ਸ਼ੁਭ ਕਰਨ ਦੀ ਮੌਤ ਦੇ ਮਾਮਲੇ ’ਚ ਪਰਚਾ ਕਿਉਂ ਨਹੀਂ ਹੋਇਆ, ਪੋਸਟਮਾਰਟਮ ਕਿਉਂ ਰੁਕਿਆ, ਰੇੜਕਾ ਕਿੱਥੇ ਫਸਿਆ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਕਥਿਤ ਤੌਰ 'ਤੇ ਗੋਲੀ ਲੱਗਣ ਕਾਰਨ ਮਾਰੇ 22-ਸਾਲਾ ਕਿਸਾਨ ਸ਼ੁਭ ਕਰਨ ਸਿੰਘ ਦੇ ਪੋਸਟਮਾਰਟਮ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਰੇੜਕਾ ਬਰਕਰਾਰ ਹੈ।
ਸ਼ੁਭ ਕਰਨ ਸਿੰਘ ਦੀ ਮੌਤ ਪੰਜਾਬ ਦੇ ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਦੌਰਾਨ ਹੋਈ ਜਦੋਂ ਕਿਸਾਨ ਨਵੀਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਸ਼ੁਭ ਕਰਨ ਸਿੰਘ ਦੀ ਲਾਸ਼ ਪਿਛਲੇ 21 ਫਰਵਰੀ ਤੋਂ ਪਟਿਆਲਾ ਸ਼ਹਿਰ ਦੇ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਸ਼ੁਭ ਕਰਨ ਦੀ ਮੌਤ ਲਈ ਕਥਿਤ ਤੌਰ ਤੇ ਜ਼ਿੰਮੇਵਾਰ ਹਰਿਆਣਾ ਪੁਲਿਸ ਖ਼ਿਲਾਫ਼ ਧਾਰਾ 302 (ਕਤਲ ਦੀ ਸਜ਼ਾ) ਤਹਿਤ ਐਫਆਈਆਰ ਦਰਜ ਕੀਤੀ ਜਾਵੇ।
ਸ਼ੁਭ ਕਰਨ ਸਿੰਘ ਦਾ ਪਰਿਵਾਰ ਵੀ ਆਪਣੇ ਪੁੱਤਰ ਦੀ ਮੌਤ ਸਬੰਧੀ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਕਿਸਾਨ ਯੂਨੀਅਨਾਂ ਪੰਜਾਬ ਸਰਕਾਰ ਤੋਂ ਸ਼ੁਭ ਕਰਨ ਸਿੰਘ ਨੂੰ "ਸ਼ਹੀਦ" ਦਾ ਦਰਜਾ ਦੇਣ ਦੀ ਮੰਗ ਕਰ ਰਹੀਆਂ ਹਨ।
ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਇੰਟੈਲੀਜੈਂਸ) ਜਸਕਰਨ ਸਿੰਘ ਅਤੇ ਡੀਆਈਜੀ ਅੰਮ੍ਰਿਤਸਰ ਰੇਂਜ ਨਰਿੰਦਰ ਭਾਰਗਵ ਨਾਲ ਕਿਸਾਨ ਆਗੂਆਂ ਦੀ ਇਸ ਮਾਮਲੇ ਬਾਰੇ ਗੱਲਬਾਤ ਜਾਰੀ ਹੈ।

ਤਸਵੀਰ ਸਰੋਤ, Surinder Singh Mann/ BBC
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਸੀ।
ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੰਜਾਬ ਹਰਿਆਣਾ ਵਿਚਲੀ ਸ਼ੰਭੂ ਅਤੇ ਖਨੌਰੀ ਸਰਹੱਦ ਉੱਤੇ ਰੋਕਿਆ ਗਿਆ ਸੀ।
ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਬੈਠਕਾਂ ਵਿੱਚ ਨਤੀਜਾ ਨਾ ਨਿਕਲਣ ਅਤੇ ਕੇਂਦਰ ਸਰਕਾਰ ਦੇ ਐੱਮਐੱਸਪੀ ਦੇ ਪੰਜ ਸਾਲਾਂ ਵਾਲੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 21 ਫਰਵਰੀ ਨੂੰ 11 ਵਜੇ 'ਦਿੱਲੀ ਕੂਚ' ਕਰਨ ਦਾ ਐਲਾਨ ਕੀਤਾ ਸੀ।
ਇਸੇ ਦੌਰਾਨ ਬੁੱਧਵਾਰ ਨੂੰ ਇੱਕ 22 ਸਾਲਾ ਮੁਜ਼ਾਹਰਾਕਾਰੀ ਨੌਜਵਾਨ ਸ਼ੁਭ ਕਰਨ ਸਿੰਘ ਦੀ ਮੌਤ ਹੋ ਗਈ ਸੀ।
ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਸ ਤੋਂ ਬਾਅਦ ਦੋ ਦਿਨਾਂ ਲਈ ਮਾਰਚ ਰੋਕ ਦਿੱਤਾ ਗਿਆ ਸੀ।
ਕਿਸਾਨ ਆਗੂਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਉਹ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਫ਼ੈਸਲੇ ਦਾ ਐਲਾਨ 29 ਫਰਵਰੀ ਨੂੰ ਕਰਨਗੇ।

ਤਸਵੀਰ ਸਰੋਤ, getty images
ਪਿਛਲੇ ਛੇ ਦਿਨਾਂ ਵਿੱਚ ਪੰਜਾਬ ਪੁਲਿਸ ਨੇ ਸ਼ੁਭ ਕਰਨ ਸਿੰਘ ਦੀ ਮੌਤ ਸਬੰਧੀ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਹੈ।
ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨ ਬਾਰੇ ਹਜੇ ਚੁੱਪ ਵੱਟੀ ਹੋਈ ਹੈ ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਜਦਕਿ ਹਰਿਆਣਾ ਪੁਲਿਸ ਪਹਿਲਾਂ ਹੀ ਦਾਅਵਾ ਕਰ ਚੁੱਕੀ ਹੈ ਕਿ ਸ਼ੁਭ ਕਰਨ ਸਿੰਘ ਦੀ ਮੌਤ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੋਈ ਹੈ।
ਪੰਜਾਬ ਦੇ ਹਜ਼ਾਰਾਂ ਕਿਸਾਨ 13 ਫਰਵਰੀ ਤੋਂ ਪੰਜਾਬ-ਹਰਿਆਣਾ ਸਰਹੱਦਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਬਾਰੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਕੇਂਦਰੀ ਮੰਤਰੀ ਕਿਸਾਨਾਂ ਨਾਲ ਚਾਰ ਵਾਰੀ ਮੀਟਿੰਗ ਕਰ ਚੁੱਕੇ ਹਨ, ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਤੇ ਕੋਈ ਸਹਿਮਤੀ ਨਹੀਂ ਬਣ ਸਕੀ।
ਪਟਿਆਲਾ ਰਾਜਿੰਦਰਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਹਰਨਾਮ ਸਿੰਘ ਰੇਖੀ ਨੇ ਮੰਗਲਵਾਰ ਨੂੰ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੁਭ ਕਰਨ ਸਿੰਘ ਦਾ ਪੋਸਟਮਾਰਟਮ ਕਰਵਾਉਣ ਲਈ ਪੰਜਾਬ ਪੁਲਿਸ ਤੋਂ ਅਜੇ ਤੱਕ ਅਧਿਕਾਰਤ ਬੇਨਤੀ ਨਹੀਂ ਮਿਲੀ ਹੈ।
ਪੋਸਟ ਮਾਰਟਮ ਵੀ ਨਹੀਂ ਹੋਇਆ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਗੈਰ ਕੁਦਰਤੀ ਮੌਤ ਦੇ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਇੱਕ ਸਭ ਤੋਂ ਅਹਿਮ ਦਸਤਾਵੇਜ਼ ਹੁੰਦਾ ਹੈ ਜਿਸ ਤੇ ਕੇਸ ਦੀ ਬੁਨਿਆਦ ਖੜੀ ਹੁੰਦੀ ਹੈ।
ਪੰਜਾਬ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ, "ਅਸੀਂ ਆਮ ਤੌਰ 'ਤੇ ਪੋਸਟਮਾਰਟਮ ਓਦੋਂ ਹੁੰਦਾ ਹੈ ਜਿੱਥੇ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਗੈਰ-ਕੁਦਰਤੀ ਹੈ ਜਾਂ ਇਸ ਦੇ ਗੈਰ-ਕੁਦਰਤੀ ਹੋਣ ਦਾ ਸ਼ੱਕ ਹੈ।”
ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਮੁਤਾਬਕ ਸਭ ਤੋਂ ਪਹਿਲਾਂ ਤਫਤੀਸ਼ੀ ਅਫ਼ਸਰ ਪਰਿਵਾਰ ਦੇ ਬਿਆਨ ਦਰਜ ਕਰਦਾ ਹੈ ਅਤੇ ਫਿਰ ਲਾਸ਼ ਦਾ ਪੋਸਟਮਾਰਮ ਕਰਵਾਇਆ ਜਾਂਦਾ ਹੈ ਫਿਰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਉਂਦੇ ਹਾਂ।

ਡਾਕਟਰ ਕਸ਼ਮੀਰੀ ਲਾਲ, ਜੋ ਸੀਨੀਅਰ ਮੈਡੀਕਲ ਅਫਸਰ ਵਜੋਂ ਸੇਵਾਮੁਕਤ ਹੋਏ ਸਰਕਾਰੀ ਹਸਪਤਾਲਾਂ ਵਿੱਚ ਪੋਸਟ ਮਾਰਟਮ ਦੀ ਪ੍ਰਕਿਰਿਆ ਬਾਰੇ ਦੱਸਦੇ ਹਨ। ਉਹ ਦੱਸਦੇ ਹਨ, "ਸਰਕਾਰੀ ਹਸਪਤਾਲ ਪੁਲਿਸ ਦੀ ਬੇਨਤੀ 'ਤੇ ਪੋਸਟਮਾਰਟਮ ਕਰਦੇ ਹਨ।"
ਉਨ੍ਹਾਂ ਕਿਹਾ, "ਅਸੀਂ ਆਮ ਤੌਰ 'ਤੇ ਕਤਲ ਜਾਂ ਹੋਰ ਘਿਨਾਉਣੇ ਅਪਰਾਧਾਂ ਜਾਂ ਪਰਿਵਾਰ ਦੀ ਬੇਨਤੀ 'ਤੇ ਕਿਸੇ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕਰਨ ਲਈ ਡਾਕਟਰਾਂ ਦਾ ਇੱਕ ਬੋਰਡ ਬਣਾਉਂਦੇ ਹਾਂ,ਜ਼ਿਲ੍ਹੇ ਦੇ ਮੈਡੀਕਲ ਸੁਪਰਡੈਂਟ ਕੋਲ ਡਾਕਟਰਾਂ ਦਾ ਬੋਰਡ ਗਠਿਤ ਕਰਨ ਦਾ ਅਧਿਕਾਰ ਹੈ।
ਡਾਕਟਰ ਕਸ਼ਮੀਰੀ ਲਾਲ ਦਾ ਕਹਿਣਾ ਹੈ, "ਸਰਕਾਰੀ ਹਸਪਤਾਲ ਅਣਪਛਾਤੀ ਲਾਸ਼ ਨੂੰ 72 ਘੰਟਿਆਂ ਤੱਕ ਰੱਖ ਸਕਦਾ ਹੈ, ਬਾਅਦ ਵਿੱਚ, ਉਸਦਾ ਸਸਕਾਰ ਕਰ ਦਿੱਤਾ ਜਾਂਦਾ ਹੈ। ਜੇਕਰ ਕਿਸੇ ਵਿਦੇਸ਼ੀ ਨਾਗਰਿਕ ਦੀ ਭਾਰਤ ਵਿੱਚ ਮੌਤ ਹੋ ਜਾਂਦੀ ਹੈ ਤਾਂ ਪੋਸਟਮਾਰਟਮ ਲਾਜ਼ਮੀ ਹੈ, ਭਾਵੇਂ ਮੌਤ ਦਾ ਕਾਰਨ ਕੁਦਰਤੀ ਹੋਵੇ।"
ਐਫਆਈਆਰ ਵਿੱਚ ਦੇਰੀ ਕਿਉਂ
ਸ਼ੁਭ ਕਰਨ ਸਿੰਘ ਦੇ ਮਾਮਲੇ ਵਿੱਚ ਅਧਿਕਾਰ ਖੇਤਰ ਦੀ ਉਲਝਣ ਨੂੰ ਲੈ ਕੇ ਕਰਕੇ ਐਫਆਈਆਰ ਵਿੱਚ ਦੇਰੀ ਹੋ ਰਹੀ ਹੈ ।
ਜਿੱਥੇ ਸ਼ੁਭ ਕਰਨ ਸਿੰਘ ਦੀ ਮੌਤ 21 ਫਰਵਰੀ ਨੂੰ ਹੋਈ ਸੀ ਉਸ ਥਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿੱਚ ਭੰਬਲਭੂਸਾ ਪਿਆ ਹੋਇਆ ਹੈ।
ਕਿਉਂਕਿ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹ ਇਲਾਕਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਸ ਦੌਰਾਨ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਦੇ ਦਾਅਵਿਆਂ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਜੀਂਦ ਦੇ ਪੁਲਿਸ ਸੁਪਰਡੈਂਟ ਸੁਮਿਤ ਕੁਮਾਰ ਨੇ ਸ਼ੁੱਕਰਵਾਰ ਨੂੰ ਬੀਬੀਸੀ ਨਿਊਜ਼ ਨੂੰ ਦੱਸਿਆ, “ਇਹ ਘਟਨਾ ਹਰਿਆਣਾ ਦੇ ਅਧਿਕਾਰ ਖੇਤਰ ਵਿੱਚ ਵਾਪਰੀ ਹੈ। ਸਾਨੂੰ ਨਾ ਤਾਂ ਪੋਸਟਮਾਰਟਮ ਦੀ ਰਿਪੋਰਟ ਮਿਲੀ ਹੈ ਅਤੇ ਨਾ ਹੀ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਕਿਉਂਕਿ ਲਾਸ਼ ਪੰਜਾਬ ਪੁਲਿਸ ਤੇ ਕੋਲ ਹੈ।"

ਤਸਵੀਰ ਸਰੋਤ, Surinder Mann/BBC
ਪਟਿਆਲਾ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜੇ ਵੀ ਅਸਪਸ਼ਟ ਹਨ ਕਿਉਂਕਿ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ ਤੇ ਕਿਸਾਨ ਆਗੂ ਮਾਮਲੇ ਵਿੱਚ ਐਫਆਈਆਰ ਕਰਵਾਉਣ ਲਈ ਬਜ਼ਿੱਦ ਹਨ।
ਪਾਤੜਾਂ ਦੇ ਉਪ ਪੁਲੀਸ ਕਪਤਾਨ ਦਲਜੀਤ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਭ ਕਰਨ ਸਿੰਘ ਦੀ ਕਥਿਤ ਮੌਤ ਸਬੰਧੀ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ।
ਸ਼ੁਭ ਕਰਨ ਸਿੰਘ ਦੇ ਪੋਸਟਮਾਰਟਮ ਵਿੱਚ ਦੇਰੀ ਬਾਰੇ ਪੁੱਛੇ ਜਾਣ 'ਤੇ ਦਲਜੀਤ ਸਿੰਘ ਨੇ ਕਿਹਾ ਕਿ ਤੁਸੀਂ ਕਿਰਪਾ ਕਰਕੇ ਪਟਿਆਲਾ ਸਿਟੀ ਦੇ ਐਸਪੀ ਮੁਹੰਮਦ ਸਰਫਰਾਜ਼ ਆਲਮ ਨਾਲ ਗੱਲ ਕਰ ਸਕਦੇ ਹੋ।
ਬੀਬੀਸੀ ਨਿਊਜ਼ ਨੇ ਐਸਪੀ ਸਰਫਰਾਜ਼ ਆਲਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋਇਆ।
ਇਸ ਦੌਰਾਨ, ਅਸੀਂ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ, ਵਰੁਣ ਸ਼ਰਮਾ ਦਾ ਪੱਖ ਲੈਣ ਲਈ ਮੈਸਜ ਭੇਜਿਆ ਪਰ ਜਵਾਬ ਨਹੀਂ ਆਇਆ।

ਤਸਵੀਰ ਸਰੋਤ, Getty Images
ਕਿਸਾਨ ਜਥੇਬੰਦੀਆਂ ਵਿੱਚ ਰੋਸ
ਕਿਸਾਨ ਜਥੇਬੰਦੀਆਂ ਵਲੋਂ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਵਿਖੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਗਿਆ।
ਬੀਕੇਯੂ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਭ ਕਰਨ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਲਈ ਕੌਮੀ ਮਾਰਗ ਨੂੰ ਜਾਮ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਹੈ ਜਦਕਿ ਜ਼ੀਰੋ ਐਫ.ਆਈ.ਆਰ. ਬਾਰੇ ਕੁਝ ਗੱਲਾਂ ਚੱਲ ਰਹੀਆਂ ਹਨ, ਪਰ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ।

ਤਸਵੀਰ ਸਰੋਤ, Getty Images
ਮੁੱਖ ਮੰਤਰੀ ਵੱਲੋਂ 1 ਕਰੋੜ ਮੁਆਵਜ਼ਾ, ਸਰਕਾਰੀ ਨੌਕਰੀ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 23 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਮਾਰੇ ਗਏ ਕਿਸਾਨ ਪ੍ਰਦਰਸ਼ਨਕਾਰੀ ਸ਼ੁਭ ਕਰਨ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗੋਲੀਬਾਰੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।












