ਸਰਵੀਕਲ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ ਇਹ ਨਵਾਂ ਖੂਨ ਟੈਸਟ

ਤਸਵੀਰ ਸਰੋਤ, Getty Images
- ਲੇਖਕ, ਅਨਘਾ ਪਾਠਕ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਡਾਕਟਰਾਂ ਨੇ ਸਰਵੀਕਲ ਕੈਂਸਰ ਦੇ ਮਰੀਜ਼ਾਂ ਲਈ ਇੱਕ ਅਜਿਹਾ ਬਲੱਡ ਟੈਸਟ ਤਿਆਰ ਕੀਤਾ ਹੈ ਜੋ ਇਹ ਨਿਰਧਾਰਤ ਕਰਨ ਵਿੱਚ ਮਦਦ ਕਰ ਸਕਦਾ ਹੈ ਕਿ ਇਲਾਜ ਦਾ ਅਸਰ ਹੋ ਰਿਹਾ ਹੈ ਜਾਂ ਨਹੀਂ।
ਇਹ ਟੈਸਟ ਮਹਿੰਗੇ ਅਤੇ ਰਵਾਇਤੀ ਦਰਦਨਾਕ ਟਿਸ਼ੂ ਬਾਇਓਪਸੀ ਦੀ ਥਾਂ ਲੈ ਸਕਦਾ ਹੈ ਜੋ ਵਰਤਮਾਨ ਵਿੱਚ ਸਰਵੀਕਲ ਕੈਂਸਰ ਦੇ ਮਾਮਲਿਆਂ ਦੀ ਨਿਗਰਾਨੀ ਲਈ ਵਰਤਿਆ ਜਾ ਰਿਹਾ ਹੈ।
ਏਮਜ਼ ਦੇ ਡਾਕਟਰਾਂ ਨੇ ਆਪਣੇ ਖੋਜ ਪੱਤਰ ਵਿੱਚ ਲਿਖਿਆ ਹੈ ਕਿ ਇਸ ਟੈਸਟ ਵਿੱਚ, ਖੂਨ ਦੇ ਨਮੂਨੇ ਰਾਹੀਂ ਟਿਊਮਰ ਸੈੱਲਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਇਸ ਬਿਮਾਰੀ ਬਾਰੇ ਸ਼ੁਰੂਆਤ ਵਿੱਚ ਪਤਾ ਲਗਾਉਣ ਵਿੱਚ ਮਦਦਗਾਰ ਹੈ।
ਖੋਜ ਦੇ ਕਲੀਨਿਕਲ ਟ੍ਰਾਇਲ ਦੇ ਨਤੀਜੇ ਨੇਚਰ ਗਰੁੱਪ ਜਰਨਲ 'ਸਾਇੰਟਿਫਿਕ ਰਿਸਰਚ' ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

ਸਰਵੀਕਲ ਕੈਂਸਰ ਬੱਚੇਦਾਨੀ (ਯੂਟਰਿਸ) ਵਿੱਚ ਹੁੰਦਾ ਹੈ ਜੋ ਬੱਚੇਦਾਨੀ ਨੂੰ ਯੋਨੀ ਨਾਲ ਜੋੜਦਾ ਹੈ।ਯਬਲਿਊਐੱਚਓ ਮੁਤਾਬਕ, ਇਹ ਔਰਤਾਂ ਨੂੰ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ।
ਇਹ ਭਾਰਤ ਵਿੱਚ ਔਰਤਾਂ ਨੂੰ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ। ਸਾਲ 2022 ਵਿੱਚ, ਭਾਰਤ ਸਰਵੀਕਲ ਕੈਂਸਰ ਦੇ ਮਰੀਜ਼ਾਂ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਦੂਜੇ ਸਥਾਨ 'ਤੇ ਸੀ।
ਭਾਵੇਂ ਸਰਵੀਕਲ ਕੈਂਸਰ ਨੂੰ ਟੀਕੇ ਜ਼ਰੀਏ ਰੋਕਿਆ ਜਾ ਸਕਦਾ ਹੈ, ਪਰ ਇਹ ਭਾਰਤ ਵਿੱਚ ਔਰਤਾਂ ਦੀ ਮੌਤ ਦਾ ਇੱਕ ਵੱਡਾ ਕਾਰਨ ਹੈ। ਹਰ ਅੱਠ ਮਿੰਟਾਂ ਵਿੱਚ ਇੱਕ ਔਰਤ ਸਰਵੀਕਲ ਕੈਂਸਰ ਨਾਲ ਮਰ ਜਾਂਦੀ ਹੈ।
ਡਾਕਟਰ ਮਯੰਕ ਸਿੰਘ ਇਸਦਾ ਕਾਰਨ ਦੱਸਦੇ ਹੋਏ ਕਹਿੰਦੇ ਹਨ, "ਭਾਰਤ ਵਿੱਚ, ਬਹੁਤ ਘੱਟ ਔਰਤਾਂ ਨੂੰ ਅਜੇ ਵੀ ਸਰਵੀਕਲ ਕੈਂਸਰ ਦਾ ਟੀਕਾ ਲਗਾਇਆ ਗਿਆ ਹੈ। ਇਹੀ ਕਾਰਨ ਹੈ ਕਿ ਭਾਰਤ ਸਰਵੀਕਲ ਕੈਂਸਰ ਅਤੇ ਇਸ ਕਾਰਨ ਹੋਣ ਵਾਲੀ ਮੌਤ ਦਰ ਵਿੱਚ ਸਭ ਤੋਂ ਅੱਗੇ ਹੈ।"
ਡਾਕਟਰ ਸਿੰਘ ਕਹਿੰਦੇ ਹਨ, "ਕਿਉਂਕਿ ਭਾਰਤ ਵਿੱਚ ਸਰਵੀਕਲ ਕੈਂਸਰ ਲਈ ਟੀਕਾਕਰਨ ਦਰ ਘੱਟ ਹੈ, ਇਸ ਲਈ ਮਰੀਜ਼ਾਂ ਵਿੱਚ ਸ਼ੁਰੂਆਤੀ ਪੜਾਵਾਂ ਵਿੱਚ ਇਸਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਇਸ ਬਿਮਾਰੀ ਦੇ ਜ਼ਿਆਦਾਤਰ ਮਰੀਜ਼ ਇਲਾਜ ਲਈ ਉਦੋਂ ਆਉਂਦੇ ਹਨ ਜਦੋਂ ਇਹ ਐਡਵਾਂਸ ਸਟੇਜ 'ਤੇ ਪਹੁੰਚ ਜਾਂਦਾ ਹੈ।"
ਨਵੇਂ ਟੈਸਟ ਵਿੱਚ ਕੀ ਅਹਿਮ ਹੈ?

ਤਸਵੀਰ ਸਰੋਤ, Getty Images
ਇਸ ਖੋਜ ਦਾ ਅਹਿਮ ਨਤੀਜਾ ਸਰਵੀਕਲ ਕੈਂਸਰ ਦੇ ਮਰੀਜ਼ਾਂ ਵਿੱਚ ਮਨੁੱਖੀ ਪੈਪੀਲੋਮਾਵਾਇਰਸ (ਐੱਚਪੀਵੀ) ਦੇ ਡੀਐੱਨਏ ਪੱਧਰ ਨਾਲ ਸਬੰਧਤ ਹੈ। ਐੱਚਪੀਵੀ ਉਹ ਵਾਇਰਸ ਹੈ ਜੋ ਬਿਮਾਰੀ ਦੇ ਸਾਰੇ ਮਾਮਲਿਆਂ ਦਾ ਕਾਰਨ ਬਣਦਾ ਹੈ।
ਇਸ ਖੋਜ ਅਧਿਐਨ ਵਿੱਚ ਏਮਜ਼ ਦੇ ਡਾਕਟਰਾਂ ਨੇ 60 ਸਰਵੀਕਲ ਕੈਂਸਰ ਦੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਲਏ ਜਿਨ੍ਹਾਂ ਦਾ ਇਲਾਜ ਅਜੇ ਸ਼ੁਰੂ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਦੱਸ ਸਿਹਤਮੰਦ ਔਰਤਾਂ ਤੋਂ ਖੂਨ ਦੇ ਨਮੂਨੇ ਵੀ ਲਏ ਗਏ ਜਿਨ੍ਹਾਂ ਨੇ ਕੰਟਰੋਲ ਗਰੁੱਪ ਬਣਾਇਆ ਸੀ।
ਅਧਿਐਨ ਵਿੱਚ ਪਾਇਆ ਗਿਆ ਕਿ ਤਿੰਨ ਮਹੀਨਿਆਂ ਦੇ ਇਲਾਜ ਤੋਂ ਬਾਅਦ, ਕੈਂਸਰ ਦੇ ਮਰੀਜ਼ਾਂ ਵਿੱਚ ਵਾਇਰਲ ਡੀਐੱਨਏ ਗਾੜ੍ਹਾਪਣ ਘੱਟ ਕੇ ਤਕਰੀਬਨ ਉਸੇ ਪੱਧਰ 'ਤੇ ਆ ਜਾਂਦਾ ਹੈ, ਜਿੰਨਾ ਸਿਹਤਮੰਦ ਔਰਤਾਂ ਵਿੱਚ ਸੀ।
ਡਾਕਟਰ ਸਿੰਘ ਕਹਿੰਦੇ ਹਨ, "ਇਸ ਅਧਿਐਨ ਦੇ ਨਤੀਜੇ ਅਹਿਮ ਹਨ ਕਿਉਂਕਿ ਸਰਵੀਕਲ ਕੈਂਸਰ ਵਿੱਚ ਕੋਈ ਖ਼ਾਸ ਐਂਟੀਜੇਨ ਮਾਰਕਰ ਨਹੀਂ ਹੈ ਜੋ ਦੱਸ ਸਕੇ ਕਿ ਇਲਾਜ ਪ੍ਰਭਾਵਸ਼ਾਲੀ ਹੈ ਜਾਂ ਨਹੀਂ। ਟਿਊਮਰ ਵਿੱਚ ਸੁਧਾਰ ਹੋ ਰਿਹਾ ਹੈ ਜਾਂ ਨਹੀਂ।"

ਉਹ ਕਹਿੰਦੇ ਹਨ, "ਇਸ ਲਈ ਹਰ ਵਾਰ ਮਰੀਜ਼ ਨੂੰ ਰਵਾਇਤੀ ਬਾਇਓਪਸੀ ਕਰਵਾਉਣੀ ਪੈਂਦੀ ਹੈ ਅਤੇ ਇਸਦੇ ਲਈ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪੈਂਦਾ ਹੈ।"
"ਤੁਹਾਨੂੰ ਟਿਊਮਰ ਦਾ ਨਮੂਨਾ ਲੈਣਾ ਪਵੇਗਾ ਅਤੇ ਇਸਦੀ ਜਾਂਚ ਕਰਨੀ ਪਵੇਗੀ। ਇਸ ਕਿਸਮ ਦੀ ਰਵਾਇਤੀ ਬਾਇਓਪਸੀ ਵਿੱਚ ਸਮਾਂ ਲੱਗਦਾ ਹੈ। ਇਹ ਮਹਿੰਗਾ ਹੈ ਅਤੇ ਮਰੀਜ਼ ਨੂੰ ਬਹੁਤ ਦਰਦ ਹੁੰਦੀ ਹੈ।''
ਉਨ੍ਹਾਂ ਕਿਹਾ ਕਿ ਨਵੀਂ ਵਿਧੀ ਨੂੰ 'ਲਿਕਿਵਡ ਬਾਇਓਪਸੀ' ਦਾ ਨਾਮ ਦਿੱਤਾ ਗਿਆ ਹੈ ਅਤੇ ਇਸਦੀ ਕੀਮਤ ਤਕਰੀਬਨ 2,500 ਰੁਪਏ ਹੋਵੇਗੀ। ਇਸ ਵਿੱਚ, ਰਵਾਇਤੀ ਬਾਇਓਪਸੀ ਦੇ ਮੁਕਾਬਲੇ ਘੱਟ ਦਰਦ ਹੋਵੇਗਾ ਕਿਉਂਕਿ ਮਰੀਜ਼ ਦੇ ਸਰੀਰ ਦਾ ਸਿਰਫ਼ 5 ਮਿ.ਲੀ. ਖੂਨ ਲਿਆ ਜਾਵੇਗਾ।
ਇਸ ਅਧਿਐਨ ਵਿੱਚ ਸ਼ਾਮਲ ਡਾਕਟਰਾਂ ਦਾ ਕਹਿਣਾ ਹੈ ਕਿ ਖੂਨ ਦੀ ਜਾਂਚ ਸਰਵੀਕਲ ਕੈਂਸਰ ਦੀ ਨਿਗਰਾਨੀ ਵਿੱਚ ਇੱਕ ਵੱਡਾ ਕਦਮ ਸਾਬਤ ਹੋ ਸਕਦੀ ਹੈ।
ਹਾਲਾਂਕਿ, ਡਾਕਟਰ ਸਿੰਘ ਮੰਨਦੇ ਹਨ ਕਿ ਅਜਿਹੇ ਟੈਸਟਾਂ ਲਈ ਡਾਇਗਨੌਸਟਿਕ ਸਹੂਲਤਾਂ ਦੀ ਲੋੜ ਹੁੰਦੀ ਹੈ, ਜੋ ਕਿ ਭਾਰਤ ਦੇ ਪੇਂਡੂ ਸਿਹਤ ਕੇਂਦਰਾਂ ਵਿੱਚ ਉਪਲਬਧ ਨਹੀਂ ਹਨ
ਉਹ ਕਹਿੰਦੇ ਹਨ, "ਹਾਲਾਂਕਿ, ਇੱਕ ਵਾਰ ਜਦੋਂ ਕੋਈ ਤਕਨੀਕ ਫ਼ੈਲ ਜਾਂਦੀ ਹੈ, ਤਾਂ ਇਸ ਤੱਕ ਪਹੁੰਚ ਆਸਾਨ ਹੋ ਜਾਂਦੀ ਹੈ।"
ਏਮਜ਼ ਦੇ ਡਾਕਟਰ ਇਸ ਖੋਜ ਦੇ ਅਗਲੇ ਪੜਾਅ ਵਿੱਚ ਟੈਸਟ ਨੂੰ ਹੋਰ ਸਟੀਕ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹ ਸਰਵੀਕਲ ਕੈਂਸਰ ਦਾ ਕਾਰਨ ਬਣਨ ਵਾਲੇ ਵਾਇਰਸ ਤੋਂ ਇਲਾਵਾ ਹੋਰ ਮਿਉਟੇਸ਼ਨਜ਼ ਸ਼ਾਮਲ ਕਰਕੇ ਅਜਿਹਾ ਕਰਨਗੇ।
ਡਾਕਟਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਏਮਜ਼ ਵਿੱਚ ਇਹ ਖੂਨ ਦੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ, ਮਰੀਜ਼ਾਂ ਦੇ ਦੂਜੇ ਸਮੂਹ 'ਤੇ ਕਲੀਨਿਕਲ ਟੈਸਟਾਂ ਦੀ ਲੋੜ ਹੋਵੇਗੀ।
ਉਨ੍ਹਾਂ ਕਿਹਾ, "ਦੁਨੀਆਂ ਭਰ ਵਿੱਚ ਸਰਵੀਕਲ ਕੈਂਸਰ ਨਾਲ ਸਬੰਧਤ ਤਿੰਨ ਹੋਰ ਵੱਖਰੇ ਅਧਿਐਨ ਪ੍ਰਕਾਸ਼ਿਤ ਕੀਤੇ ਗਏ ਹਨ। ਉਨ੍ਹਾਂ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਦੇਖੇ ਗਏ ਹਨ। ਇਸੇ ਲਈ ਇਸ ਟੈਸਟ ਵਿੱਚ ਸੰਭਾਵਨਾ ਜਾਪਦੀ ਹੈ।"
ਸਰਵੀਕਲ ਕੈਂਸਰ ਦਾ ਕਾਰਨ ਕੀ ਹੈ ਅਤੇ ਇਸਦਾ ਇਲਾਜ ਕੀ ਹੈ

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਮੁਤਾਬਕ, ਸਰਵੀਕਲ ਕੈਂਸਰ ਦੇ 99 ਫ਼ੀਸਦ ਮਾਮਲੇ ਐੱਚਪੀਵੀ ਵਾਇਰਸ ਨਾਲ ਸਬੰਧਤ ਹਨ, ਜੋ ਜਿਨਸੀ ਸੰਪਰਕ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦਾ ਹੈ।
ਹਾਲਾਂਕਿ, ਐੱਚਪੀਵੀ ਨਾਲ ਗੰਭੀਰ ਇਨਫੈਕਸ਼ਨ ਵਿੱਚ ਵੀ ਕੋਈ ਲੱਛਣ ਨਹੀਂ ਦਿਖਾਈ ਦੇ ਸਕਦੇ, ਪਰ ਜੇਕਰ ਕੋਈ ਇਸ ਵਾਇਰਸ ਨਾਲ ਵਾਰ-ਵਾਰ ਸੰਕਰਮਿਤ ਹੁੰਦਾ ਹੈ, ਤਾਂ ਇਹ ਬਾਅਦ ਵਿੱਚ ਸਰਵੀਕਲ ਕੈਂਸਰ ਦਾ ਰੂਪ ਲੈ ਲੈਂਦਾ ਹੈ।
ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਐੱਚਪੀਵੀ ਟੀਕਾ ਦੱਸ ਸਾਲਾਂ ਤੱਕ ਵਾਇਰਸ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕ ਸਕਦਾ ਹੈ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਹ ਬਚਾਅ ਵੀ ਲੰਬੇ ਸਮੇਂ ਤੱਕ ਰਹਿੰਦਾ ਹੈ।
ਬੱਚਿਆਂ ਨੂੰ ਇਹ ਟੀਕਾ ਉਨ੍ਹਾਂ ਦੇ ਜਿਨਸੀ ਤੌਰ 'ਤੇ ਸਰਗਰਮ ਹੋਣ ਤੋਂ ਪਹਿਲਾਂ ਦੇਣਾ ਚਾਹੀਦਾ ਹੈ। ਕਿਉਂਕਿ ਟੀਕਾਕਰਨ ਹੀ ਇਨਫੈਕਸ਼ਨ ਨੂੰ ਰੋਕ ਸਕਦਾ ਹੈ। ਇਸ ਨਾਲ ਵਾਇਰਸ ਤੋਂ ਛੁਟਕਾਰਾ ਨਹੀਂ ਮਿਲਦਾ।

ਤਸਵੀਰ ਸਰੋਤ, Getty Images
ਡਬਲਿਊਐੱਚਓ ਮੁਤਾਬਕ, ਭਾਵੇਂ ਐੱਚਪੀਵੀ ਦੀ ਲਾਗ ਸਰਵੀਕਲ ਕੈਂਸਰ ਵਿੱਚ ਵੱਧਦੀ ਹੈ, ਫਿਰ ਵੀ ਇਹ ਬਿਮਾਰੀ ਦਾ ਸਭ ਤੋਂ ਇਲਾਜਯੋਗ ਰੂਪ ਹੈ। ਭਾਵੇਂ ਕੈਂਸਰ ਦਾ ਪਤਾ ਬਾਅਦ ਦੇ ਪੜਾਵਾਂ ਵਿੱਚ ਲੱਗੇ, ਪਰ ਇਸਨੂੰ ਸਹੀ ਇਲਾਜ ਅਤੇ ਦੇਖਭਾਲ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਕੇਂਦਰੀ ਸਿਹਤ ਮੰਤਰਾਲਾ ਇਸਨੂੰ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕਰਨ 'ਤੇ ਕੰਮ ਕਰ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ।
ਸਤੰਬਰ 2022 ਵਿੱਚ, ਭਾਰਤ ਸਰਕਾਰ ਨੇ ਭਾਰਤ ਵਿੱਚ ਹੀ ਵਿਕਸਿਤ ਐੱਚਪੀਵੀ ਵੈਕਸੀਨ ਸਰਵਾਵੈਕ ਲਾਂਚ ਕੀਤੀ ਸੀ।
ਇਸ ਤੋਂ ਬਾਅਦ, ਉਸੇ ਸਾਲ, ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਸਕੂਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਰਾਹੀਂ 9 ਤੋਂ 14 ਸਾਲ ਦੀਆਂ ਕੁੜੀਆਂ ਦਾ ਟੀਕਾਕਰਨ ਕਰਵਾਉਣ ਲਈ ਲਿਖਿਆ।
ਡਾਕਟਰ ਇਹ ਵੀ ਸਿਫਾਰਸ਼ ਕਰਦੇ ਹਨ ਕਿ 9 ਤੋਂ 14 ਸਾਲ ਦੀ ਉਮਰ ਦੇ ਮੁੰਡਿਆਂ ਨੂੰ ਐੱਚਪੀਵੀ ਦਾ ਟੀਕਾ ਲਗਾਇਆ ਜਾਵੇ ਤਾਂ ਜੋ ਇਸ ਵਾਇਰਸ ਨਾਲ ਜੁੜੇ ਕੈਂਸਰ ਦੇ ਫ਼ੈਲਾਅ ਨੂੰ ਰੋਕਿਆ ਜਾ ਸਕੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












