'ਮੈਂ 45 ਸਾਲ ਪਰਿਵਾਰ ਨੂੰ ਦਿੱਤੇ, ਹੁਣ ਸ਼ੌਕ ਪੂਰੇ ਕਰਨੇ', ਐਕਟਿਵਾ 'ਤੇ ਇਕੱਲੇ ਹੀ ਲੱਦਾਖ ਸਣੇ ਭਾਰਤ ਦੇ ਕਈ ਸੂਬੇ ਘੁੰਮਣ ਵਾਲੀ ਪੰਜਾਬਣ ਜਸਪ੍ਰੀਤ ਦੀ ਕਹਾਣੀ

ਤਸਵੀਰ ਸਰੋਤ, Jaspreet Kaur
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
"ਮੈਂ ਜ਼ਿੰਦਗੀ ਦੇ 45 ਸਾਲ ਘਰ-ਪਰਿਵਾਰ, ਪਤੀ ਅਤੇ ਪੁੱਤ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦੇ ਕੱਢ ਦਿੱਤੇ, ਪਰ ਹੁਣ ਮੈਂ ਆਪਣਾ ਘੁੰਮਣ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੀ ਹਾਂ।"
ਐਕਟਿਵਾ ਉੱਤੇ ਇਕੱਲਿਆਂ ਲੇਹ-ਲੱਦਾਖ ਘੁੰਮਣ ਵਾਲੇ ਜਸਪ੍ਰੀਤ ਕੌਰ ਦਾ ਕਹਿਣਾ ਹੈ ਹੁਣ ਉਹ ਆਪਣੇ ਸ਼ੌਕ ਪੂਰੇ ਕਰਨਾ ਚਾਹੁੰਦੇ ਹਨ।
46 ਸਾਲ ਦੇ ਜਸਪ੍ਰੀਤ ਕੌਰ ਨੇ ਹਾਲ ਹੀ ਵਿੱਚ ਤਕਰੀਬਨ 6000 ਕਿਲੋਮੀਟਰ ਇਕੱਲਿਆਂ ਐਕਟਿਵਾ ਚਲਾ ਕੇ ਪੰਜਾਬ ਤੋਂ ਤਾਮਿਲਨਾਡੂ ਤੱਕ ਦਾ ਸਫ਼ਰ ਕੀਤਾ ਹੈ।
ਉਹ ਕਹਿੰਦੇ ਹਨ,"ਮੈਨੂੰ ਘੁੰਮਣ ਦਾ ਸ਼ੌਕ ਸੀ, ਇਸ ਕਰਕੇ ਮੈਂ ਆਪਣੀ ਐਕਟਿਵਾ ਚੁੱਕਦੀ ਹਾਂ ਅਤੇ ਕਦੇ ਲੱਦਾਖ ਚਲੀ ਜਾਂਦੀ ਹਾਂ ਤੇ ਕਦੇ ਦੱਖਣ ਦੇ ਸ਼ਹਿਰ ਰਾਮੇਸ਼ਵਰਮ ਵੱਲ।"
ਕੁਝ ਸਮਾਂ ਪਹਿਲਾਂ ਉਹ ਪੰਜਾਬ ਤੋਂ ਲੱਦਾਖ ਤੱਕ ਲਗਭਗ 1400 ਕਿਲੋਮੀਟਰ ਐਕਟਿਵਾ ਚਲਾ ਕੇ ਸੋਲੋ-ਯਾਤਰਾ ਕਰਕੇ ਆਏ ਹਨ।
ਜਸਪ੍ਰੀਤ ਕੌਰ ਦੋ ਵਾਰ ਇਕੱਲੇ ਐਕਟਿਵਾ ਉੱਤੇ ਲੱਦਾਖ ਘੁੰਮ ਕੇ ਆਏ ਹਨ।
ਆਪਣੇ ਪਿੱਛਲੇ ਲੱਦਾਖ ਟੂਰ ਬਾਰੇ ਦੱਸਦਿਆਂ ਉਹ ਕਹਿੰਦੇ ਹਨ, "ਮੈਂ ਖਰੜ ਤੋਂ ਆਪਣੀ ਲੱਦਾਖ ਯਾਤਰਾ ਸ਼ੁਰੂ ਕੀਤੀ ਸੀ। ਇੱਕ ਦਿਨ ਵਿੱਚ ਮੈਂ ਘੱਟੋ-ਘੱਟ 250 ਕਿਲੋਮੀਟਰ ਐਕਟਿਵਾ ਚਲਾਉਂਦੀ ਹਾਂ।
ਲੱਦਾਖ ਜਾਣ ਲਈ ਮੈਂ ਮਨਾਲੀ, ਪੰਗ ਅਤੇ ਸਰਚੂ ਦੇ ਰੂਟ ਤੋਂ ਹੁੰਦੇ ਹੋਏ ਲੱਦਾਖ ਗਈ ਅਤੇ ਸ਼੍ਰੀਨਗਰ, ਜੰਮੂ ਹੁੰਦੇ ਹੋਏ ਵਾਪਸ ਖਰੜ ਪਰਤ ਆਈ।"
ਕੌਣ ਹਨ ਜਸਪ੍ਰੀਤ ਕੌਰ?

ਤਸਵੀਰ ਸਰੋਤ, Jaspreet Kaur
ਜਸਪ੍ਰੀਤ ਕੌਰ ਇੱਕ ਘਰੇਲੂ ਔਰਤ ਹਨ। ਉਹ ਮੁਹਾਲੀ ਜ਼ਿਲ੍ਹੇ ਦੇ ਸ਼ਹਿਰ ਖਰੜ ਵਿੱਚ ਆਪਣੇ ਪਤੀ ਅਤੇ ਪੁੱਤ ਨਾਲ ਰਹਿੰਦੇ ਹਨ।
ਪਿੱਛਲੇ ਦਿਨੀਂ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਕਿਸ਼ੋਰ ਵੱਲੋਂ ਜਸਪ੍ਰੀਤ ਕੌਰ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ। ਜਿਸਦੇ ਵਿੱਚ ਜਸਪ੍ਰੀਤ ਕੌਰ ਸੂਟ ਪਹਿਨੇ ਐਕਟਿਵਾ ਉੱਤੇ ਲੱਦਾਖ ਦੀਆਂ ਪਹਾੜੀਆਂ ਵਿੱਚ ਇਕੱਲਿਆਂ ਘੁੰਮਦੇ ਨਜ਼ਰ ਆਏ ਸਨ।
ਸੋਸ਼ਲ ਮੀਡੀਆ ਇੰਫਲੂਐਂਸਰ ਕਿਸ਼ੋਰ ਜਸਪ੍ਰੀਤ ਕੌਰ ਤੋਂ ਉਨ੍ਹਾਂ ਦੇ ਸਫਰ ਬਾਰੇ ਪੁੱਛਦੇ ਹਨ।
ਦੋਵਾਂ ਦੀ ਗੱਲਬਾਤ ਦੀ ਉਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ।
ਜਸਪ੍ਰੀਤ ਨੇ ਆਪਣੇ ਐਕਟਿਵਾ ਉੱਤੇ ਦੂਰ-ਦੁਰਾਡੇ ਸਫ਼ਰ ਕਰਨ ਦੀ ਰੁਚੀ ਬਾਰੇ ਸਾਡੇ ਨਾਲ ਗੱਲ ਕੀਤੀ।
ਕਿਵੇਂ ਪਿਆ ਘੁੰਮਣ ਦਾ ਸ਼ੌਂਕ?

ਤਸਵੀਰ ਸਰੋਤ, Jaspreet Kaur
ਜਸਪ੍ਰੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਜਵਾਨੀ ਵੇਲੇ ਤੋਂ ਹੀ ਐਕਟਿਵਾ ਚਲਾਉਣ ਅਤੇ ਦੁਨੀਆਂ ਘੁੰਮਣ ਦਾ ਸ਼ੌਕ ਸੀ ਪਰ ਵਿਆਹ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਕਰਕੇ ਉਹ ਆਪਣਾ ਇਹ ਸ਼ੌਂਕ ਪੂਰਾ ਨਹੀਂ ਕਰ ਪਾ ਰਹੇ ਸਨ।
ਉਹ ਕਹਿੰਦੇ ਹਨ, "ਮੈਨੂੰ ਘੁੰਮਣ ਦਾ ਸ਼ੌਂਕ ਬਹੁਤ ਹੈ ਪਰ ਕਾਰ, ਰੇਲ ਗੱਡੀ ਜਾਂ ਬੱਸ ਦਾ ਸਫ਼ਰ ਕਰਨਾ ਪਸੰਦ ਨਹੀਂ ਹੈ।"
"ਮੈਨੂੰ ਲੱਗਦਾ ਹੈ ਕਿ ਰੇਲ ਗੱਡੀ ਜਾਂ ਬੱਸ ਰਾਹੀਂ ਤੁਸੀਂ ਮੰਜ਼ਿਲ ਉੱਤੇ ਪਹੁੰਚਾਉਣ ਵਾਲੇ ਰਸਤਿਆਂ ਦਾ ਮਜ਼ਾ ਨਹੀਂ ਲੈ ਪਾਉਂਦੇ। ਇਸ ਕਰਕੇ ਮੈਨੂੰ ਐਕਟਿਵਾ ਚਲਾਉਣਾ ਚੰਗਾ ਲੱਗਦਾ ਹੈ। ਦੂਜਾ ਮੈਨੂੰ ਐਕਟਿਵਾ ਬਹੁਤ ਚੰਗੀ ਤਰ੍ਹਾਂ ਚਲਾਉਣਾ ਆਉਂਦਾ ਸੀ, ਇਸ ਕਰਕੇ ਮੈਂ ਐਕਟਿਵਾ ਉੱਤੇ ਹੀ ਭਾਰਤ ਘੁੰਮਣ ਦਾ ਮਨ ਬਣਾ ਲਿਆ।"
ਜਸਪ੍ਰੀਤ ਦੱਸਦੇ ਹਨ ਕਿ ਉਹ ਨੇ ਸਭ ਤੋਂ ਪਹਿਲਾਂ ਐਕਟਿਵਾ ਉੱਤੇ ਇਕੱਲੇ ਲੱਦਾਖ ਗਏ ਸਨ, ਹੁਣ ਉਹ ਲੱਦਾਖ ਤੱਕ ਦੋ ਟੂਰ ਲਗਾ ਚੁੱਕੇ ਹਨ ਅਤੇ ਇਸਤੋਂ ਇਲਾਵਾ ਤਾਮਿਲਨਾਡੂ ਅਤੇ ਪ੍ਰਯਾਗਰਾਜ ਵੀ ਘੁੰਮ ਕੇ ਆਏ ਹਨ।
ਜਸਪ੍ਰੀਤ ਗੋਆ, ਮੁੰਬਈ, ਲੱਦਾਖ,ਆਗਰਾ, ਜੰਮੂ-ਕਸ਼ਮੀਰ, ਲੇਹ-ਲੱਦਾਖ, ਰਾਮੇਸ਼ਵਰਮ ਵਰਗੀਆਂ ਕਈ ਥਾਵਾਂ ਦਾ ਇਕੱਲਿਆਂ ਐਕਟਿਵਾ 'ਤੇ ਸਫ਼ਰ ਕਰ ਚੁੱਕੇ ਹਨ।
ਇਕੱਲੇ ਐਕਟਿਵਾ 'ਤੇ ਘੁੰਮਣ ਲਈ ਪੁੱਤ ਨੇ ਦਿੱਤਾ ਹੌਂਸਲਾ
ਜਸਪ੍ਰੀਤ ਦੱਸਦੇ ਹਨ ਕਿ ਘਰ ਦਾ ਸਮਾਨ ਲੈ ਕੇ ਆਉਣ ਲਈ ਉਹ ਹਮੇਸ਼ਾ ਐਕਟਿਵਾ ਹੀ ਵਰਤਦੇ ਸਨ।
ਪਰ ਉਹ ਪਹਿਲੀ ਵਾਰ ਆਪਣੇ ਬੇਟੇ ਨਾਲ 70-80 ਕਿਲੋਮੀਟਰ ਦਾ ਸਫ਼ਰ ਐਕਟਿਵਾ ਚਲਾ ਕੇ ਤੈਅ ਕਰਕੇ ਆਏ ਸਨ।
ਜਿਸਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਹੌਂਸਲਾ ਦਿੱਤਾ ਕਿ ਉਹ ਸਕੂਟੀ ਚਲਾ ਸਕਦੇ ਹਨ। ਉਸਤੋਂ ਬਾਅਦ ਦੋਵੇਂ ਮਾਂ-ਪੁੱਤ ਉੱਤਰਾਖੰਡ ਵਿੱਚ ਹੇਮਕੁੰਟ ਸਾਹਿਬ ਐਕਟਿਵਾ ਉੱਤੇ ਜਾ ਕੇ ਆਏ ਸਨ।
ਫੇਰ ਇਸ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਤਕਰੀਬਨ 4 ਸਾਲ ਪਹਿਲਾਂ ਜਸਪ੍ਰੀਤ ਨੇ ਇਕੱਲੇ ਲੱਦਾਖ ਜਾਣ ਦਾ ਮਨ ਬਣਾਇਆ।
ਉਨ੍ਹਾਂ ਨੇ ਆਪਣੇ ਬੇਟੇ ਅਤੇ ਪਤੀ ਨਾਲ ਗੱਲ ਕੀਤੀ। ਪਤੀ ਨੇ ਸੁਰੱਖਿਆ ਹਵਾਲਾ ਦੇ ਕੇ ਜਾਣ ਤੋਂ ਨਾ ਕੀਤੀ ਪਰ ਬੇਟੇ ਨੇ ਹਾਮੀ ਭਰ ਦਿੱਤੀ। ਜਿਸਤੋਂ ਬਾਅਦ ਪੁੱਤ ਨੇ ਆਪਣੀ ਮਾਂ ਨੂੰ ਲੱਦਾਖ ਇਕੱਲੇ ਜਾਣ ਲਈ ਹੱਲਾਸ਼ੇਰੀ ਦਿੱਤੀ ਅਤੇ ਉਨ੍ਹਾਂ ਦਾ ਪ੍ਰੋਗਰਾਮ ਬਣਾਉਣ ਵਿੱਚ ਮਦਦ ਵੀ ਕੀਤੀ।
ਕਿਵੇਂ ਕਰਦੇ ਹਨ ਤਿਆਰੀ?

ਤਸਵੀਰ ਸਰੋਤ, Jaspreet Kaur
ਜਸਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਦੂਰ ਦੁਰਾਡੇ ਘੁੰਮਣ ਲਈ ਐਕਟਿਵਾ ਦੀ ਵਰਤੋਂ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਐਕਟਿਵਾ ਉੱਤੇ ਖਰਚ ਘੱਟ ਆਉਂਦਾ ਹੈ।
ਉਹ ਕਹਿੰਦੇ ਹਨ, "ਐਕਟਿਵਾ ਦਾ ਪੈਟਰੋਲ ਖ਼ਰਚ ਘੱਟ ਹੈ, ਬਹੁਤ ਸਾਰੀਆਂ ਥਾਵਾਂ ਉੱਤੇ ਟੋਲ ਟੈਕਸ ਬੱਚਦਾ ਹੈ, ਰਿਪੇਅਰ ਸਸਤੀ ਹੋ ਜਾਂਦੀ ਹੈ।"

ਜਸਪ੍ਰੀਤ ਦੱਸਦੇ ਹਨ ਕਿ ਹਰ ਨਵੇਂ ਟੂਰ ਉੱਤੇ ਜਾਣ ਤੋਂ ਪਹਿਲਾਂ ਉਹ ਘਰ ਰਹਿ ਕੇ ਪੈਸੇ ਇਕੱਠੇ ਕਰਦੇ ਹਨ, ਆਪਣੇ ਪਤੀ ਤੋਂ ਹਰ ਮਹੀਨੇ ਪੈਸੇ ਲੈਂਦੇ ਰਹਿੰਦੇ ਹਨ ਅਤੇ ਚਾਰ-ਪੰਜ ਮਹੀਨੇ ਪੈਸੇ ਇਕੱਠੇ ਕਰਕੇ ਟੂਰ ਉੱਤੇ ਜਾਣ ਦੀ ਤਿਆਰੀ ਕੀਤੀ ਜਾਂਦੀ ਹੈ।
ਉਨ੍ਹਾਂ ਦੇ ਪੁੱਤ ਅਰਸ਼ਦੀਪ ਮੁਤਾਬਕ ਜਸਪ੍ਰੀਤ ਜਿਹੜੀ ਵੀ ਥਾਂ ਉੱਤੇ ਜਾ ਰਹੇ ਹੁੰਦੇ ਹਨ ਉਸ ਬਾਰੇ ਯੂ-ਟਿਊਬ ਦੀ ਮਦਦ ਨਾਲ ਰਸਤੇ ਦੇਖੇ ਜਾਂਦੇ ਹਨ।
"ਰਾਤ ਕਿੱਥੇ ਰਹਿਣਾ ਹੈ, ਕਿੱਥੇ-ਕਿੱਥੇ ਜਾਣਾ ਹੈ, ਉਸ ਦਾ ਰੂਟ ਮੈਪ ਤਿਆਰ ਕਰਦੇ ਹਨ ਅਤੇ ਫੇਰ ਚੱਲਣ ਤੋਂ ਇੱਕ-ਦੋ ਦਿਨ ਪਹਿਲਾਂ ਐਕਟਿਵਾ ਦੀ ਸਾਰੀ ਸਰਵਿਸ ਕਰਵਾਈ ਜਾਂਦੀ ਹੈ।"
ਰਾਹ ਵਿੱਚ ਆਉਂਦੀਆਂ ਔਕੜਾਂ

ਤਸਵੀਰ ਸਰੋਤ, Jaspreet Kaur
ਇਕੱਲੀ ਔਰਤ ਐਕਟਿਵਾ ਉੱਤੇ ਘੁੰਮਦੀ ਹੈ ਕੀ ਉਸਨੂੰ ਡਰ ਨਹੀਂ ਲੱਗਦਾ?
ਇਸਦੇ ਜਵਾਬ ਵਿੱਚ ਜਸਪ੍ਰੀਤ ਕੌਰ ਹੱਸ ਕੇ ਕਹਿੰਦੇ ਹਨ, "ਪੰਜਾਬੀ ਹਾਂ ਜੇ ਕੋਈ ਪੰਗਾ ਲਵੇਗਾ ਤਾਂ ਮੈਂ ਸੰਭਾਲ ਲਵਾਂਗੀ।"
ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਕਿਹਾ, "ਪਹਿਲਾਂ-ਪਹਿਲਾਂ ਇਕੱਲੇ ਨਵੀਂ ਥਾਂ ਉੱਤੇ ਐਕਟਿਵਾ ਲੈ ਕੇ ਜਾਣ ਲਈ ਡਰ ਲੱਗਦਾ ਸੀ ਪਰ ਹੁਣ ਉਨ੍ਹਾਂ ਨੇ ਇਕੱਲੇ ਸਾਰਾ ਕੁਝ ਸੰਭਾਲਣਾ ਸਿੱਖ ਲਿਆ ਹੈ।
ਲੱਦਾਖ ਦੀਆਂ ਪਹਾੜੀਆਂ ਅਤੇ ਟੁੱਟੇ ਹੋਏ ਰਸਤਿਆਂ ਉੱਤੇ ਐਕਟਿਵਾ ਲੈ ਕੇ ਜਾਣਾ ਕਈ ਵਾਰ ਔਖਾ ਲੱਗਦਾ ਹੈ ਪਰ ਹਰ ਰਸਤੇ ਉੱਤੇ ਕੋਈ ਨਾ ਕੋਈ ਮਦਦ ਕਰਨ ਵਾਲਾ ਮਿਲ ਜਾਂਦਾ ਹੈ।
ਹਾਲਾਂਕਿ ਜਸਪ੍ਰੀਤ ਇਹ ਦਾਅਵਾ ਕਰਦੇ ਹਨ ਕਿ ਜਦੋਂ ਕਦੇ ਵੀ ਉਨ੍ਹਾਂ ਦੀ ਐਕਟਿਵਾ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਆਪ ਉਸ ਨੂੰ ਹੱਲ ਕਰ ਲੈਂਦੇ ਹਨ।
ਉਹ ਕਹਿੰਦੇ ਹਨ, "ਮੈਂ ਐਕਟਿਵਾ ਉੱਤੇ ਇੱਕ ਹਵਾ ਭਰਨ ਵਾਲਾ ਪੰਪ, ਇੰਜਣ ਆਇਲ, ਮੈਡੀਕਲ ਕਿੱਟ, ਪੈਂਚਰ ਕਿੱਟ, ਖਾਣ-ਪੀਣ ਦਾ ਸੁੱਕਾ ਸਮਾਨ ਅਤੇ ਪਾਣੀ ਦੀਆਂ ਬੋਤਲਾਂ ਭਰ ਕੇ ਰੱਖਦੀ ਹਾਂ।"
"ਰਾਤ ਉੱਥੇ ਰੁਕਦੀ ਹੈ ਜਿੱਥੇ ਚਹਿਲ-ਪਹਿਲ ਹੋਵੇ, ਰਾਤ 9 ਵਜੇ ਤੋਂ ਬਾਅਦ ਐਕਟਿਵਾ ਨਹੀਂ ਚਲਾਉਂਦੀ ਅਤੇ ਸਵੇਰੇ 5 ਵੱਜਦੇ ਹੀ ਸਫ਼ਰ ਦੁਬਾਰਾ ਸ਼ੁਰੂ ਕਰ ਦਿੰਦੀ ਹਾਂ।"
'ਪਤਨੀ ਦਾ ਸੁਪਨਾ ਪੂਰਾ ਕਰਨਾ ਮੇਰਾ ਫਰਜ਼'
ਪਰਿਵਾਰ ਦੇ ਸਾਥ ਨਾਲ ਹੀ ਜਸਪ੍ਰੀਤ ਆਪਣਾ ਇਹ ਸੁਫ਼ਨਾ ਪੂਰਾ ਕਰ ਸਕੇ ਹਨ।
ਅਰਸ਼ਦੀਪ ਦੱਸਦੇ ਹਨ ਕਿ ਮੈਂ ਆਪਣੇ ਮੰਮਾ ਨੂੰ ਫ਼ੋਨ ਦੀ ਵਰਤੋਂ ਕਿਵੇਂ ਕਰਨੀ ਹੈ ਉਹ ਸਮਝਾਉਂਦਾ ਹਾਂ ਅਤੇ ਜਦੋਂ ਉਹ ਘਰੇ ਨਹੀਂ ਹੁੰਦੇ ਤਾਂ ਮੈਂ ਅਤੇ ਪਾਪਾ ਰੋਟੀ-ਸਬਜ਼ੀ ਖੁਦ ਬਣਾ ਕੇ ਮੈਨੇਜ ਕਰ ਲੈਂਦੇ ਹਾਂ।
ਜਸਪ੍ਰੀਤ ਕੌਰ ਦੇ ਪਤੀ ਦਵਿੰਦਰ ਸਿੰਘ ਪ੍ਰਾਈਵੇਟ ਨੌਕਰੀ ਕਰਦੇ ਹਨ, ਉਹ ਕਹਿੰਦੇ ਹਨ ਕਿ ਜਦੋਂ ਮੇਰਾ ਔਖਾ ਸਮਾਂ ਸੀ ਉਦੋਂ ਮੇਰੀ ਪਤਨੀ ਹੀ ਮੇਰੇ ਨਾਲ ਖੜ੍ਹੀ ਸੀ ਤੇ ਹੁਣ ਜਦੋਂ ਉਨ੍ਹਾਂ ਦੇ ਸੁਫਨੇ ਪੂਰੇ ਕਰਨ ਦੀ ਵਾਰੀ ਆਈ ਹੈ ਤਾਂ ਮੇਰਾ ਫਰਜ਼ ਹੈ ਕਿ ਮੈਂ ਸਾਥ ਦੇਵਾਂ ਅਤੇ ਉਹ ਆਪਣਾ ਦੁਨੀਆਂ ਘੁੰਮਣ ਦਾ ਸ਼ੌਂਕ ਪੂਰਾ ਕਰਨ।
ਦੋਵੇਂ ਪਿਓ-ਪੁੱਤ ਦੀ ਜੋੜੀ ਬੜੇ ਮਾਣ ਨਾਲ ਕਹਿੰਦੀ ਹੈ ਕਿ ਜਦੋਂ ਜਸਪ੍ਰੀਤ ਕੌਰ ਹਫਤੇ ਦਸ ਦਿਨ ਲਈ ਗਏ ਹੁੰਦੇ ਹਨ ਤਾਂ ਘਰਦੇ ਸਾਰੇ ਕੰਮ ਉਹ ਦੋਵੇਂ ਮਿਲ ਕੇ ਕਰ ਲੈਂਦੇ ਹਨ।
ਇੱਕ ਜਣਾ ਰੋਟੀ ਬਣਾ ਲੈਂਦਾ ਹੈ ਤੇ ਇੱਕ ਸਬਜ਼ੀ। ਪਰ ਕੋਈ ਵੀ ਜਸਪ੍ਰੀਤ ਕੌਰ ਨੂੰ ਜਲਦੀ ਘਰ ਮੁੜ ਆਉਣ ਲਈ ਨਹੀਂ ਕਹਿੰਦਾ।
ਹਰ ਰੋਜ਼ ਦੋਵੇਂ ਜਣੇ ਫ਼ੋਨ ਰਾਹੀਂ ਜਸਪ੍ਰੀਤ ਕੌਰ ਦਾ ਹਾਲ ਪੁੱਛਦੇ ਰਹਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













