ਸ਼ੁਭਕਰਨ ਸਿੰਘ: 'ਘਰ ਦੀ ਇੱਕੋ-ਇੱਕ ਆਸ ਮੁਕ ਗਈ', ਲੋਕ ਸਰਕਾਰ ਤੋਂ ਸ਼ੁਭਕਰਨ ਦਾ ਕਸੂਰ ਪੁੱਛ ਰਹੇ ਹਨ-ਗ੍ਰਾਊਂਡ ਰਿਪੋਰਟ

ਤਸਵੀਰ ਸਰੋਤ, Surinder Maan/bbc
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਸਹਿਯੋਗੀ
ਪਿੰਡ ਦੇ ਬਾਹਰਵਾਰ ਬਣੇ ਇੱਕ ਧਾਰਮਿਕ ਡੇਰੇ ਦੇ ਵੇਹੜੇ ਵਿੱਚ ਲੋਕਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਸੀ।
ਡੇਰੇ ਦੇ ਪਿਛਲੇ ਪਾਸੇ ਖੇਤਾਂ ਵਿੱਚ ਵਸੇ ਇੱਕ ਘਰ ਵਿੱਚੋਂ ਔਰਤਾਂ ਦੇ ਵਿਰਲਾਪ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਜਦੋਂ 'ਬੀਬੀਸੀ' ਦੀ ਟੀਮ ਇਸ ਘਰ ਵਿੱਚ ਪਹੁੰਚੀ ਤਾਂ ਦੇਖਿਆ ਕੇ ਹਰੀਆਂ ਚੁੰਨੀਆਂ ਲੈ ਕੇ ਬੈਠੀਆਂ ਕੁਝ ਔਰਤਾਂ ਇਸ ਵਿਰਲਾਪ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਸਨ।
ਅਸਲ ਵਿੱਚ ਇਹ ਘਰ ਖਨੌਰੀ ਬਾਰਡਰ ਉੱਪਰ ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਹੈ। ਸ਼ੁਭਕਰਨ ਸਿੰਘ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਬੱਲ੍ਹੋ ਦਾ ਵਸਨੀਕ ਸੀ।

ਤਸਵੀਰ ਸਰੋਤ, Surinder Maan/bbc
ਘਰ ਵਿੱਚ ਵਿਛਾਏ ਗਏ ਸੱਥਰ ਉੱਪਰ ਬੈਠੇ ਲੋਕ ਸ਼ੁਭਕਰਨ ਦੀ ਲਾਸ਼ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
ਸੱਥਰ 'ਤੇ ਪਿੰਡ ਬੱਲ੍ਹੋ ਦੇ ਰਹਿਣ ਵਾਲੇ 60 ਸਾਲਾਂ ਦੇ ਮਹਿੰਦਰ ਕੌਰ ਵੀ ਬੈਠੇ ਹੋਏ ਹਨ।
ਜਦੋਂ ਸ਼ੁਭਕਰਨ ਸਿੰਘ ਦੀ ਮੌਤ ਬਾਰੇ ਗੱਲ ਚੱਲੀ ਤਾਂ ਆਪਣਾ ਗੱਚ ਭਰਦੇ ਹੋਏ ਮਹਿੰਦਰ ਕੌਰ ਕਹਿੰਦੇ ਹਨ, "ਮਾਪਿਆਂ ਦੇ ਗੱਭਰੂ ਪੁੱਤ ਦੀ ਮੌਤ ਨੇ ਸਾਡੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰਾਤ ਸਾਡੇ ਪਿੰਡ ਦੇ ਘਰਾਂ ਵਿਚ ਰੋਟੀ ਨਹੀਂ ਪੱਕੀ।"
ਉਹ ਦੱਸਦੇ ਹਨ, "ਬਹੁਤ ਹੀ ਸਾਊ ਮੁੰਡਾ ਸੀ। ਛੋਟੇ ਹੁੰਦੇ ਦੀ ਮਾਂ ਮਰ ਗਈ ਸੀ ਅਤੇ ਦਾਦੀ ਨੇ ਬੜੀ ਮੁਸ਼ਕਿਲ ਨਾਲ ਇਸ ਨੂੰ ਪਾਲਿਆ ਸੀ। ਪਹਿਲਾਂ ਸ਼ੁਭਕਰਨ ਦੀ ਮਾਂ ਅਤੇ ਫਿਰ ਦਾਦਾ ਇਸ ਜਹਾਨ ਤੋਂ ਕੂਚ ਕਰ ਗਏ।"
"ਸ਼ੁਭਕਰਨ ਦੇ ਜਵਾਨ ਹੋਣ ਉੱਪਰ ਘਰ ਨੂੰ ਸਾਂਭਣ ਦੀ ਆਸ ਬੱਝੀ ਸੀ, ਜਿਹੜੀ ਹੁਣ ਸਿਵਿਆਂ ਦੀ ਰਾਖ ਵਿੱਚ ਬਦਲ ਜਾਣੀ ਹੈ। ਘਰ ਵਿੱਚ ਸ਼ੁਭਕਰਨ ਦਾ ਪਿਤਾ ਅਤੇ ਉਸ ਦੀ ਛੋਟੀ ਭੈਣ ਹੀ ਰਹਿ ਗਏ ਹਨ।"
ਸ਼ੁਭਕਰਨ ਸਿੰਘ: ਇੱਕ ਅਗਾਂਹਵਧੂ ਨੌਜਵਾਨ

ਤਸਵੀਰ ਸਰੋਤ, Surinder Maan/bbc
ਸ਼ੁਭਕਰਨ ਦੇ ਪਿਤਾ ਚਰਨਜੀਤ ਸਿੰਘ ਇੱਕ ਸਕੂਲ ਵੈਨ ਵਿੱਚ ਬਤੌਰ ਹੈਲਪਰ ਦਾ ਕੰਮ ਕਰਦੇ ਹਨ। ਆਪਣੇ ਪੁੱਤਰ ਦੀ ਮੌਤ ਦੇ ਵਿਯੋਗ ਵਿੱਚ ਉਹ ਗੱਲ ਕਰਨ ਦੇ ਸਮਰੱਥ ਨਹੀਂ ਸਨ।
ਸ਼ੁਭਕਰਨ ਸਿੰਘ ਨੂੰ ਪਿੰਡ ਦੇ ਲੋਕ ਇੱਕ ਅਗਾਂਹਵਧੂ ਨੌਜਵਾਨ ਵਜੋਂ ਜਾਣਦੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਸ ਨੇ ਸਾਲ 2020 ਦੌਰਾਨ ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਵਿੱਚ ਵੀ ਹਿੱਸਾ ਲਿਆ ਸੀ।
ਸ਼ੁਭਕਰਨ ਸਿੰਘ ਦਸਵੀਂ ਪਾਸ ਸੀ ਅਤੇ ਇਸ ਵੇਲੇ ਉਹ ਆਪਣੀ 2 ਏਕੜ ਜਮੀਨ ਵਿੱਚ ਖੇਤੀ ਕਰ ਰਿਹਾ ਸੀ।

ਤਸਵੀਰ ਸਰੋਤ, Surinder Maan/bbc
80 ਸਾਲਾਂ ਦੇ ਜਗਦੇਵ ਸਿੰਘ ਪਿੰਡ ਬੱਲ੍ਹੋ ਦੇ ਹੀ ਵਸਨੀਕ ਹਨ। ਉਹ ਸ਼ੁਭਕਰਨ ਸਿੰਘ ਦੇ ਖੇਤ ਦੇ ਗੁਆਂਢੀ ਵੀ ਹਨ।
ਉਹ ਦੱਸਦੇ ਹਨ, "ਸ਼ੁਭਕਰਨ ਨੇ ਹਾਲੇ ਥੋੜ੍ਹੇ ਮਹੀਨੇ ਪਹਿਲਾਂ ਹੀ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਆਪਣੀ ਵੱਡੀ ਭੈਣ ਦਾ ਵਿਆਹ ਕੀਤਾ ਸੀ। ਉਸ ਦਾ ਪਿਓ ਸਿੱਧ-ਪੱਧਰਾ ਵਿਅਕਤੀ ਹੈ ਅਤੇ ਘਰ ਦੇ ਸਾਰੇ ਕੰਮ-ਕਾਰ ਦੀ ਨਿਗਰਾਨੀ ਸ਼ੁਭਕਰਨ ਹੀ ਕਰਦਾ ਸੀ।"
"ਬੱਸ ਘਰ ਪੱਟਿਆ ਗਿਆ ਹੈ। ਦਾਦਾ ਅਤੇ ਮਾਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਹੁਣ ਉਸ ਦਾ ਪਿਓ ਅਤੇ ਉਸ ਦੀ ਛੋਟੀ ਭੈਣ ਰਹਿ ਗਈ ਹੈ।"
"ਸਰਕਾਰਾਂ ਦੀਆਂ ਗ਼ਲਤ ਨੀਤੀਆਂ ਹੀ ਨੌਜਵਾਨਾਂ ਨੂੰ ਸੜਕਾਂ ਉੱਪਰ ਆਉਣ ਲਈ ਮਜਬੂਰ ਕਰਦੀਆਂ ਹਨ ਤੇ ਫਿਰ ਕਈ ਵਾਰ ਸ਼ੁਭਕਰਨ ਦੀ ਮੌਤ ਵਰਗਾ ਅੰਜ਼ਾਮ ਵੀ ਸਾਹਮਣੇ ਆ ਜਾਂਦਾ ਹੈ। ਪਤਾ ਨਹੀਂ ਪੰਜਾਬ ਨੇ ਇਹ ਦਰਦ ਹੋਰ ਕਿੰਨਾ ਸਮਾਂ ਚੱਲਣਾ ਹੈ।"
ਪਿੰਡ ਬੱਲ੍ਹੋ ਦੇ ਬੱਸ ਅੱਡੇ ਨੇੜੇ ਬਣੇ ਇੱਕ ਬੋਰਡ ਦੇੇ ਥੜੇ ਉੱਪਰ ਪਿੰਡ ਦੇ ਲੋਕ ਬੈਠੇ ਸ਼ੁਭ ਕਰਨ ਦੀ ਮੌਤ ਦੀ ਹੀ ਚਰਚਾ ਕਰ ਰਹੇ ਸਨ।
'ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ'
ਇੱਥੇ ਸਾਨੂੰ ਪਿੰਡ ਦੇ ਨੰਬਰਦਾਰ ਅਵਤਾਰ ਸਿੰਘ ਲੋਕਾਂ ਵਿੱਚ ਬੈਠੇ ਮਿਲਦੇ ਹਨ।
ਗੱਲਬਾਤ ਦੌਰਾਨ ਉਨ੍ਹਾਂ ਨੇ ਸ਼ੁਭਕਰਨ ਦੀ ਮੌਤ ਲਈ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਕਥਿਤ ਬੇਰੁਖ਼ੀ ਵਾਲੀ ਨੀਤੀ ਨੂੰ ਹੀ ਦੋਸ਼ੀ ਗਰਦਾਨਿਆਂ।
ਉਹ ਦੱਸਦੇ ਹਨ, "13 ਫਰਵਰੀ ਨੂੰ ਸਾਡੇ ਪਿੰਡ ਤੋਂ 15 ਨੌਜਵਾਨ ਟਰੈਕਟਰ-ਟਰਾਲੀ ਰਾਹੀਂ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਲਈ ਖਨੌਰੀ ਬਾਰਡਰ ਉੱਪਰ ਗਏ ਸਨ। 21 ਫਰਵਰੀ ਦੀ ਦੁਪਹਿਰ ਨੂੰ ਮੈਂ ਘਰ ਬੈਠਾ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਸੀ।"
"ਅਚਾਨਕ ਮੇਰੇ ਸਾਹਮਣੇ ਇੱਕ ਵੀਡੀਓ ਆ ਗਈ, ਜਿਸ ਵਿੱਚ ਮੈਂ ਦੇਖਿਆ ਸ਼ੁਭਕਰਨ ਨੂੰ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਲਿਜਾ ਰਹੇ ਸਨ। ਬੱਸ ਫਿਰ ਕੀ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਮੈਂ ਸੁੰਨ ਹੋ ਗਿਆ।"
"ਅੱਜ ਹਰ ਅੱਖ ਨਮ ਹੈ ਅਤੇ ਅਸੀਂ ਇਸੇ ਆਸ ਵਿੱਚ ਬੈਠੇ ਹਾਂ ਕਿ ਸ਼ਾਇਦ ਕਿਤੇ ਸ਼ੁਭਕਰਨ ਮੁੜ ਪਿੰਡ ਆਪਣੇ ਘਰ ਆ ਜਾਵੇ। ਪਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਸੰਭਵ ਨਹੀਂ ਹੋ ਸਕਦਾ।"

ਇਸ ਗੱਲਬਾਤ ਦੌਰਾਨ ਸ਼ੁਭਕਰਨ ਦੇ ਘਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਆਉਣਾ ਜਾਣਾ ਨਿਰੰਤਰ ਜਾਰੀ ਸੀ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ (ਮਾਲਵਾ) ਦੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਕੌਰ ਸ਼ੁਭਕਰਨ ਦੇ ਘਰ ਪਹੁੰਚਦੇ ਹਨ।
ਉਨ੍ਹਾਂ ਦੇ ਨਾਲ ਹਰੀਆਂ ਚੁੰਨੀਆਂ ਵਿੱਚ ਆਈਆਂ ਕਿਸਾਨ ਯੂਨੀਅਨ ਦੀਆਂ ਮਹਿਲਾ ਵਰਕਰਾਂ ਦੇ ਹੱਥਾਂ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ।
ਇਹ ਔਰਤਾਂ ਸ਼ੁਭਕਰਨ ਦੇ ਘਰ ਵਿੱਚ ਰੋ ਰਹੇ ਉਸ ਦੇ ਰਿਸ਼ਤੇਦਾਰਾਂ ਨੂੰ ਚੁੱਪ ਕਰਾਉਣ ਦੇ ਨਾਲ-ਨਾਲ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਵੀ ਬੋਲ ਰਹੀਆਂ ਸਨ।
ਕਿਸਾਨ ਆਗੂ ਅਮਨਦੀਪ ਕੌਰ ਸ਼ੁਭਕਰਨ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਤੋਂ ਬਾਅਦ ਆਪਣੀ ਗੱਲ ਰੱਖਦੇ ਹਨ।
ਉਹ ਕਹਿੰਦੇ ਹਨ, "ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਲਈ ਸਰਕਾਰਾਂ ਨੇ ਹਰਿਆਣਾ ਅਤੇ ਪੰਜਾਬ ਦੀ ਸਰਹੱਦ ਨੂੰ ਹਿੰਦ-ਪੰਜਾਬ ਦੀ ਸਰਹੱਦ ਬਣਾ ਕੇ ਰੱਖ ਦਿੱਤਾ ਹੈ। ਸਾਡੇ ਦੇਸ਼ ਦੀ ਪੁਲਿਸ ਸਾਡੇ ਹੀ ਨੌਜਵਾਨਾਂ ਉੱਪਰ ਗੋਲੇ ਸੁੱਟ ਰਹੀ ਹੈ। ਅਜਿਹੇ ਵਿੱਚ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਧਰ ਜਾਈਏ।"
"ਕਿਸਾਨਾਂ ਨਾਲ ਹਰ ਪੱਧਰ 'ਤੇ ਬੇਇਨਸਾਫੀ ਹੋ ਰਹੀ ਹੈ। ਕਈ ਮੁੱਖ ਮੰਤਰੀ ਤੇ ਕਈ ਪ੍ਰਧਾਨ ਮੰਤਰੀ ਬਣੇ। ਹਰ ਕਿਸੇ ਨੇ ਕਿਸਾਨਾਂ ਦੀ ਤਰੱਕੀ ਲਈ ਭਰੋਸਾ ਦਿੱਤਾ ਪਰ ਅਜੇ ਤੱਕ ਕੁਝ ਨਹੀਂ ਹੋਇਆ। ਸ਼ੁਭਕਰਨ ਦਾ ਘਰ ਉੱਜੜ ਗਿਆ ਹੈ। ਅਸੀਂ ਅਜਿਹੇ ਵਰਤਾਰੇ ਲਈ ਸਰਕਾਰਾਂ ਦੀਆਂ ਨੀਤੀਆਂ ਨੂੰ ਹੀ ਜਿੰਮੇਵਾਰ ਸਮਝਦੇ ਹਾਂ।"
ਦਿੱਲੀ ਸੰਘਰਸ਼ ਵਿੱਚ ਸ਼ਾਮਲ ਰਿਹਾ ਸੀ
ਸ਼ੁਭਕਰਨ ਦੇ ਪਰਿਵਾਰ ਨਾਲ ਹਮਦਰਦੀ ਰੱਖਣ ਵਾਲੇ ਕੁਝ ਨੌਜਵਾਨ ਲਗਾਤਾਰ ਸੋਸ਼ਲ ਮੀਡੀਆ ਉੱਪਰ ਨਜ਼ਰ ਰੱਖ ਕੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਆਖ਼ਰਕਾਰ ਸ਼ੁਭਕਰਨ ਦੀ ਮ੍ਰਿਤਕ ਦੇਹ ਕਦੋਂ ਪਿੰਡ ਆਵੇਗੀ।
ਇਹਨਾਂ ਵਿੱਚ ਪਿੰਡ ਬੱਲੋ ਦੇ ਵਸਨੀਕ ਰਾਜਵੀਰ ਕੌਰ ਵੀ ਸ਼ਾਮਿਲ ਹਨ। ਉਹ ਕਹਿੰਦੇ ਹਨ ਕਿ ਭਾਵੇਂ ਪ੍ਰਸ਼ਾਸਨ ਹਰ ਪਲ ਦੀ ਜਾਣਕਾਰੀ ਪਰਿਵਾਰ ਨੂੰ ਦੇ ਰਿਹਾ ਹੈ ਪਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਪਰ ਹੀ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ।
"ਦਸਵੀਂ ਪਾਸ ਕਰਨ ਤੋਂ ਬਾਅਦ ਸ਼ੁਭਕਰਨ ਲਈ 18 ਸਾਲ ਦੀ ਉਮਰ ਵਿੱਚ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਦਿੱਲੀ ਦੇ ਕਿਸਾਨ ਸੰਘਰਸ਼ ਦੌਰਾਨ ਵੀ ਸਾਡੇ ਨਾਲ ਕਈ ਮਹੀਨੇ ਦਿੱਲੀ ਰਿਹਾ ਸੀ।"
"ਅੱਜ ਅਸੀਂ ਉਸ ਦੀਆਂ ਗੱਲਾਂ ਨੂੰ ਯਾਦ ਕਰਕੇ ਰੋ ਰਹੇ ਹਾਂ। ਸਰਕਾਰਾਂ ਦੇ ਬਿਆਨ ਸੋਸ਼ਲ ਮੀਡੀਆ ਉੱਪਰ ਸੁਣ ਰਹੇ ਹਾਂ ਪਰ ਸਾਨੂੰ ਪਤਾ ਹੈ ਕਿ ਕਿਸਾਨਾਂ ਦੀ ਬੇੜੀ ਕਿਸੇ ਤਣ-ਪੱਤਣ ਜਲਦੀ ਨਹੀਂ ਲੱਗਣੀ।"
ਪਿੰਡ ਬੱਲ੍ਹੋ ਦੇ ਲੋਕਾਂ ਦੀ ਜ਼ੁਬਾਨ 'ਤੇ ਇੱਕ ਹੀ ਗੱਲ ਸੀ ਕਿ ਆਖ਼ਰਕਾਰ ਸ਼ੁਭਕਰਨ ਦਾ ਕਸੂਰ ਕੀ ਸੀ?

ਤਸਵੀਰ ਸਰੋਤ, Surinder Maan/bbc
ਪਿੰਡ ਮੰਡੀ ਕਲਾਂ ਦੇ ਵਸਨੀਕ ਅਮਰਜੀਤ ਕੌਰ ਸ਼ੁਭਕਰਨ ਦੇ ਘਰ ਅਫ਼ਸੋਸ ਕਰਨ ਲਈ ਪਹੁੰਚੇ ਹੋਏ ਸਨ।
ਉਹ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਹਨ। ਉਹ ਦੱਸਦੇ ਹਨ ਕਿ ਘਟਨਾ ਵਾਲੇ ਸਮੇਂ ਉਹ ਮਹਿਲਾ ਕਿਸਾਨਾਂ ਦੇ ਇੱਕ ਜਥੇ ਨਾਲ ਖਨੌਰੀ ਪਹੁੰਚੇ ਹੋਏ ਸਨ।
ਉਹ ਕਹਿੰਦੇ ਹਨ, "ਸਾਡੇ ਕਿਸਾਨ ਅਤੇ ਨੌਜਵਾਨ ਪੰਜਾਬ ਦੀ ਜ਼ਮੀਨ ਉੱਪਰ ਬੈਠ ਕੇ ਆਪਣਾ ਸੰਘਰਸ਼ ਕਰ ਰਹੇ ਹਨ। ਜਦੋਂ ਉਹ ਹਰਿਆਣਾ ਦੀ ਸਰਹੱਦ ਵਿੱਚ ਦਾਖ਼ਲ ਹੀ ਨਹੀਂ ਹੋਏ ਤੇ ਫਿਰ ਉਹਨਾਂ ਉੱਪਰ ਅਥਰੂ ਗੈਸ ਸੁੱਟਣ ਜਾਂ ਹਮਲਾ ਕਰਨ ਦਾ ਕੀ ਮਤਲਬ ਸੀ।"
"ਮੇਰਾ ਇਹ ਸਵਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ। ਸਾਡੇ ਉੱਪਰ ਇਸ ਤਰ੍ਹਾਂ ਹਮਲਾ ਕੀਤਾ ਗਿਆ ਜਿਵੇਂ ਅਸੀਂ ਕਿਸੇ ਦੁਸ਼ਮਣ ਮੁਲਕ ਦੇ ਬਸਿੰਦੇ ਹੋਈਏ। ਇਹ ਸਭ ਤਾਂ ਜ਼ੁਲਮ ਹੈ।"
ਦੇਰ ਸ਼ਾਮ ਤੱਕ ਸ਼ੁਭਕਰਨ ਦੇ ਘਰ ਲੋਕਾਂ ਦਾ ਆਉਣਾ ਜਾਣਾ ਜਾਰੀ ਸੀ।
ਹਰ ਜ਼ੁਬਾਨ ਵਿੱਚ ਇੱਕੋ ਹੀ ਗੱਲ ਆ ਰਹੀ ਸੀ ਕੇ ਆਖਰਕਾਰ ਸ਼ੁਭਕਰਨ ਦੀ ਲਾਸ਼ ਅੰਤਿਮ ਸੰਸਕਾਰ ਲਈ ਕਦੋਂ ਪਿੰਡ ਆਵੇਗੀ।













