You’re viewing a text-only version of this website that uses less data. View the main version of the website including all images and videos.
ਗਿੱਦੜਬਾਹਾ : ਪ੍ਰਕਾਸ਼ ਸਿੰਘ ਬਾਦਲ ਤੋਂ ਡਿੰਪੀ ਢਿੱਲੋਂ ਤੱਕ, ਸਿਆਸੀ ਗੜ੍ਹ 'ਚ ਅਕਾਲੀ ਦਲ ਦੇ ਨਿਘਾਰ ਦੀ ਕਹਾਣੀ
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ 'ਬਾਗ਼ੀ' ਸੁਰਾਂ ਉੱਠਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ।
ਪਾਰਟੀ ਦੇ ਕਈ ਬਾਗ਼ੀ ਸੀਨੀਅਰ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਦੌਰਾਨ ਹੀ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਨੂੰ ਇੱਕ ਵੱਡਾ ਸਿਆਸੀ ਝਟਕਾ ਲੱਗਿਆ ਹੈ।
ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਹੋਏ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਸੀਟ ਖਾਲ਼ੀ ਹੋਈ ਹੈ।
ਡਿੰਪੀ ਢਿੱਲੋਂ ਵੱਲੋਂ ਪਾਰਟੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਬਾਦਲ ਪਰਿਵਾਰ ਦੇ ਇਸ ਸਿਆਸੀ ਗੜ੍ਹ ਵਿੱਚ ਅਕਾਲੀ ਦਲ ਨੂੰ ਲੱਗੇ ਝਟਕੇ ਨੂੰ ਲੈ ਕੇ ਇੱਕ ਨਵੀਂ ਚਰਚਾ ਛਿੜ ਗਈ ਹੈ।
ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਣ ਦਾ ਮਨ ਬਣਾ ਲਿਆ ਹੈ।
ਬਾਦਲ ਪਰਿਵਾਰ ਲਈ ਕਿਉਂ ਅਹਿਮ ਹੈ ਗਿੱਦੜਬਾਹਾ ਹਲਕਾ
ਮਾਲਵਾ ਖਿੱਤੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦਾ ਵਿਧਾਨ ਸਭਾ ਹਲਕਾ ਗਿੱਦੜਬਾਹਾ ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਸ ਕਰਕੇ ਬਾਦਲ ਪਰਿਵਾਰ ਲਈ ਕਾਫ਼ੀ ਅਹਿਮ ਮੰਨਿਆ ਜਾਂਦਾ ਰਿਹਾ ਹੈ।
ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਇਸੇ ਹਲਕੇ ਤੋਂ ਹੀ ਕੀਤੀ ਸੀ।
ਸਾਲ 1957 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਹਲਕੇ ਤੋਂ ਪਹਿਲੀ ਵਾਰ ਚੋਣ ਲੜੇ ਸਨ।
ਉਹ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ 5 ਵਾਰ ਵਿਧਾਇਕ ਚੁਣੇ ਗਏ ਸਨ।
ਇਸ ਤੋਂ ਬਾਅਦ ਸਾਲ 1995 ਵਿੱਚ ਗਿੱਦੜਬਾਹਾ ਹਲਕੇ ਵਿੱਚ ਹੋਈ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਲਈ ਮੁੜ 'ਵਰਦਾਨ' ਸਾਬਤ ਹੋਈ ਸੀ।
ਉਸ ਵੇਲੇ ਪੰਜਾਬ ਵਿੱਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਚੋਣ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਸੀ।
ਜਿੱਥੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਜਿੱਤ ਦਰਜ ਕੀਤੀ ਸੀ, ਉਥੇ ਇਸ ਸਿਲਸਿਲੇ ਨੂੰ ਮੁੜ ਮਨਪ੍ਰੀਤ ਸਿੰਘ ਬਾਦਲ ਨੇ ਇਸ ਜ਼ਿਮਨੀ ਚੋਣ ਵਿਚ ਜਿੱਤ ਦਰਜ ਕਰਕੇ ਅੱਗੇ ਤੋਰ ਲਿਆ ਸੀ।
ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਹਿੰਦਿਆਂ ਸਾਲ 1997, 2002 ਅਤੇ 2007 ਵਿੱਚ ਗਿੱਦੜਬਾਹਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ।
ਇਹ ਵੱਖਰੀ ਗੱਲ ਹੈ ਕਿ ਇਸ ਤੋਂ ਬਾਅਦ ਇਸ ਸੀਟ ਉੱਪਰ ਕਾਂਗਰਸ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤ ਦਰਜ ਕਰਦੇ ਰਹੇ ਹਨ।
ਸਿਆਸੀ ਹਲਕੇ ਹਾਲੇ ਵੀ ਗਿੱਦੜਬਾਹਾ ਵਿਧਾਨ ਸਭਾ ਸੀਟ ਨੂੰ ਅਕਾਲੀ ਦਲ ਲਈ ਕਾਫ਼ੀ ਅਹਿਮ ਮੰਨਦੇ ਹਨ।
ਸਾਲ 2022 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 49,649 ਵੋਟਾਂ ਹਾਸਲ ਕੀਤੀਆਂ ਸਨ।
ਇਸ ਚੋਣ ਵਿੱਚ ਡਿੰਪੀ ਢਿੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮਹਿਜ 1349 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।
ਅਕਾਲੀ ਦਲ ਛੱਡਣ ਵੇਲੇ ਡਿੰਪੀ ਢਿੱਲੋਂ ਨੇ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਸਮੇਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਤੌਰ ʼਤੇ ਮੁੱਦਾ ਬਣਾਇਆ।
ਮਨਪ੍ਰੀਤ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਦੇ ਪੁੱਤਰ ਹਨ।
ਸਾਬਕਾ ਵਿੱਤ ਮੰਤਰੀ ਹਾਲ ਹੀ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਅਕਾਲੀ ਦਲ ਤੋਂ ਅਸਤੀਫਾ ਦੇਣ ਦੇ ਸਮੇਂ ਤੱਕ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਬਾਹਾ ਦੇ ਹਲਕਾ ਇੰਚਾਰਜ ਰਹੇ ਸਨ।
ਡਿੰਪੀ ਢਿੱਲੋਂ ਨੇ ਪਾਰਟੀ ਛੱਡਣ ਤੋਂ ਬਾਅਦ ਗਿੱਦੜਬਾਹਾ ਵਿੱਚ ਆਪਣੇ ਸਮਰਥਕਾਂ ਦਾ ਇੱਕ ਇਕੱਠ ਵੀ ਕੀਤਾ।
ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰਵਾਦ ਦੇ ਭਾਰੂ ਹੋਣ ਦਾ ਮੁੱਦਾ ਮੁੱਖ ਤੌਰ 'ਤੇ ਉਭਾਰਿਆ।
ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਗਿੱਦੜਬਾਹਾ ਤੋਂ ਚੋਣ ਲੜਾਉਣਾ ਚਾਹੁੰਦੇ ਹਨ।"
"ਸੁਖਬੀਰ ਸਿੰਘ ਬਾਦਲ ਨੇ ਮੈਨੂੰ ਦੱਸਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਜਦੋਂ ਮੈਂ ਇਸ ਗੱਲ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਗਿੱਦੜਬਾਹਾ ਤੋਂ ਚੋਣ ਲੜਨ ਦੇ ਵੀ ਚਾਹਵਾਨ ਹਨ।"
ਡਿੰਪੀ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਦਾ ਖੁਲਾਸਾ ਵੀ ਕੀਤਾ ਕੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਉਹ ਤਲਵੰਡੀ ਸਾਬੋ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਸਕਦੇ ਹਨ।
"ਇਹ ਗੱਲ ਸੁਣ ਕੇ ਮੇਰਾ ਦਿਲ ਚੀਰਿਆ ਗਿਆ ਕਿਉਂਕਿ ਮੈਂ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਿਸ਼ਕਾਮ ਸੇਵਾ ਕੀਤੀ ਸੀ।"
"ਸੁਖਬੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਕਿ ਉਹ ਅਸੀਂ ਮਨਪ੍ਰੀਤ ਸਿੰਘ ਬਾਦਲ ਆਪਸ ਵਿੱਚ ਘਿਉ-ਖਿਚੜੀ ਵਾਂਗ ਹਨ।"
ਡਿੰਪੀ ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਇਸ ਘਟਨਾਕ੍ਰਮ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਤੱਕ 'ਪਹੁੰਚ' ਕਰਨ ਦਾ ਪ੍ਰਗਟਾਵਾ ਵੀ ਕੀਤਾ।
ਉਨ੍ਹਾਂ ਕਿਹਾ, "ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੇ ਵੀ ਉਨ੍ਹਾਂ ਨੂੰ ਆਪਣੇ ਦਲਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ।"
"ਮੈਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਹ ਗੱਲ ਕਹਿੰਦਿਆਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਭਾਜਪਾ ਕਿਸਾਨਾਂ ਦੀ ਹਿਤੈਸ਼ੀ ਨਹੀਂ ਹੈ।"
"ਜਦੋਂ ਮੈਂ ਆਪਣੇ ਸਮਰਥਕਾਂ ਦਾ ਇਕੱਠ ਬੁਲਾ ਕੇ ਅਗਲੀ ਸਿਆਸੀ ਰਣਨੀਤੀ ਤੈਅ ਕਰਨ ਦਾ ਫੈਸਲਾ ਲਿਆ ਤਾਂ ਮੇਰੇ ਸਮਰਥਕਾਂ ਵਿੱਚੋਂ ਇੱਕੋ ਹੀ ਆਵਾਜ਼ ਆਈ ਕੇ ਜੇ ਮੈਂ ਮੁੜ ਅਕਾਲੀ ਦਲ ਵੱਲ ਰੁਖ਼ ਕੀਤਾ ਤਾਂ ਉਨ੍ਹਾਂ ਦੀ ਲੀਡਰਸ਼ਿਪ ਮੈਨੂੰ ਰਗੜ ਕੇ ਰੱਖ ਦੇਵੇਗੀ।"
"ਹੁਣ ਮੈਂ ਫੈਸਲਾ ਕੀਤਾ ਹੈ ਕਿ ਮੈਂ ਹਲਕੇ ਦੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਕੋਲ ਰੱਖਾਂਗਾ ਅਤੇ ਉਨ੍ਹਾਂ ਨੂੰ ਗੁਜ਼ਾਰਿਸ਼ ਕਰਾਂਗਾ ਕੇ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ।"
ਸ਼੍ਰੋਮਣੀ ਅਕਾਲੀ ਦਲ ਦਾ ਇਸ ਉੱਪਰ ਕੀ ਸਟੈਂਡ ਹੈ
ਸ਼੍ਰੋਮਣੀ ਅਕਾਲੀ ਦਲ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਪਾਰਟੀ ਨੂੰ ਛੱਡਣ ਦੇ ਫੈਸਲੇ ਉੱਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਪਰ ਲਿਖਿਆ ਹੈ, "ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸੇ ਦੂਸਰੇ ਪਾਰਟੀ ਦੇ ਲੀਡਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਉਸ ਨੂੰ ਗਿੱਦੜਬਾਹਾ ਤੋਂ ਚੋਣ ਲੜਾਉਣ ਦੀਆਂ ਗੱਲਾਂ ਝੂਠੀਆਂ ਅਤੇ ਨਿਰ-ਆਧਾਰ ਹਨ।"
ਉਹ ਕਹਿੰਦੇ ਹਨ, "ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਹਰ ਮੀਟਿੰਗ ਵਿੱਚ ਗਿੱਦੜਬਾਹਾ ਜ਼ਿਮਨੀ ਚੋਣ ਲਈ ਡਿੰਪੀ ਢਿੱਲੋਂ ਨੂੰ ਹੀ ਵਧੀਆ ਤੇ ਯੋਗ ਉਮੀਦਵਾਰ ਕਰਾਰ ਦਿੰਦੇ ਰਹੇ ਹਨ।"
"ਅਕਾਲੀ ਦਲ ਪੂਰਨ ਤੌਰ 'ਤੇ ਡਿੰਪੀ ਢਿੱਲੋਂ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਹੈ। ਇਸ ਦੇ ਨਾਲ ਹੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲਿਆਂ ਵੱਲੋਂ ਘੜੀਆਂ ਜਾ ਰਹੀਆਂ ਸਾਜ਼ਸ਼ਾਂ ਤੋਂ ਪਾਰਟੀ ਆਗੂਆਂ ਨੂੰ ਸੁਚੇਤ ਰਹਿਣ ਦੀ ਵੀ ਅਪੀਲ ਕਰਦੇ ਹਾਂ।"
ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵੇਲੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ।
ਲੰਘੇ ਸੋਮਵਾਰ ਸੁਖਬੀਰ ਸਿੰਘ ਬਾਦਲ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਾਪਸ ਅਕਾਲੀ ਦਲ ਵਿੱਚ ਆਉਣ ਦੀ ਅਪੀਲ ਕੀਤੀ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਜੋ ਪਬਲਿਕ ਮੀਟਿੰਗਾਂ ਕਰ ਰਹੇ ਹਨ, ਉਹ ਸਭ ਡਿੰਪੀ ਢਿੱਲੋਂ ਵੱਲੋਂ ਹੀ ਤੈਅ ਕੀਤੀਆਂ ਗਈਆਂ ਸਨ।
ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਆਪਣੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਦੀਆਂ ਗੱਲਾਂ ਨੂੰ ਵੀ ਮੁੱਢ ਤੋਂ ਨਕਾਰਿਆ।
"ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹੀ ਉਮੀਦਵਾਰ ਬਣਾਇਆ ਗਿਆ ਹੈ।"
ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਪੰਥਕ ਅਤੇ ਸ਼ਹੀਦਾਂ ਦੇ ਖ਼ੂਨ ਨਾਲ ਸਿੰਜ ਕੇ ਬਣੀ ਹੋਈ ਜਥੇਬੰਦੀ ਹੈ। ਪਾਰਟੀ ਵਿੱਚ ਵੱਡੇ ਲੀਡਰ ਤੋਂ ਲੈ ਕੇ ਹੇਠਲੇ ਪੱਧਰ ਦੇ ਵਰਕਰ ਤੱਕ ਬਰਾਬਰ ਦਾ ਸਨਮਾਨ ਦਿੱਤਾ ਜਾਂਦਾ ਹੈ।"
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਆਗਾਮੀ 10 ਦਿਨਾਂ ਤੱਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਉਡੀਕ ਕਰਨਗੇ।
ਅਸਲ ਵਿੱਚ ਡਿੰਪੀ ਢਿੱਲੋਂ ਵੱਲੋਂ ਅਕਾਲੀ ਦਲ ਛੱਡਣ ਦਾ ਮੁੱਖ ਕਾਰਨ ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਦੱਸਿਆ ਜਾ ਰਿਹਾ ਹੈ।
ਮਨਪ੍ਰੀਤ ਸਿੰਘ ਬਾਦਲ ਦੀ ਪ੍ਰਤੀਕਿਰਿਆ
ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਮੁੱਢੋਂ ਰੱਦ ਕੀਤਾ ਹੈ।
ਜਾਰੀ ਕੀਤੇ ਗਏ ਇੱਕ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਅੰਦਰ ਜਨ-ਆਧਾਰ ਦਿਨ-ਬ-ਦਿਨ ਵੱਧ ਰਿਹਾ ਹੈ।
"ਭਾਜਪਾ ਦੀ ਲੋਕਾਂ ਵਿੱਚ ਵੱਧ ਰਹੀ ਲੋਕਪ੍ਰਿਅਤਾ ਕਾਰਨ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਨੂੰ ਸਿਆਸੀ ਖੋਰਾ ਲੱਗਣ ਦੀ ਸੰਭਾਵਨਾ ਹੈ।"
"ਇਸ ਕਾਰਨ ਡਿੰਪੀ ਢਿੱਲੋਂ ਪਰੇਸ਼ਾਨ ਹਨ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪਿਛਲੇ ਲੰਮੇ ਸਮੇਂ ਤੋਂ ਉਤਾਵਲੇ ਹਨ।"
"ਭਾਰਤੀ ਜਨਤਾ ਪਾਰਟੀ ਮੇਰਾ ਪੱਕਾ ਘਰ ਹੈ ਤੇ ਮੈਂ ਬੀਜੇਪੀ ਵਿੱਚ ਹੀ ਰਹਾਂਗਾ।"
ਰਾਜਨੀਤਕ ਮਾਹਰ ਇਸ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹਨ
ਡਾ. ਪਿਆਰਾ ਲਾਲ ਗਰਗ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸਾਬਕਾ ਰਜਿਸਟਰਾਰ ਹਨ।
ਉਹ ਚਲੰਤ ਰਾਜਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ ਵਜੋਂ ਵੀ ਜਾਣੇ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਖਿਲਾਫ਼ ਉੱਠੀਆਂ ਬਾਗੀ ਸੁਰਾਂ ਅਤੇ ਆਗੂਆਂ ਦੇ ਪਾਰਟੀ ਛੱਡਣ ਬਾਰੇ ਉਹ ਆਪਣਾ ਤਰਕ ਦਿੰਦੇ ਹਨ।
ਉਹ ਕਹਿੰਦੇ ਹਨ, "ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਤੋਂ ਜਥੇਬੰਦਕ ਤੌਰ 'ਤੇ ਅੰਦਰੂਨੀ ਝਗੜਿਆਂ ਦਾ ਸ਼ਿਕਾਰ ਹੈ। ਦੂਜਾ, ਅਕਾਲੀ ਦਲ ਪੰਜਾਬ ਦੀ ਰਾਜਸੀ ਸੱਤਾ ਉੱਪਰ ਕਾਬਜ਼ ਹੋਣ ਵਿੱਚ ਲਗਾਤਾਰ ਦੋ ਵਾਰ ਅਸਫ਼ਲ ਰਿਹਾ ਹੈ।"
"ਸਾਡੇ ਦੇਸ਼ ਦੇ ਰਾਜਨੀਤਿਕ ਇਤਿਹਾਸ ਉੱਪਰ ਨਜ਼ਰ ਮਾਰਿਆ ਇਹ ਗੱਲ ਸਾਫ਼ ਤੌਰ ਉੱਪਰ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ ਕੋਈ ਪਾਰਟੀ ਲੰਮਾ ਸਮਾਂ ਸੱਤਾ ਤੋਂ ਬਾਹਰ ਰਹੀ ਹੈ ਤਾਂ ਉਸ ਵਿੱਚ ਟੁੱਟ-ਭੱਜ ਦੇਖਣ ਨੂੰ ਮਿਲੀ ਹੈ।"
ਉਹ ਅੱਗੇ ਦੱਸਦੇ ਹਨ, "ਅਜੋਕੇ ਦੌਰ ਵਿੱਚ ਰਾਜਨੀਤਕ ਆਗੂਆਂ ਲਈ ਸਿਆਸਤ ਦਾ ਮਤਲਬ ਲੋਕ ਸੇਵਾ ਨਹੀਂ, ਸਗੋਂ ਰਾਜਸੀ ਤਾਕਤ ਹਾਸਲ ਕਰਨਾ ਹੈ।"
"ਅਕਾਲੀ ਦਲ ਦੀ ਸਭ ਤੋਂ ਵੱਡੀ ਕਮਜ਼ੋਰੀ ਇਸ ਵੇਲੇ ਇਹ ਹੈ ਕੇ ਉਸ ਦੇ ਆਗੂ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਮੁੱਦਾ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਕੋਈ ਠੋਸ ਮੁਹਿੰਮ ਨਹੀਂ ਛੇੜ ਸਕੇ ਹਨ।"
ਉਨ੍ਹਾਂ ਮੁਤਾਬਕ, "ਇਹੀ ਕਾਰਨ ਹੈ ਕਿ ਪਿਛਲੇ ਸਮੇਂ ਵਿੱਚ ਅਕਾਲੀ ਦਲ ਦਾ ਵਰਕਰ ਪਾਰਟੀ ਤੋਂ ਦੂਰ ਹੋਇਆ ਹੈ। ਇਸੇ ਰੁਝਾਨ ਦਾ ਨਤੀਜਾ ਹੈ ਕੇ ਪਾਰਟੀ ਦੇ ਅਕਾਲੀ ਦਲ ਦੇ ਆਗੂ ਰਾਜਸੀ ਤਾਕਤ ਹਾਸਲ ਕਰਨ ਲਈ ਕੇਂਦਰ ਜਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਤਰਜ਼ੀਹ ਦੇ ਰਹੇ ਹਨ।"
ਡਾ. ਪਿਆਰਾ ਲਾਲ ਗਰਗ ਕਹਿੰਦੇ ਹਨ, "ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਕਾਫੀ ਹਿੱਸਾ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਖਿਲਾਫ਼ ਝੰਡਾ ਬੁਲੰਦ ਕਰ ਚੁੱਕਾ ਹੈ, ਜਿਸ ਨਾਲ ਹੇਠਲੇ ਪੱਧਰ ਦੀਆਂ ਅਕਾਲੀ ਸਫ਼ਾਂ ਵਿੱਚ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ।"
"ਦੂਜਾ ਜ਼ਿਮਨੀ ਚੋਣਾਂ ਮੌਕੇ ਅਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਦੇ ਪਾਰਟੀ ਨੂੰ ਛੱਡਣ ਨਾਲ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਹੋਣਾ ਲਾਜ਼ਮੀ ਹੈ।"
"ਹਾਂ, ਇਨਾਂ ਜਰੂਰ ਹੈ ਕੇ ਜੇਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਲੋਕ ਮੁੱਦਿਆਂ ਪ੍ਰਤੀ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਛੇੜਦੇ ਹਨ ਤਾਂ ਸਮਾਂ ਪਾ ਕੇ ਅਕਾਲੀ ਦਲ ਸਿਆਸੀ ਨੁਕਸਾਨ ਦੀ ਭਰਪਾਈ ਕਰਨ ਦੇ ਸਮਰੱਥ ਹੋ ਸਕਦਾ ਹੈ।"
ਕਲਾਕਾਰ ਅਤੇ ਨਸਵਾਰ ਵੀ ਗਿੱਦੜਬਾਹਾ ਦੀ ਪਛਾਣ ਹਨ
ਗਿੱਦੜਬਾਹਾ ਜਿੱਥੇ 1957 ਤੋਂ ਲੈ ਕੇ ਅੱਜ ਤੱਕ ਵੱਡੇ ਸਿਆਸੀ ਮਹਾਰਥੀਆਂ ਦੀਆਂ ਰਾਜਸੀ ਸਰਗਰਮੀਆਂ ਕਾਰਨ ਲੋਕਾਂ ਵਿੱਚ ਜਾਣਿਆ ਜਾਂਦਾ ਹੈ, ਉਥੇ ਇਸ ਦੇ ਹੋਰ ਦਿਲਚਸਪ ਪਹਿਲੂ ਵੀ ਹਨ।
ਗਿੱਦੜਬਾਹਾ ਸ਼ਹਿਰ ਪੰਜਾਬੀ ਦੇ ਉੱਘੇ ਕਲਾਕਾਰ ਗੁਰਦਾਸ ਮਾਨ, ਹਾਕਮ ਸੂਫ਼ੀ, ਦੀਪਕ ਢਿੱਲੋਂ ਅਤੇ ਅਸ਼ੋਕ ਮਸਤੀ ਵਰਗੇ ਪ੍ਰਸਿੱਧ ਗਾਇਕਾਂ ਕਾਰਨ ਵੀ ਲੋਕਾਂ ਦੀ ਜੁਬਾਨ ਉੱਪਰ ਰਹਿੰਦਾ ਹੈ।
ਦੂਜਾ, ਇਸ ਸ਼ਹਿਰ ਦੀ ਦੇਸ਼-ਵਿਦੇਸ਼ ਵਿਚ ਪਛਾਣ ਇੱਥੇ ਲੱਗੀਆਂ ਨਸਵਾਰ ਦੀਆਂ ਛੋਟੀਆਂ ਉਦਯੋਗਿਕ ਇਕਾਈਆਂ ਕਾਰਨ ਵੀ ਹੈ।
ਭਾਵੇਂ ਇਸ ਵੇਲੇ ਪੰਜਾਬ ਵਿੱਚ ਨਸਵਾਰ ਦੀ ਲਾਗਤ ਬਹੁਤ ਘੱਟ ਹੈ ਪਰ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਅਤੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਇਥੋਂ ਦੀ ਬਣੀ ਸੁਗੰਧਤ ਨਸਵਾਰ ਦੀ ਕਾਫ਼ੀ ਚਰਚਾ ਵਿੱਚ ਹੈ।
ਪੰਜਾਬ ਵਿਰਾਸਤ ਮੰਚ ਦੇ ਸਰਪ੍ਰਸਤ ਰਜਿੰਦਰਪਾਲ ਸਿੰਘ ਥਰਾਜ ਪੁਰਾਣੇ ਵਿਰਸੇ ਦੀ ਖੋਜ ਦੇ ਵਿਦਿਆਰਥੀ ਰਹੇ ਹਨ।
ਉਹ ਕਹਿੰਦੇ ਹਨ, "ਨਸਵਾਰ ਤੰਬਾਕੂ ਤੋਂ ਬਣਿਆ ਗੂੜੇ ਭੂਰੇ ਅਤੇ ਹਰੇ ਰੰਗ ਦਾ ਇੱਕ ਬਾਰੀਕ ਪਾਊਡਰ ਹੁੰਦਾ ਹੈ। ਇਹ ਇੱਕ ਤਰ੍ਹਾਂ ਦਾ ਨਸ਼ਾ ਹੈ ਅਤੇ ਇਸ ਨੂੰ ਸਵਾਦ ਬਣਾਉਣ ਲਈ ਇਸ ਵਿੱਚ ਸੁਗੰਧੀ ਮਿਲਾ ਦਿੱਤੀ ਜਾਂਦੀ ਹੈ।"
"ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਬਜ਼ੁਰਗਾਂ ਵਿਚ ਨਸਵਾਰ ਦਾ ਸੇਵਨ ਕਾਫ਼ੀ ਪ੍ਰਚਲਤ ਸੀ। ਪਰ ਸਮੇਂ ਦੇ ਨਾਲ ਨਵੀਂ ਪੀੜ੍ਹੀ ਨੇ ਇਸ ਦਾ ਤਿਆਗ ਕਰ ਦਿੱਤਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ