You’re viewing a text-only version of this website that uses less data. View the main version of the website including all images and videos.
‘ਪੁੱਤਰ ਨੂੰ ਖੁਸ਼ੀ ਖੁਸ਼ੀ ਘਰੋਂ ਤੋਰਿਆ ਸੀ, ਪਰ ਪਤਾ ਨਹੀਂ ਸੀ ਕਿ ਜ਼ਾਲਮਾਂ ਦੇ ਹੱਥ ਚੜ੍ਹ ਜਾਣਾ’
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਇਲਾਹਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ 1991 ਵਿੱਚ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਹੋਏ ਫ਼ਰਜ਼ੀ ਮੁਕਾਬਲੇ ਮਾਮਲੇ ਵਿੱਚ 43 ਪੁਲਿਸ ਮੁਲਾਜ਼ਮਾਂ ਦੀ 7 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।
ਸਜ਼ਾ ਨੂੰ ਬਰਕਰਾਰ ਰੱਖੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਪੂਰੀ ਤਰ੍ਹਾਂ ਸਤੁੰਸ਼ਟ ਨਹੀਂ ਹਨ।
ਕੁੱਲ 57 ਪੁਲਿਸ ਮੁਲਾਜ਼ਮ ਸਨ ਜਿਨ੍ਹਾਂ ਵਿੱਚੋਂ 14 ਦੀ ਮੌਤ ਹੋ ਚੁੱਕੀ ਹੈ।
ਇਸ ਫੈਸਲੇ ਤੋਂ ਬਾਅਦ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ’ਚ ਰਹਿੰਦੇ ਕਈ ਪਰਿਵਾਰਾਂ ਦੇ ਜ਼ਖਮ ਮੁੜ ਅਲ੍ਹੇ ਹੋ ਗਏ ਹਨ।
ਇਹ ਉਹ ਸਿੱਖ ਪਰਿਵਾਰ ਹਨ ਜਿਹਨਾਂ ਦੇ ਮੁੰਡਿਆਂ ਦੀ ਉਸ ਫ਼ਰਜ਼ੀ ਪੁਲਿਸ ਮੁਕਾਬਲੇ ਵਿੱਚ ਮੌਤ ਹੋਈ ਸੀ।
ਉਸ ਮੁਕਾਬਲੇ ਵਿੱਚ ਮਰਨ ਵਾਲੇ 10 ਸਿੱਖ ਸਨ। ਇਹਨਾਂ ਵਿਚ ਦੋ ਯੂਪੀ ਦੇ ਪੀਲੀਭੀਤ ਦੇ ਅਤੇ ਬਾਕੀ 8 ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ।
ਦੋ ਪਰਿਵਾਰ ਤਾਂ ਅਜਿਹੇ ਹਨ ਜਿਹਨਾਂ ਦੇ ਘਰਾਂ ਦੇ ਦੋ-ਦੋ ਜੀਅ ਸਨ, ਉਹ ਵੀ ਸਕੇ ਭਰਾ।
ਫੇਕ ਐਨਕਾਊਂਟਰ ਵਿੱਚ ਮਰਨ ਵਾਲੇ 10 ਸਿੱਖ ਨੌਜਵਾਨਾਂ ਵਿੱਚ ਹਰਮਿੰਦਰ ਸਿੰਘ, ਰਣਧੀਰ ਸਿੰਘ, ਸੁਰਜਨ ਸਿੰਘ ਅਤੇ ਮੁਖਵਿੰਦਰ ਸਿੰਘ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ।
ਇਕ ਪਰਿਵਾਰ ਦੇ ਦੋ ਪੁੱਤਰ ਬਲਜੀਤ ਸਿੰਘ ਅਤੇ ਜਸਵੰਤ ਸਿੰਘ, ਕਰਤਾਰ ਸਿੰਘ ਅਤੇ ਜਸਵੰਤ ਸਿੰਘ ਸਕੇ ਭਰਾ ਸਨ।
ਦੋ ਨੌਜਵਾਨ ਲਖਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਉੱਤਰਪ੍ਰਦੇਸ਼ ਦੇ ਰਹਿਣ ਵਾਲੇ ਸਨ।
ਕੀ ਹੈ ਪੂਰਾ ਮਾਮਲਾ ?
- ਪੀਲੀਭੀਤ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ 43 ਪੁਲਿਸ ਮੁਲਾਜ਼ਮਾਂ ਦੀ 7 ਸਾਲ ਦੀ ਸਜ਼ਾ ਬਰਕਰਾਰ
- ਪੀੜਤ ਪਰਿਵਾਰ ਪੂਰੀ ਤਰ੍ਹਾਂ ਸਤੁੰਸ਼ਟ ਨਹੀਂ ਹਨ।
- ਮਰਨ ਵਾਲਿਆਂ ਵਿੱਚ ਜ਼ਿਆਦਾਤਰ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਸਨ।
- ਦੋ ਘਰਾਂ ਦੇ ਦੋ-ਦੋ ਜੀਅ ਵੀ ਮਾਰੇ ਗਏ ਸਨ।
- ਪਰਿਵਾਰਾਂ ਨੂੰ ਨਾ ਲਾਸ਼ ਮਿਲੀ, ਨਾ ਹੀ ਇਹ ਪਤਾ ਲਗਾ ਕਿ ਕਿੱਥੇ ਅਤੇ ਕਿਵੇਂ ਤਸੀਹੇ ਦੇ ਜਾਨੋਂ ਮਾਰਿਆ।
'ਪੁੱਤਰ ਮਰ ਜਾਵੇ ਤਾਂ ਮਾਂ-ਪਿਓ ਜ਼ਿੰਦਾ ਵੀ ਮਾਰਿਆਂ ਵਾਂਗ ਹੁੰਦੇ ਹਨ'
ਇਹਨਾਂ ਸਭ ਪਰਿਵਾਰਾਂ ਦੇ ਕੇਸ ਦੀ ਪੈਰਵਾਈ ਕਰਨ ਵਾਲੇ ਗੁਰਦਾਸਪੁਰ ਦੇ ਪਿੰਡ ਸਤਕੋਹਾ ਦੇ ਬਜ਼ੁਰਗ ਅਜੀਤ ਸਿੰਘ ਹਨ।
ਉਹਨਾਂ ਦਾ 20 ਸਾਲਾਂ ਦਾ ਨੌਜਵਾਨ ਪੁੱਤਰ ਹਰਮਿੰਦਰ ਸਿੰਘ ਵੀ ਫ਼ਰਜ਼ੀ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਅੱਜ ਅਜੀਤ ਸਿੰਘ ਦੀਆਂ ਅੱਖਾਂ ’ਚ ਗੁੱਸਾ ਵੀ ਹੈ ਅਤੇ ਹੰਝੂ ਵੀ।
ਅਜੀਤ ਸਿੰਘ ਕਹਿੰਦੇ ਹਨ, “ਜਿਸ ਦਾ ਪੁੱਤ ਮਾਰ ਜਾਵੇ, ਉਸ ਦੇ ਮਾਂ-ਪਿਓ ਤਾਂ ਵੀ ਮਰਿਆਂ ਵਾਂਗ ਹਨ।”
ਕਰੀਬ 30 ਸਾਲ ਤੋਂ ਆਪਣੇ ਪੁੱਤ ਅਤੇ ਹੋਰਨਾਂ ਪਰਿਵਾਰਾਂ ਦੇ ਪੁੱਤਾਂ ਦੀ ਇਨਸਾਫ ਦੀ ਲੜਾਈ ਲੜਨ ਵਾਲੇ ਇਸ ਬਜ਼ੁਰਗ ਅਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਇੰਝ ਜਾਪਦਾ ਹੈ ਕਿ ਹੁਣ ਮੁੱਢ ਤੋਂ ਲੜਾਈ ਸ਼ੁਰੂ ਹੋ ਗਈ।
ਉਹਨਾਂ ਦਾ ਕਹਿਣਾ ਹੈ ਤਿ ਜਦ ਤੱਕ ਸਾਹ ਹਨ, ਉਹ ਇਨਸਾਫ਼ ਲਈ ਲੜਾਈ ਲੜਨਗੇ ਅਤੇ ਸਜ਼ਾਵਾਂ ਵੀ ਦਵਾ ਕੇ ਰਹਿਣਗੇ।
“ਜੋ ਜੁਰਮਾਨੇ ਹੋਏ ਸੀ, ਉਹ ਵੀ ਪੀੜਤ ਪਰਿਵਾਰਾਂ ਨੂੰ ਮਿਲਣਗੇ ਪਰ ਇਹ ਵੀ ਦੁੱਖ ਹੈ ਕਿ ਕਿਸੇ ਵੀ ਸਰਕਾਰ ਨੇ ਪਰਿਵਾਰਾਂ ਦੀ ਸਾਰ ਨਹੀਂ ਲਈ।”
ਪਰਿਵਾਰ ਅੱਜ ਵੀ ਸਦਮੇ ’ਚ
ਇਹ ਪਰਿਵਾਰ ਅੱਜ ਵੀ ਸਦਮੇ ਵਿੱਚ ਹਨ ਅਤੇ ਪੁੱਛਦੇ ਹਨ ਕਿ ਉਹਨਾਂ ਦੇ ਪੁੱਤਰਾਂ ਨੇ ਕੀ ਵਿਗਾੜਿਆ ਸੀ?
ਉਹ ਕਹਿੰਦੇ ਹਨ ਕਿ ਹੁਣ ਤਾਂ ਇਵੇਂ ਜਾਪ ਰਿਹਾ ਹੈ ਕਿ ਉਹਨਾਂ ਨਾਲ ਵੱਡਾ ਧੋਖਾ ਹੋ ਰਿਹਾ ਹੈ ਕਿ ਸਜ਼ਾ ਵੀ ਘੱਟ ਦਿਤੀ ਗਈ ਅਤੇ ਜੋ ਜੁਰਮਾਨਾ 14 ਲੱਖ ਪਰਿਵਾਰਾਂ ਨੂੰ ਦੇਣ ਦਾ ਅਦਾਲਤ ਨੇ ਤਹਿ ਕੀਤਾ ਸੀ ਉਹ ਵੀ ਨਹੀਂ ਮਿਲਿਆ।
ਹਰਮਿੰਦਰ ਸਿੰਘ ਦੀ ਬਜ਼ੁਰਗ ਮਾਂ ਸੁਖਵਿੰਦਰ ਕੌਰ ਆਖਦੀ ਹੈ, ''ਮੇਰਾ ਪੁੱਤ ਛਿੰਦਾ ਕਦੇ ਕੋਈ ਮੀਟ ਮਾਸ ਜਾਂ ਕੋਈ ਨਸ਼ਾ ਨਹੀਂ ਕੀਤਾ, ਗੁਰਮੁਖ ਸੀ।''
“ਜਦ ਵਿਆਹ ਹੋਇਆ ਤਾਂ ਨਵਾਂ ਪਾਸਪੋਰਟ ਬਣਵਾਇਆ ਅਤੇ ਵਿਦੇਸ਼ ਜਾਣ ਦਾ ਸੋਚ ਰਿਹਾ ਸੀ। ਆਖਦਾ ਸੀ ਕਿ ਉਸ ਤੋਂ ਪਹਿਲਾਂ ਆਪਣੀ ਪਤਨੀ ਨਾਲ ਧਾਰਮਿਕ ਯਾਤਰਾ ’ਤੇ ਜਾਵੇਗਾ। ਘਰੋਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਗਿਆ। ਅੱਜ ਵੀ ਨਹੀਂ ਭੁਲਦਾ ਖੁਸ਼ੀ-ਖੁਸ਼ੀ ਤੁਰਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਉਥੇ ਜ਼ਾਲਮਾਂ ਦੇ ਹੱਥ ਚੜ੍ਹ ਜਾਣਾ।”
ਪੁੱਤਰ ਦੀ ਮੌਤ ਤੋਂ 5 ਮਹੀਨੇ ਬਾਅਦ ਉਸਦੇ ਬੇਟੀ ਦਾ ਜਨਮ ਹੋਇਆ ਅਤੇ ਅੱਜ ਉਹ ਨਰਸਿੰਗ ਦੀ ਪੜਾਈ ਪੂਰੀ ਕਰ ਨਿੱਜੀ ਹਸਪਤਾਲ ਵਿਚ ਨੌਕਰੀ ਕਰ ਰਹੀ ਹੈ।
ਹਰਮਿੰਦਰ ਸਿੰਘ ਦੀ ਪਤਨੀ ਸਵਰਨਜੀਤ ਕੌਰ ਦੱਸਦੀ ਹੈ ਕਿ ਉਹਨਾਂ ਦਾ ਵਿਆਹ ਵੀ ਉਦੋਂ ਕੁਝ ਮਹੀਨੇ ਪਹਿਲਾਂ ਹੋਇਆ ਸੀ ਅਤੇ ਪਹਿਲੀ ਵਾਰ ਉਹ ਘਰੋਂ ਬਾਹਰ ਦੋਵੇ ਜੀਅ ਗਏ ਸਨ।
“ਮਨ ਵਿਚ ਬੜੇ ਚਾਅ ਸਨ।”
ਕੀ ਹੋਇਆ ਸੀ ਉਸ ਦਿਨ?
ਸਵਰਨਜੀਤ ਕੌਰ ਕਹਿੰਦੇ ਹਨ ਕਿ ਜਦ ਉਹ 12 ਜੁਲਾਈ 1991 ਵਿੱਚ ਪਟਨਾ ਸਾਹਿਬ ਅਤੇ ਕੁਝ ਹੋਰ ਧਾਰਮਿਕ ਸਥਾਨਾਂ ਤੋਂ ਤੀਰਥ ਯਾਤਰੀਆਂ ਨਾਲ ਪਰਤ ਰਹੇ ਸਨ ਤਾਂ ਕਛਾਲਾਘਾਟ ਪੁਲ੍ਹ ਨੇੜੇ ਪੁਲਿਸ ਨੇ ਉਹਨਾਂ ਦੀ ਬੱਸ ਰੋਕੀ।
''ਬੱਸ ਦੀ ਪਹਿਲਾਂ ਤਲਾਸ਼ੀ ਦੀ ਗੱਲ ਆਖੀ ਗਈ ਅਤੇ ਬੱਸ ਵਿੱਚ ਸਵਾਰ ਪੱਗ ਵਾਲੇ ਨੌਜਵਾਨ ਸਿੱਖਾਂ ਨੂੰ ਬੱਸ ਵਿਚੋਂ ਉਤਾਰ ਲਿਆ ਗਿਆ। ਜਦਕਿ ਬਜ਼ੁਰਗਾਂ ਅਤੇ ਔਰਤਾਂ ਨੂੰ ਬੱਸ ਵਿਚ ਰਹਿਣ ਦਿੱਤਾ ਗਿਆ।''
ਉਹ ਕਹਿੰਦੇ ਹਨ, ''ਕਈ ਘੰਟਿਆਂ ਤਕ ਬੱਸ ਇਧਰ-ਉਧਰ ਲਿਜਾਂਦੇ ਰਹੇ ਅਤੇ ਜੰਗਲੀ ਇਲਾਕੇ 'ਚ ਘੁਮਾ ਕੇ ਮੁੜ ਪੀਲੀਭੀਤ ਇੱਕ ਗੁਰੂਦਵਾਰਾ ਸਾਹਿਬ ਵਿੱਚ ਉਹਨਾਂ ਨੂੰ ਉਤਾਰ ਦਿੱਤਾ, ਜਦਕਿ ਉਸ ਦੇ ਪਤੀ ਸਮੇਤ ਜੋ ਬਾਕੀ ਹੋਰ ਸਿੱਖ ਨੌਜਵਾਨ ਸਨ, ਉਹਨਾਂ ਬਾਰੇ ਪੁੱਛਣ ਉਪਰ ਇਹੀ ਜਵਾਬ ਦਿੱਤਾ ਕਿ ਪੁੱਛਗਿੱਛ ਕਰ ਉਹਨਾਂ ਨੂੰ ਇਥੇ ਭੇਜ ਦਿਤਾ ਜਾਵੇਗਾ''
ਉਹ ਤਿੰਨ ਦਿਨ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਮੁੜ ਅਖਬਾਰ ਰਾਹੀਂ ਅਤੇ ਪੰਜਾਬ ਵਿੱਚ ਪੰਜਾਬ ਪੁਲਿਸ ਰਾਹੀਂ ਪਤਾ ਲੱਗਾ ਕਿ ਉਹਨਾਂ ਨੂੰ ਅੱਤਵਾਦੀ ਕਰਾਰ ਦੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।
ਨਾ ਤਾਂ ਉਹਨਾਂ ਨੂੰ ਲਾਸ਼ ਮਿਲੀ, ਨਾ ਹੀ ਇਹ ਪਤਾ ਲਗਾ ਕਿ ਕਿੱਥੇ ਅਤੇ ਕਿਵੇਂ ਤਸੀਹੇ ਦੇ ਕੇ ਜਾਨੋਂ ਮਾਰਿਆ ਗਿਆ।
ਅੱਜ ਵੀ ਸਵਰਨਜੀਤ ਕੌਰ ਉਹ ਦਿਨ ਯਾਦ ਕਰਦੇ ਹਨ, ''ਉਸ ਦਿਨ ਜ਼ਿੰਦਗੀ ਖ਼ਤਮ ਹੋ ਗਈ ਸੀ। ਹਾਲਾਤ ਅੱਜ ਵੀ ਉਹੀ ਹਨ ਕਿਉਂਕਿ ਮਨ ਤਾਂ ਇਹ ਆਖਦਾ ਸੀ ਕਿ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੁੰਦੀ ਪਰ ਜੇਕਰ 2016 ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਤਾਂ ਮਨ ਨੂੰ ਕੁਝ ਸ਼ਾਂਤੀ ਸੀ ਲੇਕਿਨ ਹੁਣ ਆਏ ਫੈਸਲੇ ਨੇ, ਉਹਨਾਂ ਨੂੰ ਤੋੜ ਦਿੱਤਾ ਹੈ।''
“30 ਸਾਲ ਬੀਤ ਜਾਣ ਬਾਅਦ ਵੀ ਇਨਸਾਫ਼ ਲਈ ਤੜਪ ਰਹੇ ਹਾਂ।”