You’re viewing a text-only version of this website that uses less data. View the main version of the website including all images and videos.
ਕੌਣ ਹੈ ਰਮਨਜੀਤ ਸਿੰਘ ਰੋਮੀ ਜਿਸ ਨੂੰ ਪੰਜਾਬ ਪੁਲਿਸ ਹਾਂਗਕਾਂਗ ਤੋਂ ਲੈ ਕੇ ਆਈ ਹੈ
ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰ ਮਾਈਂਡ ਮੰਨੇ ਜਾਂਦੇ ਅਤੇ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਪੰਜਾਬ ਪੁਲਿਸ ਨੂੰ ਮਿਲ ਗਈ ਹੈ ਅਤੇ ਉਸ ਨੂੰ ਹਾਂਗਕਾਂਗ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ।
ਪੰਜਾਬੀ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਟਵਿੱਟਰ ਹੈਂਡਲ ʼਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, "ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਅੱਜ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ।"
"ਉਹ ਆਈਐੱਸਆਈ ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸਣੇ ਹੋਰਨਾਂ ਫਰਾਰ ਕੈਦੀਆਂ ਦੇ ਸੰਪਰਕ ਵਿੱਚ ਸੀ।"
ਰੋਮੀ ਤੇ ਇਲਜ਼ਾਮ ਹਨ ਕਿ 2016 ਵਿੱਚ ਹੋਈ ਨਾਭਾ ਜੇਲ੍ਹ ਬ੍ਰੇਕ ਦਾ ਉਹ ਮੁੱਖ ਸਾਜ਼ਿਸ਼ਕਰਤਾ ਸੀ। ਇਸ ਤੋਂ ਇਲਾਵਾ ਉਸ ਉੱਤੇ ਲੁੱਟ-ਖੋਹ ਦੇ ਮਾਮਲੇ ਵੀ ਦਰਜ ਹਨ।
ਹਾਂਗਕਾਂਗ ਦੀ ਅਦਾਲਤ ਨੇ ਸਾਲ 2019 ਵਿੱਚ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਹ ਆਦੇਸ਼ ਉਸ ਸਮੇਂ ਜਾਰੀ ਹੋਏ ਜਦੋਂ ਚੀਨ ਨੂੰ ਹਾਂਗਕਾਂਗ ਤੋਂ ਖ਼ਾਸ ਹਾਲਾਤ ਵਿੱਚ ਲੋਕਾਂ ਦੀ ਹਵਾਲਗੀ ਦੇ ਅਧਿਕਾਰ ਮਿਲਣ ਸਬੰਧੀ ਬਿੱਲ ਉੱਥੋਂ ਦੀ ਪਾਰਲੀਮੈਂਟ ਵਿੱਚ ਪਾਸ ਕੀਤਾ ਗਿਆ ਸੀ।
ਉਸ ਵੇਲੇ ਇਸ ਬਿੱਲ ਦਾ ਹਾਂਗ ਕਾਂਗ ਦੇ ਲੋਕਾਂ ਨੇ ਕਾਫੀ ਵਿਰੋਧ ਕੀਤਾ ਸੀ।
ਅਸਲ ਵਿੱਚ ਰੋਮੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਜਦੋਂ ਹਾਂਗਕਾਂਗ ਦੀ ਪੁਲਿਸ ਨੇ ਉਸ ਨੂੰ ਜਨਵਰੀ 2018 ਵਿੱਚ ਕਿਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਤਾਂ ਫਰਵਰੀ 2018 ਨੂੰ ਉੱਥੋਂ ਦੀ ਪੁਲਿਸ ਨੇ ਉਸ ਦੀ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕੀਤੀ ਸੀ।
ਰਮਨਜੀਤ ਸਿੰਘ ਰੋਮੀ ਕੌਣ ਹੈ
ਰਮਨਜੀਤ ਸਿੰਘ ਰੋਮੀ ਦਾ ਸਬੰਧ ਬਠਿੰਡਾ ਜ਼ਿਲ੍ਹਾ ਨਾਲ ਹੈ। ਉਹ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾਂਦੇ ਹੋਏ ਹਰਿਆਣਾ ਸਰਹੱਦ ਨੇੜੇ ਪਿੰਡ ਬੰਗੀ ਰੁਲਦੂ ਦਾ ਵਾਸੀ ਹੈ।
ਰੋਮੀ ਦਾ ਪੂਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿੰਦਾ ਹੈ ਅਤੇ ਇਸ ਕਰਕੇ ਉਸ ਕੋਲ ਉੱਥੋਂ ਦੀ ਪੀਆਰ ਹੈ।
ਸਾਲ 2019 ਬੰਗੀ ਰੁਲਦੂ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਰੋਮੀ ਦਾ ਪਰਿਵਾਰ ਕਰੀਬ ਵੀਹ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿੰਦਾ ਹੈ ਅਤੇ ਪਿੰਡ ਵਿੱਚ ਉਸ ਦੇ ਤਾਏ ਦਾ ਪਰਿਵਾਰ ਹੈ।
ਉਨ੍ਹਾਂ ਆਖਿਆ ਸੀ ਕਿ ਪੂਰਾ ਪਰਿਵਾਰ ਵੱਖ-ਵੱਖ ਕਾਰਜਾਂ ਲਈ ਅਕਸਰ ਦਾਨ ਦੇਣ ਲਈ ਜਾਣਿਆ ਜਾਂਦਾ ਹੈ।
ਉਸ ਵੇਲੇ ਦੇ ਸਰਪੰਚ ਰਣਜੀਤ ਸਿੰਘ ਮੁਤਾਬਕ ਕਰੀਬ 9 ਸਾਲ ਪਹਿਲਾਂ ਰੋਮੀ ਹਾਂਗਕਾਂਗ ਤੋਂ ਪਿੰਡ ਆਇਆ ਸੀ ਅਤੇ ਇਸ ਤੋਂ ਬਾਅਦ ਉਸ ਨੇ ਪਿੰਡ ਕਦੇ ਵੀ ਪੈਰ ਨਹੀਂ ਪਾਇਆ।
ਪੰਜਾਬ ਪੁਲਿਸ ਮੁਤਾਬਕ ਰੋਮੀ ਦੀ ਭੂਆ ਦਾ ਮੁੰਡਾ ਰਮਨਜੀਤ ਸਿੰਘ ਉਰਫ਼ ਰੰਮੀ ਮਸਹਾਨਾ ਦਾ ਸਬੰਧ ਗੈਂਗਸਟਰਾਂ ਨਾਲ ਸੀ ਇਸ ਕਰ ਕੇ ਉਹ ਅਪਰਾਧ ਦੀ ਦੁਨੀਆ ਵਿੱਚ ਚਲਾ ਗਿਆ। ਪੁਲਿਸ ਮੁਤਾਬਕ ਰੰਮੀ ਕਰ ਕੇ ਹੀ ਰੋਮੀ ਦਾ ਸਬੰਧ ਵਿੱਕੀ ਗੌਂਡਰ ਨਾਲ ਹੋਇਆ ਸੀ।
ਰੋਮੀ ਖ਼ਿਲਾਫ਼ ਮਾਮਲੇ
ਪੰਜਾਬ ਪੁਲਿਸ ਮੁਤਾਬਕ ਰੋਮੀ ਮੁੱਖ ਤੌਰ ਉੱਤੇ 27 ਨਵੰਬਰ, 2016 ਨੂੰ ਨਾਭਾ ਜੇਲ੍ਹ ਤੋੜਨ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਉਸ ਖ਼ਿਲਾਫ਼ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਹੈ।
ਰੋਮੀ ਨੂੰ ਵੱਖ-ਵੱਖ ਬੈਂਕਾਂ ਦੇ ਸਰਗਰਮ ਨਾ ਹੋਣ ਵਾਲੇ ਖਾਤਿਆਂ ਦੇ ਡਾਟੇ 'ਤੇ ਆਧਾਰਿਤ ਜਾਅਲੀ ਕਰੈਡਿਟ ਕਾਰਡ ਬਣਾਉਣ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਪੁਲਿਸ ਥਾਣਾ ਕੋਤਵਾਲੀ ਵਿੱਚ ਦਰਜ ਐੱਫਆਈਆਰ 60/16 ਵਿੱਚ ਜੂਨ, 2016 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਗਸਤ, 2016 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਜ਼ਮਾਨਤੀ ਹੁਕਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਹ ਹਾਂਗਕਾਂਗ ਨੂੰ ਫ਼ਰਾਰ ਹੋ ਗਿਆ।
ਨਾਭਾ ਜੇਲ੍ਹ ਬਰੇਕ ਮਾਮਲਾ ਕੀ ਸੀ
ਪੰਜਾਬ ਪੁਲਿਸ ਮੁਤਾਬਕ 27 ਨਵੰਬਰ, 2016 ਨੂੰ 16 ਅਪਰਾਧੀਆਂ ਨੇ ਨਾਭਾ ਜੇਲ੍ਹ 'ਤੇ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਦੌਰਾਨ ਛੇ ਅਤਿ ਲੋੜੀਂਦੇ ਅਪਰਾਧੀ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਸਨ।
ਇਨ੍ਹਾਂ ਵਿੱਚ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ, ਅਮਨ ਢੋਟੀਆਂ ਅਤੇ ਦੋ ਖਾੜਕੂ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਗੱਲਵੱਡੀ ਸ਼ਾਮਲ ਸਨ।
ਹਾਲਾਂਕਿ ਇਸ ਮਾਮਲੇ ਵਿੱਚ ਫ਼ਰਾਰ ਜ਼ਿਆਦਾਤਰ ਵਿਅਕਤੀਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ ਵਿੱਕੀ ਗੌਂਡਰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ