ਕਾਂਵੜ ਯਾਤਰਾ ਦੌਰਾਨ ਢਾਬੇ ਬੰਦ ਕਰਨ ਵਾਲੇ ਮੁਸਲਮਾਨਾਂ ਨੂੰ ਕੀ ਚਿੰਤਾ ਸਤਾ ਰਹੀ - ਗਰਾਊਂਡ ਰਿਪੋਰਟ

- ਲੇਖਕ, ਪ੍ਰੇਰਣਾ
- ਰੋਲ, ਬੀਬੀਸੀ ਪੱਤਰਕਾਰ
ਹਿੰਦੂ ਕੈਲੰਡਰ ਦੇ ਅਨੁਸਾਰ, ਇੱਕ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ ਅਤੇ ਇਨ੍ਹਾਂ ਬਾਰਾਂ ਮਹੀਨਿਆਂ ਵਿੱਚੋਂ ਇੱਕ ਮਹੀਨਾ ਹੈ ਸਾਵਣ ਦਾ।
ਹਿੰਦੂਆਂ ਲਈ, ਜਿੱਥੇ ਇਹ ਭਗਵਾਨ ਸ਼ਿਵ ਪ੍ਰਤੀ ਆਸਥਾ ਅਤੇ ਸ਼ਰਧਾ ਦਾ ਮਹੀਨਾ ਹੈ, ਤਾਂ ਕੁਝ ਲੋਕਾਂ ਲਈ ਬੇਵੱਸੀ, ਰੋਜ਼ੀ-ਰੋਟੀ ਦੀ ਚਿੰਤਾ ਅਤੇ ਪਛਾਣ 'ਤੇ ਉੱਠੇ ਸਵਾਲਾਂ ਦਾ ਵੀ ਮਹੀਨਾ ਹੈ।
ਖਾਸ ਕਰਕੇ, ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਕਾਂਵੜ ਯਾਤਰਾ ਇੱਕ ਵਾਰ ਫਿਰ ਸ਼ੁਰੂ ਹੋ ਚੁੱਕੀ ਹੈ ਅਤੇ ਇਸਦੇ ਨਾਲ ਹੀ ਸ਼ੁਰੂ ਹੋ ਚੁੱਕਿਆ ਹੈ ਪਛਾਣ ਅਤੇ ਨਾਮ ਨੂੰ ਲੈ ਕੇ ਵਿਵਾਦ।
ਇਸ ਸਾਲ, ਉੱਤਰ ਪ੍ਰਦੇਸ਼ ਸਰਕਾਰ ਨੇ ਕਾਂਵੜ ਰੂਟ 'ਤੇ ਸਾਰੇ ਢਾਬਿਆਂ, ਹੋਟਲਾਂ ਅਤੇ ਦੁਕਾਨਾਂ ਦੇ ਮਾਲਕਾਂ ਨੂੰ ਕਿਊਆਰ ਕੋਡ ਸਟਿੱਕਰ ਅਤੇ ਫੂਡ ਸੇਫਟੀ ਵਿਭਾਗ ਦੇ ਲਾਇਸੈਂਸ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਇਨ੍ਹਾਂ ਦੋਵਾਂ ਦਸਤਾਵੇਜ਼ਾਂ 'ਤੇ ਢਾਬੇ ਦੇ ਮਾਲਕ ਦਾ ਨਾਮ, ਪਤਾ, ਸੰਪਰਕ ਨੰਬਰ ਵਰਗੀ ਜਾਣਕਾਰੀ ਸਪਸ਼ਟ ਤੌਰ 'ਤੇ ਲਿਖੀ ਹੋਈ ਹੈ।
ਨਤੀਜਾ ਇਹ ਹੈ ਕਿ ਜਿਨ੍ਹਾਂ ਢਾਬਿਆਂ ਦਾ ਮਾਲਕਾਨਾ ਹੱਕ ਅੰਸ਼ਕ ਤੌਰ 'ਤੇ ਕਿਸੇ ਮੁਸਲਮਾਨ ਕੋਲ ਹੈ, ਇਨ੍ਹਾਂ ਵਿੱਚੋਂ ਕਈਆਂ 'ਤੇ ਇਸ ਸਮੇਂ ਜਿੰਦੇ ਲੱਗੇ ਹੋਏ ਹਨ।

ਮੁਜ਼ੱਫਰਨਗਰ ਵਿੱਚੋਂ ਲੰਘਦਾ ਦਿੱਲੀ-ਦੇਹਰਾਦੂਨ ਹਾਈਵੇਅ, ਹਰਿਦੁਆਰ ਤੋਂ ਗੰਗਾਜਲ ਲਿਆਉਣ ਵਾਲੇ ਕਾਂਵੜੀਆਂ ਲਈ ਮੁੱਖ ਰਸਤਿਆਂ ਵਿੱਚੋਂ ਇੱਕ ਹੈ। ਇਸ ਹਾਈਵੇਅ 'ਤੇ ਬਹੁਤ ਸਾਰੇ ਢਾਬੇ ਹਨ ਜੋ ਬੰਦ ਦਿਖਾਈ ਦੇ ਰਹੇ ਹਨ।
ਮਾਸਾਹਾਰੀ ਢਾਬਿਆਂ ਬਾਰੇ ਪ੍ਰਸ਼ਾਸਨ ਨੇ ਪਹਿਲਾਂ ਹੀ ਨਿਰਦੇਸ਼ ਦੇ ਦਿੱਤੇ ਸਨ ਕਿ ਉਨ੍ਹਾਂ ਨੂੰ ਕਾਂਵੜ ਯਾਤਰਾ ਦੌਰਾਨ ਬੰਦ ਕਰਨਾ ਪਵੇਗਾ, ਪਰ ਉਂਝ ਸ਼ਾਕਾਹਾਰੀ ਖਾਣ-ਪੀਣ ਵਾਲੀਆਂ ਦੁਕਾਨਾਂ ਜਾਂ ਰੈਸਟੋਰੈਂਟ, ਜਿਨ੍ਹਾਂ ਦੇ ਮਾਲਕ ਮੁਸਲਮਾਨ ਹਨ, ਉਹ ਵੀ ਬੰਦ ਪਏ ਹਨ।
ਮੁਜੀਬ ਅਹਿਮਦ, ਇਸੇ ਰਸਤੇ 'ਤੇ ਪ੍ਰਧਾਨ ਫੂਡ ਕੋਰਟ ਨਾਮ ਦਾ ਇੱਕ ਸ਼ੁੱਧ ਸ਼ਾਕਾਹਾਰੀ ਰੈਸਟੋਰੈਂਟ ਚਲਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣਾ ਫੂਡ ਕੋਰਟ ਬੰਦ ਕੀਤਾ ਹੈ, ਤਾਂ ਜੋ ਕਾਂਵੜ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।
ਉਨ੍ਹਾਂ ਦੇ ਫੂਡ ਕੋਰਟ ਦੇ ਇੱਕਦਮ ਨਾਲ ਹੀ ਇੱਕ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਮੇਨਪਾਲ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੇ ਮਾਲਕ ਮੁਜੀਬ ਇੱਕ ਮੁਸਲਮਾਨ ਹਨ, ਇਸ ਲਈ ਉਨ੍ਹਾਂ ਨੇ ਅਜੇ ਆਪਣੀ ਦੁਕਾਨ ਬੰਦ ਕਰ ਦਿੱਤੀ ਹੈ।
ਉਨ੍ਹਾਂ ਮੁਤਾਬਕ, ਕਾਂਵੜ ਯਾਤਰਾ ਖਤਮ ਹੋਣ ਤੋਂ ਬਾਅਦ, ਯਾਨੀ 24 ਜੁਲਾਈ ਨੂੰ ਮੁਜੀਬ ਆਪਣਾ ਰੈਸਟੋਰੈਂਟ ਦੁਬਾਰਾ ਖੋਲ੍ਹਣ ਦੀ ਗੱਲ ਕਹਿ ਗਏ ਹਨ।
ਸਾਂਝੇਦਾਰੀ ਵਾਲੇ ਢਾਬਿਆਂ 'ਤੇ ਵੀ ਅਸਰ

ਇਸ ਰਸਤੇ 'ਤੇ ਬਹੁਤ ਸਾਰੇ ਢਾਬੇ ਅਜਿਹੇ ਵੀ ਹਨ ਜਿਨ੍ਹਾਂ ਦੇ ਮਾਲਕ ਹਿੰਦੂ ਅਤੇ ਮੁਸਲਮਾਨ ਦੋਵੇਂ ਹਨ। ਯਾਨੀ ਕਿ ਇਹ ਢਾਬੇ ਸਾਂਝੇਦਾਰੀ ਵਾਲੇ ਹਨ।
ਅਜਿਹੇ ਢਾਬਿਆਂ ਦੇ ਮਾਲਕਾਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਸਾਲ ਦੇ ਬਾਕੀ ਸਮੇਂ ਦੌਰਾਨ ਇਨ੍ਹਾਂ ਦਾ ਸੰਚਾਲਨ ਬਿਨਾਂ ਕਿਸੇ ਟਕਰਾਅ ਦੇ ਸ਼ਾਂਤੀਪੂਰਣ ਢੰਗ ਨਾਲ ਹੁੰਦਾ ਹੈ, ਪਰ ਕਾਂਵੜ ਯਾਤਰਾ ਦੇ ਇਨ੍ਹਾਂ ਪੰਦਰਾਂ-ਵੀਹ ਦਿਨਾਂ ਦੌਰਾਨ ਬਹੁਤ ਸਾਰੇ ਮੁਸਲਿਮ ਭਾਈਵਾਲਾਂ ਨੂੰ ਸਾਵਧਾਨੀ ਵਜੋਂ ਢਾਬਿਆਂ ਤੋਂ ਦੂਰੀ ਬਣਾ ਕੇ ਰੱਖਣੀ ਪੈਂਦੀ ਹੈ।
ਸੋਨੂੰ ਪਾਲ, ਮੁਹੰਮਦ ਯੂਸਫ਼ ਨਾਲ ਸਾਂਝੇਦਾਰੀ ਵਿੱਚ ਪੰਜਾਬੀ ਢਾਬਾ ਨਾਮ ਦਾ ਇੱਕ ਸ਼ੁੱਧ ਸ਼ਾਕਾਹਾਰੀ ਰੈਸਟੋਰੈਂਟ ਚਲਾਉਂਦੇ ਹਨ।
ਉਹ ਕਹਿੰਦੇ ਹਨ ਕਿ ਕਾਂਵੜ ਯਾਤਰਾ ਦੌਰਾਨ, ਬਜਰੰਗ ਦਲ ਵਰਗੇ ਹਿੰਦੂਤਵ ਸੰਗਠਨਾਂ ਦੇ ਲੋਕ ਢਾਬਿਆਂ 'ਤੇ ਆ ਕੇ ਤਹਿਕੀਕਾਤ ਕਰਦੇ ਹਨ। ਅਜਿਹੀ ਸਥਿਤੀ 'ਚ ਕੋਈ ਵਿਵਾਦ ਨਾ ਹੋਵੇ, ਇਸ ਲਈ ਯੂਸਫ਼ ਅਤੇ ਉਨ੍ਹਾਂ ਵਰਗੇ ਹੋਰ ਮੁਸਲਿਮ ਢਾਬਾ ਮਾਲਕ ਆਪਣੇ ਹੀ ਢਾਬੇ ਤੋਂ ਕੁਝ ਦਿਨਾਂ ਲਈ ਦੂਰੀ ਬਣਾ ਲੈਂਦੇ ਹਨ।

ਹਾਲਾਂਕਿ, ਇਨ੍ਹਾਂ ਹਾਲਾਤਾਂ ਦੇ ਬਾਵਜੂਦ, ਮੁਸਲਮਾਨਾਂ ਦੇ ਕੁਝ ਢਾਬੇ ਹਨ ਜੋ ਖੁੱਲ੍ਹੇ ਹਨ ਅਤੇ ਉਨ੍ਹਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ।
ਜਿਵੇਂ, ਰਾਜਸਥਾਨੀ ਸ਼ੁੱਧ ਖਾਲਸਾ ਢਾਬਾ ਚਲਾਉਣ ਵਾਲੇ ਫੁਰਕਾਨ ਕਹਿੰਦੇ ਹਨ ਕਿ ਪਿਛਲੇ ਸਾਲ ਨਾਲੋਂ ਹਾਲਾਤ ਬਿਹਤਰ ਹਨ। ਉਨ੍ਹਾਂ ਨੂੰ ਢਾਬਾ ਚਲਾਉਣ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ ਹੈ, ਬਸ ਕਾਂਵੜੀਆਂ ਨੂੰ ਦੇਖਦੇ ਹੋਏ ਵਧੇਰੇ ਸਾਵਧਾਨ ਰਹਿਣਾ ਪੈਂਦਾ ਹੈ।
ਉਨ੍ਹਾਂ ਕਿਹਾ, "ਪਹਿਲਾਂ, ਮੈਂ ਦਿਨ ਵਿੱਚ ਅੱਠ ਘੰਟੇ ਢਾਬੇ 'ਤੇ ਬਿਤਾਉਂਦਾ ਸੀ, ਪਰ ਕਾਂਵੜ ਯਾਤਰਾ ਦੌਰਾਨ ਮੈਨੂੰ ਅਠਾਰਾਂ ਘੰਟੇ ਢਾਬੇ 'ਤੇ ਹੀ ਰਹਿਣਾ ਪੈਂਦਾ ਹੈ। ਇਸਦਾ ਕਾਰਨ ਇਹ ਹੈ ਕਿ ਜੇਕਰ ਕੋਈ ਆ ਕੇ ਪੁੱਛਗਿੱਛ ਕਰਦਾ ਹੈ, ਤਾਂ ਮੈਂ ਉੱਥੇ ਮੌਜੂਦ ਹੋਵਾਂ। ਮੇਰੀ ਗੈਰਹਾਜ਼ਰੀ ਵਿੱਚ ਕਿਸੇ ਕਿਸਮ ਦਾ ਵਿਵਾਦ ਨਾ ਹੋਏ ਜਾਵੇ। ਅਸੀਂ ਆਪਣੇ ਵੱਲੋਂ ਅਜਿਹੀਆਂ ਚੀਜ਼ਾਂ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਹੈ। ਪਿਆਜ਼ ਦਾ ਛੋਟਾ ਜਿਹਾ ਛਿਲਕਾ ਸੜਕ 'ਤੇ ਨਜ਼ਰ ਆ ਜਾਂਦਾ ਹੈ, ਤਾਂ ਸਾਡੇ ਇੱਥੇ ਸਫਾਈ ਕਰਨ ਵਾਲੇ ਉਸ 'ਤੇ ਮਿੱਟੀ ਪਾਉਣ ਲਈ ਭੱਜਦੇ ਹਨ।''
ਇਸ ਸਵਾਲ 'ਤੇ ਕਿ ਕੀ ਕਾਂਵੜ ਯਾਤਰਾ ਦੌਰਾਨ ਢਾਬੇ 'ਤੇ ਚਹਿਲ-ਪਹਿਲ ਵਧ ਜਾਂਦੀ ਹੈ?
ਫੁਰਕਾਨ ਕਹਿੰਦੇ ਹਨ ਕਿ ਕਾਂਵੜ ਯਾਤਰਾ ਦੌਰਾਨ ਕਾਰੋਬਾਰ ਥੋੜ੍ਹਾ ਮੰਦਾ ਪੈ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਕਾਂਵੜੀਏ ਸਿਰਫ਼ ਨਾਮ ਦੇਖ ਕੇ ਢਾਬੇ 'ਤੇ ਨਹੀਂ ਰੁਕਦੇ।
ਨੇਪਾਲੀ ਢਾਬਾ ਨਾਮਕ ਨਾਲ ਸ਼ਾਕਾਹਾਰੀ ਰੈਸਟੋਰੈਂਟ ਚਲਾਉਣ ਵਾਲੇ ਇੰਤੇਖਾਬ ਆਲਮ ਦੇ ਵੀ ਅਜਿਹੇ ਹੀ ਅਨੁਭਵ ਹਨ।
ਢਾਬਾ ਮਾਲਕਾਂ ਦੀ ਇੱਕ ਵੱਡੀ ਚਿੰਤਾ ਇਹ ਹੈ ਕਿ ਕਿਤੇ ਧਰਮ ਦੇ ਆਧਾਰ 'ਤੇ ਕੋਈ ਬਿਨਾਂ ਕਾਰਨ ਵਿਵਾਦ ਪੈਦਾ ਨਾ ਕਰ ਦੇਵੇ।
ਅਜਿਹੀ ਸਥਿਤੀ ਵਿੱਚ, ਕੁਝ ਲੋਕ ਕਾਂਵੜ ਯਾਤਰਾ ਦੌਰਾਨ ਆਪਣੇ ਮੁਸਲਿਮ ਦਿਹਾੜੀਦਾਰਾਂ ਨੂੰ ਛੁੱਟੀ 'ਤੇ ਭੇਜ ਦਿੰਦੇ ਹਨ।

ਦੇਵ ਰਮਨ, ਪਿਛਲੇ 27 ਸਾਲਾਂ ਤੋਂ ਮਾਂ ਲਕਸ਼ਮੀ ਨਾਮ ਦਾ ਢਾਬਾ ਚਲਾ ਰਹੇ ਹਨ।
ਉਹ ਕਹਿੰਦੇ ਹਨ, "ਸਾਡੇ ਕੋਲ ਦੋ ਮੁਸਲਿਮ ਕਰਮਚਾਰੀ ਹਨ, ਇੱਕ ਦਾ ਨਾਮ ਆਰਿਫ਼ ਹੈ ਅਤੇ ਦੂਜੇ ਨੂੰ ਹਾਲ 'ਚ ਹੀ ਨੌਕਰੀ 'ਤੇ ਰੱਖਿਆ ਸੀ। ਤਾਂ ਕਾਂਵੜ ਯਾਤਰਾ ਦੌਰਾਨ ਅਸੀਂ ਉਨ੍ਹਾਂ ਨੂੰ ਖਰਚਾ-ਪਾਣੀ ਦੇ ਕੇ ਛੁੱਟੀ ਦੇ ਦਿੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ ਅਤੇ ਨਾ ਹੀ ਸਾਡੇ 'ਤੇ ਕੋਈ ਸਵਾਲ ਚੁੱਕੇ।''
ਦੇਵ ਰਮਨ ਕਹਿੰਦੇ ਹਨ ਕਿ ਉਹ ਹਿੰਦੂ-ਮੁਸਲਿਮ ਦੇ ਆਧਾਰ 'ਤੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਨਾ ਚਾਹੁੰਦੇ ਪਰ ਕਾਂਵੜ ਦੌਰਾਨ ਅਜਿਹੇ ਸਾਵਧਾਨੀ ਭਰੇ ਕਦਮ ਚੁੱਕਣੇ ਪੈਂਦੇ ਹਨ।
ਕੁਝ ਢਾਬਾ ਮਾਲਕਾਂ ਨੇ ਸਾਨੂੰ ਦੱਸਿਆ ਕਿ ਕਈ ਵਾਰ ਮੁਸਲਿਮ ਕਰਮਚਾਰੀ ਖੁਦ ਹੀ ਕਾਂਵੜ ਦੌਰਾਨ ਨੌਕਰੀਆਂ ਛੱਡ ਕੇ ਚਲੇ ਜਾਂਦੇ ਹਨ।
ਢਾਬਾ ਮਾਲਕ ਸੋਨੂੰ ਪਾਲ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਕੋਲ 12 ਕਰਮਚਾਰੀ ਹਨ, ਜਿਨ੍ਹਾਂ ਵਿੱਚੋਂ ਚਾਰ ਮੁਸਲਮਾਨ ਹਨ ਅਤੇ ਬਾਕੀ ਹਿੰਦੂ ਹਨ। ਹਿੰਦੂ ਕਰਮਚਾਰੀ ਕਾਂਵੜ ਯਾਤਰਾ 'ਤੇ ਨਿਕਲ ਗਏ ਹਨ, ਜਦਕਿ ਮੁਸਲਿਮ ਕਰਮਚਾਰੀਆਂ ਨੇ ਕੰਮ 'ਤੇ ਆਉਣਾ ਬੰਦ ਕਰ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਲਗਭਗ ਪੰਦਰਾਂ ਹਜ਼ਾਰ ਤਨਖਾਹ ਦਿੰਦੇ ਸੀ ਪਰ ਹੁਣ ਉਹ ਕੀ ਕਰ ਰਹੇ ਹਨ, ਕਿਵੇਂ ਗੁਜ਼ਰ ਕਰ ਰਹੇ ਹਨ, ਮੈਨੂੰ ਨਹੀਂ ਪਤਾ।"
ਬਹੁਤ ਸਾਰੇ ਮੁਸਲਮਾਨਾਂ ਨੂੰ ਆਪਣੀਆਂ ਨੌਕਰੀਆਂ ਛੱਡਣੀਆਂ ਪੈਂਦੀਆਂ ਹਨ

ਪਰ ਉਨ੍ਹਾਂ ਮੁਸਲਿਮ ਕਾਮਿਆਂ ਦਾ ਕੀ ਜੋ ਇਨ੍ਹੀਂ ਦਿਨੀਂ ਘਰ ਬੈਠਣ ਲਈ ਮਜਬੂਰ ਹਨ, ਉਹ ਵੀ ਬਿਨਾਂ ਕਿਸੇ ਵਿੱਤੀ ਮਦਦ ਜਾਂ ਕਿਸੇ ਹੋਰ ਰੁਜ਼ਗਾਰ ਦੇ?
ਤੌਹੀਦ, ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਇੱਕ ਢਾਬੇ 'ਤੇ ਕੰਮ ਕਰਦੇ ਸਨ। ਕਾਂਵੜ ਤੋਂ ਕੁਝ ਦਿਨ ਪਹਿਲਾਂ, ਉਨ੍ਹਾਂ ਦੇ ਮਾਲਕ ਨੇ ਉਨ੍ਹਾਂ ਨੂੰ ਕੰਮ 'ਤੇ ਆਉਣ ਤੋਂ ਮਨ੍ਹਾ ਕਰ ਦਿੱਤਾ।
ਅਸੀਂ ਤੌਹੀਦ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਪਿੰਡ ਪਹੁੰਚੇ।
ਉਹ ਦੱਸਦੇ ਹਨ ਕਿ ਪਿਛਲੇ ਚਾਰ ਸਾਲਾਂ ਤੋਂ ਕਾਂਵੜ ਯਾਤਰਾ ਦੌਰਾਨ ਉਨ੍ਹਾਂ ਨੂੰ ਬਿਨਾਂ ਕਿਸੇ ਰੁਜ਼ਗਾਰ ਦੇ ਘਰ ਬੈਠਣਾ ਪੈਂਦਾ ਹੈ।
ਤੌਹੀਦ ਦੇ ਅਨੁਸਾਰ, "ਕਾਂਵੜ ਯਾਤਰਾ ਦੌਰਾਨ, ਮੁਸਲਿਮ ਕਾਮਿਆਂ ਨੂੰ ਇੱਕ ਤਰ੍ਹਾਂ ਨਾਲ ਹੋਟਲਾਂ ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਜੋ ਕੋਈ ਇਸਨੂੰ ਮੁੱਦਾ ਨਾ ਬਣਾਵੇ।"
ਦਸ ਲੋਕਾਂ ਦੇ ਪਰਿਵਾਰ ਵਿੱਚ ਕਾਂਵੜ ਇਕਲੌਤੇ ਕਮਾਉਣ ਵਾਲੇ ਹਨ।
ਉਹ ਕਹਿੰਦੇ ਹਨ, "ਘਰ ਬੈਠੇ ਰਹਿਣ 'ਤੇ ਹਰ ਮਹੀਨੇ ਲਗਭਗ 10 ਤੋਂ 12 ਹਜ਼ਾਰ ਰੁਪਏ ਦਾ ਨੁਕਸਾਨ ਹੁੰਦਾ ਹੈ। ਖਰਚੇ ਚਲਾਉਣ ਲਈ ਦਸ ਹਜ਼ਾਰ ਰੁਪਏ ਉਧਾਰ ਲੈਣੇ ਪਏ। ਹੁਣ ਜਦੋਂ ਕੰਮ ਦੁਬਾਰਾ ਸ਼ੁਰੂ ਹੋਵੇਗਾ, ਤਾਂ ਮੈਂ ਇਹ ਕਰਜ਼ਾ ਚੁਕਤਾ ਕਰਾਂਗਾ।"
ਇਸ ਵਾਰ, ਹੁਣ ਤੱਕ ਮੁਜ਼ੱਫਰਨਗਰ ਵਿੱਚ ਦੋ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਕਾਂਵੜ ਯਾਤਰਾ ਦੌਰਾਨ ਢਾਬਿਆਂ 'ਤੇ ਹਿੰਸਾ ਹੋਈ। ਇੱਕ ਮਾਮਲੇ ਵਿੱਚ, ਦਾਲ ਵਿੱਚ ਪਿਆਜ਼ ਪਰੋਸੇ ਜਾਣ ਦਾ ਦਾਅਵਾ ਕਰਦੇ ਹੋਏ ਕਾਂਵੜੀਆ ਨੇ ਢਾਬੇ 'ਤੇ ਖੂਬ ਭੰਨਤੋੜ ਕੀਤੀ।
ਜਦਕਿ ਦੂਜੇ ਮਾਮਲੇ ਵਿੱਚ, ਇੱਕ ਹਿੰਦੂਤਵ ਸੰਗਠਨ ਦੇ ਲੋਕਾਂ ਨੇ ਇੱਕ ਢਾਬਾ ਮਾਲਕ 'ਤੇ ਆਪਣੇ ਮੁਸਲਿਮ ਕਰਮਚਾਰੀ ਦੀ ਪਛਾਣ ਲੁਕਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਉਸਦੀ ਕੁੱਟਮਾਰ ਕੀਤੀ।
ਮੁਜ਼ੱਫਰਨਗਰ ਦੇ ਬਝੇੜੀ ਪਿੰਡ ਦੇ ਰਹਿਣ ਵਾਲੇ ਤਜੱਮੁਲ ਇੱਕ ਢਾਬੇ 'ਤੇ ਕੰਮ ਕਰਦੇ ਸਨ।
ਉਨ੍ਹਾਂ ਦਾ ਦਾਅਵਾ ਹੈ ਕਿ ਕਾਂਵੜ ਯਾਤਰਾ ਤੋਂ ਕੁਝ ਮਹੀਨੇ ਪਹਿਲਾਂ, ਉਨ੍ਹਾਂ ਦੇ ਹਿੰਦੂ ਮਾਲਕ ਨੇ ਉਨ੍ਹਾਂ ਦਾ ਨਾਮ ਗੋਪਾਲ ਰੱਖ ਦਿੱਤਾ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਕੁੱਟਿਆ-ਮਾਰਿਆ ਗਿਆ।
ਇਸ ਮਾਮਲੇ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਕੁੱਟਣ ਵਾਲਿਆਂ ਨੇ ਕੱਪੜੇ ਉਤਾਰ ਕੇ ਵੀ ਉਨ੍ਹਾਂ ਦੀ ਤਲਾਸ਼ੀ ਲਈ ਸੀ।
ਤਜੱਮੁਲ ਕਹਿੰਦੇ ਹਨ, "ਉਨ੍ਹਾਂ ਨੇ ਪਹਿਲਾਂ ਮਾਲਕ ਨੂੰ ਕੁੱਟਿਆ, ਫਿਰ ਮੈਨੂੰ। ਮੈਨੂੰ ਇੱਕ ਵੱਖਰੇ ਕਮਰੇ ਵਿੱਚ ਲਿਜਾਇਆ ਗਿਆ ਅਤੇ ਮੇਰੀ ਪੈਂਟਾ ਉਤਰਵਾਈ ਗਈ, ਮੈਨੂੰ ਪੁੱਛਿਆ ਗਿਆ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ।"
ਜਿਸ ਢਾਬੇ 'ਤੇ ਇਹ ਘਟਨਾ ਹੋਈ, ਅਸੀਂ ਉਸ ਢਾਬੇ ਦੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਸ ਮਾਮਲੇ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਤਜੱਮੁਲ ਕਹਿੰਦੇ ਹਨ ਕਿ ਉਹ ਦੁਬਾਰਾ ਕਦੇ ਵੀ ਕਿਸੇ ਢਾਬੇ 'ਤੇ ਕੰਮ ਨਹੀਂ ਕਰਨਗੇ।
ਸਮਾਜਿਕ ਤਾਣੇ-ਬਾਣੇ 'ਤੇ ਕਿੰਨਾ ਪ੍ਰਭਾਵ

ਦੂਜੇ ਪਾਸੇ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯਾਤਰਾ ਦੌਰਾਨ ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ।
ਮੁਜ਼ੱਫਰਨਗਰ ਦੇ ਸਿਟੀ ਐਸਪੀ ਸੱਤਿਆਨਾਰਾਇਣ ਨੇ ਬੀਬੀਸੀ ਨੂੰ ਦੱਸਿਆ, ''ਸਮਾਜਿਕ ਤਾਣੇ-ਬਾਣੇ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਮਾਜ ਦੇ ਹਰ ਵਰਗ ਨਾਲ ਗੱਲ ਕੀਤੀ ਜਾਵੇ। ਕਾਂਵੜ ਦੇ ਮੱਦੇਨਜ਼ਰ, ਜਿੰਨੀਆਂ ਕਾਂਵੜ ਕਮੇਟੀਆਂ ਹੁੰਦੀਆਂ ਹਨ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਅਤੇ ਮੀਟਿੰਗਾਂ ਹੋ ਹੁੰਦੀਆਂ ਹਨ। ਇਸ ਤੋਂ ਇਲਾਵਾ, ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਜਾਗਰੂਕਤਾ ਫੈਲਾਈ ਜਾਂਦੀ ਹੈ।''
ਪਰ ਇਸ ਦੇ ਬਾਵਜੂਦ, ਢਾਬਾ ਮਾਲਕਾਂ ਅਤੇ ਇੱਥੇ ਕੰਮ ਕਰਨ ਵਾਲੇ ਮੁਸਲਿਮ ਕਰਮਚਾਰੀਆਂ ਵਿੱਚ ਡਰ ਅਤੇ ਦਬਾਅ ਦਾ ਮਾਹੌਲ ਸਾਫ਼ ਨਜ਼ਰ ਆਉਂਦਾ ਹੈ।
ਜਿਵੇਂ ਕਿ ਢਾਬਾ ਮਾਲਕ ਦੇਵ ਰਮਨ ਕਹਿੰਦੇ ਹਨ, "ਡਰ ਹੈ ਕਿਉਂਕਿ ਕਾਂਵੜ ਯਾਤਰਾ ਦੌਰਾਨ ਬਹੁਤ ਸਾਰੇ ਸ਼ਰਾਰਤੀ ਅਨਸਰ ਵੀ ਆ ਜਾਂਦੇ ਹਨ। ਉਨ੍ਹਾਂ ਕੋਲ ਪੈਸੇ ਨਾ ਹੋਣ, ਨਾ ਦੇਣ, ਬਿੱਲ 'ਚ ਘੱਟ ਕਰਾ ਲੈਣ ਪਰ ਹਿੰਸਾ ਤੋਂ ਸਾਨੂੰ ਡਰ ਲੱਗਦਾ ਹੈ।"

ਅਕਾਦਮਿਕ ਅਪੂਰਵਾਨੰਦ ਅਤੇ ਕੁਝ ਕਾਰਕੁਨਾਂ ਨੇ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਅਨੁਸਾਰ, ਕਿਊਆਰ ਕੋਡ ਅਤੇ ਲਾਇਸੈਂਸ ਸੰਬੰਧੀ ਉੱਤਰ ਪ੍ਰਦੇਸ਼ ਸਰਕਾਰ ਦੀਆਂ ਹਦਾਇਤਾਂ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦਾ ਜ਼ਰੀਆ ਬਣਦੇ ਜਾ ਰਹੇ ਹਨ ਅਤੇ ਇਸ ਨਾਲ ਸਮਾਜ ਵਿੱਚ ਡੂੰਘਾ ਵੈਰ-ਭਾਵ ਪੈਦਾ ਹੋ ਰਿਹਾ ਹੈ।
ਪਿਛਲੇ ਸਾਲ ਵੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਪ੍ਰਸ਼ਾਸਨ ਦਾ ਇੱਕ ਫੈਸਲਾ ਬਹੁਤ ਚਰਚਾ ਅਤੇ ਵਿਵਾਦਾਂ 'ਚ ਰਿਹਾ ਸੀ।
ਇਸ ਫੈਸਲੇ ਦੇ ਤਹਿਤ, ਕਾਂਵੜ ਰੂਟ 'ਤੇ ਮੌਜੂਦ ਢਾਬਿਆਂ, ਹੋਟਲਾਂ ਅਤੇ ਦੁਕਾਨਾਂ ਦੇ ਮਾਲਕਾਨਾ ਹੱਕ ਰੱਖਣ ਵਾਲਿਆਂ ਲਈ ਆਪਣੇ ਨਾਮ ਜਨਤਕ ਕਰਨਾ ਲਾਜ਼ਮੀ ਸੀ।
ਪਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸ ਫੈਸਲੇ 'ਤੇ ਇਹ ਕਹਿੰਦੇ ਹੋਏ ਅੰਤਰਿਮ ਰੋਕ ਲਗਾ ਦਿੱਤੀ ਕਿ ਢਾਬੇ ਜਾਂ ਹੋਟਲ ਦੇ ਮਾਲਕਾਂ ਨੂੰ ਆਪਣੀ ਪਛਾਣ ਜਨਤਕ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
ਪਰ ਇੱਕ ਵਾਰ ਫਿਰ ਪਛਾਣ ਅਤੇ ਰੁਜ਼ਗਾਰ ਦੇ ਸਵਾਲ ਨੂੰ ਲੈ ਕੇ ਉਹੀ ਬਹਿਸ, ਉਹੀ ਚਿੰਤਾ ਦੁਹਰਾਈ ਜਾ ਰਹੀ ਹੈ।
ਅਜਿਹੀ ਸਥਿਤੀ ਵਿੱਚ, ਨਜ਼ਰ ਹੁਣ ਇਸ ਗੱਲ 'ਤੇ ਹੈ ਕਿ ਸਰਕਾਰ ਇਸ ਵਾਰ ਅਦਾਲਤ ਵਿੱਚ ਕੀ ਦਲੀਲਾਂ ਪੇਸ਼ ਕਰਦੀ ਹੈ ਅਤੇ ਆਖਿਰ 'ਚ ਅਦਾਲਤ ਦਾ ਫੈਸਲਾ ਕੀ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












