ਕੀ ਸਰਦੀਆਂ 'ਚ ਦਿਲ ਨੂੰ ਜ਼ਿਆਦਾ ਖ਼ਤਰਾ ਹੈ, ਕੀ ਕੋਲੈਸਟ੍ਰੋਲ ਠੀਕ ਹੋਵੇ ਤਾਂ ਵੀ ਦਿਲ ਦਾ ਦੌਰਾ ਪੈ ਸਕਦਾ ਹੈ, ਕਿਵੇਂ ਬਚੀਏ

ਦਿਲ

ਤਸਵੀਰ ਸਰੋਤ, Getty Images

    • ਲੇਖਕ, ਸ਼ੁਭ ਰਾਣਾ
    • ਰੋਲ, ਬੀਬੀਸੀ ਹਿੰਦੀ ਦੇ ਲਈ

ਕੀ ਤੁਸੀਂ ਇਹ ਜਾਣਦੇ ਹੋ ਕਿ ਭਾਰਤ ਵਿੱਚ ਦਿਲ ਨਾਲ ਜੁੜੀਆਂ ਬਿਮਾਰੀਆਂ ਮੌਤ ਦੇ ਵੱਡੇ ਕਾਰਨਾਂ ਵਿੱਚ ਸ਼ਾਮਲ ਹੈ।

ਗਲੋਬਲ ਬਰਡਨ ਆਫ਼ ਡਿਜ਼ੀਜ਼ ਸਟੱਡੀ ਮੁਤਾਬਕ ਹਰ ਚਾਰ ਵਿੱਚੋਂ ਇੱਕ ਮੌਤ ਇਨ੍ਹਾਂ ਬਿਮਾਰੀਆਂ ਕਾਰਨ ਹੀ ਹੁੰਦੀ ਹੈ।

ਦਿਲ ਦੀਆਂ ਬਿਮਾਰੀਆਂ ਨਾਲ ਹੋਣ ਵਾਲੀ 80 ਫੀਸਦ ਤੋਂ ਜ਼ਿਆਦਾ ਮੌਤਾਂ ਹਾਰਟ ਅਟੈਕ ਅਤੇ ਸਟਰੋਕ ਦੇ ਕਾਰਨ ਹੁੰਦੀਆਂ ਹਨ।

ਵੈਸੇ ਦਿਲ ਦੇ ਮਾਮਲੇ ਵਿੱਚ ਆਮ ਧਾਰਨਾ ਇਹ ਹੈ ਕਿ ਜੇ ਕੋਲੈਸਟ੍ਰੋਲ ਦਾ ਪੱਧਰ ਸਹੀ ਹੈ ਤਾਂ ਸਭ ਠੀਕ ਹੀ ਹੋਵੇਗਾ। ਪਰ ਸਿਰਫ਼ ਕੋਲੈਸਟ੍ਰੋਲ ਦਾ ਪੱਧਰ ਸਹੀ ਹੋਣ ਨਾਲ ਕੀ ਇਹ ਮੰਨ ਲੈਣਾ ਚਾਹੀਦਾ ਹੈ ਕਿ ਸਾਡਾ ਦਿਲ ਵੀ ਸਿਹਤਮੰਦ ਹੋਵੇਗਾ?

ਅਸੀਂ ਇਸ ਲੇਖ ਵਿੱਚ ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਲੈਸਟ੍ਰੋਲ ਤੋਂ ਇਲਾਵਾ ਹੋਰ ਕਿਹੜੇ ਸੰਕੇਤ ਅਤੇ ਫੈਕਟਰ ਹਨ, ਜੋ ਦਿਲ ਦੇ ਦੌਰੇ ਦੀ ਚਿਤਾਵਨੀ ਪਹਿਲਾਂ ਹੀ ਦੇ ਸਕਦੇ ਹਨ ਅਤੇ ਸਰਦੀਆਂ ਵਿੱਚ ਅਸੀਂ ਕਿਵੇਂ ਦਿਲ ਦਾ ਖ਼ਿਆਲ ਰੱਖ ਸਕਦੇ ਹਾਂ।

ਸਰਦੀਆਂ ਵਿੱਚ ਖ਼ਤਰੇ

ਹੁਣ ਜਦੋਂ ਸਰਦੀਆਂ ਦੀ ਰੁੱਤ ਹੈ ਤਾਂ ਸਭ ਤੋਂ ਪਹਿਲਾਂ ਗੱਲ ਸਰਦੀਆਂ ਦੇ ਖਤਰਿਆਂ ਦੀ।

ਅਮਰੀਕਨ ਕਾਲਜ ਆਫ਼ ਕਾਰਡੀਓਲੋਜੀ ਦੇ ਪ੍ਰਮੁੱਖ ਜਰਨਲ, ਜੇਏਸੀਸੀ ਵਿੱਚ 2024 ਵਿੱਚ ਇੱਕ ਅਧਿਐਨ ਪ੍ਰਕਾਸ਼ਿਤ ਹੋਇਆ। ਇਸ ਨੂੰ ਯੂਰਪੀਅਨ ਸੋਸਾਇਟੀ ਆਫ਼ ਕਾਰਡੀਓਲੋਜੀ (ਈਐੱਸਸੀ) ਕਾਂਗਰਸ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਬਹੁਤ ਜ਼ਿਆਦਾ ਠੰਢਾ ਮੌਸਮ ਅਤੇ ਅਚਾਨਕ ਠੰਢੀਆਂ ਲਹਿਰਾਂ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਦਿੰਦੀਆਂ ਹਨ।

ਇਸ ਅਧਿਐਨ ਦੇ ਅਨੁਸਾਰ ਠੰਢੇ ਮੌਸਮ ਦੀ ਸ਼ੁਰੂਆਤ ਦੇ ਤੁਰੰਤ ਬਾਅਦ ਜੋਖਮ ਸਭ ਤੋਂ ਵੱਧ ਨਹੀਂ ਹੁੰਦਾ ਸਗੋਂ ਦੋ ਤੋਂ ਛੇ ਦਿਨਾਂ ਬਾਅਦ ਹੁੰਦਾ ਹੈ।

ਇਸੇ ਤਰ੍ਹਾਂ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਹਰ ਸਾਲ ਕ੍ਰਿਸਮਸ ਅਤੇ ਨਵੇਂ ਸਾਲ ਦੇ ਨੇੜੇ ਹਾਰਟ ਅਟੈਕ ਅਤੇ ਦਿਲ ਨਾਲ ਜੁੜੀਆਂ ਮੌਤਾਂ ਦੇ ਮਾਮਲੇ ਸਭ ਤੋਂ ਜ਼ਿਆਦਾ ਦਰਜ ਕੀਤੇ ਜਾਂਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਠੰਢ, ਲਾਈਫ਼ ਸਟਾਇਲ ਵਿੱਚ ਬਦਲਾਅ ਅਤੇ ਸਰੀਰਕ ਪ੍ਰਤੀਕਿਰਿਆਵਾਂ ਦਾ ਇਹ ਮੇਲ ਦਿਲ 'ਤੇ ਜ਼ਿਆਦਾ ਦਬਾਅ ਪਾਉਂਦਾ ਹੈ।

ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਹਰ ਸਾਲ ਕ੍ਰਿਸਮਸ ਅਤੇ ਨਵੇਂ ਦੇ ਨੇੜੇ ਹਾਰਟ ਅਟੈਕ ਅਤੇ ਦਿਲ ਨਾਲ ਜੁੜੀਆਂ ਮੌਤਾਂ ਦੇ ਮਾਮਲੇ ਸਭ ਤੋਂ ਜ਼ਿਆਦਾ ਦਰਜ ਕੀਤੇ ਜਾਂਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰ ਸਾਲ ਕ੍ਰਿਸਮਸ ਅਤੇ ਨਵੇਂ ਦੇ ਨੇੜੇ ਹਾਰਟ ਅਟੈਕ ਅਤੇ ਦਿਲ ਨਾਲ ਜੁੜੀਆਂ ਮੌਤਾਂ ਦੇ ਮਾਮਲੇ ਸਭ ਤੋਂ ਜ਼ਿਆਦਾ ਦਰਜ ਕੀਤੇ ਜਾਂਦੇ ਹਨ।

ਮੇਦਾਂਤਾ ਮੂਲਚੰਦ ਹਾਰਟ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਤੇ ਹੈੱਡ ਪ੍ਰੋਫੈਸਰ ਡਾਕਟਰ ਤਰੁਣ ਕੁਮਾਰ ਨੂੰ ਅਸੀਂ ਪੁੱਛਿਆ ਕਿ ਸਰਦੀਆਂ ਵਿੱਚ ਹਾਰਟ ਅਟੈਕ ਦਾ ਖ਼ਤਰਾ ਕਿਉਂ ਵਧ ਜਾਂਦਾ ਹੈ?

ਉਹ ਕਹਿੰਦੇ ਹਨ ਕਿ ਸਰਦੀਆਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵਧਣ ਪਿੱਛੇ ਚਾਰ ਮੁੱਖ ਕਾਰਨ ਹਨ... ਜਦੋਂ ਮੌਸਮ ਠੰਢਾ ਹੁੰਦਾ ਹੈ ਤਾਂ ਸਰੀਰ ਆਪਣੇ ਆਪ ਨੂੰ ਗਰਮ ਰੱਖਣ ਲਈ ਖੂਨ ਦੀਆਂ ਨਾੜੀਆਂ ਅਤੇ ਨਸਾਂ ਨੂੰ ਸੁੰਗੜਨ ਲੱਗਦਾ ਹੈ। ਇਸ ਨਾਲ ਦਿਲ ਦੀਆਂ ਮੁੱਖ ਧਮਨੀਆਂ (ਕੋਰੋਨਰੀ ਆਰਟਰੀ) ਵੀ ਸੁੰਗੜ ਜਾਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਦਿਲ ਤੱਕ ਖੂਨ ਅਤੇ ਆਕਸੀਜਨ ਘੱਟ ਪਹੁੰਚਦੀ ਹੈ।

ਸਰਦੀਆਂ ਵਿੱਚ ਪਸੀਨਾ ਘੱਟ ਆਉਂਦਾ ਹੈ ਅਤੇ ਲੋਕ ਘੱਟ ਚੱਲਦੇ-ਫਿਰਦੇ ਹਨ। ਇਸ ਨਾਲ ਸਰੀਰ ਵਿੱਚ ਪਲਾਜ਼ਮਾ ਵਧਦਾ ਹੈ, ਭਾਵ ਕੁੱਲ ਖੂਨ ਦੀ ਮਾਤਰਾ ਵਧਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਤੇਜ਼ ਹੋ ਸਕਦੀ ਹੈ, ਜਿਸ ਨਾਲ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ।

ਠੰਢ ਵਿੱਚ ਸਰੀਰ ਦਾ ਮੈਟਾਬੋਲਿਜ਼ਮ ਥੋੜ੍ਹਾ ਹੌਲੀ ਹੋ ਜਾਂਦਾ ਹੈ। ਲੋਕ ਅਣਜਾਣੇ ਵਿੱਚ ਉੱਚ-ਕੈਲੋਰੀ ਵਾਲੇ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਵੇਂ ਕਿ ਗਾਜਰ ਦਾ ਹਲਵਾ, ਗੁੜ, ਮੂੰਗਫਲੀ, ਤਲੇ ਹੋਏ ਪਕੌੜੇ, ਆਦਿ ਅਤੇ ਬਾਹਰੀ ਗਤੀਵਿਧੀਆਂ ਅਤੇ ਕਸਰਤ ਵੀ ਘੱਟ ਹੋ ਜਾਂਦੀ ਹੈ। ਇਸ ਨਾਲ ਭਾਰ ਵਧਣ ਅਤੇ ਕੋਲੈਸਟ੍ਰੋਲ ਦਾ ਖ਼ਤਰਾ ਵਧ ਜਾਂਦਾ ਹੈ।

ਸਰਦੀਆਂ ਵਿੱਚ ਸਰੀਰ ਦੇ ਹਾਰਮੋਨਜ਼ ਵਿੱਚ ਕੁਝ ਬਦਲਾਅ ਆਉਂਦੇ ਹਨ, ਜਿਸ ਨਾਲ ਖੂਨ ਵਿੱਚ ਕਲੌਟ ਬਣਨ ਦੀ ਪ੍ਰਵਿਰਤੀ ਵੱਧ ਜਾਂਦੀ ਹੈ। ਜੇਕਰ ਇਹ ਕਲੌਟ ਦਿਲ ਦੀਆਂ ਨਸਾਂ ਵਿੱਚ ਫਸ ਜਾਵੇ ਹੈ ਤਾਂ ਇਹ ਨਸ ਬਲੌਕ ਹੋ ਸਕਦੀ ਹੈ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ।

ਨੋਇਡਾ ਦੇ ਮੈਟਰੋ ਹਸਪਤਾਲ ਵਿੱਚ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਡਾਇਰੈਕਟਰ ਡਾ. ਸਮੀਰ ਗੁਪਤਾ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਹਾਈਪਰਟੈਨਸ਼ਨ ਜਾਂ ਦਿਲ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਲਈ ਸਰਦੀਆਂ ਵਿੱਚ ਬਹੁਤ ਜ਼ਿਆਦਾ ਸੂਪ ਜਾਂ ਨਮਕੀਨ ਭੋਜਨ ਖਾਣਾ ਖ਼ਤਰਨਾਕ ਹੋ ਸਕਦਾ ਹੈ। ਜ਼ਿਆਦਾ ਨਮਕ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਫੇਲ੍ਹ ਹੋਣ ਦਾ ਖ਼ਤਰਾ ਵਧਾ ਸਕਦਾ ਹੈ।"

ਸਰਦੀਆਂ ਵਿੱਚ ਦਿਲ ਦਾ ਖਿਆਲ ਕਿਵੇਂ ਰੱਖੀਏ?

ਇਸ ਮੌਸਮ ਵਿੱਚ ਘੱਟ ਗਤੀਵਿਧੀਆਂ, ਜ਼ਿਆਦਾ ਤਲੇ ਹੋਏ ਭੋਜਨ ਅਤੇ ਤਣਾਅ ਵੀ ਦਿਲ ਲਈ ਨੁਕਸਾਨਦੇਹ ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਮੌਸਮ ਵਿੱਚ ਘੱਟ ਗਤੀਵਿਧੀਆਂ, ਜ਼ਿਆਦਾ ਤਲੇ ਹੋਏ ਭੋਜਨ ਅਤੇ ਤਣਾਅ ਵੀ ਦਿਲ ਲਈ ਨੁਕਸਾਨਦੇਹ ਹਨ

ਡਾ. ਸਮੀਰ ਗੁਪਤਾ ਦੇ ਅਨੁਸਾਰ, ਇਸ ਮੌਸਮ ਵਿੱਚ ਘੱਟ ਗਤੀਵਿਧੀਆਂ, ਜ਼ਿਆਦਾ ਤਲੇ ਹੋਏ ਭੋਜਨ ਅਤੇ ਤਣਾਅ ਵੀ ਦਿਲ ਲਈ ਨੁਕਸਾਨਦੇਹ ਹਨ।

ਉਹ ਕਹਿੰਦੇ ਹਨ, "ਆਪਣੇ ਭਾਰ ਨੂੰ ਕਾਬੂ ਵਿੱਚ ਰੱਖੋ ਕਿਉਂਕਿ ਜ਼ਿਆਦਾ ਭਾਰ ਦਿਲ 'ਤੇ ਦਬਾਅ ਪਾਉਂਦਾ ਹੈ। ਤਣਾਅ ਘਟਾਉਣ ਲਈ ਰੋਜ਼ਾਨਾ ਯੋਗਾ ਅਤੇ ਧਿਆਨ ਕਰੋ ਅਤੇ 7-8 ਘੰਟੇ ਦੀ ਨੀਂਦ ਲਓ।"

ਪਕੌੜੇ ਅਤੇ ਸਮੋਸੇ ਵਰਗੇ ਤਲੇ ਹੋਏ ਭੋਜਨ ਘਟਾਓ। ਇਸ ਦੀ ਬਜਾਏ ਫਲ, ਸਬਜ਼ੀਆਂ ਅਤੇ ਦਾਲਾਂ ਦੀ ਚੋਣ ਕਰੋ। ਜ਼ਿਆਦਾ ਨਮਕ ਅਤੇ ਖੰਡ ਤੋਂ ਬਚੋ। ਉਹ ਨੌਜਵਾਨਾਂ ਵਿੱਚ ਵੱਧ ਰਹੇ ਦਿਲ ਦੇ ਮਾਮਲਿਆਂ 'ਤੇ ਸਿਗਰਟਨੋਸ਼ੀ ਅਤੇ ਸ਼ਰਾਬ ਛੱਡਣ ਦੀ ਸਲਾਹ ਦਿੰਦੇ ਹਨ।

ਨਿਯਮਿਤ ਤੌਰ 'ਤੇ ਆਪਣੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟ੍ਰੋਲ ਦੀ ਜਾਂਚ ਕਰਵਾਓ ਅਤੇ ਜੇਕਰ ਤੁਹਾਨੂੰ ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ਼ ਜਾਂ ਚੱਕਰ ਆਉਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਇਨ੍ਹਾਂ ਛੋਟੀਆਂ ਤਬਦੀਲੀਆਂ ਨਾਲ ਸਰਦੀਆਂ ਵਿੱਚ ਵੀ ਦਿਲ ਦੇ ਦੌਰੇ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਹਾਰਟ ਅਟੈਕ ਦੇ ਲੱਛਣ

2025 ਦੀ ਆਈਸੀਐੱਮਆਰ ਅਤੇ ਏਮਜ਼ ਦੇ ਇੱਕ ਅਧਿਐਨ ਵਿੱਚ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦੱਸੀਆਂ ਗਈਆਂ ਹਨ। ਦਿਲ ਦੀਆਂ ਮੌਤਾਂ ਵਿੱਚ 85 ਫੀਸਦ ਮਾਮਲਿਆਂ ਵਿੱਚ ਧਮਨੀਆਂ ਵਿੱਚ ਚਰਬੀ ਜੰਮਣ (ਕੋਰੋਨਰੀ ਆਰਟਰੀ ਡਿਜ਼ੀਜ਼) ਨਾਲ ਹਾਰਟ ਅਟੈਕ ਹੋਣਾ ਸਭ ਤੋਂ ਪ੍ਰਮੁੱਖ ਵਜ੍ਹਾ ਦੱਸੀ ਗਈ ਹੈ।

ਡਾਕਟਰ ਤਰੁਣ ਕੁਮਾਰ ਕਹਿੰਦੇ ਹਨ, "ਭਾਰਤ ਵਿੱਚ ਹੁਣ ਹਾਰਟ ਅਟੈਕ ਦੇ ਮਾਮਲੇ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੇ ਹਨ। 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਹਾਰਟ ਅਟੈਕ ਆਮ ਹੋ ਗਿਆ ਹੈ। ਕੁੱਲ ਮਾਮਲਿਆਂ ਵਿੱਚ 25-30 ਫੀਸਦ ਕੇਸ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਹੁੰਦੇ ਹਨ।"

ਭਾਰਤ ਵਿੱਚ ਹੁਣ ਹਾਰਟ ਅਟੈਕ ਦੇ ਮਾਮਲੇ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਹੁਣ ਹਾਰਟ ਅਟੈਕ ਦੇ ਮਾਮਲੇ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੇ ਹਨ

ਜ਼ਰੂਰੀ ਹੈ ਕਿ ਤੁਹਾਨੂੰ ਹਾਰਟ ਅਟੈਕ ਦੇ ਲੱਛਣ ਪਤਾ ਹੋਣ ਤਾਂਕਿ ਤੁਸੀਂ ਤੁਰੰਤ ਮੈਡੀਕਲ ਸਹਾਇਤਾ ਲੈ ਸਕੋ।

ਛਾਤੀ ਦੇ ਖੱਬੇ ਪਾਸੇ ਜਾਂ ਵਿਚਾਲੇ ਦਰਦ, ਭਾਰੀਪਣ, ਦਬਾਅ ਜਾਂ ਜਲਣ ਵਰਗਾ ਮਹਿਸੂਸ ਹੋਣਾ, ਦਰਦ ਪੇਟ ਦੇ ਉਪਰਲੇ ਹਿੱਸੇ ਤੋਂ ਹੇਠਲੇ ਹਿੱਸੇ ਤੱਕ ਫੈਲ ਸਕਦਾ ਹੈ, ਦਰਦ ਖੱਬੀ ਬਾਂਹ ਦੇ ਉਪਰਲੇ ਹਿੱਸੇ ਵਿੱਚ ਵੀ ਜਾ ਸਕਦਾ ਹੈ, ਨਾਲ ਹੀ ਘਬਰਾਹਟ ਹੋਣਾ, ਪਸੀਨਾ ਆਉਣਾ, ਚੱਕਰ ਆਉਣੇ ਅਤੇ ਸਾਹ ਫੁੱਲਣਾ ਵੀ ਆਮ ਲੱਛਣ ਹਨ।

ਡਾਕਟਰ ਤਰੂਣ ਕੁਮਾਰ ਕਹਿੰਦੇ ਹਨ, "ਜੇ ਤੁਹਾਨੂੰ ਅਜਿਹਾ ਕੋਈ ਲੱਛਣ ਮਹਿਸੂਸ ਹੋਵੇ ਤਾਂ ਬਿਲਕੁਲ ਦੇਰ ਨਾ ਕਰੋ ਤੁਰੰਤ ਮੈਡੀਕਲ ਮਦਦ ਲਓ।"

ਉਹ ਅੱਗੇ ਦੱਸਦੇ ਹਨ, "ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਛਾਤੀ ਵਿੱਚ ਦਰਦ ਹੀ ਹੋਵੇ। ਕਈ ਲੋਕਾਂ ਦਾ ਸਿਰਫ ਬੇਵਜ੍ਹਾ ਸਾਹ ਫੁੱਲਦਾ ਹੈ। ਅਜਿਹੇ ਵਿੱਚ ਆਪਣੀਆਂ ਗਤੀਵਿਧੀਆਂ ਖੁਦ ਹੀ ਸੀਮਤ ਕਰਨ ਦੀ ਬਜਾਏ ਤੁਰੰਤ ਡਾਕਟਰ ਦੀ ਸਲਾਹ ਲਓ। ਇਹ ਲੱਛਣ ਨਜ਼ਰਅੰਦਾਜ਼ ਕਰਨ ਨਾਲ ਖ਼ਤਰਾ ਵੱਡਾ ਹੋ ਸਕਦਾ ਹੈ।"

ਸਾਈਲੈਂਟ ਫੈਕਟਰਸ

ਹੁਣ ਅਸੀਂ ਉਸ ਸਵਾਲ ਵੱਲ ਮੁੜਦੇ ਹਾਂ ਕਿ ਕੋਲੈਸਟ੍ਰੋਲ ਤੋਂ ਇਲਾਵਾ ਕਿਹੜੇ ਮਾਰਕਰ ਹਨ ਜਿਨ੍ਹਾਂ ਨੂੰ ਸਾਈਲੈਂਟ ਫੈਕਟਰਸ ਵਜੋਂ ਜਾਣੇ ਜਾਂਦੇ ਹਨ ਅਤੇ ਇਹ ਦਿਲ ਦੀ ਬਿਮਾਰੀ ਦੇ ਜੋਖਮ ਪਹਿਲਾਂ ਤੋਂ ਦੱਸ ਦਿੰਦੇ ਹਨ।

ਡਾ. ਸਮੀਰ ਗੁਪਤਾ ਦੇ ਅਨੁਸਾਰ, ਇਹ ਹਨ...

ਏਪੋ ਬੀ ਲੇਵਲ: ਇਹ ਹਰ ਮਾੜੇ ਕੋਲੈਸਟ੍ਰੋਲ ਕਣ 'ਤੇ ਮੌਜੂਦ ਹੁੰਦਾ ਹੈ। ਏਪੋ ਬੀ ਖੂਨ ਵਿੱਚ ਮਾੜੇ ਕਣਾਂ ਦੀ ਸਹੀ ਗਿਣਤੀ ਦੱਸਦਾ ਹੈ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਦਾ ਬਿਹਤਰ ਮੁਲਾਂਕਣ ਪ੍ਰਦਾਨ ਕਰਦਾ ਹੈ।

ਦਿਲ ਦੇ ਆਕਾਰ ਵਾਲੇ ਬਲੱਡ ਬੈਗ ਵਿੱਚ ਖੂਨ ਚੜ੍ਹਾਇਆ ਜਾ ਰਿਹਾ ਹੈ

ਤਸਵੀਰ ਸਰੋਤ, Getty Images

ਲਿਪੋਪ੍ਰੋਟੀਨ (ਏ) ਲੇਵਲ: ਇਹ ਇੱਕ ਜੈਨੇਟਿਕ ਕਾਰਕ ਹੈ, ਜੋ ਜਨਮ ਤੋਂ ਤੈਅ ਹੁੰਦਾ ਹੈ ਅਤੇ ਇਸਨੂੰ ਜ਼ਿਆਦਾ ਬਦਲਿਆ ਨਹੀਂ ਜਾ ਸਕਦਾ। ਦੱਖਣੀ ਏਸ਼ੀਆਈ (ਜਿਵੇਂ ਕਿ ਭਾਰਤੀ) ਵਿੱਚ ਇਸਦਾ ਲੇਵਲ ਅਕਸਰ ਜ਼ਿਆਦਾ ਹੁੰਦਾ ਹੈ, ਜਿਸ ਨਾਲ ਦਿਲ ਦੀ ਬਿਮਾਰੀ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।

ਹੀਮੋਗਲੋਬਿਨ ਏ1ਸੀ: ਇਹ ਬਲੱਡ ਟੈਸਟ ਪਿਛਲੇ 2-3 ਮਹੀਨਿਆਂ ਵਿੱਚ ਔਸਤ ਬਲੱਡ ਸ਼ੂਗਰ ਦੇ ਪੱਧਰ ਨੂੰ ਦੱਸਦਾ ਹੈ। ਲੇਵਲ ਜ਼ਿਆਦਾ ਹੋਣ ਕਾਰਨ ਸ਼ੂਗਰ ਤੋਂ ਇਲਾਵਾ ਵੀ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਅਲੱਗ ਤੋਂ ਵੱਧ ਜਾਂਦਾ ਹੈ।

ਡਾ. ਤਰੁਣ ਕੁਮਾਰ ਦੇ ਅਨੁਸਾਰ ਦਿਲ ਦੇ ਦੌਰੇ ਦੇ ਖ਼ਤਰੇ ਦਾ ਪਤਾ ਲਗਾਉਣ ਲਈ ਕੁਝ ਮਹੱਤਵਪੂਰਨ ਮਾਪਦੰਡ ਅਤੇ ਟੈਸਟ ਹਨ। ਇਨ੍ਹਾਂ ਦੀ ਜਾਂਚ ਕਰਕੇ ਤੁਸੀਂ ਪਹਿਲਾਂ ਤੋਂ ਹੀ ਸੁਚੇਤ ਹੋ ਸਕਦੇ ਹੋ।

ਮੁੱਖ ਪੈਰਾਮੀਟਰ ਜੋ ਹਮੇਸ਼ਾ ਆਮ ਰੱਖੋ:

ਵਜ਼ਨ ਅਤੇ ਬੀਐੱਮਆਈ: (ਬੀਐੱਮਆਈ 18.5 ਅਤੇ 24.9) ਦੇ ਵਿਚਕਾਰ ਹੋਣਾ ਚਾਹੀਦਾ।

ਕੋਲੈਸਟ੍ਰੋਲ ਲੇਵਲ: ਐੱਲਡੀਐੱਲ (ਮਾੜਾ ਕੋਲੈਸਟ੍ਰੋਲ)- 100 mg/dL ਤੋਂ ਹੇਠਾਂ ਰੱਖੋ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਘੱਟ ਜਾਂਦਾ ਹੈ।

ਐੱਚਡੀਐੱਲ (ਚੰਗਾ ਕੋਲੈਸਟ੍ਰੋਲ)- ਆਮ ਤੌਰ 'ਤੇ, 50 mg/dL ਤੱਕ ਆਮ ਮੰਨਿਆ ਜਾਂਦਾ ਹੈ।

ਹਾਈ ਸੈਂਸਟਿਵ ਸੀ-ਰਿਐਕਟਿਵ ਪ੍ਰੋਟੀਨ: ਇਹ ਸਰੀਰ ਵਿੱਚ ਨਾੜੀ ਸੋਜਸ਼ ਨੂੰ ਮਾਪਦਾ ਹੈ। ਜੇ ਕੋਲੈਸਟ੍ਰੋਲ ਨਾਰਮਲ ਵੀ ਹੋਵੇ, ਪਰ ਇਹ ਜ਼ਿਆਦਾ ਹੈ ਤਾਂ ਧਮਨੀਆਂ ਵਿੱਚ ਜਮ੍ਹਾਂ ਕੋਲੈਸਟ੍ਰੋਲ ਦੇ ਪਲੇਕ ਫਟਣ ਦਾ ਖ਼ਤਰਾ ਵੱਧ ਜਾਂਦਾ ਹੈ। ਖਾਸ ਕਰਕੇ ਤਣਾਅ ਜਾਂ ਅਚਾਨਕ ਸਖ਼ਤ ਕਸਰਤ ਦੇ ਸਮੇਂ ਕਲੌਟ ਬਣ ਸਕਦੇ ਹਨ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ।

ਰਿਸਕ ਕੈਲਕੁਲੇਸ਼ਨ ਦੇ ਤਰੀਕੇ

ਇੱਕ ਮਹਿਲਾ ਡਾਕਟਰ ਮਰੀਜ਼ ਦੀ ਜਾਂਚ ਕਰਦੀ ਹੋਈ

ਤਸਵੀਰ ਸਰੋਤ, Getty Images

ਫ੍ਰੇਮਿੰਗਹਮ ਰਿਸਕ ਕੈਲਕੁਲੇਟਰ: ਇਸ ਨਾਲ ਅਗਲੇ 10 ਸਾਲ ਵਿੱਚ ਹਾਰਟ ਅਟੈਕ ਦੇ ਖ਼ਤਰੇ ਦਾ ਪਤਾ ਲੱਗਦਾ ਹੈ। ਇਸ ਵਿੱਚ ਉਮਰ, ਲਿੰਗ, ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ ਵਰਗੇ ਕਾਰਕ ਦੇਖੇ ਜਾਂਦੇ ਹਨ। ਜੇ ਰਿਸਕ 5 ਫੀਸਦ ਤੋਂ ਜ਼ਿਆਦਾ ਆਉਂਦਾ ਹੈ ਤਾਂ ਡਾਕਟਰ ਦਵਾਈਆਂ ਦੇਣ ਉਪਰ ਵਿਚਾਰ ਕਰ ਸਕਦਾ ਹੈ।

ਕੋਰੋਨਰੀ ਆਰਟਰੀ ਕੈਲਸ਼ੀਅਮ ਸਕੋਰ: ਇਹ ਸੀਟੀ ਸਕੈਨ ਨਾਲ ਕੀਤਾ ਜਾਂਦਾ ਹੈ। ਸਕੋਰ ਜਿੰਨਾ ਜ਼ਿਆਦਾ ਜ਼ੀਰੋ ਤੋਂ ਉਪਰ, ਹਾਰਟ ਅਟੈਕ ਦਾ ਖ਼ਤਰਾ ਉਨਾ ਹੀ ਵੱਧ ਜਾਂਦਾ ਹੈ।

ਡਾਕਟਰ ਤਰੂਣ ਕੁਮਾਰ ਕੁਝ ਹੋਰ ਜ਼ਰੂਰੀ ਟੈਸਟ ਦਾ ਵੀ ਸੁਝਾਅ ਦਿੰਦੇ ਹਨ। ਉਹ ਦੱਸਦੇ ਹਨ, "ਜੇ ਤੁਹਾਨੂੰ ਡਾਇਬੀਟੀਜ਼ ਜਾਂ ਦੂਜੀ ਸਮੱਸਿਆ ਦਾ ਸ਼ੱਕ ਹੈ ਤਾਂ ਈਸੀਜੀ, ਈਸੀਐੱਚਓ ਅਤੇ ਟੀਐੱਮਟੀ (ਟ੍ਰੇਡਮਿਲ ਟੈਸਟ) ਕਰਵਾਓ। ਟੀਐੱਮਟੀ ਵਿੱਚ ਚੱਲਦੇ ਸਮੇਂ ਈਸੀਜੀ ਜੁੜਿਆ ਹੁੰਦਾ ਹੈ, ਜੋ ਸ਼ੁਰੂਆਤ ਵਿੱਚ ਹੀ ਸਮੱਸਿਆ ਫੜ ਲੈਂਦਾ ਹੈ।"

ਉਹ ਕਹਿੰਦੇ ਹਨ ਕਿ ਮੌਜੂਦਾ ਸਮੇਂ ਵਿੱਚ ਘੱਟ ਉਮਰ ਤੋਂ ਹੀ ਸੁਚੇਤ ਰਹਿਣਾ ਜ਼ਰੂਰੀ ਹੈ। 18-20 ਸਾਲ ਦੀ ਉਮਰ ਵਿੱਚ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਚੈੱਕ ਕਰਵਾਓ ਅਤੇ ਨਾਲ ਹੀ 30-35 ਸਾਲ ਦੀ ਉਮਰ ਵਿੱਚ ਫ੍ਰੇਮਿੰਗਹਮ ਰਿਸਕ ਕੈਲਕੁਲੇਟਰ, ਕੋਰੋਨਰੀ ਆਰਟਰੀ ਕੈਲਸ਼ੀਅਮ ਸਕੋਰ ਅਤੇ ਟੀਐੱਮਟੀ ਕਰਵਾਓ, ਜਿਸ ਨਾਲ ਤੁਸੀਂ ਪਹਿਲਾਂ ਤੋਂ ਹੀ ਸੁਚੇਤ ਰਹਿ ਸਕੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)