਹੀਂ ਪਰ ਉਹ ਇਹ ਜ਼ਰੂਰ ਦੱਸਣਾ ਚਾਹੁੰਦੇ ਹਨ ਕਿ ਮੈਕਸੀਕੋ ਦਾ ਸਨਮਾਨ ਹੋਣਾ ਚਾਹੀਦਾ ਹੈ।

ਜਦੋਂ ਟਰੰਪ ਦੇ ਚੋਣ ਜਿੱਤਣ ਦੀ ਖ਼ਬਰ ਆਈ ਤਾਂ ਉਨ੍ਹਾਂ ਨੇ ਕਿਹਾ ਸੀ, ''ਉਹ ਮੈਕਸੀਕੋ ਅਤੇ ਅਮਰੀਕਾ ਵਿੱਚ ਰਹਿੰਦੇ ਮੈਕਸੀਕੋ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦੇ ਰਹਿਣਗੇ।"

ਅਮਰੀਕਾ ਨਾਲ ਲੱਗਦੀ ਕੈਨੇਡਾ ਅਤੇ ਮੈਕਸੀਕੋ ਦੀ ਸਰਹੱਦ ਦਾ ਹਾਲ

ਮੈਕਸੀਕੋ ਬਾਰਡਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ 'ਤੇ ਗੈਰ-ਕਾਨੂੰਨੀ ਘੁਸਪੈਠ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਮਰੀਕਾ ਲਈ ਵੱਡੀ ਸਮੱਸਿਆ ਹੈ।

ਮੈਕਸੀਕੋ ਨਾਲ ਲੱਗਦੀ ਅਮਰੀਕਾ ਦੀ ਸਰਹੱਦ ਉੱਤੇ ਗੈਰਕਾਨੂੰਨੀ ਘੁਸਪੈਠ ਅਤੇ ਨਸ਼ੇ ਦੀ ਤਸਕਰੀ ਅਮਰੀਕਾ ਲਈ ਵੱਡੀ ਸਮੱਸਿਆ ਹੈ

ਅਮਰੀਕਾ ਦੀ ਉੱਤਰੀ ਅਤੇ ਦੱਖਣੀ, ਦੋਵੇਂ ਸਰਹੱਦਾਂ ਉੱਤੇ ਘੁਸਪੈਠ ਅਤੇ ਨਸ਼ੀਲੀ ਦਵਾਈਆਂ ਜ਼ਬਤ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਪਰ ਅਧਿਕਾਰਿਤ ਅੰਕੜਿਆਂ ਦੇ ਮੁਤਾਬਕ ਮੈਕਸੀਕੋ ਦੀ ਤੁਲਨਾ ਵਿੱਚ ਕੈਨੇਡਾ ਦੀ ਸਰਹੱਦ ਉੱਤੇ ਅਜਿਹੀਆਂ ਘਟਨਾਵਾਂ ਦੀ ਗਿਣਤੀ ਘੱਟ ਹੈ।

ਅਮਰੀਕੀ ਬਾਰਡਰ ਏਜੰਟਾਂ ਨੇ ਅਕਤੂਬਰ 2023 ਤੋਂ ਸਤੰਬਰ 2024 ਵਿਚਾਲੇ ਕੈਨੇਡਾ ਨਾਲ ਲੱਗਦੀ ਅਮਰੀਕੀ ਸਰਹੱਦ ਉੱਤੇ 19.5 ਕਿੱਲੋ ਫੈਂਟਾਨਿਲ ਜ਼ਬਤ ਕੀਤਾ ਸੀ।

ਪਰ ਮੈਕਸੀਕੋ ਨਾਲ ਲੱਗਦੀ ਅਮਰੀਕਾ ਦੀ ਸਰਹੱਦ ਉੱਤੇ ਇਹ ਮਾਤਰਾ 9525 ਕਿੱਲੋ ਸੀ।

ਇਸ ਦੌਰਾਨ ਉੱਤਰੀ ਸਰਹੱਦ ਮਤਲਬ ਕੈਨੇਡਾ ਨਾਲ ਲੱਗਦੀ ਅਮਰੀਕੀ ਸਰਹੱਦ ਉੱਤੇ ਦੋ ਲੱਖ ਲੋਕਾਂ ਨੂੰ ਰੋਕਿਆ ਗਿਆ ਜਦਕਿ ਦੱਖਣੀ ਸਰਹੱਦ, ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ ਵਿੱਚ ਆਉਣ ਨਾਲ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਕਿਆ ਗਿਆ।

ਟਰੰਪ ਵੱਲੋਂ ਅਚਾਨਕ ਟੈਰਿਫ਼ ਲਗਾਉਣ ਦੀ ਧਮਕੀ ਤੋਂ ਬਾਅਦ ਕੈਨੇਡਾ ਨੇ ਆਪਣੀ ਸਰਹੱਦ ਉੱਤੇ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਕਰ ਦਿੱਤੇ ਹਨ।

ਇਸਦੇ ਵਿਚਾਲੇ ਸ਼ੀਨਬਾਮ ਨੇ ਵੀ ਟਰੰਪ ਦੇ ਨਾਲ ਆਪਣੇ ਦੇਸ ਦੀ ਪਰਵਾਸੀ ਨੀਤੀ ਨੂੰ ਸਾਂਝਾ ਕੀਤਾ ਹੈ। ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਊਹਨਾਂ ਨੇ ਕਿਹਾ ਸੀ, ''ਅਸੀਂ ਇਹ ਦੁਹਰਾਉਣਾ ਚਾਹੁੰਦੇ ਹਾਂ ਕਿ ਮੈਕਸੀਕੋ ਸਰਹੱਦ ਬੰਦ ਕਰਨ ਦਾ ਸਮਰਥਕ ਨਹੀਂ ਹੈ, ਬਲਕਿ ਇਹ ਦੋਵਾਂ ਸਰਕਾਰਾਂ ਅਤੇ ਦੋਵਾਂ ਪਾਸਿਆਂ ਦੇ ਲੋਕਾਂ ਦੇ ਵਿਚਕਾਰ ਇੱਕ ਪੁਲ ਬਣਾਉਣ ਦਾ ਸਮਰਥਕ ਹੈ।"

ਬਾਇਡਨ ਪ੍ਰਸ਼ਾਸਨ ਵਿੱਚ ਮੈਕਸੀਕੋ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ।

ਪਰ ਇਹਨਾਂ ਗਰਮੀਆਂ ਵਿੱਚ ਕਾਫ਼ੀ ਕਮੀ ਆਈ ਹੈ, ਇਸਦਾ ਇੱਕ ਕਾਰਨ ਤਾਂ ਮੈਕਸੀਕੋ ਵੱਲੋਂ ਬਣਾਏ ਗਏ ਨਵੇਂ ਚੈੱਕ ਪੁਆਇੰਟ ਹਨ ਅਤੇ ਦੂਜਾ ਗਸ਼ਤ ਵਧਾਉਣਾ ਹੈ।

ਟੈਰਿਫ਼ ਲਗਾਉਣ ਦੀ ਧਮਕੀ ਦੇਣ ਤੋਂ ਬਾਅਦ ਟਰੰਪ ਦੀ ਮੈਕਸੀਕੋ ਦੇ ਰਾਸ਼ਟਰਪਤੀ ਸ਼ੀਨਬਾਮ ਨਾਲ ਫ਼ੋਨ ਉੱਤੇ ਗੱਲ ਹੋਈ ਸੀ।

ਇਸ ਗੱਲਬਾਤ ਵਿੱਚ ਸ਼ੀਨਬਾਮ ਨੇ ਕਿਹਾ ਸੀ ਕਿ ਮੈਕਸੀਕੋ ਨੇ ਫੈਂਟਾਨਿਲ ਦੀ ਰਿਕਾਰਡ ਮਾਤਰਾ ਜ਼ਬਤ ਕੀਤੀ ਹੈ। ਇਸ ਦੌਰਾਨ 1500 ਗੋਲੀਆਂ ਜ਼ਬਤ ਕੀਤੀਆਂ ਗਈਆਂ, ਜਿਹਨਾਂ ਦੀ ਕੀਮਤ 40 ਕਰੋੜ ਡਾਲਰ ਹੈ।

ਮੈਕਸੀਕੋ, ਚੀਨ ਅਤੇ ਕੈਨੇਡਾ ਤਿੰਨ ਅਜਿਹੇ ਦੇਸ਼ ਹਨ, ਜਿੱਥੇ ਅਮਰੀਕਾ ਆਪਣਾ ਇੱਕ ਤਿਹਾਈ ਵਸਤੂਆਂ ਦਾ ਆਯਾਤ ਅਤੇ ਨਿਰਯਾਤ ਕਰਦਾ ਹੈ।

ਇਨ੍ਹਾਂ ਤਿੰਨਾਂ ਦੇਸਾਂ ਦੇ ਕਾਰੋਬਾਰ ਉੱਤੇ ਲੱਖਾਂ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਟਿਕੀਆਂ ਹਨ।

ਕੈਨੇਡਾ ਦਾ 75 ਨਿਰਯਾਤ ਅਮਰੀਕਾ ਨੂੰ ਹੁੰਦਾ ਹੈ ਜਦਕਿ ਮੈਕਸੀਕੋ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸਾਥੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)