ਵਿਆਹ ਵਾਲੇ ਦਿਨ ਕੁੜੀ ਦੀ ਮਿਲੀ ਲਾਸ਼, ਮੁੰਡੇ 'ਤੇ ਲੱਗੇ ਕਤਲ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ

ਤਸਵੀਰ ਸਰੋਤ, Alpesh Dabhi
ਗੁਜਰਾਤ ਦੇ ਭਾਵਨਗਰ ਦੇ ਪ੍ਰਭੂਦਾਸ ਝੀਲ ਇਲਾਕੇ ਵਿੱਚ ਇੱਕ ਕੁੜੀ ਦਾ ਵਿਆਹ ਵਾਲੇ ਦਿਨ ਕਤਲ ਕਰਨ ਦੇ ਇਲਜਾਮਾਂ ਹੇਠ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਭਾਵਨਗਰ ਦੀ ਰਹਿਣ ਵਾਲੀ 22 ਸਾਲਾ ਸੋਨੀ ਰਾਠੌੜ ਦਾ ਵਿਆਹ ਸਾਜਨ ਬਰੇਆ ਨਾਲ 15 ਨਵੰਬਰ ਨੂੰ ਹੋਣਾ ਸੀ।
ਹਾਲਾਂਕਿ, ਭਾਵਨਗਰ ਪੁਲਿਸ ਸਟੇਸ਼ਨ ਵਿੱਚ ਦਰਜ ਸ਼ਿਕਾਇਤ ਮੁਤਾਬਕ, ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ਕਾਰਨ, ਸਾਜਨ ਸੋਨੀ ਦੇ ਘਰ ਗਿਆ ਅਤੇ ਉਸਨੂੰ ਅਗਵਾ ਕਰ ਲਿਆ।
ਸ਼ਿਕਾਇਤ ਮੁਤਾਬਕ ਹੋਣ ਵਾਲੇ ਪਤੀ ਸਾਜਨ ਬਰੇਆ ਨੇ ਹੀ ਬਾਅਦ ਵਿੱਚ ਸੋਨੀ ਦਾ ਕਤਲ ਕਰ ਦਿੱਤਾ।
ਇਸ ਮਾਮਲੇ ਦੇ ਮੁਲਜ਼ਮ ਸਾਜਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਤੋਂ ਬਾਅਦ ਉਹ ਦੋ ਦਿਨ ਤੱਕ ਫ਼ਰਾਰ ਰਿਹਾ ਸੀ।
ਪੁਲਿਸ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਾਜਨ ਬਰੇਆ ਪਹਿਲਾਂ ਹੀ ਭਾਵੁਕ ਅਤੇ ਹਿੰਸਕ ਸੁਭਾਅ ਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਸੋਨੀ ਨੂੰ ਜ਼ਬਰਦਸਤੀ ਆਪਣੇ ਨਾਲ ਰੱਖਿਆ ਸੀ।
ਇਸ ਤੋਂ ਬਾਅਦ, ਪਰਿਵਾਰ ਨੇ ਸਾਜਨ ਅਤੇ ਸੋਨੀ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਪਰ ਵਿਆਹ ਵਾਲੇ ਦਿਨ, ਦੋਵਾਂ ਵਿਚਕਾਰ ਲੜਾਈ ਹੋ ਗਈ, ਜਿਸਦੇ ਨਤੀਜੇ ਵਜੋਂ ਸਾਜਨ ਨੇ ਸੋਨੀ ਦਾ ਕਤਲ ਕਰ ਦਿੱਤਾ।
ਪੂਰਾ ਮਾਮਲਾ ਅਸਲ ਵਿੱਚ ਕੀ ਹੈ?

ਤਸਵੀਰ ਸਰੋਤ, Alpesh Dabhi
ਮ੍ਰਿਤਕ ਸੋਨੀ ਦੇ ਭਰਾ ਵਿਪੁਲ ਰਾਠੌੜ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਉਹ ਭਾਵਨਗਰ ਦੇ ਅਗਰੀਆ ਵਾਡ ਇਲਾਕੇ ਦਾ ਰਹਿਣਾ ਵਾਲਾ ਹੈ ਅਤੇ ਟਰੱਕ ਚਲਾਉਣ ਦਾ ਕੰਮ ਕਰਦਾ ਹੈ।
ਉਸ ਦੀ 22 ਸਾਲਾ ਭੈਣ ਸੋਨੀ ਰਾਠੌੜ ਪਿਛਲੇ ਅੱਠ ਮਹੀਨਿਆਂ ਤੋਂ ਸਾਜਨ ਉਰਫ਼ ਭੂਰੋ ਖੰਨਾਭਾਈ ਬਰੇਆ ਨਾਲ ਰਹਿ ਰਹੀ ਸੀ।
ਇਲਜ਼ਾਮ ਹੈ ਕਿ ਸਾਜਨ ਨੇ ਸੋਨੀ ਨੂੰ ਧਮਕੀ ਦੇ ਕੇ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ, ਪਰਿਵਾਰ ਨੇ ਉਨ੍ਹਾਂ ਦੇ ਵਿਆਹ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਅਤੇ ਵਿਆਹ ਲਈ ਸੱਦਾ ਪੱਤਰ ਵੀ ਛਪਵਾਏ।
ਇਸ ਮੁਤਾਬਕ, ਉਨ੍ਹਾਂ ਦਾ ਵਿਆਹ 15 ਨਵੰਬਰ ਨੂੰ ਹੋਣਾ ਨਿਰਧਾਰਿਤ ਹੋਇਆ ਸੀ।
ਪਰ ਵਿਆਹ ਵਾਲੇ ਦਿਨ ਸੋਨੀ ਅਤੇ ਸਾਜਨ ਦੀ ਲੜਾਈ ਹੋ ਗਈ। ਸਾਜਨ ਨੇ ਸੋਨੀ ਦੀ ਕੁੱਟ-ਮਾਰ ਕੀਤੀ। ਬਾਅਦ ਵਿੱਚ ਸੋਨੀ ਆਪਣੇ ਭਰਾ ਵਿਪੁਲ ਰਾਠੌੜ ਦੇ ਘਰ ਚਲੀ ਗਈ।
ਪੁਲਿਸ ਸ਼ਿਕਾਇਤ ਮਤਾਬਕ, ਸੋਨੀ ਦੇ ਪਰਿਵਾਰ ਨੇ ਕੁੱਟਮਾਰ ਤੋਂ ਬਚਣ ਲਈ ਉਸਨੂੰ ਉਸਦੀ ਦਾਦੀ ਸ਼ਾਂਤਾਬੇਨ ਬੰਬਾਨੀਆ ਦੇ ਘਰ ਭੇਜ ਦਿੱਤਾ ਸੀ।
ਪਰ 14 ਅਤੇ 15 ਨਵੰਬਰ ਦੀ ਵਿਚਕਾਰਲੀ ਰਾਤ ਨੂੰ, ਸਵੇਰੇ 2 ਵਜੇ ਦੇ ਕਰੀਬ ਸਾਜਨ ਸੋਨੀ ਦੇ ਘਰ ਆਇਆ। ਉਸਨੇ ਸੋਨੀ ਦੇ ਛੋਟੇ ਭਰਾ ਸੁਨੀਲ ਦੀ ਕੁੱਟਮਾਰ ਕੀਤੀ ਅਤੇ ਸੋਨੀ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਸੁਨੀਲ ਨੇ ਸੋਨੀ ਦਾ ਪਤਾ ਸਾਜਨ ਨੂੰ ਦੇ ਦਿੱਤਾ। ਜਦੋਂ ਸਾਜਨ ਉੱਥੇ ਗਿਆ ਤਾਂ ਸਾਜਨ ਨੇ ਉੱਥੇ ਮੌਜੂਦ ਸੋਨੀ ਦੇ ਪਿਤਾ ਦੀ ਵੀ ਕੁੱਟਮਾਰ ਕੀਤੀ।
ਫਿਰ ਉਸਨੇ ਸੋਨੀ ਨੂੰ ਜ਼ਬਰਦਸਤੀ ਅਗਵਾ ਕਰ ਲਿਆ।
ਸਾਰੀ ਰਾਤ ਭਾਲ ਕਰਨ ਤੋਂ ਬਾਅਦ ਵੀ ਸੋਨੀ ਦੀ ਕੋਈ ਖ਼ਬਰ ਨਹੀਂ ਮਿਲੀ

ਤਸਵੀਰ ਸਰੋਤ, Alpesh Dabhi
ਸੋਨੀ ਦੇ ਭਰਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਉਨ੍ਹਾਂ ਨੇ ਰਾਤ ਭਰ ਆਪਣੀ ਭੈਣ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਕੋਈ ਪਤਾ ਨਹੀਂ ਲੱਗਿਆ।
ਅਗਲੀ ਸਵੇਰ ਨੌਂ ਵਜੇ, ਉਨ੍ਹਾਂ ਨੂੰ ਪਤਾ ਲੱਗਾ ਕਿ ਸੋਨੀ ਦੀ ਲਾਸ਼ ਸਾਜਨ ਬਰੇਆ ਦੇ ਘਰ ਮਿਲੀ ਹੈ।
ਉਹ ਸਾਜਨ ਦੇ ਘਰ ਪਹੁੰਚੇ ਅਤੇ ਉੱਥੇ ਸੋਨੀ ਦੀ ਲਾਸ਼ ਪਈ ਮਿਲੀ। ਉਸਦੇ ਸਿਰ 'ਤੇ ਗੰਭੀਰ ਸੱਟਾਂ ਸਨ।
ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਨੇੜੇ ਹੀ ਇੱਕ ਲੋਹੇ ਦੀ ਪਾਈਪ ਪਈ ਸੀ। ਉਸ 'ਤੇ ਖੂਨ ਵੀ ਦਿਖਾਈ ਦੇ ਰਿਹਾ ਸੀ।
ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਕਾਰਵਾਈ ਸ਼ੁਰੂ ਹੋਈ। ਹਾਲਾਂਕਿ, ਸਾਜਨ ਉਸ ਸਮੇਂ ਫਰਾਰ ਸੀ।
ਪੁਲਿਸ ਨੇ ਸਾਜਨ ਨੂੰ 16 ਨਵੰਬਰ ਦੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ।
ਡਿਪਟੀ ਸੁਪਰਡੈਂਟ ਆਫ਼ ਪੁਲਿਸ ਆਰ ਆਰ ਸਿੰਘਲ ਨੇ ਮੀਡੀਆ ਨੂੰ ਦੱਸਿਆ ਕਿ ਸੋਨੀ 'ਤੇ ਲੋਹੇ ਦੀ ਪਾਈਪ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸਦਾ ਸਿਰ ਕੰਧ ਨਾਲ ਮਾਰਿਆ ਗਿਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਵਿੱਚ ਘੁੰਢ ਕੱਢਣ ਅਤੇ ਪੈਸਿਆਂ ਦੇ ਮਸਲੇ 'ਤੇ ਲੜਾਈ ਹੋਈ ਸੀ।
ਹੱਥਾਂ 'ਤੇ ਮਹਿੰਦੀ ਨਾਲ ਨਾਮ ਲਿਖਿਆ ਸੀ

ਤਸਵੀਰ ਸਰੋਤ, Alpesh Dabhi
ਜਿਸ ਦਿਨ ਸੋਨੀ ਦਾ ਕਤਲ ਹੋਇਆ ਅਸਲ ਵਿੱਚ ਉਸੇ ਦਿਨ ਉਸ ਦਾ ਸਾਜਨ ਨਾਲ ਵਿਆਹ ਹੋਣਾ ਸੀ।
ਵਿਆਹ ਦੇ ਸ਼ਗਨ ਵੱਜੋਂ ਸੋਨੀ ਨੇ ਹੱਥਾਂ 'ਤੇ ਮਹਿੰਦੀ ਵੀ ਲਗਾਈ ਸੀ।
ਕੁਝ ਰਿਪੋਰਟਾਂ ਮੁਾਤਬਕ, ਸੋਨੀ ਅਤੇ ਸਾਜਨ ਅੱਠ ਮਹੀਨਿਆਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ।
ਸੋਨੀ ਦੇ ਇੱਕ ਹੱਥ 'ਤੇ ਇੱਕ ਟੈਟੂ ਵੀ ਸੀ ਜਿਸ 'ਤੇ ਲਿਖਿਆ ਸੀ 'ਆਈ ਲਵ ਸਾਜਨ'। ਦੂਜੇ ਹੱਥ ਉੱਤੇ ਮਹਿੰਦੀ ਨਾਲ, 'ਸਦਾ ਸੌਭਾਗਿਆਵਤੀ' ਲਿਖਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












