ਅਦਾਕਾਰ ਪ੍ਰੇਮ ਚੋਪੜਾ ਨੂੰ ਹੋਈ ਦਿਲ ਦੀ ਬਿਮਾਰੀ 'ਐਕਿਊਟ ਏਓਰਟਿਕ ਸਟੇਨੋਸਿਸ' ਕੀ ਹੈ ਅਤੇ ਇਸ ਦਾ ਇਲਾਜ ਕੀ ਹੈ

ਤਸਵੀਰ ਸਰੋਤ, Getty Images
ਮਸ਼ਹੂਰ ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਦਾ ਦਿਲ ਦੀ ਬਿਮਾਰੀ ਤੋਂ ਬਾਅਦ ਵਾਲਵ ਇਮਪਲਾਂਟੇਸ਼ਨ ਪ੍ਰਕਿਰਿਆ ਸਫਲ ਰਹੀ ਹੈ।
ਇਸ ਦੀ ਪੁਸ਼ਟੀ ਉਨ੍ਹਾਂ ਦੇ ਜਵਾਈ ਅਤੇ ਅਦਾਕਾਰ ਸ਼ਰਮਨ ਜੋਸ਼ੀ ਨੇ ਕੀਤੀ।
90 ਸਾਲਾ ਅਦਾਕਾਰ ਨੂੰ ਹਾਲ ਹੀ ਵਿੱਚ ਐਕਿਊਟ ਏਓਰਟਿਕ ਸਟੇਨੋਸਿਸ ਦਾ ਪਤਾ ਲੱਗਿਆ ਹੈ, ਇਹ ਇੱਕ ਦਿਲ ਦੀ ਬਿਮਾਰੀ ਜੋ ਦਿਲ ਦੇ ਵਾਲਵ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਹ ਸਥਿਤੀ ਏਓਰਟਾ ਵਿੱਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦੀ ਹੈ, ਇਹ ਮੁੱਖ ਧਮਣੀ ਹੈ ਜੋ ਦਿਲ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚਕਾਰ ਖੂਨ ਪਹੁੰਚਾਉਂਦੀ ਹੈ।
ਸ਼ਰਮਨ ਜੋਸ਼ੀ ਨੇ ਇੰਸਟਾਗ੍ਰਾਮ 'ਤੇ ਦੱਸਿਆ ਸੀ, "ਪਿਤਾ ਜੀ ਨੂੰ ਐਕਿਊਟ ਏਓਰਟਿਕ ਸਟੇਨੋਸਿਸ ਹੋਣ ਬਾਰੇ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਓਪਨ-ਹਾਰਟ ਸਰਜਰੀ ਤੋਂ ਬਿਨਾਂ ਵਾਲਵ ਨੂੰ ਬਦਲਣ ਲਈ ਟੀਏਵੀਆਈ ਪ੍ਰਕਿਰਿਆ ਸਫਲਤਾਪੂਰਵਕ ਕੀਤੀ ਗਈ। ਪਿਤਾ ਜੀ ਹੁਣ ਘਰ ਹਨ ਅਤੇ ਬਹੁਤ ਬਿਹਤਰ ਮਹਿਸੂਸ ਕਰ ਰਹੇ ਹਨ।"
ਸ਼ਰਮਨ ਜੋਸ਼ੀ ਨੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ। ਟ੍ਰਾਂਸਕੈਠਥੇਟਰ ਏਓਰਟਿਕ ਵਾਲਵ ਇਮਪਲਾਂਟੇਸ਼ਨ (TAVI) ਵਿੱਚ ਓਪਨ ਹਾਰਟ ਸਰਜਰੀ ਤੋਂ ਬਿਨਾਂ ਵਾਲਵ ਲਗਾਉਣਾ ਸ਼ਾਮਲ ਹੈ।
ਆਓ ਸਮਝੀਏ ਕਿ ਇਹ ਬਿਮਾਰੀ ਕੀ ਹੈ ਅਤੇ ਇਸਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ।

ਤਸਵੀਰ ਸਰੋਤ, ANI
ਏਓਰਟਿਕ ਸਟੇਨੋਸਿਸ ਕੀ ਹੈ?
ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੇ ਅਨੁਸਾਰ, ਏਓਰਟਿਕ ਸਟੇਨੋਸਿਸ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਏਓਰਟਿਕ ਵਾਲਵ ਮੋਟਾ ਜਾਂ ਸਖ਼ਤ ਹੋ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਦਾ। ਇਸ ਨਾਲ ਵਾਲਵ ਵਿੱਚ ਖੂਨ ਦਾ ਵਹਾਅ ਘੱਟ ਜਾਂਦਾ ਹੈ ਅਤੇ ਇਸ ਦੌਰਾਨ ਦਿਲ ਦੀ ਅਵਾਜ਼ ਸਟੈਥੋਸਕੋਪ ਨਾਲ ਸੁਣੀ ਜਾ ਸਕਦੀ ਹੈ।
ਹੁਣ ਸਵਾਲ ਉੱਠਦਾ ਹੈ ਕਿ ਇਹ ਬਿਮਾਰੀ ਕਿਹੜੇ ਕਾਰਨਾਂ ਨਾਲ ਹੁੰਦੀ ਹੈ। ਏਓਰਟਿਕ ਸਟੇਨੋਸਿਸ ਦਾ ਸਭ ਤੋਂ ਆਮ ਕਾਰਨ ਉਮਰ ਦਾ ਵਧਣਾ ਹੈ, ਇਸ ਲਈ ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਇਹ ਸਮੱਸਿਆ ਹੁੰਦੀ ਹੈ ਉਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੁੰਦੀ ਹੈ।
ਕੁਝ ਲੋਕਾਂ ਵਿੱਚ ਜਨਮ ਤੋਂ ਹੀ ਬਾਈਕਸਪਿਡ ਵਾਲਵ ਹੁੰਦਾ ਹੈ। ਅਜਿਹੇ ਲੋਕਾਂ ਵਿੱਚ ਵਾਲਵ ਘੱਟ ਉਮਰ ਵਿੱਚ ਹੀ ਮੋਟਾ ਹੋਣ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਇਹ ਸਮੱਸਿਆ ਹੋ ਸਕਦੀ ਹੈ।
ਐਨਐਚਐਸ ਮੁਤਾਬਕ ਕਈ ਵਾਰ ਇਸ ਦੇ ਸੰਕੁੜਨ ਨਾਲ ਨਾਲ ਏਓਰਟਿਕ ਵਾਲਵ ਵਿੱਚ ਲੀਕੇਜ ਵੀ ਹੋ ਜਾਂਦਾ ਹੈ, ਜਿਸ ਨੂੰ ਏਓਰਟਿਕ ਰਿਗਰਜੀਟੇਸ਼ਨ ਕਿਹਾ ਜਾਂਦਾ ਹੈ। ਜਦੋਂ ਦੋਵੇਂ ਸਮੱਸਿਆਵਾਂ ਇਕੱਠੀਆਂ ਹੁੰਦੀਆਂ ਹਨ ਤਾਂ ਇਸ ਨੂੰ ਮਿਕਸਡ ਏਓਰਟਿਕ ਵਾਲਵ ਡਿਜ਼ੀਜ਼ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images
ਇਸ ਦਾ ਇਲਾਜ ਕੀ ਹੈ?
ਏਓਰਟਿਕ ਸਟੇਨੋਸਿਸ ਇੱਕ ਲੰਮੇ ਸਮੇਂ ਤੱਕ ਚੱਲਣ ਵਾਲੀ ਸਥਿਤੀ ਹੋ ਸਕਦੀ ਹੈ, ਇਸ ਲਈ ਇਸ ਨੂੰ ਤਿੰਨ ਪੱਧਰਾਂ ਵਿੱਚ ਵੰਡਿਆ ਜਾਂਦਾ ਹੈ: ਹਲਕਾ, ਦਰਮਿਆਨਾ ਅਤੇ ਗੰਭੀਰ।
ਐਨਐਚਐਸ ਮੁਤਾਬਕ, ਹਲਕੇ ਜਾਂ ਦਰਮਿਆਨੇ ਏਓਰਟਿਕ ਸਟੇਨੋਸਿਸ ਵਿੱਚ ਆਮ ਤੌਰ ਤੇ ਕੋਈ ਲੱਛਣ ਨਹੀਂ ਹੁੰਦੇ ਅਤੇ ਦਿਲ ਤੇ ਵੀ ਜ਼ਿਆਦਾ ਅਸਰ ਨਹੀਂ ਪੈਂਦਾ।
ਐਨਐਚਐਸ ਦੀ ਵੈੱਬਸਾਈਟ ਤੇ ਲਿਖਿਆ ਹੈ, "ਇਹ ਬਿਮਾਰੀ ਬਹੁਤ ਹੌਲੀ-ਹੌਲੀ ਵਧਦੀ ਹੈ ਅਤੇ ਬਹੁਤ ਸਾਰੇ ਮਰੀਜ਼ ਸਾਲਾਂ ਤੱਕ ਬਿਨਾਂ ਲੱਛਣਾਂ ਦੇ ਰਹਿੰਦੇ ਹਨ। ਫਾਲੋ-ਅੱਪ ਦਾ ਅੰਤਰਾਲ ਤੁਹਾਡੀ ਹਾਲਤ ਅਤੇ ਬਿਮਾਰੀ ਦੀ ਤਰੱਕੀ ਦੇ ਅਧਾਰ ਤੇ ਡਾਕਟਰ ਤੈਅ ਕਰਦੇ ਹਨ। ਹਲਕੇ ਏਓਰਟਿਕ ਸਟੇਨੋਸਿਸ ਵਿੱਚ ਆਮ ਤੌਰ ਤੇ ਬਹੁਤ ਘੱਟ ਅੰਤਰਾਲ ਤੇ ਜਾਂਚ ਦੀ ਲੋੜ ਹੁੰਦੀ ਹੈ।"
"ਜੇ ਤੁਹਾਨੂੰ ਗੰਭੀਰ ਏਓਰਟਿਕ ਸਟੇਨੋਸਿਸ ਹੈ ਅਤੇ ਲੱਛਣ ਵੀ ਮੌਜੂਦ ਹਨ ਤਾਂ ਤੁਹਾਨੂੰ ਏਓਰਟਿਕ ਵਾਲਵ ਬਦਲਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਇਹ ਓਪਨ ਹਾਰਟ ਸਰਜਰੀ ਜਾਂ ਟ੍ਰਾਂਸਕੈਥੇਟਰ ਏਓਰਟਿਕ ਵਾਲਵ ਇੰਪਲਾਂਟੇਸ਼ਨ ਰਾਹੀਂ ਕੀਤਾ ਜਾ ਸਕਦਾ ਹੈ।"

ਤਸਵੀਰ ਸਰੋਤ, Getty Images

ਇਸ ਦਾ ਪਤਾ ਕਿਹੜੇ ਟੈਸਟਾਂ ਨਾਲ ਲੱਗਦਾ?
ਏਓਰਟਿਕ ਸਟੇਨੋਸਿਸ ਵਾਲੇ ਜ਼ਿਆਦਾਤਰ ਮਰੀਜ਼ਾਂ ਦਾ ਈਕੋਕਾਰਡੀਓਗ੍ਰਾਮ ਅਤੇ ਈਸੀਜੀ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਹੋਰ ਵੀ ਕੁਝ ਟੈਸਟ ਕੀਤੇ ਜਾ ਸਕਦੇ ਹਨ। ਜਿਵੇਂ ਕਿ ਸੀਟੀ ਸਕੈਨ ਟੈਸਟ ਦੌਰਾਨ ਤੁਸੀਂ ਸਿੱਧੇ ਲੇਟ ਜਾਂਦੇ ਹੋ ਅਤੇ ਇੱਕ ਵੱਡੀ ਰਿੰਗ ਵਰਗੇ ਸਕੈਨਰ ਵਿੱਚੋਂ ਲੰਘਦੇ ਹੋ ਜੋ ਦਿਲ ਦੀਆਂ ਬਹੁਤ ਵਿਸਥਾਰ ਵਾਲੀਆਂ ਐਕਸ-ਰੇ ਤਸਵੀਰਾਂ ਲੈਂਦਾ ਹੈ। ਇਸ ਵਿੱਚ ਇੰਜੈਕਸ਼ਨ ਦਿੱਤਾ ਜਾਂਦਾ ਹੈ ਅਤੇ ਟੈਸਟ ਕੁਝ ਮਿੰਟਾਂ ਵਿੱਚ ਹੀ ਪੂਰਾ ਹੋ ਜਾਂਦਾ ਹੈ।
ਈਕੋਕਾਰਡੀਓਗ੍ਰਾਮ (ਈਕੋ ਜਾਂ ਕਾਰਡੀਐਕ ਅਲਟਰਾਸਾਊਂਡ) ਟੈਸਟ ਵਿੱਚ ਛਾਤੀ ਤੇ ਅਲਟਰਾਸਾਊਂਡ ਪ੍ਰੋਬ ਰੱਖ ਕੇ ਦਿਲ ਦੀਆਂ ਚੱਲਦੀਆਂ ਤਸਵੀਰਾਂ ਲਈਆਂ ਜਾਂਦੀਆਂ ਹਨ ਅਤੇ ਇਹ ਟੈਸਟ ਲਗਭਗ 30 ਮਿੰਟ ਦਾ ਹੁੰਦਾ ਹੈ।
ਇਸ ਤੋਂ ਇਲਾਵਾ ਐਂਜੀਓਗ੍ਰਾਮ ਟੈਸਟ ਵੀ ਹੁੰਦਾ ਹੈ ਜਿਸ ਵਿੱਚ ਦਿਲ ਦੀਆਂ ਧਮਨੀਆਂ ਦਾ ਐਕਸ-ਰੇ ਕੀਤਾ ਜਾਂਦਾ ਹੈ।
ਕਾਰਡੀਓਪਲਮਨਰੀ ਐਕਸਰਸਾਈਜ਼ ਟੈਸਟ ਨਾਲ ਵੀ ਦਿਲ ਦੀ ਸਿਹਤ ਦਾ ਪਤਾ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਮਰੀਜ਼ ਨੂੰ ਟ੍ਰੇਡਮਿਲ ਤੇ ਚੱਲਣ ਜਾਂ ਸਾਈਕਲ ਚਲਾਉਣ ਲਈ ਕਿਹਾ ਜਾਂਦਾ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਕਸਰਤ ਦੌਰਾਨ ਦਿਲ ਅਤੇ ਫੇਫੜੇ ਕਿਸ ਤਰ੍ਹਾਂ ਕੰਮ ਕਰਦੇ ਹਨ।
ਨਾਲ ਹੀ ਡਾਕਟਰ ਇਸ ਬਿਮਾਰੀ ਵਿੱਚ ਸਿਹਤਮੰਦ ਜੀਵਨ-ਸ਼ੈਲੀ ਤੇ ਧਿਆਨ ਦੇਣ ਦੀ ਸਲਾਹ ਦਿੰਦੇ ਹਨ ਤੇ ਨਾਲ ਹੀ ਵਜ਼ਨ ਨੂੰ ਆਮ ਦਾਇਰੇ ਵਿੱਚ ਰੱਖਣ ਲਈ ਕਿਹਾ ਜਾਂਦਾ ਹੈ।
ਜੇ ਕੋਈ ਸਿਗਰਟਨੋਸ਼ੀ ਕਰਦਾ ਹੈ ਤਾਂ ਉਸ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਤੇ ਕਸਰਤ ਕਰਨ ਤੇ ਕੋਈ ਪਾਬੰਦੀ ਨਹੀਂ ਹੁੰਦੀ ਪਰ ਫਿਰ ਵੀ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












