ਦਿੱਲੀ ਕਿਸਾਨ ਅੰਦੋਲਨ ਵਿੱਚ ਆਪਣੇ ਜੀਆਂ ਨੂੰ ਗੁਆਉਣ ਵਾਲੇ ਇਸ ਵਾਰ ਫਿਰ ਪਹੁੰਚੇ ਸ਼ੰਭੂ

- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀਆਂ ਨੂੰ ਗੁਆ ਦਿੱਤਾ, ਉਹ ਵੀ ਪੰਜਾਬ ਦੇ ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਪਰਿਵਾਰਕ ਮੈਂਬਰਾਂ ਨੂੰ ਗੁਆਉਣ ਦੇ ਬਾਵਜੂਦ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਲਈ ਇੱਥੇ ਆਏ ਹਨ।
ਆਪਣੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ (ਐੱਮਐੱਸਪੀ) ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਿਸਾਨ ਪਟਿਆਲਾ ਅਤੇ ਸੰਗਰੂਰ ਦੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਹਨ।
ਪ੍ਰਦਰਸ਼ਨ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਸੋਮਵਾਰ ਨੂੰ ਕੇਂਦਰ ਦੇ ਅਗਲੇ ਪੰਜ ਸਾਲਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਪੰਜ ਫ਼ਸਲਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੰਡੇ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਦਿੱਲੀ ਵਿੱਚ ਹੋਏ ਪਿਛਲੇ ਕਿਸਾਨ ਪ੍ਰਦਰਸ਼ਨ ਦੌਰਾਨ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ।

'ਸਾਢੇ ਤਿੰਨ ਮਹੀਨੇ ਦਿੱਲੀ ਧਰਨੇ 'ਤੇ'
ਉਹ ਸ਼ੰਭੂ ਅੰਦੋਲਨ ਵਿੱਚ ਪਹੰਚੁਣ ਲਈ ਆਪਣੀ ਮੋਟਰ ਸਾਈਕਲ 'ਤੇ 100 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਦੇ ਹੁੰਦੇ ਸੀ। ਹਰਪ੍ਰੀਤ ਸਿੰਘ ਅਜੇ ਵੀ ਪੰਜਾਬ ਸਰਕਾਰ ਵੱਲੋਂ ਦਿੱਲੀ ਪ੍ਰਦਰਸ਼ਨ ਦੌਰਾਨ ਆਪਣੇ ਮੈਂਬਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ।
ਹਰਪ੍ਰੀਤ ਸਿੰਘ 13 ਫਰਵਰੀ ਨੂੰ ਧਰਨੇ ਵਿੱਚ ਸ਼ਾਮਲ ਹੋਇਆ। ਹਰਪ੍ਰੀਤ ਦੇ ਪਰਿਵਾਰ ਕੋਲ 2 ਕਨਾਲ ਜ਼ਮੀਨ ਸੀ ਅਤੇ ਉਹ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦੇ ਹਨ।
ਹਰਪ੍ਰੀਤ ਦਾ ਕਹਿਣਾ ਹੈ, “ਅਸੀਂ ਆਪਣੀਆਂ ਮੰਗਾਂ ਦੇ ਹੱਲ ਦੀ ਮੰਗ ਕਰ ਰਹੇ ਹਾਂ ਕਿਉਂਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਬਹੁਤ ਜਲਦੀ ਲਾਗੂ ਹੋ ਜਾਵੇਗਾ।"
"ਮੈਂ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ 'ਤੇ ਕਰੀਬ ਸਾਢੇ 3 ਮਹੀਨੇ ਧਰਨੇ 'ਤੇ ਵੀ ਰਿਹਾ। ਮੈਂ ਆਪਣੇ ਪਿਤਾ ਨਾਇਬ ਸਿੰਘ ਦੇ ਨਾਲ ਦਿੱਲੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਸੀ।"
ਉਹ ਦੱਸਦੇ ਹੈ ਕਿ ਦਿੱਲੀ ਧਰਨੇ ਵਿੱਚ ਉਨ੍ਹਾਂ ਦੇ ਪਿਤਾ ਗੰਭੀਰ ਬਿਮਾਰ ਹੋ ਗਏ ਅਤੇ ਫਿਰ ਉਹ ਘਰ ਆ ਗਏ।
ਪਰਤਣ ਤੋਂ ਬਾਅਦ ਉਨ੍ਹਾਂ ਨੂੰ ਸਮਰਾਲਾ ਦੇ ਹਸਪਤਾਲ ਲੈ ਗਏ ਸਨ। ਫਿਰ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਪਿਤਾ ਦੀ 9 ਫਰਵਰੀ 2021 ਨੂੰ ਹਸਪਤਾਲ ਲੈ ਕੇ ਜਾਣ ਸਮੇਂ ਰਸਤੇ 'ਚ ਮੌਤ ਹੋ ਗਈ ਸੀ।
ਹਰਪ੍ਰੀਤ ਨੇ ਕਿਹਾ, "ਹੁਣ ਮੈਂ ਆਪਣੇ ਲੋਕਾਂ ਲਈ ਵੀ ਖੜ੍ਹਾ ਹਾਂ ਅਤੇ ਉਨ੍ਹਾਂ ਲਈ ਮਰਨ ਲਈ ਵੀ ਤਿਆਰ ਹਾਂ।"

ਪਿਛਲੇ ਧਰਨੇ ਦੌਰਾਨ ਆਪਣੇ ਮੈਂਬਰ ਗੁਆ ਚੁੱਕੇ ਕੁਝ ਪਰਿਵਾਰਾਂ ਨੂੰ ਤਤਕਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਕਿਸਾਨ ਧਰਨੇ ਦੌਰਾਨ ਮਰਨ ਵਾਲੇ 700 ਤੋਂ ਵੱਧ ਕਿਸਾਨਾਂ ਵਿੱਚੋਂ ਕਾਂਗਰਸ ਸਰਕਾਰ ਵੇਲੇ ਸਿਰਫ਼ 326 ਪਰਿਵਾਰਾਂ ਨੂੰ ਹੀ ਸਰਕਾਰੀ ਨੌਕਰੀਆਂ ਮਿਲੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ ਪਰ ਤੇਲੰਗਾਨਾ ਸਰਕਾਰ ਵੱਲੋਂ ਦਿੱਤਾ ਗਿਆ ਮੁਆਵਜ਼ਾ ਨਹੀਂ ਮਿਲਿਆ।
ਜਦੋਂ ਤੋਂ ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ, ਉਦੋਂ ਤੋਂ ਹੀ ਹਰਪ੍ਰੀਤ ਦੀ ਮਾਂ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੀ ਹੈ।
ਹਰਪ੍ਰੀਤ ਦਾ ਕਹਿਣਾ ਹੈ, "ਮੇਰੀ ਮਾਂ ਨੂੰ ਮੇਰੇ ਬਾਰੇ ਚਿੰਤਾ ਹੈ ਕਿਉਂਕਿ ਉਹ ਪਹਿਲਾਂ ਹੀ ਆਪਣਾ ਪਤੀ ਗੁਆ ਚੁੱਕੀ ਹੈ। ਮੈਂ ਆਪਣੀ ਮਾਂ ਨੂੰ ਹਮੇਸ਼ਾ ਕਹਿੰਦਾ ਹਾਂ ਕਿ ਸਾਨੂੰ ਆਪਣੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ।"

'ਮੇਰਾ ਪੁੱਤਰ ਖ਼ਰਾਬ ਸਿਹਤ ਦੇ ਬਾਵਜੂਦ ਲੋਕਾਂ ਲਈ ਲੜਿਆ'
ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੰਡੋਲੀ ਦੇ ਜਸਪਾਲ ਸਿੰਘ ਦੇ 36 ਸਾਲਾ ਪੁੱਤਰ ਦਵਿੰਦਰ ਸਿੰਘ ਦੀ 2020-21 ਦੇ ਕਿਸਾਨੀ ਅੰਦੋਲਨ ਦੌਰਾਨ ਮੌਤ ਹੋ ਗਈ ਸੀ।
ਦਵਿੰਦਰ ਸਿੰਘ ਦਾ ਦੋ ਵਾਰ ਕਿਡਨੀ ਟਰਾਂਸਪਲਾਂਟ ਹੋਇਆ ਸੀ। ਪਹਿਲਾਂ ਉਨ੍ਹਾਂ ਦੇ ਪਿਤਾ ਨੇ ਫਿਰ ਉਨ੍ਹਾਂ ਦੀ ਪਤਨੀ ਨੇ ਕਿਡਨੀ ਦਾਨ ਕੀਤੀ ਸੀ।
90 ਦੇ ਦਹਾਕੇ ਤੋਂ ਕੁੱਲ ਹਿੰਦ ਕਿਸਾਨ ਸਭਾ ਨਾਲ ਜੁੜੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ 2020-21 ਵਿੱਚ ਦਿੱਲੀ ਦੇ ਕਿਸਾਨਾਂ ਦੇ ਧਰਨੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ, ਬਾਅਦ ਵਿੱਚ ਸਾਰੇ ਬਿੱਲ ਰੱਦ ਕਰ ਦਿੱਤੇ ਗਏ ਸਨ।
ਉਨ੍ਹਾਂ ਦੇ ਪਿੰਡ ਦੇ ਕਰੀਬ 200 ਲੋਕ ਅੱਜ ਵੀ ਪਟਿਆਲਾ ਦੇ ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨ ਧਰਨੇ ਵਿੱਚ ਮੌਜੂਦ ਹਨ। ਉਹ 50 ਏਕੜ ਜ਼ਮੀਨ 'ਤੇ ਖੇਤੀ ਕਰਦੇ ਹੋਏ 17 ਏਕੜ ਜ਼ਮੀਨ ਦੇ ਮਾਲਕ ਸਨ।
ਜਸਪਾਲ ਸਿੰਘ ਦਾ ਕਹਿਣਾ ਹੈ, “ਮੇਰਾ ਪੁੱਤਰ ਦਵਿੰਦਰ ਸਿੰਘ ਦਿੱਲੀ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਬਕਾਇਦਾ ਹਿੱਸਾ ਲੈਂਦਾ ਸੀ। ਦਵਿੰਦਰ ਸਿੰਘ ਦਾ ਦੋ ਵਾਰ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ।"

ਤਸਵੀਰ ਸਰੋਤ, jaspal Singh/bbc
ਦਵਿੰਦਰ ਨੇ ਡਾਕਟਰਾਂ ਦੀ ਸਲਾਹ ਨੂੰ ਵੀ ਨਜ਼ਰਅੰਦਾਜ਼ ਕੀਤਾ। ਜਸਪਾਲ ਅੱਗੇ ਕਹਿੰਦੇ ਹਨ, “ਡਾਕਟਰਾਂ ਨੇ ਉਸ ਨੂੰ ਧਰਨੇ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਅਤੇ ਅਸੀਂ ਉਸ ਨੂੰ ਰੋਕਿਆ ਵੀ ਸੀ, ਪਰ ਦਵਿੰਦਰ ਕਿਸਾਨਾਂ ਲਈ ਲੜਨ ਲਈ ਅਡੋਲ ਰਿਹਾ।"
"ਉਸ ਨੇ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਜਾਰੀ ਰੱਖੀ। ਪ੍ਰਦਰਸ਼ਨ ਦੌਰਾਨ ਦਵਿੰਦਰ ਦੀ ਸਿਹਤ ਵਿਗੜ ਗਈ ਅਤੇ ਜਨਵਰੀ 2021 ਵਿੱਚ ਸਾਡੇ ਘਰ ਵਿੱਚ ਉਸ ਦੀ ਮੌਤ ਹੋ ਗਈ।”
ਜਸਪਾਲ ਦੱਸਦੇ ਹਨ, “ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਘਰ ਮਰਨ ਦੀ ਬਜਾਏ ਇੱਥੇ ਹੀ ਮਰਨਾ ਸਾਡੇ ਲਈ ਬਿਹਤਰ ਹੈ। ਮੇਰੇ ਪਰਿਵਾਰ ਨੇ ਮੈਨੂੰ ਰੋਕਿਆ ਨਹੀਂ, ਇੱਥੋਂ ਤੱਕ ਕਿ ਦਵਿੰਦਰ ਦਾ ਪੁੱਤਰ ਜੋ ਨਬਾਲਗ਼ ਹੈ ਉਹ ਵੀ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਿਹਾ ਹੈ।"
ਜਸਪਾਲ ਸਿੰਘ ਦੇ ਪਰਿਵਾਰ ਨੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਠੁਕਰਾ ਦਿੱਤੀ, ਉਹ ਦੱਸਦੇ ਹਨ, "ਪਿੰਡ ਵਾਲਿਆਂ ਦੇ ਜ਼ੋਰ ਪਾਉਣ ਬਾਅਦ ਅਸੀਂ ਪੰਜਾਬ ਸਰਕਾਰ ਦੀ ਸਰਕਾਰੀ ਨੌਕਰੀ ਦੀ ਪੇਸ਼ਕਸ਼ ਨੂੰ ਸਵੀਕਾਰ ਕੀਤਾ ਤੇ ਮੇਰੀ ਨੂੰਹ ਨੂੰ ਨੌਕਰੀ ਮਿਲ ਗਈ।"
ਜਸਪਾਲ ਅਪੀਲ ਕਰਦੇ ਹਨ, "ਸਾਡੀ ਬੇਨਤੀ ਹੈ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਕੇ ਲਾਗੂ ਕਰੇ।"

'ਸਰਕਾਰ ਆਪਣੇ ਹੀ ਲੋਕਾਂ ਅੰਦਰ ਬੇਗਾਨਗ਼ੀ ਦੀ ਭਾਵਨਾ ਪੈਦਾ ਕਰ ਰਹੀ ਹੈ'
ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਮੋਹਨਵੀਰ ਸਿੰਘ ਪੰਜਾਬ ਦੇ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦੇ ਹਨ।
ਦਿੱਲੀ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਮੋਹਨਵੀਰ ਦੇ ਪਿਤਾ ਦੀ ਮੌਤ ਹੋ ਗਈ ਸੀ। ਉਹ ਕਿਸਾਨਾਂ ਨੂੰ ਸਮਰਥਨ ਦੇਣ ਲਈ ਚੱਲ ਰਹੇ ਸ਼ੰਭੂ ਧਰਨੇ ਵਿੱਚ ਹਿੱਸਾ ਲੈ ਰਹੇ ਸੀ ਕਿਉਂਕਿ ਉਨ੍ਹਾਂ ਮੁਤਾਬਕ ਕਿਸਾਨਾਂ ਦੀਆਂ ਮੰਗਾਂ ਅਜੇ ਪੂਰੀਆਂ ਨਹੀਂ ਹੋਈਆਂ ਹਨ।
ਡਡਿਆਣਾ ਪਿੰਡ ਦੇ ਮੋਹਨਵੀਰ ਸਿੰਘ ਚੇਤੇ ਕਰਦੇ ਹਨ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਤਰਲੋਚਨ ਸਿੰਘ ਦਿੱਲੀ ਵਿਰੋਧ ਪ੍ਰਦਰਸ਼ਨ ਵਿੱਚ ਗਏ ਸਨ। ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਦੇ ਗੋਲੇ ਨਾਲ ਤਰਲੋਚਨ ਸਿੰਘ ਜ਼ਖ਼ਮੀ ਹੋ ਗਏ।
ਮੋਹਨਵੀਰ ਦਾ ਕਹਿਣਾ ਹੈ, “ਮੇਰੇ ਪਿਤਾ ਮਈ 2021 ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ, ਫਿਰ ਉਹ ਘਰ ਪਰਤ ਆਏ। ਉਨ੍ਹਾਂ ਦੀ ਛਾਤੀ ਵਿਚ ਦਰਦ ਹੋਇਆ ਤੇ ਫਿਰ ਅਸੀਂ ਡਾਕਟਰ ਕੋਲ ਗਏ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਸੀਂ ਅਜੇ ਵੀ ਉਨ੍ਹਾਂ ਦੀ ਮੌਤ ਦੇ ਕਾਰਨਾਂ ਤੋਂ ਅਣਜਾਣ ਹਾਂ।”
ਮੋਹਨ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਅਜੇ ਪੂਰੀਆਂ ਨਹੀਂ ਹੋਈਆਂ ਹਨ।
ਉਨ੍ਹਾਂ ਕਿਹਾ, "ਮੈਨੂੰ ਸਰਕਾਰੀ ਨੌਕਰੀ ਤਾਂ ਮਿਲ ਗਈ ਹੈ ਪਰ ਸਾਡੇ ਕਿਸਾਨ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਗਏ ਸਨ, ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।"
ਜਿਵੇਂ ਕਿ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ।
ਮੋਹਨਵੀਰ ਕਹਿੰਦੇ ਹਨ, “ਸਰਕਾਰ ਦੀ ਕਾਰਵਾਈ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।"
"ਸਰਕਾਰ ਨੂੰ ਸਰਹੱਦਾਂ ਬਣਾਉਣ ਦੀ ਬਜਾਏ ਆਪਣੇ ਹੀ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਚੀਨ ਅਤੇ ਭਾਰਤ ਵਿਚਕਾਰ ਅਜਿਹੀਆਂ ਸਰਹੱਦਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।"












