ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਅਤੇ ਕਮੇਟੀ ਨਾਲ ਜੁੜਿਆ ਪੂਰਾ ਵਿਵਾਦ ਜਾਣੋ

ਮੰਗਲਵਾਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ, ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਢਿੱਲੋਂ, ਰਾਜਾ ਸਿੰਘ ਤੇ ਇੰਦਰਜੀਤ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ।

ਇਸ ਦੇ ਨਾਲ ਹੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਲਏ ਗਏ ਫ਼ੈਸਲੇ ਸੁਣਾਉਂਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਫ਼ੌਰੀ ਤੌਰ ’ਤੇ ਖ਼ਤਮ ਕਰਨ ਦੇ ਹੁਕਮ ਦਿੱਤੇ।

ਅਸਲ ਵਿੱਚ ਬੀਤੇ ਕੁਝ ਵਕਤ ਤੋਂ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

ਮੰਗਲਵਾਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਕੀਤੇ ਗਏ ਕਥਿਤ ਗ਼ੈਰ-ਵਿਧਾਨਿਕ ਕਾਰਜਾਂ ਤੇ ਜਥੇਦਾਰ ਦੀ ਨਿਯੁਕਤੀ ਦੇ ਵਿਵਾਦ ਬਾਰੇ ਵਿਚਾਰ ਕੀਤਾ ਗਿਆ ਸੀ।

ਇਸ ਦੌਰਾਨ ਰਣਜੀਤ ਸਿੰਘ ਗੌਹਰ ’ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਬਣਾਈ ਗਈ ਕਮੇਟੀ ਨੂੰ ਜਲਦ ਤੋਂ ਜਲਦ ਆਪਣੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ।

ਕੀ ਹੈ ਮਾਮਲਾ

ਮਾਮਲਾ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਜਥੇਦਾਰ ਦੇ ਅਹੁਦੇ ਦਾ ਹੈ। ਕਮੇਟੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ।

ਇੱਕ ਧੜੇ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਰਣਜੀਤ ਸਿੰਘ ਗੌਹਰ ਨੂੰ ਸੇਵਾਵਾਂ ਸੌਂਪੀਆਂ ਗਈਆਂ ਸਨ ਤੇ ਦੂਜੇ ਧੜੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।

ਰਣਜੀਤ ਸਿੰਘ ਗੌਹਰ ਤੋਂ ਪਹਿਲਾਂ ਇਕਬਾਲ ਸਿੰਘ ਪਟਨਾ ਸਾਹਿਬ ਦੇ ਜਥੇਦਾਰ ਸਨ।

ਇਸ ਪੂਰੇ ਵਿਵਾਦ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੱਸਿਆ ਗਿਆ।

ਅਕਾਲ ਤਖ਼ਤ ਵਲੋਂ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਣੇ ਮਹਿੰਦਰਪਾਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਬਹੁਮਤ ਸਾਬਤ ਕਰਨ ਲਈ ਕਿਹਾ ਗਿਆ ਸੀ।

ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਵਲੋਂ ਰਣਜੀਤ ਸਿੰਘ ਗੌਹਰ ਅਤੇ ਇਕਬਾਲ ਸਿੰਘ ਦੀਆਂ ਸੇਵਾਵਾਂ ’ਤੇ ਰੋਕ ਲਗਾਈ ਗਈ ਸੀ ਤੇ ਦੋਵਾਂ ਨੂੰ ਪ੍ਰਬੰਧੀ ਕਮੇਟੀ ਕੰਪਲੈਕਸ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ।

ਰਣਜੀਤ ਸਿੰਘ ਗੌਹਰ ਉੱਤੇ ਭ੍ਰਿਸ਼ਟਾਚਾਰ ਦੇ ਵੀ ਇਲਜ਼ਾਮ ਲੱਗੇ

ਰਣਜੀਤ ਸਿੰਘ ਗੌਹਰ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ। ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਉਨ੍ਹਾਂ ਨੂੰ ਇੱਕ ਚਿੱਠੀ ਲਿਖ ਕੇ ਉਨ੍ਹਾਂ ਨੂੰ ਸੇਵਾਵਾਂ ਤੋਂ ਹਟਾਇਆ ਸੀ ਤੇ ਕਮੇਟੀ ਦੇ ਗਠਨ ਬਾਰੇ ਜਾਣਕਾਰੀ ਦਿੱਤੀ ਸੀ। ਹਿੱਤ ਵਲੋਂ ਚਿੱਠੀ ਲਿਖੀ ਚਿੱਠੀ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਮਰਿਆਦਾ ਭੰਗ ਕਰਨ ਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜ਼ਿਕਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗੌਹਰ ਤੇ ਇੱਕ ਸਿੱਖ ਸ਼ਰਧਾਲੂ ਵਲੋਂ ਪਟਨਾ ਸਾਹਿਬ ਲਈ ਦਿੱਤੀ ਗਈ ਭੇਟਾ ਰਾਸ਼ੀ ਨੂੰ ਗੁਰਦੁਆਰੇ ਜਮਾਂ ਨਾ ਕਰਵਾਏ ਜਾਣ ਦੇ ਇਲਜ਼ਾਮ ਹਨ। ਇਸ ਸਾਰੇ ਮਸਲੇ ਦੀ ਜਾਂਚ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਨੂੰ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਵਲੋਂ ਜਲਦ ਹੀ ਰਿਪੋਰਟ ਪੇਸ਼ ਕਰਨ ਦੀ ਹਿਦਾਇਤ ਦਿੱਤੀ ਗਈ ਹੈ।

ਰਣਜੀਤ ਸਿੰਘ ਗੌਹਰ ਭ੍ਰਿਸ਼ਟਾਚਾਰ ਦੇ ਇੰਨਾਂ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੰਦਿਆਂ ਕਹਿੰਦੇ ਹਨ ਕਿ ਉਨ੍ਹਾਂ ਵਲੋਂ ਕਿਸੇ ਵੀ ਤਰੀਕੇ ਦੀ ਕੋਈ ਹੇਰਾਫੇਰੀ ਨਹੀਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗੌਹਰ ਪਹਿਲਾਂ ਵੀ ਆਪਣੇ ਪਹਿਰਾਵੇ ਨੂੰ ਲੈ ਕੇ ਵਿਵਾਦਾਂ ਵਿੱਚ ਰਹੇ ਸਨ।

ਰਣਜੀਤ ਸਿੰਘ ਵੱਲੋਂ ਮੁੜ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ ਜਾਣਾ

ਰਣਜੀਤ ਸਿੰਘ ਇੱਕ ਵਾਰ ਫ਼ਿਰ ਤੋਂ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਏ। ਇਸ ਵਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਸਪੈਂਡ ਕਰਨ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ।

ਇਸ ਮੀਟਿੰਗ ਬਾਰੇ ਅਕਾਲ ਤਖ਼ਤ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤੇ ਇਸ ਨੂੰ ਗੈਰ-ਵਿਧਾਨਿਕ ਕਿਹਾ ਗਿਆ।

ਪਟਨਾ ਸਾਹਿਬ ਦੀ ਸਥਾਨਕ ਸੰਗਤ ਵੱਲੋਂ ਵੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਮੁੜ ਬਹਾਲ ਕਰਨ ਦਾ ਵਿਰੋਧ ਕੀਤਾ ਗਿਆ।

ਅਕਾਲ ਤਖ਼ਤ ’ਤੇ ਕਿਸ ਕਿਸ ਨੂੰ ਤਲਬ ਕੀਤਾ ਗਿਆ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਰਬੰਸ ਸਿੰਘ, ਚਰਨਜੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਜਗਜੋਤ ਸਿੰਘ ਸੋਹੀ, ਇੰਦਰਜੀਤ ਸਿੰਘ, ਗੁਰਿੰਦਰ ਸਿੰਘ, ਲਖਵਿੰਦਰ ਸਿੰਘ, ਮਹਿੰਦਰਪਾਲ ਸਿੰਘ ਢਿੱਲੋਂ ਅਤੇ ਰਾਜ ਸਿੰਘ ਨੂੰ ਤਲਬ ਕੀਤਾ ਗਿਆ ਸੀ।

ਕਮੇਟੀ ਦੇ ਮੈਂਬਰਾਂ ਬਾਰੇ ਸੁਣਵਾਈ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੇ ਉਨ੍ਹਾਂ ਉੱਤੇ ਤਨਖ਼ਾਹਾਂ ਲਾਈਆਂ।

ਇਸ ਦੌਰਾਨ ਹਰਪ੍ਰੀਤ ਸਿੰਘ ਗੁਰਦੁਆਰਿਆਂ ਦੀ ਕਮੇਟੀਆਂ ਵਿੱਚ ਅਹੁਦੇਦਾਰੀਆਂ ਦੀਆਂ ਲੜਾਈਆਂ ਉੱਤੇ ਮੁੜ ਅਫ਼ਸੋਸ ਜ਼ਾਹਰ ਕੀਤਾ।

ਉਨ੍ਹਾਂ ਕਿਹਾ ਕਿ ਇਹ ਤਾਂ ਹੋਰ ਵੀ ਮੰਦਭਾਗਾ ਹੈ ਕਿ ਅਜਿਹਾ ਮਾਮਲਾ ਹੁਣ ਤਖ਼ਤ ਸਾਹਿਬ ਤੱਕ ਪਹੁੰਚ ਗਿਆ ਹੈ।

ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਇਸ ਮੀਟਿੰਗ ਵਿੱਚ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਤੋਂ ਬਾਅਦ ਤੇ 15 ਜਨਵਰੀ ਤੋਂ ਪਹਿਲੋਂ ਪਹਿਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਿਧਾਨ ਮੁਤਾਬਕ ਚੋਣ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ,“ਗੁਰਪੁਰਬ ਤੱਕ ਪਹਿਲੀ ਕਮੇਟੀ ਦੇ ਅਹੁਦੇਦਾਰ ਸੇਵਾਵਾਂ ਨਿਭਾਉਣਗੇ।”

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਵੀਂ ਬਣੀ ਕਮੇਟੀ ਗ਼ੈਰ ਵਿਧਾਨਿਕ ਸੀ ਸੋ ਉਸ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਰੱਦ ਕੀਤਾ ਜਾਵੇਗਾ ਤੇ ਇਸ ਕਮੇਟੀ ਦੀ ਸਮੀਖਿਆ ਕੀਤੀ ਜਾਵੇਗੀ।

ਘਟਨਾਕ੍ਰਮ

  • ਰਣਜੀਤ ਸਿੰਘ ਗੌਹਰ ’ਤੇ ਸੰਗਤਾਂ ਵਲੋਂ ਭੇਟ ਕੀਤੇ ਗਏ ਪੈਸੇ ਕੋਲ ਰੱਖਣ ਦੇ ਇਲਜ਼ਾਮ ਲੱਗੇ
  • ਰਣਜੀਤ ਸਿੰਘ ਵਲੋਂ ਭ੍ਰਿਸ਼ਟਾਚਾਰ ਦੇ ਇੰਨਾਂ ਇਲਜ਼ਾਮਾਂ ਤੋਂ ਝੂਠ ਕਰਾਰ ਦਿੱਤਾ ਗਿਆ
  • ਉਨ੍ਹਾਂ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਲੋਂ ਸੇਵਾਵਾਂ ਤੋਂ ਹਟਾਇਆ ਗਿਆ
  • ਰਣਜੀਤ ਸਿੰਘ ਵਲੋਂ ਅਹੁਦਾ ਵਾਪਸ ਲੈਣ ਲਈ ਇੱਕ ਹੋਰ ਮੀਟਿੰਗ ਸੱਦੀ ਗਈ ਜਿਸ ਵਿੱਚ ਪੰਜ ਪਿਆਰਿਆਂ ਵਿੱਚੋਂ ਮਹਿਜ਼ ਦੋ ਮੈਂਬਰਾਂ ਨੇ ਮੌਜੂਦ ਸਨ
  • ਅਕਾਲ ਤਖ਼ਤ ਵਲੋਂ ਇਸ ਮਾਮਲੇ ’ਤੇ ਉਨ੍ਹਾਂ ਨੂੰ ਤਲਬ ਕਰਕੇ ਸੇਵਾਵਾਂ ਤੋਂ ਮੁੜ ਬਰਖ਼ਾਸਤ ਕਰਨ ਦੇ ਨਾਲ ਨਾਲ ਤਨਖ਼ਾਹ ਵੀ ਲਗਾਈ ਗਈ

ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਹਦਾਇਤ

ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਵੀ ਅਕਾਲ ਤਖਤ ਵੱਲੋਂ ਪੰਜ ਬਾਣੀਆਂ ਕੰਠ ਕਰਨ ਦੇ ਹੁਕਮ ਦਿੱਤੇ ਗਏ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, “ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਦੇਵ ਸਿੰਘ ਜੋ ਕਿ ਪੰਜ ਪਿਆਰਿਆਂ ਵਿੱਚ ਵੀ ਸ਼ਾਮਿਲ ਹਨ ਬਾਰੇ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ ਉਨ੍ਹਾਂ ਨੂੰ ਪੰਜ ਬਾਣੀਆਂ ਕੰਠ ਨਹੀਂ ਹਨ।”

ਭਾਈ ਬਲਦੇਵ ਸਿੰਘ ਨੂੰ ਕਿਹਾ ਗਿਆ ਕਿ ਪੰਜ ਪਿਆਰੇ ਪੰਜ ਦਿਨ ਦੇ ਅੰਦਰ ਉਨ੍ਹਾਂ ਕੋਲੋਂ ਪੰਜ ਬਾਣੀਆਂ ਦਾ ਪਾਠ ਸੁਣਨਗੇ। ਜੇ ਉਹ ਸੁਣਾ ਸਕਣਗੇ ਤਾਂ ਉਹ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਦੇ ਅਧਿਕਾਰੀ ਹੋਣਗੇ।

ਉਨ੍ਹਾਂ ਕਿਹਾ, “ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਮੇਟੀ ਨੂੰ ਅਧਿਕਾਰ ਹੈ ਕਿ ਭਾਈ ਬਲਦੇਵ ਸਿੰਘ ਦੀਆਂ ਸੇਵਾਵਾਂ ਤਬਦੀਲ ਕੀਤੀਆਂ ਜਾਣ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)