ਹਰਿਮੰਦਰ ਸਾਹਿਬ ਬਾਰੇ ਹੋਰ ਧਮਕੀਆਂ ਆਉਣ ਦੇ ਮਾਮਲੇ ਵਿੱਚ ਹੈੱਡ ਗ੍ਰੰਥੀ ਨੇ ਕੀ ਕਿਹਾ, ਦਰਬਾਰ ਸਾਹਿਬ ਨੇੜਿਓਂ ਕੁਝ ਲੋਕ ਹਟਾਏ ਗਏ

ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਹਰਿਮੰਦਰ ਸਾਹਿਬ ਬਾਰੇ ਰਹੀਆਂ ਧਮਕੀ ਭਰੀਆਂ ਈਮੇਲਾਂ ਦੇ ਮਾਮਲੇ 'ਚ ਸੂਬਾ ਸਰਕਾਰ ਪ੍ਰਤੀ ਰੋਸ ਪ੍ਰਗਟਾਇਆ ਹੈ

ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਮੁਤਾਬਕ ਹਰਿਮੰਦਰ ਸਾਹਿਬ ਨੂੰ ਇੱਕ ਹੋਰ ਧਮਕੀ ਭਰੀ ਈਮੇਲ ਆਈ ਹੈ।

ਉਨ੍ਹਾਂ ਨੇ ਧਮਕੀ ਭਰੀਆਂ ਈਮੇਲਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਕਾਰਵਾਈ 'ਤੇ ਰੋਸ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਈਮੇਲਾਂ ਆਉਣਾ, ਗੰਭੀਰ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਮੰਗ ਕੀਤੀ, ''ਫੜੇ ਗਏ ਲੋਕਾਂ ਤੋਂ ਸਰਕਾਰ ਸਖਤੀ ਦੇ ਨਾਲ ਪੁੱਛਗਿੱਛ ਕਰੇ ਅਤੇ ਬਾਕੀ ਦੇ ਜਿਹੜੇ ਲੋਕ ਅਜੇ ਵੀ ਈਮੇਲਾਂ ਕਰ ਰਹੇ ਹਨ, ਉਨ੍ਹਾਂ ਨੂੰ ਫੜ ਕੇ ਸੰਗਤ ਦੇ ਸਾਹਮਣੇ ਲੈ ਕੇ ਆਇਆ ਜਾਵੇ ਤੇ ਬਣਦੀ ਸਜ਼ਾ ਦਿੱਤੀ ਜਾਵੇ।''

ਗਿਆਨੀ ਰਘਬੀਰ ਸਿੰਘ ਮੁਤਾਬਕ, ਦਰਬਾਰ ਸਾਹਿਬ ਨੂੰ ਸੱਤਵੀਂ ਅਜਿਹੀ ਈਮੇਲ ਆਈ ਹੈ।

ਉਨ੍ਹਾਂ ਕਿਹਾ, ''ਉਹ ਹਰਿਮੰਦਰ ਸਾਹਿਬ ਦੇ ਪ੍ਰਬੰਧ ਦੀ ਸੁਰੱਖਿਆ ਕਰਨ ਵਾਸਤੇ ਸਮਰੱਥ ਹਨ ਪਰ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਜਿਹੜੇ ਕੁਝ ਸ਼ਰਾਰਤੀ ਅਨਸਰ ਹਨ, ਉਹ ਕੋਈ ਐਸੀ-ਵੈਸੀ ਸ਼ਰਾਰਤ ਨਾ ਕਰਨ।''

ਉਨ੍ਹਾਂ ਸੀਐੱਮ ਪ੍ਰਤੀ ਰੋਸ ਪ੍ਰਗਟਾਉਂਦਿਆਂ ਕਿਹਾ, ''ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਤੱਕ ਐੱਸਜੀਪੀਸੀ ਦੇ ਪ੍ਰਧਾਨ ਜਾਂ ਚੀਫ ਸੈਕਟਰੀ ਨਾਲ ਜਾਂ ਮੈਨੇਜਰ ਸਾਹਿਬ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਬਤਾ ਨਾ ਕਰਨਾ ਬੜੀ ਗਲਤ ਗੱਲ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਹਰਕਤ ਵਿੱਚ ਆਉਂਦਿਆਂ ਤੁਰੰਤ ਇਸ ਮਾਮਲੇ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਐੱਸਜੀਪੀਸੀ ਨਾਲ ਰਾਬਤਾ ਕਰਕੇ ਇਸ ਮਸਲੇ ਦੇ ਹੱਲ ਵੱਲ ਆਉਣਾ ਚਾਹੀਦਾ ਹੈ।''

ਦਰਬਾਰ ਸਾਹਿਬ ਬਾਹਰੋਂ ਹਟਾਏ ਗਏ ਲੋਕ ਕੌਣ

ਐੱਸਜੀਪੀਸੀ ਦੇ ਨੁਮਾਇੰਦੇ

ਤਸਵੀਰ ਸਰੋਤ, Ravinder Singh Robin/BBC

ਪ੍ਰਸ਼ਾਸਨ ਨੇ ਦਰਬਾਰ ਸਾਹਿਬ ਬਾਹਰੋਂ ਬਿਨ੍ਹਾਂ ਪਛਾਣ ਪੱਤਰ ਤੋਂ ਮੌਜੂਦ ਕਈ ਲੋਕਾਂ ਨੂੰ ਹਟਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਜੀਪੀਸੀ ਦੇ ਇੱਕ ਨੁਮਾਇੰਦੇ ਨੇ ਦੱਸਿਆ, ''ਡਿਪਟੀ ਕਮਿਸ਼ਰ ਅੰਮ੍ਰਿਤਸਰ ਵੱਲੋਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਾਹਰ ਜਿਹੜੀ ਟੀਮ ਭੇਜੀ ਗਈ ਹੈ, ਉਹ ਟੀਮ ਉਨ੍ਹਾਂ ਲੋਕਾਂ, ਬਜ਼ੁਰਗਾਂ ਜਾਂ ਬੱਚਿਆਂ ਨੂੰ ਨਾਲ ਲੈ ਕੇ ਗਈ ਹੈ ਜੋ ਲੰਮੇ ਸਮੇਂ ਤੋਂ, 8-10 ਸਾਲ ਤੋਂ ਇੱਥੇ ਬੈਠੇ ਸਨ, ਜਿਨ੍ਹਾਂ ਦੇ ਮਾਪੇ ਮੰਗਣ ਲਈ ਜਾਂ ਕਿਸੇ ਹੋਰ ਕੰਮ ਲਈ ਇੱਧਰ-ਉੱਧਰ ਗਏ ਹਨ ਅਤੇ ਜਿਨ੍ਹਾਂ ਕੋਲ ਕੋਈ ਪਛਾਣ ਪੱਤਰ ਨਹੀਂ ਹੈ।''

ਉਨ੍ਹਾਂ ਦੱਸਿਆ ਕਿ ਇਹ ਲੋਕ ਦਰਬਾਰ ਸਾਹਿਬ ਕੋਲ ਇੱਧਰ-ਉੱਧਰ ਮੌਜੂਦ ਸਨ ਅਤੇ ਅੱਜ ਰਾਤ ਨੂੰ ਵੀ ਟੀਮ ਅਜਿਹੇ ਹੋਰ ਲੋਕਾਂ ਨੂੰ ਲੈ ਕੇ ਜਾਵੇਗੀ।

ਤਰੁਣ ਚੁੱਘ ਦਾ ਸੂਬਾ ਸਰਕਾਰ 'ਤੇ ਨਿਸ਼ਾਨਾ

ਤਰੁਣ ਚੁੱਘ

ਤਸਵੀਰ ਸਰੋਤ, Ravinder Singh Robin/BBC

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਤਰੁਣ ਚੁੱਘ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ ਅਤੇ ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ''ਪੰਜਾਬ ਦੀ ਆਮ ਆਦਮੀ ਸਰਕਾਰ ਨੇ ਕਿਹਾ ਕਿ ਸਭ ਹੋ ਗਿਆ। ਪਰ ਉਸ ਤੋਂ ਬਾਅਦ ਵੀ ਮੇਲ ਆਈ, ਅੱਜ ਵੀ ਮੇਲ ਆਈ।''

''ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬਾ ਸਰਕਾਰ ਤੇ ਨਾਲ ਭਗਵੰਤ ਮਾਨ, ਦੋਵੇਂ ਹੀ ਐਡੇ ਗੰਭੀਰ ਮੁੱਦੇ ਨੂੰ ਬੜਾ ਹਲਕੇ 'ਚ ਲੈ ਰਹੇ ਹਨ।''

ਉਨ੍ਹਾਂ ਭਗਵੰਤ ਮਾਨ 'ਤੇ ਤੰਜ ਕੱਸਿਆ ਤੇ ਕਿਹਾ, ''ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਅਜਿਹੇ ਮੁੱਖ ਮੰਤਰੀ, ਅਜਿਹੀ ਪਾਰਟੀ ਦੀ ਸਰਕਾਰ ਹੈ ਕਿ ਅਜਿਹੇ ਧਾਰਮਿਕ ਅਸਥਾਨ, ਜਿਸ ਬਾਰੇ ਪੂਰੀ ਦੁਨੀਆਂ ਨੂੰ ਸ਼ਰਧਾ ਹੈ, ਉਸ ਦੀ ਸੁਰੱਖਿਆ ਲਈ ਵੀ ਸਮਾਂ ਨਹੀਂ ਕੱਢ ਪਾ ਰਹੇ।''

ਉਨ੍ਹਾਂ ਕਿਹਾ, ''ਕੇਂਦਰ ਸਰਕਾਰ ਸੁਰੱਖਿਆ ਪ੍ਰਤੀ ਵਚਨਬੱਧ ਹੈ ਅਤੇ ਪੰਜਾਬ ਦੀ ਪੁਲਿਸ, ਸੁਰੱਖਿਆ ਬਲਾਂ, ਸਰਕਾਰ ਨੂੰ ਕੋਈ ਵੀ ਮਦਦ ਚਾਹੀਦੀ ਹੈ... ਇਹ ਸ਼ਰਧਾ ਦਾ ਕੇਂਦਰ ਹੈ, ਸਾਡੀ ਸਰਕਾਰ ਦੁਆਰ 'ਤੇ ਖੜ੍ਹੀ ਹੈ, ਜੋ ਹੁਕਮ ਲਾਉਣਗੇ, ਮੰਨਾਂਗੇ।''

'ਅਸੀਂ ਪੰਜਾਬ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣ ਦਿਆਂਗੇ' – ਸੀਐੱਮ ਮਾਨ

ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, @BhagwantMann/X

ਤਸਵੀਰ ਕੈਪਸ਼ਨ, ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਪੂਰੇ ਮਾਮਲੇ ਸਬੰਧੀ ਉਨ੍ਹਾਂ ਨੇ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ।

ਲੰਘੀ 17 ਜੁਲਾਈ ਨੂੰ ਉਨ੍ਹਾਂ ਨੇ ਆਪਣੇ ਅਧਿਕਾਰਿਤ ਐਕਸ ਅਕਾਊਂਟ 'ਤੇ ਇਸ ਬੈਠਕ ਸਬੰਧੀ ਜਾਣਕਾਰੀ ਦਿੰਦਿਆਂ ਲਿਖਿਆ, ''ਅੱਜ ਚੰਡੀਗੜ੍ਹ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਆਈਆਂ ਧਮਕੀ ਵਾਲੀਆਂ ਈ-ਮੇਲਜ਼ ਨੂੰ ਲੈ ਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਹਾਈ-ਲੈਵਲ ਮੀਟਿੰਗ ਕੀਤੀ।''

ਉਨ੍ਹਾਂ ਅੱਗੇ ਲਿਖਿਆ, ''ਅਸੀਂ ਪੰਜਾਬ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣ ਦਿਆਂਗੇ। ਸਾਡੀਆਂ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹਨ।''

''ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ। ਸਾਰੇ ਧਰਮਾਂ ਦੇ ਧਾਰਮਿਕ ਅਸਥਾਨ ਸਾਡੇ ਲਈ ਪਵਿੱਤਰ ਤੇ ਪੂਜਣਯੋਗ ਹਨ, ਅਸੀਂ ਇਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਦੇਸ਼ ਅਤੇ ਸਮਾਜ ਵਿਰੋਧੀ ਤਾਕਤਾਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ।''

ਅੰਮ੍ਰਿਤਸਰ ਦੇ ਕਮਿਸ਼ਨਰ ਜੀਪੀਐਸ ਭੁੱਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੁਲਿਸ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਵਿਅਕਤੀ ਤੋਂ ਡਿਟੇਲ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ

ਹਰਿਮੰਦਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀ ਭਰੀਆਂ ਈਮੇਲਾਂ ਦੇ ਮਾਮਲੇ 'ਚ ਪੁਲਿਸ ਨੇ ਇਕ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਹੈ।

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਕਮਿਸ਼ਨਰ ਜੀਪੀਐੱਸ ਭੁੱਲਰ ਨੇ ਕਿਹਾ, ''ਪੂਰੀ ਤਰ੍ਹਾਂ ਜਾਂਚ ਕਰਦੇ ਹੋਏ ਸਾਡੀ ਟੀਮ, ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅਤੇ ਸੂਬਾ ਸਾਇਬਰ ਕ੍ਰਾਈਮ ਟੀਮ ਦੇ ਸਹਿਯੋਗ ਨਾਲ ਫਰੀਦਾਬਾਦ (ਹਰਿਆਣਾ) ਪਹੁੰਚੀ।''

''ਸ਼ੁਭਮ ਦੂਬੇ ਨਾਮ ਦਾ ਇੱਕ ਸਾਫ਼ਟਵੇਅਰ ਇੰਜੀਨੀਅਰ ਹੈ, ਉਸ ਨੂੰ ਅਸੀਂ ਰਾਊਂਡ ਅਪ ਕੀਤਾ ਹੈ ਤੇ ਉਸ ਕੋਲੋਂ ਡਿਟੇਲ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਟੈਕ ਪਾਸ ਇਹ ਵਿਅਕਤੀ ਵੱਖ-ਵੱਖ ਕੰਪਨੀਆਂ 'ਚ ਕੰਮ ਕਰ ਚੁੱਕਿਆ ਹੈ। ਉਸਦੇ ਲੈਪਟਾਪ ਅਤੇ ਫੋਨ ਵੀ ਕਬਜ਼ੇ 'ਚ ਲੈ ਲਏ ਗਏ ਹਨ।''

ਉਨ੍ਹਾਂ ਅੱਗੇ ਦੱਸਿਆ ਕਿ ''ਅਸੀਂ ਕਹਿ ਸਕਦੇ ਹਾਂ ਕਿ ਅਜੇ ਉਸ ਦੇ ਮਾਮਲੇ 'ਚ ਸਾਨੂੰ ਕੁਝ ਹੱਦ ਤੱਕ ਸਫਲਤਾ ਮਿਲੀ ਹੈ। ਫਿਲਹਾਲ ਅਜੇ ਹੋਰ ਜਾਣਕਾਰੀ ਆਉਣੀ ਹੈ।''

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ।

ਹਰਿਮੰਦਰ ਸਾਹਿਬ

ਤਸਵੀਰ ਸਰੋਤ, Getty Images

ਦਰਅਸਲ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਇਸ ਧਾਰਮਿਕ ਅਸਥਾਨ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੀਆਂ 5 ਈਮੇਲਾਂ ਆ ਚੁੱਕੀਆਂ ਹਨ। ਨਾਲ ਹੀ ਐੱਸਜੀਪੀਸੀ ਨੇ ਇਸ ਮੈਲੇ ਵਿੱਚ ਸੂਬਾ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ।

ਹਾਲਾਂਕਿ, ਕਮਿਸ਼ਨਰ ਅੰਮ੍ਰਿਤਸਰ, ਜੀਪੀਐਸ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ ਤੇ ਜਾਂਚ ਜਾਰੀ ਹੈ।

ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਬਾਬਤ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਹਰਿਮੰਦਰ ਸਾਹਿਬ ਦੀ ਸੁਰੱਖਿਆ ਵਧਾਉਣ ਅਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।

ਹੁਣ ਤੱਕ ਧਮਕੀ ਭਰੀਆਂ ਕਿੰਨੀਆਂ ਈਮੇਲਾਂ ਆਈਆਂ

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਐੱਸਜੀਪੀਸੀ ਮੁਤਾਬਕ, 14 ਜੁਲਾਈ ਤੋਂ ਲਗਾਤਾਰ ਹੁਣ ਤੱਕ ਅਜਿਹੀਆਂ ਪੰਜ ਈਮੇਲਾਂ ਆ ਚੁੱਕੀਆ ਹਨ।

16 ਜੁਲਾਈ ਨੂੰ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਈਮੇਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੀ ਏਮਲ 14 ਜੁਲਾਈ ਨੂੰ ਆਈ ਸੀ।

ਉਨ੍ਹਾਂ ਦੱਸਿਆ, ''ਫਿਰ 15 ਜੁਲਾਈ ਨੂੰ ਦੂਜੀ ਈਮੇਲ ਆਈ। ਜੋ ਕਿ ਸਿਰਫ਼ ਐੱਸਜੀਪੀਸੀ ਨੂੰ ਨਹੀਂ ਆਈ, ਨਾਲ ਐੱਮਪੀ ਸਰਦਾਰ ਗੁਰਜੀਤ ਸਿੰਘ ਨੂੰ ਵੀ ਆਈ।''

''ਤੀਜੀ ਮੇਲ ਸਵੇਰੇ 16 ਜੁਲਾਈ ਨੂੰ ਸਿਰਫ਼ ਗੋਲਡਨ ਟੈਂਪਲ ਸਟਾਫ, ਪੋਕਸੋ, ਦੂਜੀ ਮੇਲ ਫਿਰ 12 ਵੱਜ ਕੇ 26 ਮਿੰਟ 'ਤੇ ਭੇਜੀ ਗਈ ਹੈ। ਇਹ ਮੇਲ ਸਾਨੂੰ ਵੀ ਆਈ ਹੈ ਅਤੇ ਸੀਐੱਮ ਪੰਜਾਬ ਨੂੰ ਵੀ ਭੇਜੀ ਹੈ ਉਨ੍ਹਾਂ ਨੇ।''

ਉਨ੍ਹਾਂ ਅੱਗੇ ਦੱਸਿਆ ਕਿ 16 ਤਰੀਕ ਨੂੰ ਆਈ ''ਤੀਸਰੀ ਮੇਲ ਵੀ ਐੱਸਜੀਪੀਸੀ ਅਤੇ ਸੀਐਮ ਨੂੰ ਭੇਜੀ ਗਈ ਹੈ।''

ਇਸ ਤਰ੍ਹਾਂ 16 ਜੁਲਾਈ ਨੂੰ ਤਿੰਨ ਧਮਕੀ ਭਰੀਆਂ ਈਮੇਲਜ਼ ਆਈਆਂ ਹਨ।

ਕੁੱਲ ਮਿਲਾ ਕੇ 14 ਤੋਂ 16 ਜੁਲਾਈ ਦੇ ਵਿਚਕਾਰ ਪੰਜ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਆਈਆਂ ਹਨ।

ਐੱਸਜੀਪੀਸੀ ਨੇ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਬਾਰੇ ਕੀ ਕਿਹਾ

ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ

ਐੱਸੀਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ।

ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, 'ਮੈਂ ਮੁੱਖ ਮੰਤਰੀ ਸਾਬ੍ਹ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਵੀ ਈਮੇਲ ਆਈ ਹੈ। ਤੁਰੰਤ ਸਰਕਾਰ ਇਸ ਬਾਰੇ ਦੱਸੇ ਤੇ ਪੁਲਿਸ ਇਸ 'ਤੇ ਕਾਰਵਾਈ ਕਰੇ।''

ਇਸ ਦੇ ਨਾਲ ਹੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਰਕਾਰ ਅਤੇ ਪ੍ਰਸ਼ਾਸਨ ਦੇ ਹੱਥ ਇਸ ਮਾਮਲੇ 'ਚ ਬਿਲਕੁਲ ਖਾਲੀ ਹਨ।''

ਉਨ੍ਹਾਂ ਕਿਹਾ, ਸਥਾਨਕ ਪ੍ਰਸ਼ਾਸਨ, ਸੂਬਾ ਸਰਕਾਰ ਅਤੇ ਕੇਂਦਰ ਸਰਕਾਰ, ਜਿਨ੍ਹਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ 'ਤੇ ਕੰਮ ਕਰ ਰਹੀਆਂ ਹਨ ਪਰ ਹੁਣ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚੀਆਂ ਹਨ।''

ਉਨ੍ਹਾਂ ਈਮੇਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ''ਜ਼ਰੂਰ ਇਸਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਜਾਂ ਸੰਗਤਾਂ ਨੂੰ ਭੈਅਭੀਤ ਕਰਨ ਵਾਸਤੇ ਸਾਜ਼ਿਸ਼ ਕੀਤੀ ਹੋ ਸਕਦੀ ਹੈ।''

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਅਤੇ ਐੱਸਜੀਪੀਸੀ ਵੀ ਆਪਣੇ ਵੱਲੋਂ ਬਹੁਤ ਵੱਡੇ ਪੱਧਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।''

ਉਧਰ ਐੱਸਜੀਪੀਸੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਇੱਕ ਵਿਅਕਤੀ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਵੀ ਧਮਕੀ ਆਈ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾਣੀ ਚਾਹੀਦੀ ਹੈ।

ਪੁਲਿਸ ਨੇ ਕੀ ਦੱਸਿਆ

ਹਰਿਮੰਦਰ ਸਾਹਿਬ

ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੀਤੀ 16 ਜੁਲਾਈ ਨੂੰ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖਬਰ ਏਜੰਸੀ ਏਐੱਨਈ ਨੂੰ ਜਾਣਕਾਰੀ ਦਿੰਦਿਆਂ ਕਿਹਾ, ''ਜਿਸ ਦਿਨ ਅਧਿਕਾਰੀਆਂ ਨੂੰ ਈਮੇਲਾਂ ਮਿਲੀਆਂ, ਉਦੋਂ ਤੋਂ ਹੀ ਅਸੀਂ ਉਨ੍ਹਾਂ ਨਾਲ ਮਿਲ ਕੇ ਢੂੰਘਾਈ ਨਾਲ ਕੰਮ ਕਰ ਰਹੇ ਹਾਂ।''

''ਅਸੀਂ ਉਸੇ ਦਿਨ ਐੱਫਆਈਆਰ ਦਰਜ ਕਰ ਲਈ ਸੀ ਅਤੇ ਬਾਅਦ ਦੀਆਂ ਮਿਲੀਆਂ ਈਮੇਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।''

ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

ਉਨ੍ਹਾਂ ਅੱਗੇ ਕਿਹਾ ਕਿ ''ਯੂਐੱਸ ਅਧਾਰਿਤ ਕੰਪਨੀ ਦੇ ਪਲੇਟਫਾਰਮ ਹਨ, ਉਸ 'ਚ ਮੁੱਖ ਕੰਪਨੀ ਮਾਈਕ੍ਰੋਸਾਫ਼ਟ ਹੈ ਜਿਸ ਨੇ ਸਾਨੂੰ ਜਵਾਬ ਦਿੰਦੇ ਹੋਏ ਜਾਣਕਾਰੀ ਦਿੱਤੀ ਹੈ। ਉਸ ਦੇ ਆਧਾਰ 'ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕਿਸੇ ਸਬਸਿਡਰੀ ਕੰਪਨੀ ਦੀ ਮੇਲ ਇਸਤੇਮਾਲ ਹੋਈ ਹੈ।''

''ਦੇਖਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਕੰਟੈਂਟ ਤਮਿਲਨਾਡੂ ਸੂਬੇ ਨਾਲ ਸਬੰਧਿਤ ਹੈ। ਲੱਗਦਾ ਹੈ ਕਿਸੇ ਨੇ ਇਸ ਨੂੰ ਇਸ ਤਰ੍ਹਾਂ ਨਾਲ ਜੋੜਿਆ ਹੈ ਤਾਂ ਜੋ ਇਹ ਬਹੁਤ ਜ਼ਿਆਦਾ ਧਿਆਨ 'ਚ ਆ ਜਾਵੇ। ਅਸੀਂ ਇਸ ਨੂੰ ਪੂਰੀ ਤਰ੍ਹਾਂ ਗੰਭੀਰ ਲੈ ਰਹੇ ਹਾਂ।''

ਮੰਗਲਵਾਰ ਨੂੰ ਸੁਰੱਖਿਆ ਦੇ ਮੱਦੇਨਜ਼ਰ, ਹਰਿਮੰਦਰ ਸਾਹਿਬ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਸੀ।

ਖ਼ਬਰ ਏਜੰਸੀ ਏਐਨਆਈ ਮੁਤਾਬਕ, ਪੁਲਿਸ ਇਸ ਮਾਮਲੇ ਵਿੱਚ ਸੀਮਾ ਸੁਰੱਖਿਆ ਬਲਾਂ ਨਾਲ ਵੀ ਮਿਲ ਕੇ ਕੰਮ ਕਰ ਰਹੀ ਹੈ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਉੱਚ ਪੱਧਰੀ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਨੂੰ ਲਿਖਿਆ ਪੱਤਰ

ਕੇਂਦਰ ਸਰਕਾਰ ਨੂੰ ਲਿਖਿਆ ਪੱਤਰ
ਤਸਵੀਰ ਕੈਪਸ਼ਨ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ

ਇਸ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਦਰਬਾਰ ਸਾਹਿਬ ਦੀ ਸੁਰੱਖਿਆ ਵਧਾਉਣ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਆਪਣੇ ਪੱਤਰ 'ਚ ਉਨ੍ਹਾਂ ਕੇਂਦਰ ਸਰਕਾਰ ਦਾ ਧਿਆਨ ਇਸ ਮੁੱਦੇ ਵੱਲ ਦਿਵਾਉਂਦਿਆਂ ਕਿਹਾ ਕਿ ਗੋਲਡਨ ਟੈਂਪਲ ਨੂੰ ਇਸ ਤਰ੍ਹਾਂ ਧਮਾਕੇ ਦੀਆਂ ਧਮਕੀਆਂ ਮਿਲਣਾ ਬਹੁਤ ਗੰਭੀਰ ਹੈ ਅਤੇ ਪੰਜਾਬ ਦੇ ਭਾਈਚਾਰਕ ਸਾਂਝ ਤੇ ਸ਼ਾਂਤੀ ਨੂੰ ਭੰਗ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਇੱਥੇ ਸੁਰੱਖਿਆ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਜਾਂ ਹਮਲੇ ਦੇ ਨਤੀਜੇ ਦੇਸ਼ ਅਤੇ ਦੁਨੀਆਂ ਲਈ ਮਾੜੇ ਹੋਣਗੇ।

ਆਪਣੇ ਪੱਤਰ ਵਿੱਚ ਉਨ੍ਹਾਂ ਤਰੁੰਤ ਹਰਿਮੰਦਰ ਸਾਹਿਬ ਵਿੱਚ ਉੱਚ ਪੱਧਰੀ ਸੁਰੱਖਿਆ ਦੀ ਮੰਗ ਕੀਤੀ। ਜਿਸ ਵਿੱਚ ਉੱਚ ਪੱਧਰ ਸਰਵੀਲਾਂਸ ਤਕਨੀਕ ਸ਼ਾਮਲ ਹੋਵੇ ਜੋ ਕਿ ਕੇਂਦਰੀ ਏਜੰਸੀਆਂ ਦੇ ਤਹਿਤ ਕੰਮ ਕਰੇ।

ਨਾਲ ਹੀ ਉਨ੍ਹਾਂ ਇੱਕ ਸਥਾਈ ਸਿਕਿਓਰਿਟੀ ਕੋਰਡੀਨੇਸ਼ਨ ਸੈੱਲ ਸਥਾਪਤ ਕਰਨ ਦੀ ਮੰਗ ਵੀ ਕੀਤੀ ਜੋ ਕਿ ਸਥਾਨਕ ਪੁਲਿਸ ਅਤੇ ਕੇਂਦਰੀ ਖੂਫੀਆ ਏਜੰਸੀਆਂ ਦੁਆਰਾ ਸਾਂਝੇ ਤੌਰ 'ਤੇ ਚਲਾਇਆ ਜਾਵੇ।

ਗੁਰਜੀਤ ਸਿੰਘ ਔਜਲਾ ਨੇ ਆਪਣੇ ਪੱਤਰ 'ਚ ਲਿਖਿਆ ਕਿ ਹਰਿਮੰਦਰ ਸਾਹਿਬ ਅਤੇ ਐੱਸਜੀਪੀਸੀ ਨੂੰ ਮਿਲਦੀਆਂ ਅਜਿਹੀਆਂ ਧਮਕੀਆਂ ਪਿਛਲੇ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਹੋਵੇ।

ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਹਰਿਮੰਦਿਰ ਸਾਹਿਬ ਨੂੰ ਕੌਮੀ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਤੇ ਪਰਿਸਰ ਦੇ ਅੰਦਰ ਇੱਕ ''ਕੁਇਕ ਰੀਐਕਸ਼ਨ ਟੀਮ' ਅਤੇ ''ਬੰਬ ਡਿਸਪੋਜ਼ਲ ਯੂਨਿਟ' ਪੱਕੇ ਤੌਰ 'ਤੇ ਤਾਇਨਾਤ ਕੀਤੀ ਜਾਵੇ।

ਧਮਕੀ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਹਰਿਮੰਦਰ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਮੰਦਰ ਸਾਹਿਬ

ਖ਼ਬਰ ਏਜੰਸੀ ਏਐਨਆਈ ਮੁਤਾਬਕ, ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਭੇਜਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ''ਹਰਿਮੰਦਰ ਸਾਹਿਬ ਦੁਨੀਆਂ ਭਰ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਸਾਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲ ਰਹੀਆਂ ਹਨ।''

''ਪੁਲਿਸ ਦੀ ਜ਼ਿਮੇਵਾਰੀ ਹੈ ਕਿ ਉਹ ਇਸ ਵਿੱਚ ਸ਼ਾਮਿਲ ਲੋਕਾਂ ਖਿਲਾਫ ਸਖਤ ਕਾਰਵਾਈ ਕਰੇ।''

ਉਨ੍ਹਾਂ ਅੱਗੇ ਕਿਹਾ, ''ਸ਼ਰਧਾਲੂਆਂ ਦੀ ਆਮਦ 'ਚ ਕੋਈ ਕਮੀ ਜਾਂ ਡਰ ਨਹੀਂ ਆਇਆ ਹੈ। ਮੈਂ ਭਾਰਤ ਅਤੇ ਬਾਹਰੋਂ ਆਉਂਦੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਦਾ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)