ਗੁਰਦਾਸ ਮਾਨ ਦਾ ਮਾਫ਼ੀਨਾਮਾ: ਕਿਉਂ ਮੁੜ-ਮੁੜ ਉੱਠ ਰਿਹਾ ਵਿਵਾਦ, ਦੁਬਾਰਾ ਕਿਉਂ ਮੰਗੀ ਮਾਫ਼ੀ

ਗੁਰਦਾਸ ਮਾਨ

ਤਸਵੀਰ ਸਰੋਤ, FB/GURDAS MAAN

ਤਸਵੀਰ ਕੈਪਸ਼ਨ, ਅਮਰੀਕਾ ਦੌਰੇ ਤੋਂ ਪਹਿਲਾਂ ਗੁਰਦਾਸ ਮਾਨ ਸਾਰੇ ਵਿਵਾਦਾਂ ‘ਤੇ ਮਾਫ਼ੀ ਮੰਗਦਿਆਂ ਖ਼ੁਦ ਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬੀ ਗਾਇਕੀ ਵਿੱਚ ਬੇਮਿਸਾਲ ਮੁਕਾਮ ਅਤੇ ਸਤਿਕਾਰ ਹਾਸਿਲ ਕਰਨ ਵਾਲੇ ਗੁਰਦਾਸ ਮਾਨ ਪਿਛਲੇ ਚਾਰ-ਪੰਜ ਸਾਲਾਂ ਤੋਂ ਖੁੱਲ੍ਹ ਕੇ ਲੋਕਾਂ ਦੇ ਰੂਬਰੂ ਹੁੰਦੇ ਮਹਿਸੂਸ ਨਹੀਂ ਹੋ ਰਹੇ ਸੀ ਅਤੇ ਜਾਪ ਰਿਹਾ ਸੀ ਕਿ ਇਨ੍ਹਾਂ ਸਾਲਾਂ ਵਿੱਚ ਖ਼ੁਦ ਨਾਲ ਜੁੜੇ ਵਿਵਾਦਾਂ ਤੋਂ ਬਾਹਰ ਨਹੀਂ ਆ ਪਾ ਰਹੇ ਹਨ।

ਪਰ ਹੁਣ ਆਪਣੇ ਅਮਰੀਕਾ ਦੌਰੇ ਤੋਂ ਪਹਿਲਾਂ ਗੁਰਦਾਸ ਮਾਨ ਨੇ ਸਾਰੇ ਵਿਵਾਦਾਂ ‘ਤੇ ਮਾਫ਼ੀ ਮੰਗਦਿਆਂ ਖ਼ੁਦ ਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ।

ਦੱਸ ਦੇਈਏ ਕਿ ਉਨ੍ਹਾਂ ਦੇ ਅਕਤੂਬਰ ਵਿੱਚ ਹੋਣ ਜਾ ਰਹੇ ਅਮਰੀਕਾ ਦੌਰੇ ਦਾ ਉੱਥੋਂ ਦੇ ਕੁਝ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸੀ।

ਪਿਛਲੇ ਵੀਰਵਾਰ ਇੱਕ ਅਮਰੀਕੀ ਪੰਜਾਬੀ ਚੈਨਲ ਨਾਲ ਹੋਈ ਗੁਰਦਾਸ ਮਾਨ ਦੀ ਇੰਟਰਵਿਊ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਨਮ ਅੱਖਾਂ ਨਾਲ ਤੇ ਹੱਥ ਜੋੜ ਕੇ ਮਾਫ਼ੀ ਮੰਗੀ ਹੈ।

ਇਸ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਵੀ ਕੀਤੀ, ਜਿਸ ਦੌਰਾਨ ਦੁਬਾਰਾ ਮਾਫ਼ੀ ਵੀ ਮੰਗੀ ਅਤੇ ਸਪਸ਼ਟੀਕਰਨ ਵੀ ਦਿੱਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਮ ਅੱਖਾਂ ਨਾਲ ‘ਮਾਫ਼ੀਨਾਮਾ’

ਗੁਰਦਾਸ ਮਾਨ ਤੋਂ ਪਿਛਲੇ ਸਮੇਂ ਵਿੱਚ ਉਨ੍ਹਾਂ ਨਾਲ ਜੁੜੇ ਸਾਰੇ ਵਿਵਾਦਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ਵਿੱਚ ਗੁਰੂ ਰਾਮਦਾਸ ਜੀ ਦੀ ਤੌਹੀਨ ਕਰਨ ਦਾ ਇਲਜ਼ਾਮ, ਪੰਜਾਬੀ ਅਤੇ ਹਿੰਦੀ ਬੋਲੀ ਬਾਰੇ ਉਨ੍ਹਾਂ ਦਾ ਬਿਆਨ ਅਤੇ ਵੈਨਕੂਵਰ ਦੇ ਇੱਕ ਸ਼ੋਅ ਦੌਰਾਨ ਸਟੇਜ ਤੋਂ ਅਪਸ਼ਬਦ ਬੋਲੇ ਜਾਣ ਦੀ ਘਟਨਾ ਸ਼ਾਮਲ ਸੀ।

ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਜਿਹੜੇ ਇਲਜ਼ਾਮ ਮੇਰੇ ‘ਤੇ ਲੱਗੇ, ਕਿ ਮੈਂ ਬਾਬਿਆਂ ਦੇ ਡੇਰੇ ‘ਤੇ ਗੁਰੂ ਮਹਾਰਾਜ ਦੀ ਤੌਹੀਨ ਕੀਤੀ, ਸਟੇਜ ‘ਤੇ ਮੇਰੇ ਲਈ ਮੁਰਦਾਬਾਦ ਬੁਲਾ ਰਹੇ ਲੋਕਾਂ ਨੂੰ ਮੈਥੋਂ ਕੁਝ ਬੋਲਿਆ ਗਿਆ, ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਹੋਰ ਕਹਿਣਾ ਚਾਹੁੰਦਾ ਸੀ, ਸਮਝਿਆ ਕੁਝ ਹੋਰ ਗਿਆ।"

"ਇਹ ਸਭ ਕੁਝ, ਜਿਸ ਦਾ ਵੀ ਮੇਰੇ ਕੋਲ਼ੋਂ ਦਿਲ ਦੁਖਿਆ ਹੋਵੇ, ਮੇਰੀ ਜ਼ੁਬਾਨ ਵਿੱਚੋਂ ਨਿਕਲੇ ਕਿਸੇ ਬੋਲ ਨਾਲ ਕਿਸੇ ਦੀ ਰੂਹ ਨੂੰ ਠੇਸ ਪਹੁੰਚੀ ਹੋਵੇ, ਤਕਲੀਫ਼ ਹੋਈ ਹੋਵੇ ਤਾਂ ਮੈਂ ਉਨ੍ਹਾਂ ਸਾਰਿਆਂ ਤੋਂ ਮਾਫ਼ੀ ਦਾ ਯਾਚਕ ਹਾਂ।”

ਇਹ ਬੋਲਦਿਆਂ ਗੁਰਦਾਸ ਮਾਨ ਹੁਰਾਂ ਦੀਆਂ ਅੱਖਾਂ ਵੀ ਨਮ ਹੋਈਆਂ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਸੀ ਕਿ ਪੰਜਾਬੀ ਹੁਣ ਇਹ ਗੱਲਾਂ ਭੁੱਲ ਗਏ ਹੋਣਗੇ ਕਿਉਂਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹਨ ਪਰ ਇੱਕ ਗੱਲ ’ਤੇ ਹੀ ਅੜੇ ਬੈਠਣ ਦੀ ਜ਼ਿੱਦ ਕਿਸੇ ਲਈ ਚੰਗੀ ਨਹੀਂ ਹੁੰਦੀ।

ਉਨ੍ਹਾਂ ਆਪਣੀ ਸਫਾਈ ਵਿੱਚ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਵੀ ਗਾਇਆ ਹੈ, ਪੰਜਾਬੀ ਜ਼ੁਬਾਨ ਲਈ ਹਮੇਸ਼ਾ ਗਾਇਆ ਹੈ ਫਿਰ ਵੀ ਅਜਿਹੇ ਇਲਜ਼ਾਮ ਲੱਗਣਾ ਉਨ੍ਹਾਂ ਨੂੰ ਵੀ ਤਕਲੀਫ਼ ਦਿੰਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਭੁੱਲਾਂ ਹਰ ਕਿਸੇ ਇਨਸਾਨ ਤੋਂ ਹੁੰਦੀਆਂ ਹਨ। ਪਰ ਕਿਸੇ ਹਸਤੀ ਨੂੰ ਜਿੱਥੇ ਤੁਸੀਂ ਪਹੁੰਚਾ ਦਿੰਦੇ ਹੋ, ਉਸ ਤੋਂ ਤੁਸੀਂ ਉਮੀਦ ਨਹੀਂ ਰੱਖਦੇ ਕਿ ਇਹ ਇਸ ਤਰ੍ਹਾਂ ਦਾ ਸ਼ਬਦ ਬੋਲੇਗਾ ਪਰ ਮੈਂ ਵੀ ਤਾਂ ਇੱਕ ਇਨਸਾਨ ਹੀ ਹਾਂ ਨਾ।"

"ਕੋਈ ਮੇਰੀ ਮਾਂ ਨੂੰ ਗਾਲ੍ਹ ਕੱਢੇ, ਮੈਨੂੰ ਜਨਮ ਦੇਣ ਵਾਲੀ ਮਾਂ ਨੂੰ ਗ਼ੱਦਾਰ ਕਹੇ ਤਾਂ ਮੈਂ ਕੁਝ ਬੋਲੂੰਗਾ ਨਹੀਂ ? ਉਹ ਮੇਰੇ ਲਈ ਮੁਰਦਾਬਾਦ ਬੁਲਾਈ ਜਾਣ, ਮੇਰੇ ਸਾਈਂ ਜੀ ਨੂੰ ਗਾਲ੍ਹਾਂ ਕੱਢ ਰਹੇ ਹਨ, ਮੇਰੀ ਮਾਈ ਨੂੰ ਗਾਲ੍ਹਾਂ ਕੱਢੀਆਂ ਹਨ। ਤੁਸੀਂ ਕਿਸੇ ਨੂੰ ਪੁੱਛੋ ਕਿ ਜੇ ਮੇਰੀ ਜਗ੍ਹਾ ‘ਤੇ ਕੋਈ ਹੋਰ ਹੁੰਦਾ ਤਾਂ ਕੀ ਕਰਦੇ।”

ਗੁਰਦਾਸ ਮਾਨ

ਤਸਵੀਰ ਸਰੋਤ, FB/GURDAS MAAN

ਤਸਵੀਰ ਕੈਪਸ਼ਨ, ਗੁਰਦਾਸ ਮਾਨ ਦੀ ਨਵੀਂ ਐਲਬਮ ਆਈ ਹੈ

ʻਜਿਹੜੇ ਬੱਤੀ ਨੂੰ ਸਮਝਣ ਗਾਲ੍ਹ, ਉਹ ਪੰਜਾਬੀ ਤੋਂ ਕੰਗਾਲʼ

ਇਸ ਤੋਂ ਬਾਅਦ ਐਤਵਾਰ ਨੂੰ ਗੁਰਦਾਸ ਮਾਨ ਨੇ ਆਪਣੀ ਆਉਣ ਵਾਲੀ ਐਲਬਮ ‘ਸਾਊਂਡ ਆਫ ਸੌਇਲ’ ਬਾਰੇ ਪ੍ਰੈੱਸ ਕਾਨਫਰੰਸ ਕੀਤੀ।

ਜਿਸ ਵਿੱਚ ਕੁਝ ਗੱਲਾਂ ਐਲਬਮ ਬਾਰੇ ਵੀ ਹੋਈਆਂ ਅਤੇ ਉਨ੍ਹਾਂ ਨਾਲ ਜੁੜੇ ਹੋਰ ਮਸਲਿਆਂ ਬਾਰੇ ਵੀ।

ਇਸ ਦੌਰਾਨ ਸਭ ਤੋਂ ਖਾਸ ਜ਼ਿਕਰ ਗੁਰਦਾਸ ਮਾਨ ਨਾਲ ਪਿਛਲੇ ਕੁਝ ਸਾਲਾਂ ਦੌਰਾਨ ਜੁੜੇ ਵਿਵਾਦਾਂ ਅਤੇ ਉਨ੍ਹਾਂ ਦੇ ਮਾਫ਼ੀਨਾਮੇ ਦਾ ਸੀ।

ਗੁਰਦਾਸ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਬਾਹਰਲੇ ਪ੍ਰਮੋਟਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਵੈਨਕੂਵਰ ਦੀ ਸਟੇਜ ’ਤੇ ਜੋ ਹੋਇਆ ਸੀ ਉਨ੍ਹਾਂ ਨੇ ਮਾਫ਼ੀ ਨਹੀਂ ਮੰਗੀ, ਇਸ ਲਈ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ, “ਮੈਂ ਉਨ੍ਹਾਂ ਨੂੰ ਕਿਹਾ ਕਿ ਵੈਨਕੂਵਰ ਦੀ ਸਟੇਜ ‘ਤੇ ਜੋ ਹੋਇਆ, ਮੈਂ ਉਨ੍ਹਾਂ ਨੂੰ ਹੱਥ ਜੋੜਦਾ ਰਿਹਾ, ਉਹ ਮੇਰੀ ਮੁਰਦਾਬਾਦ ਬੁਲਾਉਂਦੇ ਰਹੇ। ਫਿਰ ਜਦੋਂ ਉਹ ਮੈਨੂੰ ਵੱਡੀ ਉਂਗਲ ਦਿਖਾਉਣ ਲੱਗੇ, ਫਿਰ ਮੇਰੇ ਮੂੰਹੋਂ ਨਿਕਲਿਆ ਕੁਝ।"

"ਹਾਲਾਂਕਿ ਮੈਂ ਕੋਈ ਗਾਲ੍ਹ ਨਹੀਂ ਸੀ ਕੱਢੀ। ਬੱਤੀ ਨੂੰ ਗਾਲ੍ਹ ਨਹੀਂ ਕਹਿੰਦੇ। ਮਾਵਾਂ ਨੇ ਵੀ ‘ਬੱਤੀ’ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਹਨ।”

ਗੁਰਦਾਸ ਮਾਨ ਨੇ ਅੱਗੇ ਕਿਹਾ

“ਜਿਹੜੇ ਬੱਤੀ ਨੂੰ ਸਮਝਣ ਗਾਲ੍ਹ, ਉਹ ਪੰਜਾਬੀ ਤੋਂ ਕੰਗਾਲ

ਖਾ ਲਏ ਜੰਦਰਾ ਜਦੋਂ ਜੰਗਾਲ, ਤੇ ਬੱਤੀ ਦੇਣੀ ਪੈਂਦੀ ਐ

ਸਾਧੂ ਸੰਤ ਸੇਕਦੇ ਧੂਣੇ, ਨਾ ਕੋਈ ਜਾਦੂ ਨਾ ਕੋਈ ਟੂਣੇ

ਜਿਹਨੂੰ ਲੜਦੇ ਹੋਣ ਚਲੂਣੇ ਤੇ ਬੱਤੀ ਦੇਣੀ ਪੈਂਦੀ ਐ”

ਗੁਰਦਾਸ ਮਾਨ ਨੇ ਪ੍ਰੈੱਸ ਕੈਨਫਰੰਸ ਦੌਰਾਨ ਆਪਣੀ ਸਫਾਈ ਵਿੱਚ ਇਹ ਵੀ ਕਿਹਾ ਕਿ ਉਨ੍ਹਾਂ ਨੇ ਵੈਨਕੂਵਰ ਵਿੱਚ ਸਟੇਜ ਵਾਲੀ ਘਟਨਾ ਦੇ ਦੂਜੇ ਹੀ ਦਿਨ ਐਡਮਿੰਟਨ ਦੇ ਸ਼ੋਅ ਵਿੱਚ ਹੱਥ ਜੋੜ ਕੇ ਮਾਫ਼ੀ ਮੰਗ ਲਈ ਸੀ ਤੇ ਕਿਹਾ ਸੀ ਕਿ ਜੋ ਹੋਇਆ ਚੰਗਾ ਨਹੀਂ ਸੀ।

ਉਨ੍ਹਾਂ ਇਹ ਵੀ ਮੰਨਿਆ, “ਗ਼ਲਤੀ ਉਨ੍ਹਾਂ ਤੋਂ ਵੀ ਹੋਈ ਹੈ ਅਤੇ ਮੇਰੇ ਤੋਂ ਵੀ ਹੋਈ ਹੈ। ਪਰ ਉਨ੍ਹਾਂ ਨੇ ਜੋ ਵੱਡੀਆਂ-ਵੱਡੀਆਂ ਗਾਲ੍ਹਾਂ ਦਿੱਤੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤੀਆਂ ਉਨ੍ਹਾਂ ਨੇ।“

ਗੁਰਦਾਸ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰਦਾਸ ਮਾਨ ਸਮੇਂ-ਸਮੇਂ ‘ਤੇ ਆਪਣੇ ਨਾਲ ਜੁੜੇ ਵਿਵਾਦਾਂ ਬਾਰੇ ਵੱਖ-ਵੱਖ ਤਰੀਕਿਆਂ ਨਾਲ ਸਫਾਈ ਦੇਣ ਦੀ ਕੋਸ਼ਿਸ਼ ਕਰਦੇ ਰਹੇ

ʻਮੈਥੋਂ ਚੰਦ ਮਿੰਟਾਂ ਵਿੱਚ ਖੋਹ ਲਿਆ ਮਾਂ ਬੋਲੀ ਦਾ ਸਤਿਕਾਰ…ʼ

ਭਾਵੇਂ ਕਿ ਪਿਛਲੇ ਦਿਨੀਂ ਆਇਆ ਮਾਫ਼ੀਨਾਮਾ ਵਧੇਰੇ ਚਰਚਾ ਵਿੱਚ ਹੈ, ਪਰ ਗੁਰਦਾਸ ਮਾਨ ਸਮੇਂ-ਸਮੇਂ ‘ਤੇ ਆਪਣੇ ਨਾਲ ਜੁੜੇ ਵਿਵਾਦਾਂ ਬਾਰੇ ਵੱਖ-ਵੱਖ ਤਰੀਕਿਆਂ ਨਾਲ ਸਫਾਈ ਦੇਣ ਦੀ ਕੋਸ਼ਿਸ਼ ਕਰਦੇ ਰਹੇ।

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਧਰਨੇ ਵਿੱਚ ਗੁਰਦਾਸ ਮਾਨ ਦੇ ਦੇਰੀ ਨਾਲ ਪਹੁੰਚਣ ਬਾਰੇ ਵੀ ਸਵਾਲ ਉੱਠੇ ਸੀ।

ਦਸੰਬਰ 2020 ਵਿੱਚ ਜਦੋਂ ਉਹ ਕਿਸਾਨ ਅੰਦੋਲਨ ਦੌਰਾਨ ਹਾਜ਼ਰੀ ਲਵਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਦੇਰੀ ਦਾ ਕਾਰਨ ਵੀ ਪੁੱਛਿਆ ਗਿਆ, ਜਿਸ ਦੇ ਜਵਾਬ ਤੋਂ ਜ਼ਾਹਿਰ ਹੋਇਆ ਕਿ ਪੰਜਾਬੀ ਮਾਂ ਬੋਲੀ ਬਾਰੇ ਬਿਆਨ ਅਤੇ ਸਟੇਜ ਤੋਂ ਬੋਲੇ ਗਏ ਸ਼ਬਦਾਂ ਕਾਰਨ ਉਨ੍ਹਾਂ ਦੇ ਹੋਏ ਵਿਰੋਧ ਦਾ ਖੁਦ ਗੁਰਦਾਸ ਮਾਨ ‘ਤੇ ਕੀ ਅਸਰ ਰਿਹਾ।

ਗੁਰਦਾਸ ਮਾਨ ਨੇ ਉਸ ਵੇਲੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਪਿਛਲੇ ਦਸ ਮਹੀਨੇ ਤੋਂ ਆਪਣੀ ਬਿਲਡਿੰਗ ਵਿੱਚੋਂ ਬਾਹਰ ਹੀ ਨਹੀਂ ਆ ਸਕੇ। ਨਾਲ ਹੀ ਉਨ੍ਹਾਂ ਗ਼ਿਲ੍ਹਾ ਵੀ ਜ਼ਾਹਿਰ ਕੀਤਾ ਸੀ ਕਿ ਉਸ ਵੇਲੇ ਕੋਈ ਵੀ ਉਨ੍ਹਾਂ ਦੇ ਨਾਲ ਨਹੀਂ ਖੜ੍ਹਾ ਹੋਇਆ।

ਉਨ੍ਹਾਂ ਕਿਹਾ ਸੀ, “ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ…ਗਾਉਣ ਵਾਲੇ ਨੂੰ ਕੋਈ ਇਸ ਤਰ੍ਹਾਂ ਕਿਵੇਂ ਕਹਿ ਸਕਦਾ ਹੈ। ਹਰ ਕਲਾਕਾਰ ਨੇ ਗ਼ੱਦਾਰ ਕਿਹਾ। ਮੇਰੇ ਹੱਕ ਵਿੱਚ ਕੋਈ ਨਹੀਂ ਬੋਲਿਆ। ਮੇਰਾ ਵੀ ਰੋਸ ਹੈ। ਉਹ ਮੇਰੀ ਜ਼ਿੰਦਗੀ ਦੀ ਦੁਰਘਟਨਾ ਸੀ, ਜਦੋਂ ਮੇਰੇ ਨਾਲ ਕੋਈ ਨਹੀਂ ਸੀ ਖੜ੍ਹਾ।“

ਇਸ ਤੋਂ ਬਾਅਦ ਸਤੰਬਰ 2022 ਵਿੱਚ ਗੁਰਦਾਸ ਮਾਨ ਵੱਲੋਂ ਰਿਲੀਜ਼ ਇੱਕ ਗੀਤ ਦਾ ਵੀ ਜ਼ਿਕਰ ਕਰਨਾ ਬਣਦਾ ਹੈ, ਜੋ ਖ਼ਾਸ ਤੌਰ ’ਤੇ ਇਨ੍ਹਾਂ ਵਿਵਾਦਾਂ ਅਤੇ ਵਿਰੋਧ ਦੀਆਂ ਅਵਾਜ਼ਾਂ ਦਾ ਜਵਾਬ ਸੀ।

ਗੱਲ ਸੁਣੋ ਪੰਜਾਬੀ ਦੋਸਤੋ ਦੇ ਸਿਰਲੇਖ ਹੇਠ ਆਏ ਇਸ ਗੀਤ ਦੇ ਕੁਝ ਬੋਲ ਸੀ, “ਗੱਲ ਸੁਣੋ ਪੰਜਾਬੀ ਦੋਸਤੋ, ਕੁਝ ਲੈਂਦੇ ਸੋਚ ਵਿਚਾਰ…ਬਿਨ੍ਹਾਂ ਸੋਚੇ ਸਮਝੇ ਕੱਢ ਲਈ ਲਫਜ਼ਾਂ ਦੀ ਤੇਜ਼ ਕਟਾਰ…ਮੈਥੋਂ ਚੰਦ ਮਿੰਟਾਂ ਵਿੱਚ ਖੋਹ ਲਿਆ, ਮਾਂ ਬੋਲੀ ਦਾ ਸਤਿਕਾਰ।”

ਅਖ਼ੀਰਲੇ ਬੋਲ ਸੀ, “ਮੈਂ ਆਪਣੀ ਮਾਂ ਨੂੰ ਪੁੱਛਿਆ ਕਰ ਸੁਫ਼ਨੇ ਵਿੱਚ ਸਵਾਲ…ਇਹ ਕੀ ਹੋਇਆ, ਕਿਉਂ ਹੋ ਗਿਆ, ਸ਼ਡਯੰਤਰ ਸੀ ਜਾਂ ਚਾਲ…ਮਾਂ ਕਹਿੰਦੀ ਪੁੱਤ ਇਹ ਹੋਣੀ ਸੀ, ਹੋਣੀ ਕੋਈ ਨਹੀਂ ਸਕਦਾ ਟਾਲ..ਉੱਥੇ ਮੁਰਦਾਬਾਦ ਨਹੀਂ ਬੋਲਦੀ, ਜਿੱਥੇ ਹੋਵੇ ਸੋ, ਨਿਹਾਲ…..।”

ਹਾਲਾਂਕਿ ਇਸ ਗੀਤ ਵਿੱਚ ਡਿਸਕਲੇਮਰ ਦਿੱਤਾ ਗਿਆ ਹੈ ਕਿ ਇਸ ਰਚਨਾ ਵਿੱਚ ਵਿਖਾਏ ਗੀਤ, ਗੀਤ ਦੇ ਬੋਲ ਤੇ ਕਿਰਦਾਰ ਕਾਲਪਨਿਕ ਹਨ।

ਜਿਹੜੇ ਵੀ ਨਾਮ, ਕਿਰਦਾਰ ਤੇ ਘਟਨਾ ਪੇਸ਼ ਕੀਤੇ ਗਏ ਹਨ ਉਹ ਕਾਲਪਨਿਕ ਹਨ। ਅਸਲੀਅਤ ‘ਚ ਇਸ ਦਾ ਕਿਸੇ ਵੀ ਇਨਸਾਨ (ਜਿਉਂਦੇ ਜਾਂ ਮਰੇ), ਥਾਂ, ਸੰਸਥਾ ਤੇ ਸਾਮਾਨ ਨਾਲ ਕੋਈ ਸਬੰਧ ਨਹੀਂ ਹੈ।

ਗੁਰਦਾਸ ਮਾਨ

ਤਸਵੀਰ ਸਰੋਤ, FB/GURDAS MAAN

ਤਸਵੀਰ ਕੈਪਸ਼ਨ, ਗੁਰਦਾਸ ਮਾਨ ਨੇ ਉਸ ਵੇਲੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਪਿਛਲੇ ਦਸ ਮਹੀਨੇ ਤੋਂ ਆਪਣੀ ਬਿਲਡਿੰਗ ਵਿੱਚੋਂ ਬਾਹਰ ਹੀ ਨਹੀਂ ਆ ਸਕੇ

ਕੀ ਹੁਣ ਮਿਲ ਜਾਏਗੀ ਪੰਜਾਬੀਆਂ ਤੋਂ ਮਾਫ਼ੀ ?

ਨਾਮੀ ਪੰਜਾਬੀ ਲੇਖਕ, ਥੀਏਟਰ ਸਕੋਲਰ ਤੇ ਅਲੋਚਕ ਪਾਲੀ ਭੁਪਿੰਦਰ ਨੇ ਸਾਡੇ ਨਾਲ ਫ਼ੋਨ ‘ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਗੁਰਦਾਸ ਮਾਨ ਦੇ ਹੱਕ ਵਿੱਚ ਲਿਖਿਆ ਤੇ ਬੋਲਿਆ ਕਿ ਉਨ੍ਹਾਂ ਨੇ ਮਾਫ਼ੀ ਮੰਗ ਲਈ ਹੈ ਅਤੇ ਪੰਜਾਬੀਆਂ ਨੂੰ ਗੱਲ ਖ਼ਤਮ ਕਰ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਸੀ ਕਿ ਪੰਜਾਬੀਆਂ ਨੂੰ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਚਾਲੀ ਸਾਲ ਬਹੁਤ ਚੰਗਾ ਗਾਇਆ ਹੈ, ਇੰਨੇ ਵੱਡੇ ਕਰੀਅਰ ਵਿੱਚ ਇੱਕ ਗ਼ਲਤ ਗੱਲ ਕਹੀ ਗਈ ਤਾਂ ਕੋਈ ਏਡੀ ਗੱਲ ਨਹੀਂ ਸੀ।

ਉਨ੍ਹਾਂ ਕਿਹਾ ਕਿ ਪਰ ਉਹ ਵਾਰ-ਵਾਰ ਉਸ ਤਰ੍ਹਾਂ ਦੀਆਂ ਗ਼ਲਤੀਆਂ ਕਿਉਂ ਕਰ ਰਹੇ ਹਨ। ਪਾਲੀ ਭੁਪਿੰਦਰ ਮਹਿਸੂਸ ਕਰਦੇ ਹਨ ਕਿ ਗੁਰਦਾਸ ਮਾਨ ਜਾਣ-ਬੁੱਝ ਕੇ ਵਿਵਾਦ ਨੂੰ ਵਧਾ ਰਹੇ ਹਨ।

ਉਨ੍ਹਾਂ ਕਿਹਾ, “ਕੱਲ੍ਹ ਰੋ-ਰੋ ਕੇ ਮਾਫ਼ੀ ਮੰਗੀ ਤੇ ਅੱਜ ਆਪਣੀ ਗ਼ਲਤੀ ਨੂੰ ਜਸਟੀਫਾਈ ਕਰ ਰਹੇ ਹਨ। ਉਨ੍ਹਾਂ ਨੇ ਹੁਣ ਬਿਆਨ ਦਿੱਤਾ ਕਿ ‘ਬੱਤੀ’ ਕੋਈ ਗਾਲ੍ਹ ਨਹੀਂ। ਉਨ੍ਹਾਂ ਕਿਹਾ ਕਿ ਜੋ ਬੱਤੀ ਨੂੰ ਸਮਝੇ ਗਾਲ੍ਹ, ਉਹ ਪੰਜਾਬੀ ਤੋਂ ਕੰਗਾਲ।"

"ਇਹ ਬਿਆਨ ਬਹੁਤ ਹੀ ਵਾਹੀਆਤ ਹੈ, ਕੋਈ ਵੀ ਪੜ੍ਹਿਆ ਲਿਖਿਆ ਇਸ ਦੀ ਸਪੋਰਟ ਨਹੀਂ ਕਰ ਸਕਦਾ। ਹਾਲੇ ਪਰਸੋਂ ਹੀ ਮੈਂ ਕਿਸੇ ਚੈਨਲ ‘ਤੇ ਬੋਲ ਕੇ ਹਟਿਆ ਹਾਂ ਕਿ ਪੰਜਾਬੀਓਂ ਬੱਸ ਕਰੋ, ਗੁਰਦਾਸ ਮਾਨ ਜੀ ਬਹੁਤ ਵੱਡੀ ਸਖ਼ਸੀਅਤ ਹਨ, ਪਰ ਹੁਣ ਉਨ੍ਹਾਂ ਨੇ ਇਹ ਬੋਲ ਦਿੱਤਾ। ਅੱਜ ਤਾਂ ਮੈਂ ਵੀ ਬੜਾ ਪਰੇਸ਼ਾਨ ਹਾਂ।“

ਪਾਲੀ ਮੁਤਾਬਕ ਜਦੋਂ ਮਸਲਾ ਠੰਢਾ ਪੈ ਗਿਆ ਤਾਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ, “ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਸ਼ੋਅ ਵੇਚਣ ਦੇ ਚੱਕਰ ਵਿੱਚ ਦੁਬਾਰਾ ਵਿਵਾਦ ਸਾਹਮਣੇ ਲਿਆਂਦਾ ਹੈ।”

ਪਾਲੀ ਭੁਪਿੰਦਰ ਸਿੰਘ

ਤਸਵੀਰ ਸਰੋਤ, FB/Pali Bhupinder Singh

ਪੰਜਾਬੀ ਲੇਖਕ ਗੁਰਭਜਨ ਸਿੰਘ ਗਿੱਲ ਮਹਿਸੂਸ ਕਰਦੇ ਹਨ ਕਿ ਜੇ ਗੁਰਦਾਸ ਮਾਨ ਸੱਚੇ ਦਿਲੋਂ ਮਾਫ਼ੀ ਮੰਗ ਰਹੇ ਹਨ ਤਾਂ ਪੰਜਾਬੀਆਂ ਨੂੰ ਵੀ ਗੱਲ ਲਮਕਾਉਣੀ ਨਹੀਂ ਚਾਹੀਦੀ ਅਤੇ ਮਾਫ਼ ਕਰ ਦੇਣਾ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਬਾਰੇ ਜੋ ਬਿਆਨ ਦਿੱਤਾ ਸੀ, ਇੰਨਾਂ ਵੱਡਾ ਨਹੀਂ ਸੀ ਕਿ ਉਸ ਦਾ ਵਿਰੋਧ ਕੀਤਾ ਜਾਂਦਾ ਅਤੇ ਉਨ੍ਹਾਂ ਖ਼ਿਲਾਫ਼ ਤਖ਼ਤੀਆਂ ਦਿਖਾਉਂਦਾ।

ਉਨ੍ਹਾਂ ਅੱਗੇ ਕਿਹਾ, “ਪਰ ਉਹ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਉਸ ਦੌਰਾਨ ਗੁਰਦਾਸ ਮਾਨ ਵੱਲੋਂ ਸਟੇਜ ਤੋਂ ਬੋਲੇ ਗਏ ਸ਼ਬਦ ਉਨ੍ਹਾਂ ਦੇ ਕੱਦ ਦੇ ਹਾਣ ਦੇ ਨਹੀਂ ਸੀ। ਜੇ ਕੋਈ ਛੋਟਾ ਇਨਸਾਨ ਅਪਸ਼ਬਦ ਬੋਲਦਾ ਹੈ, ਤਾਂ ਲੋਕ ਉਸ ਨੂੰ ਨਹੀਂ ਗੌਲਦੇ ਨਹੀਂ।"

"ਪਰ ਜਿਹੜਾ ਇਨਸਾਨ ਸਤਿਕਾਰਤ ਹੁੰਦਾ ਹੈ, ਉਸ ਦੇ ਮੂੰਹੋਂ ਅਜਿਹੇ ਸ਼ਬਦ ਉਸ ਨੂੰ ਅਸਮਾਨ ਤੋਂ ਧਰਤੀ ‘ਤੇ ਸੁੱਟ ਦਿੰਦੇ ਹਨ। ਇਸ ਤੋਂ ਬਾਅਦ ਜਦੋਂ ਵੀ ਗੁਰਦਾਸ ਮਾਨ ਨੇ ਲੋਕਾਂ ਸਾਹਮਣੇ ਸਪਸ਼ਟੀਕਪਨ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਗੱਲ ਸੁਣੀ ਨਹੀਂ ਗਈ। ਪਰ ਗੁਰਦਾਸ ਮਾਨ ਨਾਲ ਜੋ ਵੀ ਵਤੀਰਾ ਹੋਇਆ ਉਹ ਵੀ ਸਹੀ ਨਹੀਂ ਸੀ।”

ਉਨ੍ਹਾਂ ਕਿਹਾ ਕਿ ਜੇ ਉਹ ਪੰਜ ਸਾਲ ਬਾਅਦ ਉਸ ਘਟਨਾ ਲਈ ਮਾਫ਼ੀ ਮੰਗ ਰਹੇ ਹਨ ਤਾਂ ਮਾਫ਼ ਕਰਨਾ ਚਾਹੀਦਾ ਹੈ।

ਗਿੱਲ ਮਹਿਸੂਸ ਕਰਦੇ ਹਨ ਕਿ ਹਾਲੇ ਵੀ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ, ਪਰ ਪੰਜਾਬੀਆਂ ਨੂੰ ਵੀ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਕਹੇ ਸ਼ਬਦ ਭੁਲਾਏ ਤਾਂ ਨਹੀਂ ਜਾ ਸਕਦੇ, ਪਰ ਉਨ੍ਹਾਂ ਦੀ ਮਨ ਵਿੱਚ ਗੰਢ ਬੰਨ੍ਹੀ ਰੱਖਣਾ ਵੀ ਠੀਕ ਨਹੀਂ ਹੈ।

ਗੁਰਭਜਨ ਸਿੰਘ ਗਿੱਲ ਕਹਿੰਦੇ ਹਨ ਕਿ ਲੋਕਾਂ ਕੋਲ ਵੱਡੇ-ਵੱਡੇ ਗੁਨਾਹ ਹੋਏ ਹਨ, ਇਤਿਹਾਸ ਵਿੱਚ ਅਜਿਹੀਆਂ ਵੀ ਉਦਾਹਰਨਾਂ ਹਨ ਜਿੱਥੇ ਸ਼ਹੀਦ ਕਰਨ ਵਾਲਿਆਂ ਨਾਲ ਵੀ ਬਹਿ ਕੇ ਗੱਲ ਮੁਕਾਈ ਗਈ ਹੈ।

ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਦੇ ਮਾਪਿਆ ਨੂੰ ਵੀ ਗਲਤ ਬੋਲਿਆ ਗਿਆ, ਪਰ ਇਹ ਪੰਜਾਬੀਆਂ ਦੀ ਮਰਿਆਦਾ ਨਹੀਂ ਹੈ। ਉਨ੍ਹਾਂ ਕਿਹਾ, “ਜੇ ਗੁਰਦਾਸ ਨੇ ਮਾਫ਼ੀ ਮੰਗੀ ਹੈ ਤਾਂ ਸਾਨੂੰ ਪਰਵਾਨ ਕਰਨਾ ਚਾਹੀਦਾ ਹੈ।“

ਐਤਵਾਰ ਦੀ ਪ੍ਰੈਸ ਕਾਨਫਰੰਸ ਵਿੱਚ ‘ਬੱਤੀ’ ਨੂੰ ਗਾਲ੍ਹ ਨਾ ਦੱਸਣ ਵਾਲੇ ਬਿਆਨ ਬਾਰੇ ਗਿੱਲ ਕਹਿੰਦੇ ਹਨ, “ਇਹ ਗ਼ਲਤ ਗੱਲ ਹੈ, ਉਹ ਬਿਲਕੁਲ ਇੱਕ ਗਾਲ੍ਹ ਹੀ ਗਿਣੀ ਜਾਏਗੀ।"

"ਅਜਿਹੇ ਕੱਦ ਵਾਲਾ ਇਨਸਾਨ ਜਿਸ ਨੇ ਹਮੇਸ਼ਾ ਪੰਜਾਬੀ ਜ਼ਬੁਾਨ ਦੀ ਬਿਹਤਰੀ ਵਾਸਤੇ ਸ਼ਬਦ ਕਹੇ ਹੋਣ, ਆਪਣੇ ਵਿਹਾਰ ਵਿੱਚ ਵੀ ਕਦੇ ਗਿਰਾਵਟ ਨਾ ਲਿਆਂਦੀ ਹੋਵੇ ਉਸ ਦੇ ਮੂੰਹੋਂ ਇਹ ‘ਬੱਤੀ’ ਵਾਲੀ ਗੱਲ ਕਿਸੇ ਗਾਲ੍ਹ ਤੋਂ ਘੱਟ ਨਹੀਂ ਹੈ। ਪਰ ਉਸ ਤੋਂ ਵੱਡੀ ਗਾਲ੍ਹ ਉਸ ਦੇ ਮਾਪਿਆ ਖ਼ਿਲਾਫ਼ ਦਿਖਾਈਆਂ ਗਈਆਂ ਤਖ਼ਤੀਆਂ ਵੀ ਹਨ।”

ਉਨ੍ਹਾਂ ਕਿਹਾ ਕਿ ਕਿਸੇ ਦਾ ਵਿਰੋਧ ਕਰਨਾ ਹੈ ਤਾਂ ਬਹਿ ਕੇ ਵਿਚਾਰ-ਵਿਟਾਂਦਰਾ ਕੀਤਾ ਜਾ ਸਕਦਾ ਹੈ, ਪਰ ਇੱਕ ਪਬਲਿਕ ਪ੍ਰੌਫਰਮਰ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਵੀ ਗੱਲ ਨਹੀਂ ਬਣਦੀ।

ਗੁਰਦਾਸ ਮਾਨ

ਤਸਵੀਰ ਸਰੋਤ, FB/GURDAS MAAN

ਤਸਵੀਰ ਕੈਪਸ਼ਨ, ਵੈਨਕੂਵਰ ਵਿੱਚ ਇੱਕ ਸ਼ੋਅ ਦੌਰਾਨ ਗੁਰਦਾਸ ਮਾਨ ਖ਼ਿਲਾਫ਼ ਨਾਅਰੇ ਲਾਉਂਦੇ ਕੁਝ ਲੋਕਾਂ ਨੂੰ ਉਨ੍ਹਾਂ ਨੇ ਸਟੇਜ ਤੋਂ ਅਪਸ਼ਬਦ ਕਹੇ

ਕੀ ਸਨ ਵਿਵਾਦ ?

ਪਹਿਲਾ- ਸਾਲ 2019 ਵਿੱਚ ਜਦੋਂ ‘ਇੱਕ ਰਾਸ਼ਟਰ, ਇੱਕ ਭਾਸ਼ਾ’ ਬਾਰੇ ਬਹੁਤ ਚਰਚਾ ਹੋ ਰਹੀ ਸੀ ਤਾਂ ਗੁਰਦਾਸ ਮਾਨ ਤੋਂ ਕੈਨੇਡਾ ਟੂਰ ਦੌਰਾਨ ਉੱਥੋਂ ਦੇ ਰੇਡੀਓ ਸ਼ੋਅ ਵਿੱਚ ਇਸ ਬਾਰੇ ਪੁੱਛਿਆ ਗਿਆ ਸੀ।

ਗੁਰਦਾਸ ਮਾਨ ਨੇ ਕਿਹਾ ਸੀ, “ਇਹ ਜ਼ਰੂਰੀ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ੁਬਾਨ ਤਾਂ ਹੋਣੀ ਹੀ ਚਾਹੀਦੀ ਹੈ, ਤਾਂ ਕਿ ਦੇਸ਼ ਦੇ ਦੂਜੇ ਹਿੱਸੇ ਦਾ ਬੰਦਾ ਸਾਊਥ ਵਿੱਚ ਜਾ ਕੇ ਵੀ ਆਪਣੀ ਗੱਲ ਸਮਝਾਂ ਸਕੇ, ਜੇ ਉੱਥੇ ਸਮਝ ਨਾ ਆ ਸਕੀ ਤਾਂ ਫ਼ਾਇਦਾ ਕੀ ਹੈ ਹਿੰਦੁਸਤਾਨੀ ਹੋਣ ਦਾ। ਅਸੀਂ ਮਾਂ ਬੋਲੀ ‘ਤੇ ਇੰਨਾਂ ਜ਼ੋਰ ਦਿੰਦੇ ਹਾਂ, ਮਾਸੀ ‘ਤੇ ਵੀ ਦੇਣਾ ਚਾਹੀਦਾ ਹੈ, ਮਾਸੀ ਨੂੰ ਵੀ ਪਿਆਰ ਕਰਦੇ ਹਾਂ।”

ਪਰ ਕੁਝ ਲੋਕਾਂ ਨੂੰ ਇਹ ਬਿਆ ਪੰਜਾਬੀ ਬੋਲੀ ਦੀ ਮੁਖ਼ਾਲਫ਼ਤ ਵਾਲਾ ਜਾਪਿਆ ਅਤੇ ਗੁਰਦਾਸ ਮਾਨ ਦਾ ਵਿਰੋਧ ਹੋਇਆ।

ਦੂਜਾ- ਵੱਡਾ ਵਿਵਾਦ ਉਨ੍ਹਾਂ ਨਾਲ ਜੁੜਿਆ ਜਦੋਂ ਕਈ ਲੋਕ ਬੋਲੀ ਵਾਲੇ ਬਿਆਨ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਵਿਰੋਧ ਪਰਦਰਸ਼ਨ ਕਰ ਰਹੇ ਸੀ।

ਗੁਰਦਾਸ ਮਾਨ ਦੇ ਵੈਨਕੂਵਰ ਦੇ ਸ਼ੋਅ ਵਿੱਚ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਹੋ ਰਹੀ ਸੀ ਤਾਂ ਗੁਰਦਾਸ ਮਾਨ ਨੇ ਵੀ ਸਟੇਜ ਤੋਂ ਉਨ੍ਹਾਂ ਨੂੰ ਜਵਾਬ ਦਿੱਤਾ ਅਤੇ ਬੋਲੇ ‘ਅਪਸ਼ਬਦਾਂ’ ਨੇ ਉਨ੍ਹਾਂ ਖ਼ਿਲਾਫ਼ ਵਿਰੋਧ ਹੋਰ ਵਧਾ ਦਿੱਤਾ।

ਤੀਜਾ- ਅਗਸਤ, 2021 ਵਿੱਚ ਗੁਰਦਾਸ ਮਾਨ ਖ਼ਿਲਾਫ਼ ਜਲੰਧਰ ਵਿੱਚ ਸਿੱਖ ਭਵਾਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਾਇਆ ਗਿਆ ਸੀ।

ਜਿਸ ਵਿੱਚ ਇਲਜ਼ਾਮ ਸੀ ਕਿ ਗੁਰਦਾਸ ਮਾਨ ਨੇ ਇੱਕ ਪ੍ਰੋਗਰਾਮ ਦੌਰਾਨ ਨਕੋਦਰ ਡੇਰੇ ਦੇ ਗੱਦੀਨਸ਼ੀਂਨ ਲਾਡੀ ਸ਼ਾਹ ਨੂੰ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ ਹੈ, ਜੋ ਕਿ ਇਤਿਹਾਸਕ ਅਤੇ ਤੱਥਾਂ ਪੱਖੋਂ ਗਲਤ ਹੈ।

ਮਾਮਲਾ ਗਰਮਾਉਣ ਬਾਅਦ ਗੁਰਦਾਸ ਮਾਨ ਨੇ ਮਾਫ਼ੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਕਦੇ ਵੀ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਬਾਰੇ ਸੋਚ ਨਹੀਂ ਸਕਦੇ ਅਤੇ ਨਾ ਹੀ ਗੁਰੂ ਸਾਹਿਬਾਨ ਦੀ ਤੁਲਨਾ ਕਿਸੇ ਨਾ ਹੋ ਸਕਦੀ ਹੈ।

ਗੁਰਦਾਸ ਮਾਨ ਨੂੰ ਦੋਸ਼ੀ ਨਾ ਮੰਨਦਿਆਂ ਇਹ ਕੇਸ ਹਾਈ ਕੋਰਟ ਤੋਂ ਖਾਰਜ ਹੋ ਚੁੱਕਿਆ ਹੈ।

ਦੱਸ ਦੇਈਏ ਕਿ ਅਕਤੂਬਰ ਦੀ ਸ਼ੁਰੂਆਤ ਵਿੱਚ ਗੁਰਦਾਸ ਮਾਨ ਦਾ ਯੂਐੱਸ ਦੌਰਾ ਸ਼ੁਰੂ ਹੋ ਰਿਹਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੀ ਐਲਬਮ ‘ਸਾਊਂਡ ਆਫ ਸੌਇਲ’ ਵੀ ਰਿਲੀਜ਼ ਹੋਏਗੀ। ਇਸ ਐਲਬਮ ਦੇ ਇੱਕ ਗੀਤ ‘ਮੈਂ ਹੀ ਝੂਠੀ’ ਦੀ ਵੀਡੀਓ ਪਹਿਲਾਂ ਹੀ ਰਿਲੀਜ਼ ਹੋ ਗਈ ਹੈ ਜਿਸ ਨੂੰ ਦਰਸ਼ਕ ਭਰਵਾਂ ਹੁੰਗਾਰਾ ਦੇ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)