ਤਖ਼ਤ ਪਟਨਾ ਸਾਹਿਬ ਵਿਖੇ ਅਜਿਹਾ ਕੀ ਵਿਵਾਦ ਚੱਲ ਰਿਹਾ ਹੈ ਕਿ ਨਿੰਹਗ ਸਿੰਘਾਂ ਦਾ ਜਥਾ ਪਟਨਾ ਪਹੁੰਚਿਆ ਹੈ?

    • ਲੇਖਕ, ਵਿਸ਼ਨੂੰ ਨਰਾਇਣ
    • ਰੋਲ, ਬੀਬੀਸੀ ਸਹਿਯੋਗੀ

ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਪ੍ਰਬੰਧ ਨਾਲ ਜੁੜੀਆਂ ਸਖਸ਼ੀਅਤਾਂ ਵਿੱਚ ਛਿੜੀ ਜੰਗ ਦਾ ਵਿਵਾਦ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ।

ਹਲਾਤ ਇਹ ਹਨ ਕਿ ਇੱਥੇ ਹਥਿਆਰ ਕੱਢੇ ਜਾ ਰਹੇ ਹਨ। ਸਿੱਖ ਪੰਥ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਾਮਲੇ ’ਚ ਦਖਲ ਦੇਣਾ ਪਿਆ ਹੈ।

ਅੰਮ੍ਰਿਤਸਰ ਤੋਂ ਨਿੰਹਗ ਸਿੰਘਾਂ ਦਾ ਇੱਕ ਵੱਡਾ ਜਥਾ ਵੀ ਪਟਨਾ ਸਾਹਿਬ ਵਿਖੇ ਪਹੁੰਚ ਹੋਇਆ ਹੈ।

ਮਾਮਲਾ ਪਟਨਾ ਸਾਹਿਬ ਵਿਖੇ ਭੇਂਟ ਕੀਤੀਆਂ ਸੋਨੇ ਦੀਆਂ ਚੀਜ਼ਾਂ ਵਿੱਚ ਹੇਰਾਫ਼ੇਰੀ ਦੇ ਇਲਜ਼ਾਮਾਂ ਨਾਲ ਜੁੜਿਆ ਹੋਇਆ ਸੀ।

ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਤਨਖਾਈਆ ਤੱਕ ਕਰਾਰ ਦੇ ਦਿੱਤਾ ਗਿਆ ਹੈ।

ਭਾਵੇਂ ਕਿ ਸਥਾਨਕ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਤੋਂ ਬਾਅਦ 27, 28 ਅਤੇ 29 ਦਸੰਬਰ ਨੂੰ ਹੋਣ ਵਾਲੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਜਥੇਦਾਰਾਂ ਨੇ ਕੁਝ ਸਮੇਂ ਲਈ ਚੁੱਪ ਧਾਰ ਲਈ ਹੋਵੇ ਪਰ ਇਹ ਵਿਵਾਦ ਅਜੇ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। 

ਕਿਵੇਂ ਸ਼ੁਰੂ ਹੋਇਆ ਵਿਵਾਦ?

ਇਸ ਪੂਰੇ ਵਿਵਾਦ ਬਾਰੇ ਜਾਣਨ ਲਈ ਅਸੀਂ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਪਹੁੰਚੇ।

ਪਟਨਾ ਸਾਹਿਬ ਵਿਖੇ ਜਾਰੀ ਵਿਵਾਦ ‘ਤੇ ਪਟਨਾ ਸਾਹਿਬ ਦੇ ਤਤਕਾਲੀ ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਨੇ ਕਿਹਾ, “ਜਥੇਦਾਰ ਰਣਜੀਤ ਸਿੰਘ ਗੌਹਰ ’ਤੇ ਪਿਛਲੇ ਸਾਲ ਅਗਸਤ ਮਹੀਨੇ ਇਲਜ਼ਾਮ ਆਇਦ ਕੀਤੇ ਗਏ ਸਨ ਕਿ ਪੰਜਾਬ ਦੇ ਕਰਤਾਰਪੁਰ ਸਾਹਿਬ ਦੇ ਵਸਨੀਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਗੁਰੁ ਸਾਹਿਬ ਦੇ ਲਈ ਕਈ ਚੀਜ਼ਾਂ ਭੇਟ ਕੀਤੀਆਂ ਸਨ।”

“ਇਨ੍ਹਾਂ ਵਿੱਚ ਸੋਨੇ ਦੀ ਕਲਗੀ, ਪੀੜ੍ਹਾ ਅਤੇ ਚੰਵਰ ਸਮੇਤ ਹੋਰ ਚੀਜ਼ਾਂ ਵੀ ਸ਼ਾਮਲ ਸਨ। ਜਦੋਂ ਪ੍ਰਬੰਧਕ ਕਮੇਟੀ ਨੇ ਬਾਅਦ ਵਿੱਚ ਸੁਨਿਆਰੇ ਤੋਂ ਉਸ ਦਾ ਭਾਰ ਕਰਵਾਇਆ ਤਾਂ ਹੇਰਾਫੇਰੀ ਸਾਹਮਣੇ ਆਈ।”

ਉਹਨਾਂ ਕਿਹਾ, “ਡਾ.ਗੁਰਵਿੰਦਰ ਤੋਂ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਨੂੰ ਤਾਂ ਰਣਜੀਤ ਸਿੰਘ ਨੇ ਬਣਵਾਇਆ ਸੀ। ਰਣਜੀਤ ਸਿੰਘ ਨੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਡਾ.ਸਮਰਾ ਨੇ ਬਣਵਾਈਆਂ ਸਨ।”

“ਇਸ ਵਿਵਾਦ ਦੇ ਮੱਦੇਨਜ਼ਰ ਕਮੇਟੀ ਨੇ 8 ਅਗਸਤ ਤੋਂ ਰਣਜੀਤ ਸਿੰਘ ਦੀ ਸੇਵਾ ’ਤੇ ਪਾਬੰਦੀ ਲਗਾ ਦਿੱਤੀ ਹੈ।

ਹਾਲਾਂਕਿ ਉਸ ਸਮੇਂ ਰਣਜੀਤ ਸਿੰਘ ਗੌਹਰ ਦਾ ਪੱਖ ਨਹੀਂ ਸੁਣਿਆ ਗਿਆ ਸੀ। ਉਨ੍ਹਾਂ ਦੀ ਜਗ੍ਹਾ ਬਲਦੇਵ ਸਿੰਘ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।"

ਜਾਂਚ ਕਮੇਟੀ ਦਾ ਗਠਨ

ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਵਿਵਾਦ ਅਤੇ ਜਾਂਚ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਆਰਐੱਸ ਸੋਢੀ ਅਤੇ ਚਰਨਜੀਤ ਸਿੰਘ ਸਮੇਤ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀ ਇੱਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਇਹ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਇਸੇ ਦੌਰਾਨ ਪੰਜ ਪਿਆਰਿਆਂ ਨੇ ਡਾ.ਸਮਰਾ ਅਤੇ ਰਣਜੀਤ ਸਿੰਘ ਨੂੰ 24 ਅਗਸਤ ਨੂੰ ਇੱਥੇ ਬੁਲਾ ਲਿਆ ਸੀ।

ਉਹਨਾਂ ਕਿਹਾ ਉਸ ਸਮੇਂ ਸਿਰਫ਼ ਰਣਜੀਤ ਸਿੰਘ ਹੀ ਹਾਜ਼ਰ ਹੋਏ ਸਨ।

ਪੂਰਾ ਘਟਨਾਕ੍ਰਮ

  • ਰਣਜੀਤ ਸਿੰਘ ਗੌਹਰ ’ਤੇ ਸੰਗਤਾਂ ਵਲੋਂ ਭੇਟ ਕੀਤੇ ਗਏ ਪੈਸੇ ਕੋਲ ਰੱਖਣ ਦੇ ਇਲਜ਼ਾਮ ਲੱਗੇ
  • ਰਣਜੀਤ ਸਿੰਘ ਵਲੋਂ ਭ੍ਰਿਸ਼ਟਾਚਾਰ ਦੇ ਇੰਨਾਂ ਇਲਜ਼ਾਮਾਂ ਤੋਂ ਝੂਠ ਕਰਾਰ ਦਿੱਤਾ ਗਿਆ
  • ਰਣਜੀਤ ਸਿੰਘ ਗੌਹਰ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
  • ਇਸ ਮਗਰੋਂ ਰਣਜੀਤ ਸਿੰਘ ਗੌਹਰ ਨੂੰ ਮੁੜ ਬਹਾਲ ਕੀਤਾ ਤਾਂ ਸੰਗਤ ਦੇ ਵਿਰੋਧ ਤੋਂ ਬਾਅਦ ਹਟਾ ਲਿਆ ਗਿਆ
  • ਕਮੇਟੀ ਦੇ ਇੱਕ ਧੜੇ ਨੂੰ ਇਕਬਾਲ ਸਿੰਘ ਨੂੰ ਜਥੇਦਾਰ ਬਣਾ ਦਿੱਤਾ।
  • ਅਕਾਲ ਤਖ਼ਤ ਸਾਹਿਬ ਨੇ ਇਸ ਪੂਰੇ ਮਾਮਲੇ ਵਿੱਚ ਦਖਲ ਦਿੱਤਾ ਤੇ ਪਟਨਾ ਸਾਹਿਬ ਦੀ ਕਮੇਟੀ ਨੂੰ ਤਨਖ਼ਾਹ ਲਗਾਈ।
  • ਇਸ ਤੋਂ ਬਾਅਦ ਕਮੇਟੀ ਦੇ ਇੱਕ ਹਿੱਸੇ ਨੇ ਅਕਾਲ ਤਖ਼ਤ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
  • ਪੰਜਾਬ ਤੋਂ ਇੱਕ ਨਿਹੰਗ ਸਿੰਘਾਂ ਦਾ ਜਥਾ ਅਕਾਲ ਤਖ਼ਤ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਪਹੁੰਚਿਆ।

“ਅਗਲੀ ਮੀਟਿੰਗ 11 ਸਤੰਬਰ ਨੂੰ ਸੱਦੀ ਗਈ ਅਤੇ ਉਸ ਮੀਟਿੰਗ ਵਿੱਚ ਡਾ. ਸਮਰਾ ਨੇ ਆਪਣੇ ਪੁੱਤਰ ਨੂੰ ਭੇਜਿਆ ਅਤੇ ਰਣਜੀਤ ਸਿੰਘ ਗੌਹਰ ਵੀ ਮੌਜੂਦ ਰਹੇ। ਫਿਰ ਪੰਜ ਪਿਆਰਿਆਂ ਨੇ ਇਸ ਮਾਮਲੇ ‘ਚ ਆਪਣਾ ਲਿਖਤੀ ਫੈਸਲਾ ਸੁਣਾਇਆ ਸੀ।”

ਉਹ ਅੱਗੇ ਕਹਿੰਦੇ ਹਨ, “ਜਦੋਂ ਦੋ ਮਹੀਨੇ ਬੀਤਣ ਤੋਂ ਬਾਅਦ ਅਸੀਂ ਪੰਜ ਪਿਆਰਿਆਂ ਤੋਂ ਇਸ ਪੂਰੇ ਮਾਮਲੇ ‘ਤੇ ਰਿਪੋਰਟ ਮੰਗੀ ਕਿ ਕਿਹੜੇ ਸਬੂਤਾਂ ਦੇ ਆਧਾਰ ‘ਤੇ ਰਣਜੀਤ ਸਿੰਘ ਗੌਹਰ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੈ ਤਾਂ ਪੰਜ ਪਿਆਰਿਆਂ ‘ਚੋਂ ਦੋ- ਗਿਆਨੀ ਦਲੀਪ ਸਿੰਘ ਅਤੇ ਗਿਆਨੀ ਸੁਖਦੇਵ ਸਿੰਘ ਨੇ ਸਾਨੂੰ ਲਿਖ ਕੇ ਦਿੱਤਾ ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਕੋਈ ਸਬੂਤ ਨਹੀਂ ਸਨ। ਉਨ੍ਹਾਂ ਨੇ ਤਿੰਨ ਲੋਕਾਂ ਦੇ ਦਬਾਅ ਹੇਠ ਅਜਿਹਾ ਲਿਖ ਕੇ ਦਿੱਤਾ ਸੀ।”

“ਉਹ ਉਸ ਮਾਮਲੇ ਨਾਲ ਸਹਿਮਤ ਨਹੀਂ ਹਨ। ਇਸ ਲਈ ਮੈਂ ਵੀ ਉਸੇ ਆਧਾਰ ‘ਤੇ ਰਣਜੀਤ ਸਿੰਘ ਗੌਹਰ ਨੂੰ 18 ਨਵੰਬਰ ਨੂੰ ਡਿਊਟੀ ਜੁਆਇਨ ਕਰਨ ਲਈ ਲਿਖ ਕੇ ਦੇ ਦਿੱਤਾ। ਉਦੋਂ ਕੁਝ ਸੇਵਾਦਾਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਅੰਦੋਲਨ ਕੀਤਾ ਸੀ। ਇਸੇ ਅੰਦੋਲਨ ਦੇ ਮੱਦੇਨਜ਼ਰ ਅਸੀਂ 25 ਨਵੰਬਰ ਤੋਂ ਉਨ੍ਹਾਂ ਦੀਆ ਸੇਵਾਵਾਂ ‘ਤੇ ਰੋਕ ਲਗਾ ਦਿੱਤੀ।”

ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਦਖਲ

ਇਸ ਲਈ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਕਿ ਉਹ ਇਸ ਮਾਮਲੇ ‘ਚ ਦਖਲ ਦੇਣ।

ਅਕਾਲ ਤਖ਼ਤ ਸਾਹਿਬ ਨੇ 2 ਦਸੰਬਰ ਨੂੰ ਭੇਜੀ ਗਈ ਚਿੱਠੀ ‘ਚ ਹੁਕਮ ਦਿੱਤਾ ਸੀ ਕਿ ਸਾਬਕਾ ਜਥੇਦਾਰ ਇਕਬਾਲ ਸਿੰਘ ਅਤੇ ਤਤਕਾਲੀ ਜਥੇਦਾਰ ਰਣਜੀਤ ਗੌਹਰ ਤੁਰੰਤ ਪ੍ਰਭਾਵ ਨਾਲ ਕੈਂਪਸ ਤੋਂ ਬਾਹਰ ਚਲੇ ਜਾਣ।

 ਇੰਦਰਜੀਤ ਸਿੰਘ ਨੇ ਦੱਸਿਆ, “ਰਣਜੀਤ ਸਿੰਘ ਗੌਹਰ ਤਾਂ ਉਸੇ ਦਿਨ ਹੀ ਕੈਂਪਸ ਤੋਂ ਬਾਹਰ ਚਲੇ ਗਏ ਸਨ ਪਰ ਜਥੇਦਾਰ ਇਕਬਾਲ ਸਿੰਘ ਅਜੇ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ ਅਤੇ ਕੈਂਪਸ ‘ਚ ਹੀ ਠਹਿਰੇ ਹੋਏ ਹਨ।”

ਰਣਜੀਤ ਸਿੰਘ ਗੌਹਰ ਦਾ ਕੀ ਕਹਿਣਾ ਹੈ?

ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਸਬੰਧੀ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਜਾਣ ਲਵੋ ਕਿ ਡਾਕਟਰ ਸਮਰਾ ਇੱਕ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਹੈ। ਉਸ ਵਿਅਕਤੀ ਨੇ ਮੇਰੇ’ਤੇ ਸਾਜਿਸ਼ ਤਹਿਤ ਇਲਜ਼ਾਮ ਲਗਾਏ ਹਨ।

ਉਸ ਨੇ ਮੈਨੂੰ ਕਦੇ ਵੀ ਕੋਈ ਚੀਜ਼ ਨਹੀਂ ਦਿੱਤੀ। ਮੈਂ ਤਾਂ ਉਸ ਲੈਣ-ਦੇਣ ‘ਚ ਕਿਤੇ ਹੈ ਹੀ ਨਹੀਂ ਹਾਂ। ਇੱਥੇ ਕੁਝ ਲੋਕ ਹਨ ਜਿਨ੍ਹਾਂ ਨੇ ਸਾਜਿਸ਼ ਤਹਿਤ ਉਸ ਨਾਲ ਮੁਲਾਕਾਤਾਂ ਕੀਤੀਆਂ ਅਤੇ ਉਸ ਤੋਂ ਬਾਅਦ ਜਾਂਚ ਦੀਆ ਗੱਲਾਂ ਕਹੀਆਂ ਗਈਆਂ।”

ਉਹਨਾਂ ਕਿਹਾ ਕਿ, “ਜਾਂਚ ਤੋਂ ਪਤਾ ਲੱਗਾ ਕਿ ਸੋਨੇ ਦੀ ਮਾਤਰਾ ਤਾਂ ਓਨੀ ਨਹੀਂ ਸੀ। ਜਦੋਂ ਅਸੀਂ ਲੱਖਾਂ ਦੀ ਕੀਮਤ ਵਾਲੇ ਸਾਮਾਨ ਦੀ ਖਰੀਦਦਾਰੀ ਦੇ ਬਿੱਲ ਉਸ ਤੋਂ ਮੰਗੇ ਤਾਂ ਉਹ ਨਾ-ਨੁਕਰ ਕਰਨ ਲੱਗੇ।

ਇਸ ਤੋਂ ਇਲਾਵਾ ਡਾਕਟਰ ਸਮਰਾ ਨੇ ਗੁਰਦੁਆਰਾ ਸਾਹਿਬ ਲਈ 10 ਕਰੋੜ ਰੁਪਏ ਦਾ ਚੈੱਕ ਦੇਣ ਦੀ ਵੀ ਗੱਲ ਕਹੀ। ਜਦਕਿ ਉਸ ਦੇ ਆਪਣੇ ਖਾਤੇ ‘ਚ ਸਿਰਫ਼ 2 ਲੱਖ 25 ਹਜ਼ਾਰ ਰੁਪਏ ਹੀ ਸਨ।”

ਉਹ ਅੱਗੇ ਕਹਿੰਦੇ ਹਨ ਕਿ ਜਿਸ ਤਰ੍ਹਾਂ ਨਾਲ ਡਾ. ਸਮਰਾ ਦਾ ਸੋਨਾ ਅਤੇ ਚੈੱਕ ਝੂਠੇ ਹਨ, ਉਸੇ ਤਰ੍ਹਾਂ ਹੀ ਉਸ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਵੀ ਝੂਠੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੋਈ ਵੀ ਹੁਕਮ ਉਹਨਾਂ ਲਈ ਸਿਰ ਮੱਥੇ ਹੈ।

“ਮੈਂ ਉਨ੍ਹਾਂ ਦੇ ਹੁਕਮਾਂ ਦੀ ਤੁਰੰਤ ਪ੍ਰਭਾਵ ਨਾਲ ਪਾਲਣਾ ਵੀ ਕੀਤੀ ਹੈ। ਮੈਂ ਸਿੱਖ ਧਰਮ ਅਤੇ ਪਰੰਪਰਾ ਤੋਂ ਬਾਗ਼ੀ ਨਹੀਂ ਹਾਂ।”

ਉਹਨਾਂ ਇਲਜ਼ਾਮ ਲਗਾਇਆ ਕਿ ਜਥੇਦਾਰ ਇਕਬਾਲ ਸਿੰਘ ਹੀ ਮੁੱਖ ਸੂਤਰਧਾਰ ਹਨ। ਇਸੇ ਕ੍ਰਮ ਦੇ ਤਹਿਤ ਉਨ੍ਹਾਂ ਨੇ ਕਥਿਤ ਤੌਰ ’ਤੇ ਪੰਜ ਪਿਆਰਿਆਂ ਦੀ ਵੀ ਦੁਰਵਰਤੋਂ ਕੀਤੀ ਹੈ।

ਜਦੋਂ ਬੀਬੀਸੀ ਦੀ ਟੀਮ ਨੇ ਪਟਨਾ ਸਾਹਿਬ ਕੈਂਪਸ ‘ਚ ਠਹਿਰੇ ਸਾਬਕਾ ਜਥੇਦਾਰ ਇਕਬਾਲ ਸਿੰਘ ਨਾਲ ਸੰਪਰਕ ਕਾਇਮ ਕਰਨ ਅਤੇ ਉਨ੍ਹਾਂ ਦਾ ਪੱਖ ਜਾਣਨ ਦਾ ਯਤਨ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮੀਡੀਆ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਹਨ।

ਹਾਲਾਂਕਿ ਉਹ ਪਿਛਲੇ ਦਿਨਾਂ ਤੱਕ ਪਟਨਾ ਸਾਹਿਬ ਕੈਂਪਸ ‘ਚ ਹੀ ਇੱਕ ਕਮਰੇ ‘ਚ ਰੁਕੇ ਹੋਏ ਸਨ।

ਗੁਰਵਿੰਦਰ ਸਿੰਘ ਸਮਰਾ ਦਾ ਕੀ ਕਹਿਣਾ ਹੈ?

ਗੁਰਵਿੰਦਰ ਸਿੰਘ ਸਮਰਾ ਨੇ ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੂੰ ਦੱਸਿਆ ਕਿ ਉਹਨਾਂ ਨੇ 1 ਕਰੋੜ 29 ਲੱਖ ਰੁਪਏ ਦੀ ਇੱਕ ਕਲਗੀ ਪਟਨਾ ਸਾਹਿਬ ਭੇਂਟ ਕੀਤੀ ਸੀ, ਜਿਸ ਦਾ ਉਹਨਾਂ ਕੋਲ ਬਿਲ ਹੈ।

ਉਹਨਾਂ ਕਿਹਾ ਕਿ ਇਕ 57 ਲੱਖ ਰੁਪਏ ਦਾ ਹਾਰ ਵੀ ਪਟਨਾ ਸਾਹਿਬ ਭੇਜਿਆ ਗਿਆ ਸੀ।

ਸਮਰਾ ਨੇ ਕਿਹਾ, “ਮਸਲਾ ਇੱਕ ਕਿਰਪਾਨ ਤੋਂ ਸ਼ੁਰੂ ਹੋਇਆ ਜੋ ਮੈਂ ਬਣਵਾਈ ਨਹੀਂ ਸੀ। ਇਹ ਰਣਜੀਤ ਸਿੰਘ ਗੌਹਰ ਨੇ ਬਣਵਾਈ ਸੀ। ਮੈਨੂੰ ਇਸ ਬਾਰੇ ਅੱਜ ਵੀ ਨਹੀਂ ਪਤਾ ਕਿ ਇਸ ਉਪਰ ਕਿੰਨਾ ਸੋਨਾ ਲੱਗਾ ਹੈ। ਪੰਜ ਗਰਾਮ ਲੱਗਾ ਜਾਂ ਪੰਜ ਕਿੱਲੋ ਲੱਗਾ।”

ਉਹਨਾਂ ਕਿਹਾ ਕਿ, “ਰਣਜੀਤ ਸਿੰਘ ਨੇ ਮੈਨੂੰ ਕਿਹਾ ਕਿ ਇਹ 70 ਲੱਖ ਰੁਪਏ ਦੀ ਬਣੀ ਹੈ। ਉਹਨਾਂ ਨੇ ਬਿਲ ਦੇਣਾ ਲਟਕਾ ਦਿੱਤਾ। ਮੈਂ 70 ਲੱਖ ਰੁਪਏ ਕੈਸ਼ ਉਹਨਾਂ ਨੂੰ ਦਿੱਤੇ। ਇਸ ਦੇਣਦਾਰੀ ਦੀ ਇੱਕ ਤਸਵੀਰ ਵੀ ਹੈ। ਜਦੋਂ ਕਲਗੀ ਅਤੇ ਹਾਰ ਪਰਖੇ ਗਏ ਤਾਂ ਸਭ ਕੁਝ ਠੀਕ ਸੀ ਪਰ ਕਿਰਪਾਨ ਉਪਰ ਸੋਨਾ ਨਹੀਂ ਲੱਗਾ ਸੀ।”

ਸਮਰਾ ਦਾ ਕਹਿਣਾ ਹੈ ਕਿ, “ਨਾ ਗੌਹਰ ਅਤੇ ਨਾ ਹੀ ਇਕਬਾਲ ਸਿੰਘ ਉੱਥੇ ਜਥੇਦਾਰ ਲੱਗੇਗਾ, ਇਸ ਲਈ ਹੀ 500 ਨਿਹੰਗ ਸਿੰਘ ਫੌਜਾਂ ਗਈਆ ਹਨ। ਜਥੇਦਾਰ ਉਹ ਹੋਵੇਗਾ ਜੋ ਨਿਧੜਕ ਅਤੇ ਦਲੇਰ ਹੋਵੇਗਾ। ਮਾਲਕ ਕਰੇ ਅੰਮ੍ਰਿਤਸਰ ਦੀ ਧਰਤੀ ਤੋਂ ਹੀ ਭੇਜਿਆ ਜਾਵੇਗਾ।”

ਪ੍ਰਸ਼ਾਸਨ ਦੀਆਂ ਤਿਆਰੀਆਂ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਇਸ ਹੰਗਾਮੇ ਦੌਰਾਨ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਪੱਧਰ ‘ਤੇ ਵੀ ਤਿਆਰੀਆਂ ਤੇਜ਼ ਹੋ ਗਈਆਂ ਹਨ।

ਪਟਨਾ ਸਾਹਿਬ ‘ਚ ਜਾਰੀ ਵਿਵਾਦ ‘ਤੇ ਸਥਾਨਕ ਸੀਨੀਅਰ ਪੱਤਰਕਾਰ ਨਵੀਨ ਰਸਤੋਗੀ ਦਾ ਕਹਿਣਾ ਹੈ, “ਇਸ ਵਿਵਾਦ ਦੀ ਜੜ੍ਹ ਇਹ ਹੀ ਹੈ ਕਿ ਪੰਜਾਬ ਅਤੇ ਬਿਹਾਰ ਦੇ ਸਿੱਖਾਂ ਵਿਚਾਲੇ ਸਰਬਉੱਚਤਾ ਦੀ ਲੜਾਈ ਹੈ। ਅੰਦਰੂਨੀ ਕਲੇਸ਼ ਦੀ ਗੱਲ ਕਈ ਵਾਰ ਵੇਖਣ-ਸੁਣਨ ਨੂੰ ਮਿਲ ਹੀ ਜਾਂਦੀ ਹੈ।

ਮਿਸਾਲ ਵਜੋਂ ਜਦੋਂ ਵੀ ਕਦੇ ਅਕਾਲ ਤਖ਼ਤ ਸਾਹਿਬ ਇੱਥੋਂ ਦੇ ਕਿਸੇ ਮਾਮਲੇ ‘ਚ ਦਖਲ ਦਿੰਦਾ ਹੈ, ਕਿਸੇ ਨੂੰ ਹਟਾਉਂਦਾ ਜਾਂ ਨਿਯੁਕਤ ਕਰਦਾ ਹੈ ਜਾਂ ਕੋਈ ਹੁਕਮ ਜਾਰੀ ਕਰਦਾ ਹੈ ਤਾਂ ਬਿਹਾਰ (ਪਟਨਾ ਸਾਹਿਬ) ਨਾਲ ਸੰਬੰਧਤ ਬਿਹਾਰੀ ਸਿੱਖ ਉਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ।”

“ਕੁਝ ਅਜਿਹੀ ਹੀ ਸਥਿਤੀ ਹਾਲ ਦੇ ਵਿਵਾਦ ‘ਚ ਵੇਖਣ ਨੂੰ ਮਿਲੀ ਰਹੀ ਹੈ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਹੋ ਰਿਹਾ ਹੈ।”

ਵਿਵਾਦ ਨੂੰ ਰੋਕਣ ਲਈ ਪਟਨਾ ਸਾਹਿਬ ਪਹੁੰਚੇ ਨਿਹੰਗ ਸਿੰਘ

ਪਟਨਾ ਸਾਹਿਬ ਦੇ ਪ੍ਰਬੰਧ ਅਤੇ ਚੱਲ ਰਹੇ ਵਿਵਾਦ ਨੂੰ ਠੱਲ ਪਾਉਣ ਲਈ ਨਿਹੰਗ ਸਿੰਘਾਂ ਦਾ ਵੀ ਇੱਕ ਜਥਾ ਇੱਥੇ ਪਹੁੰਚ ਗਿਆ ਹੈ।

ਇਸ ਜਥੇ ਦੇ ਲੋਕ ਕੈਂਪਸ ‘ਚ ਅਮਨ-ਕਾਨੂੰਨ ਦੀ ਬਹਾਲੀ ਲਈ ਥਾਂ-ਥਾਂ ‘ਤੇ ਤਾਇਨਾਤ ਰਹਿਣਗੇ।

ਜਦੋਂ ਬੀਬੀਸੀ ਨੇ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਤੋਂ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚਾਲੇ ਜਾਰੀ ਵਿਵਾਦ ਅਤੇ ਮੌਕੇ ‘ਤੇ ਪਹੁੰਚਣ ਸਬੰਧੀ ਕੁਝ ਸਵਾਲ ਕੀਤੇ ਤਾਂ ਉਨ੍ਹਾਂ ਨੇ ਕਿਹਾ, “ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚਾਲੇ ਜਾਰੀ ਵਿਵਾਦ ਨੂੰ ਹੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਅਨੁਸਾਰ ਇੱਕ ਕਮੇਟੀ ਦਾ ਗਠਨ ਹੋ ਗਿਆ ਹੈ।”

ਉਹਨਾਂ ਕਿਹਾ, “ਇਹ ਕਮੇਟੀ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ। ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਆਏ ਹਾਂ ਕਿ ਦੇਸ-ਵਿਦੇਸ਼ ਤੋਂ ਪ੍ਰਕਾਸ਼ ਪੁਰਬ (27,28 ਅਤੇ 29 ਦਸੰਬਰ) ‘ਚ ਸ਼ਾਮਲ ਹੋਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇੱਥੋਂ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਅਸੀਂ ਹਰ ਸੰਭਵ ਸਹਿਯੋਗ ਅਤੇ ਯਤਨ ਕਰਾਂਗੇ। ਅਸੀਂ ਇਸੇ ਲਈ ਤਾਂ ਇੱਥੇ ਆਏ ਹਾਂ।”

ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ

ਇੱਥੇ ਅਸੀਂ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤਤਕਾਲੀ ਜਨਰਲ ਸਕੱਤਰ ਇੰਦਰਜੀਤ ਸਿੰਘ ਸਮੇਤ ਦੋ ਹੋਰਨਾਂ – ਮਹਿੰਦਰਪਾਲ ਸਿੰਘ ਢਿੱਲੋਂ ਅਤੇ ਰਾਜਾ ਸਿੰਘ ਨੂੰ ਵੀ ਅਕਾਲ ਤਖ਼ਤ ਸਾਹਿਬ ਨੇ ਤਨਖਈਆ ਕਰਾਰ ਦਿੱਤਾ ਸੀ।

ਇੰਦਰਜੀਤ ਸਿੰਘ ਨੇ ਕਿਹਾ, “ਮੈਨੂੰ, ਮਹਿੰਦਰਪਾਲ ਸਿੰਘ ਢਿੱਲੋਂ ਅਤੇ ਰਾਜਾ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਦਿਨਾਂ ਦੀ ਸੇਵਾ ਕਰਨ ਲਈ ਕਿਹਾ ਗਿਆ ਹੈ। ਮੈਂ ਪੰਜ ਦਿਨਾਂ ਤੱਕ ਇਹ ਸੇਵਾ ਕੀਤੀ। ਮੈਂ ਹੁਕਮ ਦੀ ਪਾਲਣਾ ਕਰ ਲਈ ਹੈ, ਪਰ ਬਾਕੀ ਦੇ ਦੋ ਲੋਕਾਂ ਨੇ ਅਕਾਲ ਤਖ਼ਤ ਸਾਹਿਬ ਅੱਗੇ ਤਾਂ ਆਪਣੀ ਗਲਤੀ ਮੰਨੀ ਸੀ ਪਰ ਇੱਥੇ ਆ ਕੇ ਉਹ ਮੁਕਰ ਗਏ ਹਨ।”

ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ?

ਪਟਨਾ ਸਾਹਿਬ ਕੈਂਪਸ ‘ਚ ਜਾਰੀ ਵਿਵਾਦ ਅਤੇ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਸਬੰਧੀ ਅਸੀਂ ਪਟਨਾ ਸਿਟੀ ਦੇ ਐੱਸਡੀਓ ਮੁਕੇਸ਼ ਰੰਜਨ ਨਾਲ ਸੰਪਰਕ ਕੀਤਾ। ਕਿਉਂਕਿ ਇਸ ਤਾਜ਼ਾ ਵਿਵਾਦ ਦੇ ਮੱਦੇਨਜ਼ਰ ਉਨ੍ਹਾਂ ਨੇ ਪਟਨਾ ਸਾਹਿਬ ਕੈਂਪਸ ਦਾ ਦੌਰਾ ਵੀ ਕੀਤਾ ਸੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ ਪੁਲਿਸ ਪ੍ਰਸ਼ਾਸਨ ਪਟਨਾ ਸਾਹਿਬ ਕੈਂਪਸ ‘ਚ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਅਤੇ ਅਗਾਮੀ 27,28,29 ਦਸੰਬਰ ਨੂੰ ਆਯੋਜਿਤ ਹੋਣ ਵਾਲੇ ‘ਪ੍ਰਕਾਸ਼ ਪੁਰਬ’ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾ ਹੋਣ ਲਈ ਕੈਂਪਸ ਵਿੱਚ ਗਿਆ ਸੀ। ਅੰਦਰੂਨੀ ਮਾਮਲਿਆਂ ‘ਚ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਹੈ। ਕਾਨੂੰਨ ਅਨੁਸਾਰ ਜ਼ਿਲ੍ਹਾ ਅਦਾਲਤ ਦੇ ਜੱਜ ਇਸ ਮਾਮਲੇ ਨੂੰ ਵੇਖਣ ਲਈ ਉਚਿਤ ਸੰਸਥਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)