ਗੁਰਦਾਸ ਮਾਨ ਨਵੇਂ ਗਾਣੇ ‘ਗੱਲ ਸੁਣੋ ਪੰਜਾਬੀ ਦੋਸਤੋ’ ਵਿੱਚ ਕਿਹੜੀਆਂ ਗੱਲਾਂ ਕਰ ਰਹੇ ਹਨ

ਤਸਵੀਰ ਸਰੋਤ, Gurdas maan/instagram
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣਾ ਨਵਾਂ ਗਾਣਾ ‘ਗੱਲ ਸੁਣੋ ਪੰਜਾਬੀ ਦੋਸਤੋ’ ਆਪਣੇ ਯੂਟਿਊਬ ਚੈਨਲ ਤੋਂ ਬੁੱਧਵਾਰ ਨੂੰ ਜਾਰੀ ਕਰ ਦਿੱਤਾ ਹੈ।
ਗੁਰਦਾਸ ਮਾਨ ਦਾ ਇਹ ਗਾਣਾ ਸਾਲ 2019 ਵਿੱਚ ਪੰਜਾਬੀ ਭਾਸ਼ਾ ਬਾਰੇ ਆਪਣੇ ਬਿਆਨ ਤੋਂ ਪੈਦਾ ਹੋਏ ਵਿਵਾਦ ਅਤੇ ਖ਼ੁਦ ਨੂੰ ਬੁਰਾ-ਭਲਾ ਕਹਿਣ ਵਾਲਿਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਵਜੋਂ ਨਜ਼ਰ ਆ ਰਿਹਾ ਹੈ।
ਖ਼ਬਰ ਲਿਖੇ ਜਾਣ ਤੱਕ ਵੀਡੀਓ ਜਾਰੀ ਹੋਏ ਨੂੰ ਪੰਜ ਘੰਟੇ ਬੀਤ ਚੁੱਕੇ ਹਨ ਅਤੇ ਇਸ ਨੂੰ ਲਗਭਗ ਡੇਢ ਲੱਖ ਵਾਰ ਦੇਖਿਆ ਜਾ ਚੁੱਕਿਆ ਹੈ।
ਸਾਲ 2019 ਵਿੱਚ ਉਨ੍ਹਾਂ ਦੇ ਪੰਜਾਬੀ ਬੋਲੀ ਨੂੰ ਮਾਂ ਅਤੇ ਹਿੰਦੀ ਨੂੰ ਮਾਸੀ ਭਾਸ਼ਾ ਕਹੇ ਜਾਣ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ।
ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਸ਼ੋਅ ਦੇ ਬਾਈਕਾਟ ਕਰਨ ਦੇ ਸੱਦੇ ਦਿੱਤੇ ਗਏ ਸਨ ਅਤੇ ਕਿਹਾ ਗਿਆ ਕਿ ਸਾਰੀ ਉਮਰ ਉਨ੍ਹਾਂ ਨੇ ਪੰਜਾਬੀ ਦੇ ਨਾਮ ਉੱਪਰ ਕਮਾਈ ਕੀਤੀ ਹੈ ਅਤੇ ਹੁਣ ਉਹ ਹਿੰਦੀ ਦੀ ਸਿਫ਼ਤ ਕਰ ਰਹੇ ਹਨ।
ਇਸੇ ਦੌਰਾਨ ਆਏ ਗੁਰਦਾਸ ਮਾਨ ਦੇ ਉਪਰੋਕਤ ਬਿਆਨ ਕਾਰਨ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਤਸਵੀਰ ਸਰੋਤ, youtube
ਸਾਲ 2021 ਵਿੱਚ ਉਨ੍ਹਾਂ ਨੇ ਜਲੰਧਰ ਦੇ ਨਕੋਦਰ ਵਿੱਚ ਇੱਕ ਬਾਬੇ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ।
ਬਾਅਦ ਵਿੱਚ ਉਨ੍ਹਾਂ ਨੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਅਤੇ ਮਾਫ਼ੀ ਮੰਗੀ ਪਰ ਉਨ੍ਹਾਂ ਦੀ ਮਾਫ਼ੀ ਕੰਮ ਨਾ ਆਈ ਅਤੇ ਉਨ੍ਹਾਂ ਖਿਲਾਫ਼ ਧਾਰਿਮਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਗਿਆ।
ਇੱਕ ਸਟੇਜ ਪ੍ਰੋਗਰਾਮ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਗੁਰਦਾਸ ਮਾਨ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਬਾਈਕਾਟ ਦੇ ਪੋਸਟਰ ਦਿਖਾਏ ਅਤੇ ਮੁਰਦਾਬਾਦ ਦੇ ਨਾਅਰੇ ਲਗਾਏ।
ਗੁੱਸੇ ਵਿੱਚ ਗੁਰਦਾਸ ਮਾਨ ਨੇ ਸਟੇਜ ਤੋਂ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਤੌਰ ’ਤੇ ਮਾੜੀ ਸ਼ਬਦਾਵਲੀ ਵਿੱਚ ਜਵਾਬ ਦਿੱਤਾ ਸੀ।

- ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣਾ ਨਵਾਂ ਗਾਣਾ ‘ਗੱਲ ਸੁਣੋ ਪੰਜਾਬੀ ਦੋਸਤੋ’ ਆਪਣੇ ਯੂਟਿਊਬ ਚੈਨਲ ਤੋਂ ਬੁੱਧਵਾਰ ਨੂੰ ਜਾਰੀ ਕਰ ਦਿੱਤਾ ਹੈ।
- ਸਾਲ 2019 ਵਿੱਚ ਉਨ੍ਹਾਂ ਦੇ ਪੰਜਾਬੀ ਬੋਲੀ ਨੂੰ ਮਾਂ ਅਤੇ ਹਿੰਦੀ ਨੂੰ ਮਾਸੀ ਭਾਸ਼ਾ ਕਹੇ ਜਾਣ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ।
- ਸਾਲ 2021 ਵਿੱਚ ਉਨ੍ਹਾਂ ਨੇ ਜਲੰਧਰ ਦੇ ਨਕੋਦਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਇੱਕ ਬਿਆਨ ਕਾਰਨ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ।
- ਸੋਸ਼ਲ ਮੀਡੀਆ ਉੱਪਰ ਗੁਰਦਾਸ ਮਾਨ ਦੀ ਤਿੱਖੀ ਆਲੋਚਨਾ ਹੋਈ। ਉਨ੍ਹਾਂ ਨੂੰ ਪੰਜਾਬੀ ਬੋਲੀ ਦਾ ਗਦਾਰ ਕਿਹਾ ਗਿਆ।
- ਗਾਣਾ ਜਿੱਥੇ ਗੁਰਦਾਸ ਮਾਨ ਦੇ ਵਿਰੋਧੀਆਂ ਨੂੰ ਜਵਾਬ ਦਿੰਦਾ ਜਾਪਦਾ ਹੈ ਉੱਥੇ ਫ਼ਿਲਮਾਂਕਣ ਪੱਖੋਂ ਪੰਜਾਬੀ ਸਮਾਜ ਵਿੱਚਲੇ ਦੋਹਰੇ ਮਾਪਦੰਡਾਂ ਨੂੰ ਵੀ ਉਭਾਰਦਾ ਹੈ।

ਪਿਛਲੇ ਦਿਨੀਂ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਜਾਰੀ ਨਵੇਂ ਗਾਣੇ ਦੇ ਮੋਸ਼ਨ ਪੋਸਟਰ ਵਿੱਚ ਉਨ੍ਹਾਂ ਗਾਣਾ ਲਗਾਇਆ ਜਿਸ ਵਿੱਚ ਪੰਜਾਬੀ ਨੂੰ ਚੋਰਾਂ ਦੇ ਵੱਸ ਪੈ ਗਈ ਦੱਸਿਆ ਜਾ ਰਿਹਾ ਹੈ।
ਹੁਣ ਇੱਕ ਸਰਸਰੀ ਨਜ਼ਰ ਵਿੱਚ ਗੁਰਦਾਸ ਮਾਨ ਦੇ ਨਵੇਂ ਗਾਣੇ ਦੇ ਵਿਸ਼ਾ ਵਸਤੂ ਨੂੰ ਦੇਖਦੇ ਹਾਂ—
ਗੁਰਦਾਸ ਮਾਨ ਦੇ ਗਾਣੇ ਵਿੱਚ ਕੀ ਹੈ
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਯੂਟਿਊਬ ਉੱਪਰ ਜਾਰੀ ਗਾਣੇ ਦੇ ਵੇਰਵੇ ਵਿੱਚ ਦਸਤ ਬਰਦਾਰੀ (ਡਿਸਕਲੇਮਰ) ਦਿੱਤੀ ਗਈ ਹੈ, ਜੋ ਕਿ ਅੱਠ ਭਾਸ਼ਾਵਾਂ ਵਿੱਚ ਲਿਖੀ ਗਈ ਹੈ।
ਦਸਤਬਰਦਾਰੀ ਦੇ ਸ਼ਬਦ ਹਨ,''ਇਸ ਰਚਨਾ ਵਿੱਚ ਵਿਖਾਏ ਗੀਤ, ਗੀਤ ਦੇ ਬੋਲ ਤੇ ਕਿਰਦਾਰ ਕਾਲਪਨਿਕ ਹਨ। ਜਿਹੜੇ ਵੀ ਨਾਮ, ਕਿਰਦਾਰ ਤੇ ਘਟਨਾ ਪੇਸ਼ ਕੀਤੇ ਗਏ ਹਨ ਉਹ ਕਾਲਪਨਿਕ ਹਨ। ਅਸਲੀਅਤ 'ਚ ਇਸ ਦਾ ਕਿਸੇ ਵੀ ਇਨਸਾਨ (ਜਿਉਂਦੇ ਜਾਂ ਮਰੇ) ਥਾਂ, ਸੰਸਥਾਨ ਤੇ ਸਾਮਾਨ ਨਾਲ ਕੋਈ ਸਬੰਧ ਨਹੀਂ ਹੈ।''

ਇਹ ਵੀ ਪੜ੍ਹੋ-

ਗਾਣੇ ਦੀ ਸ਼ੁਰੂਆਤ ਵਿੱਚ ਗੁਰਦਾਸ ਮਾਨ ਬਾਉਲੀ ਦੀਆਂ ਪੌੜ੍ਹੀਆਂ ਉੱਤਰਦੇ ਨਜ਼ਰ ਆਉਂਦੇ ਹਨ। ਉਹ ਜਿਵੇਂ-ਜਿਵੇਂ ਥੱਲੇ ਉੱਤਰਦੇ ਹਨ ਉਨ੍ਹਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਹੋ ਰਹੀ ਹੈ।
ਪਿਛੋਕੜ ਵਿੱਚ ਉਨ੍ਹਾਂ ਦੇ ਦੋਵਾਂ ਵਿਵਾਦਾਂ ਬਾਰੇ ਇੱਕ ਰੇਡੀਓ ਸੰਵਾਦ ਚੱਲਦਾ ਹੈ ਜਿਸ ਤੋਂ ਸਰੋਤਿਆਂ ਅਤੇ ਦਰਸ਼ਕਾਂ ਨੂੰ ਗਾਣੇ ਦੇ ਪ੍ਰਸੰਗ ਦਾ ਪਤਾ ਚੱਲਦਾ ਹੈ।
ਗਾਣੇ ਦੀ ਸ਼ੁਰੂਆਤ ਵਿੱਚ ਇੱਕ ਰੋਡਰੇਜ ਨੂੰ ਦਰਸਾਇਆ ਗਿਆ ਹੈ ਜਿਸ ਵਿੱਚ ਸੰਬੰਧਿਤ ਧਿਰਾਂ ਇੱਕ ਦੂਜੇ ਨੂੰ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਦਿੰਦੇ ਹਨ।
ਇਸੇ ਦਰਮਿਆਨ ਗੁਰਦਾਸ ਮਾਨ ਦਰਸ਼ਕਾਂ ਨੂੰ ਨਜ਼ਰ ਆਉਂਦੇ ਹਨ ਅਤੇ ਰੋਡਰੇਜ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਪੋਸਟ ਕਰਨ ਵਾਲਿਆਂ ਨੂੰ ਤਾਹਨਾ ਮਾਰਦੇ ਹਨ ਜੋ ਬਿਨਾਂ ਕਿਸੇ ਵਿਚਾਰ ਤੋਂ ਹੀ ਸ਼ਬਦਾਂ ਦੀ ਕਟਾਰ ਕੱਢ ਲੈਂਦੇ ਹਨ।
ਇਸ ਸਾਰੇ ਗਾਣੇ ਦੌਰਾਨ ਗੁਰਦਾਸ ਮਾਨ ਜਿੱਥੇ ਆਪਣੀ ਵਿੱਥਿਆ ਬਿਆਨ ਕਰਦੇ ਹਨ ਉੱਥੇ ਹੀ ਗਾਣੇ ਵਿੱਚ ਥਾਂਓਂ-ਥਾਈਂ ਪਰੋਏ ਪਾਤਰਾਂ ਨੂੰ ਇੱਕ-ਇੱਕ ਪਰਚੀ ਦਿੰਦੇ ਜਾਂਦੇ ਹਨ।
ਉਹ ਬਾਉਲੀ ਦੀਆਂ ਪੌੜੀਆਂ ਉੱਤਰਦੇ ਹੋਏ ਕਹਿੰਦੇ ਹਨ, “ਮੈਨੂੰ ਨਹੀਂ ਪਤਾ ਕਿ ਮੇਰੇ ਸ਼ੋਅ ਦੇ ਅੱਧ ਵਿਚਕਾਰ ਉਹ ਕੌਣ ਲੋਕ ਸਨ ਜੋ ਆ ਕੇ ਨਾਅਰੇਬਾਜ਼ੀ ਕਰ ਰਹੇ ਸਨ।”
ਵੀਡੀਓ: ਗੁਰਦਾਸ ਮਾਨ ਨੇ ਪਹਿਲੀ ਵਾਰ ਕਦੋਂ ਗਾਇਆ
''ਮੈਂ ਗਾਲ੍ਹ ਕਿਉਂ ਕੱਢੀ?''
ਗੁਰਦਾਸ ਮਾਨ ਕਹਿੰਦੇ ਹਨ ਕਿ ਉਨ੍ਹਾਂ ਲੋਕਾਂ ਨੇ ਮੇਰੀ ਮਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਉਸ ਨੇ ਇੱਕ ਗੱਦਾਰ ਪੁੱਤਰ ਜੰਮਿਆ ਹੈ।
ਤਾਂ ਇਸ ਤੋਂ ਮੈਨੂੰ ਗੁੱਸਾ ਕਿਵੇਂ ਨਾ ਆਉਂਦਾ?
ਅੱਗੇ ਗੁਰਦਾਸ ਮਾਨ ਕਹਿੰਦੇ ਹਨ ਕਿ ਆਖ਼ਰ ਸੁਪਨੇ ਵਿੱਚ ਉਨ੍ਹਾਂ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਸਭ ਕੀ ਹੋਇਆ ਸੀ, ਕੀ ਇਹ ਉਨ੍ਹਾਂ ਖਿਲਾਫ਼ ਕੋਈ ਸਾਜ਼ਿਸ਼ ਵਰਤਾਈ ਗਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਗੱਲਾਂ ਕਰਦੇ ਉਹ ਬਾਉਲੀ ਦੇ ਪਾਣੀ ਕੋਲ ਪਹੁੰਚ ਕੇ ਆਪਣੀ ਕਲਮ ਵਹਾਉਣ ਹੀ ਵਾਲੇ ਹੁੰਦੇ ਹਨ। ਗਾਣੇ ਵਿੱਚ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਦੇ ਵਿਰੋਧੀ ਇਸ ਤੋਂ ਖੁਸ਼ ਹਨ ਕਿ ਗੁਰਦਾਸ ਆਪਣੀ ਕਲਮ ਸੁੱਟਣ ਲੱਗੇ ਹਨ। ਉਨ੍ਹਾਂ ਲੋਕਾਂ ਕੋਲ ਤਖ਼ਤੀ ਹੈ ਜਿਸ ਉੱਪਰ ਲਿਖਿਆ ਹੈ ਕਿ ''ਆਪਣੀ ਕਲਮ ਖੂਹ ਵਿੱਚ ਸੁੱਟਦੇ''।
ਪਰ... ਪਿੱਛੋਂ ਉਹੀ ਬੁੱਢੀ ਮਾਈ ਜੋ ਗਾਣੇ ਦੇ ਸ਼ੁਰੂ ਵਿੱਚ ਜਦੋਂ ਗੁਰਦਾਸ ਮਾਨ ਦੇ ਕੂੜੇ ਵਿੱਚ ਪਏ ਪੋਸਟਰ ਨੂੰ ਜੇਸੀਬੀ ਚੁੱਕ ਕੇ ਲਿਜਾ ਰਹੀ ਸੀ ਤਾਂ ਉਸ ਵਿੱਚੋਂ ਉਨ੍ਹਾਂ ਦੀ ਜਾਕਟ ਦੀਆਂ ਝਾਲਰਾਂ ਦੇ ਮੋਤੀ ਚੁਣ ਰਹੀ ਹੁੰਦੀ ਹੈ, ਪ੍ਰਵੇਸ਼ ਕਰਦੀ ਹੈ।
ਬੁੱਢੀ ਮਾਈ ਗੁਰਦਾਸ ਮਾਨ ਨੂੰ ਜਾਕਟ ਪਹਿਨਾਉਂਦੀ ਹੈ ਅਤੇ ਤਲਵਾਰ ਕਮਰਬੰਦ ਵਿੱਚ ਟੰਗਣ ਦੇ ਸੰਕੇਤ ਵਾਂਗ ਕਲਮ ਟੰਗ ਦਿੰਦੀ ਹੈ।
ਗੁਰਦਾਸ ਮਾਨ ਉਸ ਦੇ ਨਾਲ ਵਾਪਸ ਆ ਉੱਪਰ ਵੱਲ ਮੁੜਦੇ ਹਨ ਅਤੇ ਉੱਭਰਦੇ ਹਨ।

ਤਸਵੀਰ ਸਰੋਤ, youtube
ਉਹ ਆਪਣਾ ਵਿਰੋਧ ਕਰਨ ਵਾਲਿਆਂ ਨੂੰ ਕਹਿੰਦੇ ਹਨ ਕਿ ਜਿੱਥੇ ਬੋਲੇ ਸੋ ਨਿਹਾਲ ਹੁੰਦਾ ਹੈ ਉੱਥੇ ਮੁਰਦਾਬਾਦ ਨਹੀਂ ਹੋ ਸਕਦਾ ਅਤੇ ਇਹ ਕਹਿੰਦਿਆਂ ਹੀ ਮੀਂਹ ਪੈ ਜਾਂਦਾ ਹੈ।
ਇਸ ਮੀਂਹ ਵਿੱਚ ਗੁਰਦਾਸ ਮਾਨ ਦੇ ਖਿਲਾਫ਼ ਕਾਲੇ ਅੱਖਰਾਂ ਨਾਲ ਲਿਖੇ ਨਾਅਰੇ ਧੋਤੇ ਜਾਂਦੇ ਹਨ। ਮੀਂਹ ਵਿੱਚ ਹੀ ਉਹ ਪਰਚੀਆਂ ਸਾਡੇ ਸਾਹਮਣੇ ਖੁੱਲ੍ਹਦੀਆਂ ਹਨ ਜੋ ਗੁਰਦਾਸ ਮਾਨ ਥਾਓਂ-ਥਾਈਂ ਰੱਖ ਰਹੇ ਸਨ, ਵੰਡ ਰਹੇ ਸਨ।
ਇਨ੍ਹਾਂ ਪਰਚੀਆਂ ਉੱਪਰ ਗੁਰਦਾਸ ਮਾਨ ਦੇ ਪੁਰਾਣੇ ਗੀਤਾਂ ਦੇ ਬੋਲ ਹਨ, ਜੋ ਇੱਕ ਤੋਂ ਬਾਅਦ ਇੱਕ ਸਾਡੇ ਸਾਹਮਣੇ ਖੁੱਲ੍ਹਦੀਆਂ ਹਨ।
ਸਮਾਜ ਦੇ ਦੋਹਰੇ ਮਾਪਦੰਡਾਂ ਵੱਲ ਇਸ਼ਾਰਾ
ਗਾਣਾ ਜਿੱਥੇ ਗੁਰਦਾਸ ਮਾਨ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਲਿਖਿਆ ਜਾਪਦਾ ਹੈ ਉੱਥੇ ਫ਼ਿਲਮਾਂਕਣ ਪੱਖੋਂ ਪੰਜਾਬੀ ਸਮਾਜ ਵਿਚਲੇ ਦੋਹਰੇ ਮਾਪਦੰਡਾਂ ਨੂੰ ਵੀ ਸਾਹਮਣੇ ਉਭਾਰ ਕੇ ਰੱਖਦਾ ਹੈ।
ਪਹਿਲੇ ਦ੍ਰਿਸ਼ ਵਿੱਚ ਇੱਕ ਪ੍ਰੋਫ਼ੈਸਰ ਰੇਡੀਓ ਉੱਪਰ ਪੰਜਾਬੀ ਦੇ ਹੱਕ ਵਿੱਚ ਗੱਲਾਂ ਕਰਦੇ ਹੋਏ ਗੁਰਦਾਸ ਮਾਨ ਦੀ ਸੰਪਰਕ ਭਾਸ਼ਾ ਦੀ ਗੱਲ ਦੀ ਆਲੋਚਨਾ ਕਰ ਰਿਹਾ ਹੈ। ਉਹੀ ਪ੍ਰੋਫ਼ੈਸਰ ਰੋਡਰੇਜ ਵਿੱਚ ਭੈਣ ਦੀ ਗਾਲ੍ਹ ਦੇਣ ਤੋਂ ਗੁਰੇਜ਼ ਨਹੀਂ ਕਰਦਾ।
ਦੂਜੇ ਦ੍ਰਿਸ਼ ਵਿੱਚ ਇੱਕ ਸੜਕ ਉੱਪਰ ਦੋ ਬੱਚੇ ਖੇਡ ਰਹੇ ਹਨ। ਮੋਟਰ ਸਾਈਕਲ ਲੰਘਦਾ ਹੈ ਅਤੇ ਬੱਚਿਆਂ ਦੇ ਚਿਹਰਿਆਂ ਉੱਪਰ ਚਿੱਕੜ ਉਛਾਲ ਜਾਂਦਾ ਹੈ। ਇੱਕ ਔਰਤ ਦੋਵਾਂ ਬੱਚਿਆਂ ਵਿੱਚੋਂ ਮੁੰਡੇ ਨੂੰ ਲੈ ਜਾਂਦੀ ਹੈ ਅਤੇ ਕੁੜੀ ਉੱਥੇ ਹੀ ਰੋਣ-ਹੱਕੀ ਹੋਈ ਬੈਠੀ ਰਹਿ ਜਾਂਦੀ ਹੈ।
ਅਗਲੇ ਦ੍ਰਿਸ਼ ਵਿੱਚ ਕਾਨਵੈਂਟ ਸਕੂਲ ਵਿੱਚ ਪੜ੍ਹਦੇ ਬੱਚੇ ਇੱਕ ਪੰਜਾਬੀ ਮੀਡੀਅਮ ਸਕੂਲ ਵਿੱਚ ਪੜ੍ਹਨ ਜਾ ਰਹੇ ਬੱਚੇ ਨੂੰ ਬੁੱਲੀ ਕਰਦੇ ਹਨ।
ਵੀਡੀਓ ਅਜਿਹੇ ਸੰਕੇਤ ਕਈ ਥਾਂ ਸਾਡੇ ਸਾਹਮਣੇ ਪੇਸ਼ ਕਰਦਾ ਹੈ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













