You’re viewing a text-only version of this website that uses less data. View the main version of the website including all images and videos.
ਇਸ ਮੁਲਕ ਵਿੱਚ ਅਚਾਨਕ ਏਡਜ਼ ਦੇ ਮਾਮਲੇ ਕਿਉਂ ਵਧਣ ਲੱਗੇ, ਸਰਕਾਰ ਨੂੰ ਮਹਾਮਾਰੀ ਤੱਕ ਐਲਾਨਣਾ ਪਿਆ
- ਲੇਖਕ, ਗਵੈਨ ਬਟਲਰ
- ਰੋਲ, ਬੀਬੀਸੀ ਨਿਊਜ਼
ਸਿਸਨੈਲੀ ਨਤਾਲੀਆ ਐੱਚਆਈਵੀ ਤੋਂ ਪੀੜਤ, ਜਿਸ ਸਭ ਤੋਂ ਛੋਟੇ ਮਰੀਜ਼ ਨੂੰ ਮਿਲੇ ਹਨ ਉਹ ਮਹਿਜ਼ ਦਸ ਸਾਲ ਦੀ ਹੈ।
ਸਾਲ 2013 ਵਿੱਚ ਜਦੋਂ ਉਨ੍ਹਾਂ ਨੇ ਫਿਜੀ ਦਾ 'ਸਰਵਾਈਵਰ ਐਡਵੋਕੇਸੀ ਨੈੱਟਵਰਕ' ਸ਼ੁਰੂ ਕੀਤਾ ਸੀ, ਉਦੋਂ ਉਹ ਮੁੰਡਾ ਅਜੇ ਪੈਦਾ ਵੀ ਨਹੀਂ ਹੋਇਆ ਸੀ। ਜੋ ਹੁਣ ਫਿਜੀ ਦੇ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਪਿਛਲੇ ਸਾਲਾਂ ਦੌਰਾਨ ਖੂਨ ਰਾਹੀਂ ਐੱਚਆਈਵੀ ਦੀ ਲਾਗ ਲੱਗੀ ਹੈ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 19 ਸਾਲ ਤੋਂ ਵੀ ਘੱਟ ਹੈ। ਕਈਆਂ ਨੂੰ ਇਹ ਲਾਗ ਨਸ਼ੇ ਦੀਆਂ ਸੂਈਆਂ ਸਾਂਝੀਆਂ ਕਰਨ ਕਾਰਨ ਲੱਗੀ ਹੈ।
ਨਤਾਲੀਆ ਦੀ ਸੰਸਥਾ ਫਿਜੀ ਦੀ ਰਾਜਧਾਨੀ ਸੁਵਾ ਵਿੱਚ ਸੈਕਸ ਵਰਕਰਾਂ ਅਤੇ ਨਸ਼ੇ ਦੇ ਆਦੀਆਂ ਦੀ ਸਹਾਇਤਾ ਕਰਦੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਵਧੇਰੇ ਨੌਜਵਾਨ ਨਸ਼ੇ ਕਰ ਰਹੇ ਹਨ। ਉਹ (ਮੁੰਡਾ) ਕੋਵਿਡ ਦੌਰਾਨ ਸੜਕਾਂ ਉੱਤੇ ਨਸ਼ੇ ਦੀਆਂ ਸੂਈਆਂ ਸਾਂਝੀਆਂ ਕਰਨ ਵਾਲੇ ਨੌਜਵਾਨਾਂ ਵਿੱਚੋਂ ਇੱਕ ਸੀ।"
ਫਿਜੀ ਦੱਖਣੀ ਪ੍ਰਸ਼ਾਂਤ ਵਿੱਚ ਦਸ ਲੱਖ ਤੋਂ ਘੱਟ ਅਬਾਦੀ ਵਾਲਾ ਇੱਕ ਛੋਟਾ ਜਿਹਾ ਦੇਸ ਹੈ। ਜੋ ਕਿ ਪਿਛਲੇ ਪੰਜ ਸਾਲਾਂ ਦੌਰਾਨ ਦੁਨੀਆਂ ਦੇ ਉਨ੍ਹਾਂ ਦੇਸਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਵਿੱਚ ਐੱਚਆਈਵੀ ਮਹਾਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
ਸਾਲ 2014 ਵਿੱਚ ਇੱਥੇ 500 ਤੋਂ ਘੱਟ ਐੱਚਆਈਵੀ ਦੇ ਮਰੀਜ਼ ਸਨ। ਸਾਲ 2024 ਵਿੱਚ ਇਹ ਵੱਧ ਕੇ 5900 ਹੋ ਗਏ, ਜੋ ਕਿ ਪੰਜ ਸਾਲਾਂ ਦੀ ਸਧਾਰਨ ਔਸਤ ਨਾਲੋਂ 11 ਗੁਣਾ ਜ਼ਿਆਦਾ ਸੀ।
ਉਸੇ ਸਾਲ ਫਿਜੀ ਵਿੱਚ ਐੱਚਆਈਵੀ ਦੇ 1583 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਕਿ ਪੰਜ ਸਾਲਾਂ ਦੀ ਇਸ ਦੀ ਸਧਾਰਨ ਔਸਤ ਤੋਂ 13 ਗੁਣਾ ਜ਼ਿਆਦਾ ਸਨ। ਇਨ੍ਹਾਂ ਵਿੱਚੋਂ 41 ਦੀ ਉਮਰ 15 ਜਾਂ ਉਸ ਤੋਂ ਘੱਟ ਸੀ ਜਦਕਿ 2023 ਵਿੱਚ ਇਹ ਸੰਖਿਆ ਸਿਰਫ਼ 11 ਸੀ।
ਇਨ੍ਹਾਂ ਅੰਕੜਿਆਂ ਕਾਰਨ ਦੇਸ ਦੇ ਸਿਹਤ ਅਤੇ ਡਾਕਟਰੀ ਸੇਵਾਵਾਂ ਮੰਤਰੀ ਨੂੰ ਐੱਚਆਈਵੀ ਨੂੰ ਇੱਕ ਮਹਾਮਾਰੀ ਐਲਾਨਣ ਲਈ ਮਜਬੂਰ ਕੀਤਾ। ਪਿਛਲੇ ਹਫ਼ਤੇ ਸਹਾਇਕ ਸਿਹਤ ਮੰਤਰੀ ਪਿਨੋਨੀ ਰਵਾਊਨਾਵਾ ਨੇ ਚੇਤਾਵਨੀ ਦਿੱਤੀ ਕਿ ਫਿਜੀ ਵਿੱਚ ਸਾਲ 2025 ਦੇ ਅੰਤ ਤੱਕ ਐੱਚਆਈਵੀ ਦੇ 3000 ਨਵੇਂ ਮਾਮਲੇ ਦਰਜ ਹੋ ਸਕਦੇ ਹਨ।
ਉਨ੍ਹਾਂ ਨੇ ਕਿਹਾ, "ਇਹ ਇੱਕ ਕੌਮੀ ਸੰਕਟ ਹੈ ਅਤੇ ਮੱਧਮ ਨਹੀਂ ਹੋ ਰਿਹਾ।"
ਬੀਬੀਸੀ ਨੇ ਮਾਮਲਿਆਂ ਵਿੱਚ ਇਸ ਤੇਜ਼ੀ ਦੇ ਕਾਰਨ ਜਾਣਨ ਲਈ ਕਈ ਮਾਹਰਾਂ, ਵਕਾਲਤੀਆਂ, ਮੂਹਰਲੀ ਕਤਾਰ ਦੇ ਕਾਮਿਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਜਿਉਂ-ਜਿਉਂ ਐੱਚਆਈਵੀ ਬਾਰੇ ਜਾਗਰੂਕਤਾ ਵੱਧ ਰਹੀ ਹੈ ਤੇ ਇਸ ਨਾਲ ਜੁੜਿਆ ਕਲੰਕ ਮਿਟ ਰਿਹਾ ਹੈ, ਪਹਿਲਾਂ ਨਾਲੋਂ ਜ਼ਿਆਦਾ ਲੋਕ ਟੈਸਟ ਅਤੇ ਜਾਂਚ ਲਈ ਅੱਗੇ ਆ ਰਹੇ ਹਨ।
ਇਸਦੇ ਨਾਲ ਹੀ, ਉਹ ਇਹ ਵੀ ਦੱਸਦੇ ਹਨ ਕਿ ਅਸਲੀ ਸਥਿਤੀ ਇਨ੍ਹਾਂ ਅੰਕੜਿਆਂ ਤੋਂ ਕਿਤੇ ਵੱਡੀ ਹੈ।
ਨਸ਼ੇ ਲਈ 'ਖੂਨ ਸਾਂਝਾ ਕਰਨਾ'
ਫਿਜੀ ਵਿੱਚ ਐੱਚਆਈਵੀ ਮਹਾਮਾਰੀ ਦੇ ਫੈਲਣ ਪਿੱਛੇ ਕਈ ਰੁਝਾਨ ਜ਼ਿੰਮੇਵਾਰ ਹਨ। ਜਿਵੇਂ ਕਿ, ਨਸ਼ੇ, ਅਸੁਰੱਖਿਅਤ ਸਰੀਰਕ ਸੰਬੰਧ, ਸੂਈਆਂ ਸਾਂਝੀਆਂ ਕਰਨਾ ਅਤੇ "ਬਲੂਟੂਥਿੰਗ" ਆਦਿ।
"ਬਲੂਟੂਥਿੰਗ" ਨੂੰ "ਹਾਟਸਪਾਟਿੰਗ" ਵੀ ਕਿਹਾ ਜਾਂਦਾ ਹੈ। ਨਸਾਂ ਰਾਹੀਂ ਨਸ਼ਾ ਕਰਨ ਵਾਲਾ ਵਿਅਕਤੀ ਨਸ਼ਾ ਚੜ੍ਹ ਜਾਣ ਤੋਂ ਬਾਅਦ ਆਪਣਾ ਖੂਨ ਕੱਢ ਕੇ ਕਿਸੇ ਦੂਜੇ ਵਿਅਕਤੀ ਨੂੰ ਉਸ ਦਾ ਟੀਕਾ ਲਾ ਦਿੰਦਾ ਹੈ।
ਇਹ ਦੂਜਾ ਜਣਾ ਫਿਰ ਇਹੀ ਕੰਮ ਤੀਜੇ ਲਈ ਵੀ ਕਰ ਸਕਦਾ ਹੈ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਅੱਗੇ ਚਲਦਾ ਰਹਿੰਦਾ ਹੈ।
ਕਲੇਸੀ ਵੋਲਾਟਾਬੂ, ਗ਼ੈਰ-ਸਰਕਾਰੀ ਸੰਗਠਨ ਨਸ਼ਾ ਮੁਕਤ ਫਿਜੀ ਦੇ ਨਿਰਦੇਸ਼ਕ ਹਨ। ਉਨ੍ਹਾਂ ਨੇ ਅਜਿਹਾ ਆਪਣੀ ਅੱਖੀਂ ਦੇਖਿਆ ਹੈ।
ਪਿਛਲੀ ਮਈ ਵਿੱਚ ਉਹ ਆਪਣੀ ਸਵੇਰ ਦੀ ਨਿਯਮਤ ਸੈਰ ਦੌਰਾਨ ਫਿਜੀ ਦੀ ਰਾਜਧਾਨੀ ਸੁਵਾ ਵਿੱਚ ਸੜਕਾਂ ਉੱਤੇ ਨਸ਼ੇੜੀਆਂ ਨੂੰ ਸਿੱਖਿਅਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਇੱਕ ਖੂੰਜੇ ਵਿੱਚ ਸੱਤ ਅੱਠ ਜਣਿਆਂ ਨੂੰ ਆਪੋ ਵਿੱਚ ਜੁੜ ਕੇ ਬੈਠੇ ਦੇਖਿਆ।
ਉਹ ਦੱਸਦੇ ਹਨ, "ਮੈਂ ਖੂਨ ਵਾਲੀ ਇੱਕ ਸੂਈ ਦੇਖੀ, ਇਹ ਬਿਲਕੁਲ ਮੇਰੇ ਸਾਹਮਣੇ ਸੀ। ਉਸ ਨੌਜਵਾਨ ਕੁੜੀ ਨੇ ਟੀਕਾ ਲਾ ਲਿਆ ਸੀ ਅਤੇ ਹੁਣ ਆਪਣਾ ਖੂਨ ਕੱਢ ਰਹੀ ਸੀ। ਅੱਗੇ ਹੋਰ ਵੀ ਕੁੜੀਆਂ, ਹੋਰ ਵੀ ਬਾਲਗ਼ ਸਨ ਜੋ ਇਸ ਦਾ ਟੀਕਾ ਲਾਉਣ ਲਈ ਕਤਾਰ ਵਿੱਚ ਸਨ।"
"ਉਹ ਸਿਰਫ਼ ਸੂਈਆਂ ਸਾਂਝੀਆਂ ਨਹੀਂ ਕਰ ਰਹੇ, ਉਹ ਖੂਨ ਸਾਂਝਾ ਕਰ ਰਹੇ ਹਨ।"
ਬਲੂਟੂਥਿੰਗ ਦੱਖਣੀ ਅਫ਼ਰੀਕਾ ਅਤੇ ਲਿਸੋਥੋ ਵਿੱਚ (ਜਿੱਥੇ ਐੱਚਆਈਵੀ ਦੀ ਦੁਨੀਆਂ ਵਿੱਚ ਸਭ ਤੋਂ ਉੱਚੀ ਦਰ ਹੈ) ਵੀ ਦਰਜ ਕੀਤੀ ਗਈ ਹੈ।
ਵੋਲਾਟਾਬੂ ਅਤੇ ਨਤਾਲੀਆ ਦੋਵਾਂ ਮੁਤਾਬਕ ਹੀ ਫਿਜੀ ਵਿੱਚ ਇਹ ਕੰਮ ਪਿਛਲੇ ਕੁਝ ਸਾਲਾਂ ਦੌਰਾਨ ਹੀ ਫੈਲਿਆ ਹੈ।
ਇਸ ਪ੍ਰਤੀ ਖਿੱਚ ਦਾ ਇੱਕ ਕਾਰਨ ਇਸ ਦਾ ਸਸਤੇ ਹੋਣਾ ਹੈ। ਕਈ ਲੋਕ ਇੱਕੋ ਟੀਕੇ ਨਾਲ ਨਸ਼ੇ ਦੀ ਡੋਜ਼ ਲੈ ਸਕਦੇ ਹਨ ਅਤੇ ਆਪਸ ਵਿੱਚ ਸਾਂਝੀ ਕਰ ਸਕਦੇ ਹਨ। ਇੱਕ ਹੋਰ ਕਾਰਨ ਹੈ ਕਿ ਸਿਰਫ਼ ਇੱਕ ਸੂਈ ਦੀ ਲੋੜ ਪੈਂਦੀ ਹੈ।
ਫਿਜੀ ਵਿੱਚ ਇਹ ਚੀਜ਼ਾਂ ਹਾਸਲ ਕਰਨਾ ਮੁਸ਼ਕਿਲ ਹੋ ਸਕਦਾ ਹੈ। ਜਿੱਥੇ ਪੁਲਿਸ ਦੇ ਦਬਾਅ ਕਾਰਨ ਦਵਾਈਆਂ ਦੀਆਂ ਦੁਕਾਨਾਂ ਉੱਤੇ ਅਕਸਰ ਸੂਈਆਂ ਵੇਚਣ ਲਈ ਡਾਕਟਰ ਦੀ ਪਰਚੀ ਦੀ ਮੰਗ ਕੀਤੀ ਜਾਂਦੀ ਹੈ। ਇੱਥੇ ਨਸ਼ੇ ਕਰਨ ਵਾਲੇ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼ ਸੂਈਆਂ ਮੁਹੱਈਆ ਕਰਵਾਉਣ ਵਾਲੀਆਂ ਯੋਜਨਾਵਾਂ, ਤਾਂ ਜੋ ਬਿਮਾਰੀਆਂ ਫੈਲਣ ਤੋਂ ਰੋਕੀਆਂ ਜਾ ਸਕਣ, ਦੀ ਕਮੀ ਹੈ।
ਹਾਲਾਂਕਿ ਨਸ਼ੇ ਦੇ ਆਦੀਆਂ ਨੂੰ ਸਵੱਛ ਟੀਕੇ ਮੁਹੱਈਆ ਕਰਵਾਉਣ ਵਾਲੀਆਂ ਅਜਿਹੀਆਂ ਯੋਜਨਾਵਾਂ ਨੂੰ ਸ਼ੁਰੂ ਕਰਨ ਨੂੰ ਸਮਾਜਿਕ ਮਨਜ਼ੂਰੀ ਮਿਲ ਰਹੀ ਹੈ। ਫਿਰ ਵੀ ਫਿਜੀ ਵਰਗੇ ਅਤਿ ਧਾਰਮਿਕ ਅਤੇ ਰੂੜ੍ਹੀਵਾਦੀ ਦੇਸ ਵਿੱਚ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨਾ ਇੱਕ ਚੁਣੌਤੀ ਹੈ।
ਵੋਲਟਾਬੂ ਦਾ ਕਹਿਣਾ ਹੈ ਸਰਿੰਜਾਂ ਵੰਡਣ ਵਾਲੀਆਂ ਥਾਵਾਂ ਦੀ ਬਹੁਤ ਜ਼ਿਆਦਾ ਕਮੀ ਹੈ ਜਿਸ ਕਾਰਨ ਸੂਈ-ਸਾਂਝੀ ਕਰਨ ਅਤੇ ਬਲੂਟੂਥਿੰਗ ਵਰਗੇ ਖ਼ਤਰਨਾਕ ਅਮਲਿਆਂ ਨੂੰ ਉਤਸ਼ਾਹ ਮਿਲ ਰਿਹਾ ਹੈ।
ਨਤੀਜੇ ਵਜੋਂ ਗ਼ੈਰ-ਸਰਕਾਰੀ ਸੰਗਠਨਾਂ ਉੱਤੇ ਕੰਡੋਮ ਵੰਡਣ ਤੋਂ ਇਲਾਵਾ ਸਰਿੰਜਾਂ ਵੰਡਣ ਦਾ ਵੀ ਦਬਾਅ ਪੈਂਦਾ ਹੈ।
ਅਗਸਤ 2024 ਵਿੱਚ ਫਿਜੀ ਦੇ ਸਿਹਤ ਅਤੇ ਡਾਕਟਰੀ ਸੇਵਾਵਾਂ ਮੰਤਰਾਲੇ ਨੇ ਬਲੂਟੂਥਿੰਗ ਨੂੰ ਦੇਸ ਵਿੱਚ ਐੱਚਆਈਵੀ ਦੇ ਫੈਲਣ ਦਾ ਇੱਕ ਮੁੱਖ ਕਾਰਨ ਸਵੀਕਾਰ ਕੀਤਾ ਹੈ।
ਦੂਜਾ ਕਾਰਨ ਕੈਮੀਕਲ-ਸੈਕਸ ਸੀ, ਜਦੋਂ ਲੋਕ ਸਰੀਰਕ ਸੰਬੰਧ ਬਣਾਉਣ ਤੋਂ ਪਹਿਲਾਂ ਜਾਂ ਦੌਰਾਨ ਅਕਸਰ ਮੀਥਾਮਫਿਟਾਮਾਈਨ ਦੀ ਵਰਤੋਂ ਕਰਦੇ ਹਨ।
"ਦੁਨੀਆ ਦੇ ਜ਼ਿਆਦਾਤਰ ਹੋਰ ਦੇਸ਼ਾਂ ਦੇ ਉਲਟ, ਫਿਜੀ ਵਿੱਚ ਕ੍ਰਿਸਟਲ ਮੈਥ ਦੀ ਵਰਤੋਂ ਮੁੱਖ ਤੌਰ 'ਤੇ ਨਸਾਂ ਰਾਹੀਂ ਟੀਕਾ ਲਾ ਕੇ ਕੀਤੀ ਜਾਂਦੀ ਹੈ।"
ਮੰਤਰਾਲੇ ਨੇ ਇਹ ਵੀ ਦੇਖਿਆ ਕਿ ਸਾਲ 2024 ਦੇ ਪਹਿਲੇ ਨੌਂ ਮਹੀਨਿਆਂ ਦੌਰਾਨ ਦਰਜ ਕੀਤੇ ਗਏ 1093 ਨਵੇਂ ਮਾਮਲਿਆਂ ਵਿੱਚੋਂ 223 (ਲਗਭਗ 20%), ਨਸ਼ੇ ਦੇ ਟੀਕਿਆਂ ਕਾਰਨ ਸਨ।
ਬੱਚਿਆਂ ਵਿੱਚ ਮੀਥਾਮਫਿਟਾਮਾਈਨ ਦੀ ਵਰਤੋਂ
ਆਪਣੀ ਭੂਗੋਲਿਕ ਸਥਿਤੀ ਕਾਰਨ ਪਿਛਲੇ 15 ਸਾਲਾਂ ਦੌਰਾਨ, ਫਿਜੀ ਕ੍ਰਿਸਟਲ ਮੈਥ ਦੀ ਤਸਕਰੀ ਲਈ ਪ੍ਰਸ਼ਾਂਤ ਖੇਤਰ ਵਿੱਚ ਇੱਕ ਮੁੱਖ ਕੇਂਦਰ ਬਣ ਗਿਆ ਹੈ।
ਪਹਿਲਾ ਫਿਜੀ, ਪੂਰਬੀ ਏਸ਼ੀਆ ਅਤੇ ਅਮਰੀਕਾ ਦੇ ਵਿਚਕਾਰ ਸਥਿਤ ਹੈ ਜੋ ਕਿ ਦੁਨੀਆ ਦੇ ਇਸ ਨਸ਼ੇ ਦੇ ਸਭ ਤੋਂ ਵੱਡੇ ਨਿਰਮਾਤਾ ਹਨ। ਦੂਜਾ, ਇਹ ਸਭ ਤੋਂ ਵੱਡੇ ਬਾਜ਼ਾਰਾਂ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੀ ਨੇੜੇ ਹੈ।
ਇਸੇ ਅਰਸੇ ਦੌਰਾਨ, ਮੈਥ ਸਥਾਨਕ ਸਮੁਦਾਇਆਂ ਵਿੱਚ ਵੀ ਫੈਲ ਗਈ ਅਤੇ ਇੱਕ ਸੰਕਟ ਦਾ ਰੂਪ ਧਾਰਨ ਕਰ ਗਈ। ਐੱਚਆਈਵੀ ਨੂੰ ਹਾਲ ਹੀ ਵਿੱਚ "ਕੌਮੀ ਐਮਰਜੈਂਸੀ" ਐਲਾਨਿਆ ਗਿਆ ਹੈ।
ਮੂਹਰਲੀ ਕਤਾਰ ਦੇ ਕਾਮਿਆਂ ਮੁਤਾਬਕ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦੀ ਉਮਰ ਲਗਾਤਾਰ ਘਟਦੀ ਜਾ ਰਹੀ ਹੈ।
ਵੋਲਟਾਬੂ ਮੁਤਾਬਕ, "ਬੱਚਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ।"
ਫਿਜੀ ਦੀ ਐੱਚਆਈਵੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਟੀਕਿਆਂ ਵਾਲੇ ਨਸ਼ੇ ਲਾਗ ਫੈਲਣ ਦਾ ਸਭ ਤੋਂ ਆਮ ਕਾਰਨ ਹੈ, ਜੋ 48% ਮਾਮਲਿਆਂ ਦੀ ਵਜ੍ਹਾ ਹੈ।
ਜਦਕਿ ਸਰੀਰਕ ਸੰਬੰਧ 47% ਮਾਮਲਿਆਂ ਦੀ ਵਜ੍ਹਾ ਹਨ। ਜਦਕਿ ਗਰਭਵਤੀ ਮਾਂ ਤੋਂ ਬੱਚੇ ਨੂੰ ਹੋਣ ਵਾਲੀ ਲਾਗ ਜ਼ਿਆਦਾਤਰ ਬੱਚਿਆਂ ਵਿੱਚ ਬੀਮਾਰੀ ਦੇ ਫੈਲਣ ਦੀ ਪ੍ਰਮੁੱਖ ਵਜ੍ਹਾ ਹੈ।
ਬੀਬੀਸੀ ਨੇ ਜਿਸ ਨਾਲ ਵੀ ਗੱਲਬਾਤ ਕੀਤੀ, ਉਹ ਸਾਰੇ ਸਹਿਮਤ ਸਨ ਕਿ ਸਿੱਖਿਆ ਦੀ ਕਮੀ ਇਸ ਮਹਾਮਾਰੀ ਦਾ ਕੇਂਦਰੀ ਕਾਰਕ ਹੈ।
ਵੋਲਟਾਬੂ ਅਤੇ ਨਤਾਲੀਆ ਦੋਵੇਂ ਹੀ ਇਸ ਸਥਿਤੀ ਨੂੰ ਬਦਲਣ ਲਈ ਕੰਮ ਕਰ ਰਹੀਆਂ ਹਨ। ਨਤਾਲੀਆ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਐੱਚਆਈਵੀ ਦੇ ਖ਼ਤਰਿਆਂ ਬਾਰੇ ਸਮੁਦਾਇ ਵਿੱਚ ਜਾਗਰੂਕਤਾ ਵੱਧ ਰਹੀ ਹੈ, ਬਲੂਟੂਥਿੰਗ ਦੇ ਰੁਝਾਨ ਵਿੱਚ ਕਮੀ ਆਈ ਹੈ।
ਪਹਿਲਾਂ ਨਾਲੋਂ ਜ਼ਿਆਦਾ ਲੋਕ ਅੱਗੇ ਆ ਕੇ ਐੱਚਆਈਵੀ ਦੀ ਜਾਂਚ ਅਤੇ ਇਲਾਜ ਦੀ ਮੰਗ ਕਰ ਰਹੇ ਹਨ, ਜਿਸ ਤੋਂ ਇਸ ਸੰਕਟ ਦੇ ਪੈਮਾਨੇ ਬਾਰੇ ਹੋਰ ਭਰੋਸੇਯੋਗ ਡੇਟਾ ਮਿਲ ਰਿਹਾ ਰਿਹਾ ਹੈ।
ਲੇਕਿਨ ਇੱਕ ਚਿੰਤਾ ਹੋਰ ਹੈ ਕਿ ਸਰਕਾਰੀ ਅੰਕੜੇ ਤਾਂ ਦਿਸਦੇ ਦਾ ਬਹੁਤ ਥੋੜ੍ਹਾ ਹਿੱਸਾ ਹਨ, ਜਦੋਂ ਕਿ ਬਹੁਤ ਕੁਝ ਅਜੇ ਲੁਕਿਆ ਹੋਇਆ ਹੈ। ਅਸਲ ਚਿੰਤਾ ਤਾਂ ਉਸ ਨਾ-ਦਿਸਦੇ ਦੀ ਹੈ।
ਅਚਾਨਕ ਆਉਣ ਵਾਲੀ ਵੱਡੀ ਆਫਤ
ਜੋਸੇ ਸੂਸਾ ਸਾਂਤੋਸ, ਨਿਊਜ਼ੀਲੈਂਡ ਦੀ ਕੈਂਟਰਬਰੀ ਯੂਨੀਵਰਸਿਟੀ ਵਿੱਚ ਪ੍ਰਸ਼ਾਂਤ ਖੇਤਰੀ ਸੁਰੱਖਿਆ ਹੱਬ ਦੇ ਮੁਖੀ ਹਨ। ਉਹ ਕਹਿੰਦੇ ਹਨ ਕਿ "ਅਸਲੀ ਤੂਫਾਨ ਤਾਂ ਅਜੇ ਬਣ ਰਿਹਾ ਹੈ"।
"ਫਿਜੀ ਦੇ ਐੱਚਆਈਵੀ ਸੰਕਟ ਬਾਰੇ ਸਮਾਜ ਅਤੇ ਸਰਕਾਰ ਦੇ ਸਾਰੇ ਪੱਧਰਾਂ ਉੱਤੇ ਸਿਰਫ ਇਹੀ ਨਹੀਂ ਕਿ ਹੁਣ ਕੀ ਹੋ ਰਿਹਾ ਹੈ ਸਗੋਂ ਅਗਲੇ ਤਿੰਨ ਸਾਲਾਂ ਦੇ ਸਮੇਂ ਵਿੱਚ ਕੀ ਸਥਿਤੀ ਹੋਵੇਗੀ। ਫਿਜੀ ਵਿੱਚ ਸਰੋਤਾਂ ਦੀ ਕਮੀ ਬਾਰੇ ਵੀ ਵਿਆਪਕ ਚਿੰਤਾ ਹੈ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉੱਥੇ ਐੱਚਆਈਵੀ ਪੀੜਤਾਂ ਦੀ ਮਦਦ ਲਈ ਜ਼ਰੂਰੀ ਸਹੂਲਤਾਂ (ਸਿਹਤ ਸੇਵਾਵਾਂ ਅਤੇ ਦਵਾਈਆਂ ਤੱਕ ਪਹੁੰਚ) ਉਪਲੱਬਧ ਨਹੀਂ ਹਨ।"
ਉਹ ਕਹਿੰਦੇ ਹਨ, "ਇਹੀ ਗੱਲ ਸਾਨੂੰ, ਇਸ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਡਰਾਉਂਦੀ ਹੈ ਕਿ ਫਿਜੀ ਕੋਲ ਇਸ (ਸਮੱਸਿਆ) ਨਾਲ ਨਜਿੱਠਣ ਦਾ ਕੋਈ ਤਰੀਕਾ ਨਹੀਂ ਹੈ।"
ਜਨਵਰੀ ਵਿੱਚ ਐੱਚਆਈਵੀ ਮਹਾਮਾਰੀ ਐਲਾਨਣ ਤੋਂ ਬਾਅਦ, ਫਿਜੀ ਦੀ ਸਰਕਾਰ ਨੇ ਇਸਦੀ ਨਿਗਰਾਨੀ ਵਿੱਚ ਸੁਧਾਰ ਕਰਨ ਅਤੇ ਕੇਸਾਂ ਦੀ ਥੋੜ੍ਹੀ ਰਿਪੋਰਟਿੰਗ ਨਾਲ ਨਜਿੱਠਣ ਦੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।
ਸਹਾਇਤਾ ਲਈ ਗਲੋਬਲ ਅਲਰਟ ਐਂਡ ਰਿਸਪਾਂਸ ਨੈੱਟਵਰਕ ਨੂੰ ਸੱਦਿਆ ਗਿਆ ਸੀ। ਸੰਸਥਾ ਨੇ ਆਪਣੀ ਹਾਲੀਆ ਰਿਪੋਰਟ ਵਿੱਚ ਕਿਹਾ, "ਜੇ ਫਿਜੀ ਐੱਚਆਈਵੀ ਮਹਾਮਾਰੀ ਦੇ ਸੰਕਟ ਨੂੰ ਕਾਬੂ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਸਾਰੇ ਯਤਨਾਂ ਦਾ ਤਾਲਮੇਲ ਕਰਨਾ ਪਵੇਗਾ।"
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਰਮਚਾਰੀਆਂ ਦੀ ਘਾਟ, ਸੰਚਾਰ ਦੀਆਂ ਸਮੱਸਿਆਵਾਂ, ਪ੍ਰਯੋਗਸ਼ਾਲਾ ਉਪਕਰਣਾਂ ਦੀਆਂ ਚੁਣੌਤੀਆਂ ਅਤੇ ਐੱਚਆਈਵੀ ਰੈਪਿਡ ਟੈਸਟਾਂ ਅਤੇ ਦਵਾਈਆਂ ਦੀ ਸਟਾਕ ਵਿੱਚ ਕਮੀ ਵਰਗੇ ਕਾਰਨਾਂ ਕਰਕੇ ਐੱਚਆਈਵੀ ਦੀ ਸਕਰੀਨਿੰਗ, ਨਿਦਾਨ ਅਤੇ ਇਲਾਜ 'ਤੇ ਅਸਰ ਪੈ ਰਿਹਾ ਹੈ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਡਾਟਾ ਇਕੱਠਾ ਕਰਨ ਦਾ ਕੰਮ ਹੌਲੀ, ਮੁਸ਼ਕਿਲ ਅਤੇ ਤਰੁਟੀਪੂਰਨ ਹੈ।
ਇਸ ਨਾਲ ਫਿਜੀ ਦੀ ਐੱਚਆਈਵੀ ਮਹਾਮਾਰੀ ਦੇ ਅਸਲ ਦਾਇਰੇ ਨੂੰ ਸਮਝਣ ਵਿੱਚ ਅਤੇ ਸਰਕਾਰ ਦੇ ਉਪਰਾਲਿਆਂ ਦੇ ਮੁਲਾਂਕਣ ਵਿੱਚ ਰੁਕਾਵਟ ਆ ਰਹੀ ਹੈ।
ਇਸ ਸਥਿਤੀ (ਡਾਟਾ ਦੀ ਘਾਟ ਅਤੇ ਸਹਾਇਤਾ ਪ੍ਰਣਾਲੀਆਂ ਦੀ ਕਮੀ) ਕਾਰਨ ਬਹੁਤ ਸਾਰੇ ਮਾਹਰ, ਅਧਿਕਾਰੀ ਅਤੇ ਆਮ ਫਿਜੀ ਵਾਸੀ, ਅਸਲੀਅਤ ਤੋਂ ਅਣਜਾਣ, ਹਨੇਰੇ ਵਿੱਚ ਹਨ। ਇਸ ਸੰਬੰਧ ਵਿੱਚ, ਸੂਸਾ-ਸਾਂਤੋਸ ਮਾਮਲਿਆਂ ਦੀ ਆਉਣ ਵਾਲੀ "ਵੱਡੀ ਲਹਿਰ" ਤੋਂ ਸਾਵਧਾਨ ਕਰਦੇ ਹਨ।
ਉਹ ਕਹਿੰਦੇ ਹਨ, "ਜੋ ਅਸੀਂ ਇਸ ਸਮੇਂ ਦੇਖ ਰਹੇ ਹਾਂ, ਉਹ ਲਹਿਰ ਦੀ ਸ਼ੁਰੂਆਤ ਹੈ, ਪਰ ਤੁਸੀਂ ਇਸ ਨੂੰ ਰੋਕ ਨਹੀਂ ਸਕਦੇ, ਕਿਉਂਕਿ ਲਾਗਾਂ ਹੋ ਰਹੀਆਂ ਹਨ, ਜਾਂ ਪਹਿਲਾਂ ਹੀ ਹੋ ਚੁੱਕੀਆਂ ਹਨ। ਅਸੀਂ ਬੱਸ ਉਨ੍ਹਾਂ ਨੂੰ ਦੇਖ ਨਹੀਂ ਸਕਾਂਗੇ ਅਤੇ ਲੋਕ ਅਗਲੇ ਦੋ ਤੋਂ ਤਿੰਨ ਸਾਲਾਂ ਤੱਕ ਟੈਸਟ ਕਰਵਾਉਣ ਬਾਰੇ ਸੋਚਣਗੇ ਵੀ ਨਹੀਂ।"
"ਪਿਛਲੇ ਸਾਲ ਹੋ ਚੁੱਕੀਆਂ ਅਤੇ ਹੁਣ ਹੋ ਰਹੀਆਂ ਲਾਗਾਂ ਦੀ ਗਿਣਤੀ ਨੂੰ ਰੋਕਣ ਲਈ ਅਜੇ ਕੁਝ ਵੀ ਨਹੀਂ ਕੀਤਾ ਜਾ ਸਕਦਾ। ਇਹੀ ਗੱਲ ਅਸਲ ਵਿੱਚ ਡਰਾਉਣੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ