ਅਮਰੀਕੀ ਰਾਸ਼ਟਰਪਤੀ ਦੀ ਅਹੁਦੇ ਦੀ ਉਹ ਤਾਕਤ, ਜਿਸ ਜ਼ਰੀਏ ਜੋਅ ਬਾਇਡਨ ਨੇ ਆਪਣੇ ਪੁੱਤ ਦੇ ਅਪਰਾਧ ਮੁਆਫ਼ ਕੀਤੇ

ਹੰਟਰ ਬਾਇਡਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤ ਹੰਟਰ ਬਾਇਡਨ ਨੂੰ ਦੋ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ
    • ਲੇਖਕ, ਜੇਮਸ ਫ਼ਿਟਜ਼ਗੋਰਾਲਡ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪੁੱਤ ਹੰਟਰ ਬਾਇਡਨ ਨੂੰ ਪ੍ਰੈਜ਼ੀਡੈਂਸ਼ੀਅਲ ਪਾਰਡਨ ਯਾਨੀ ਰਾਸ਼ਟਰਪਤੀ ਦੀ ਮੁਆਫ਼ੀ ਦੇ ਦਿੱਤੀ ਹੈ। ਹੰਟਰ ਦੋ ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਦਾ ਸਾਹਮਣਾ ਕਰ ਰਹੇ ਸਨ।

ਉਨ੍ਹਾਂ ਦੇ ਇਸ ਕਦਮ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਕਿਉਂਕਿ ਜੋਅ ਬਾਇਡਨ ਨੇ ਪਹਿਲਾਂ ਇਸ ਤਰ੍ਹਾਂ ਮੁਆਫ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਪਰ ਉਨ੍ਹਾਂ ਨੇ ਦਲੀਲ ਦਿੱਤੀ ਕਿ ਹੰਟਰ ਬਾਇਡਨ ਵਿਰੁੱਧ ਮਾਮਲੇ ਸਿਆਸਤ ਤੋਂ ਪ੍ਰੇਰਿਤ ਸਨ।

ਅਮਰੀਕੀ ਸਿਆਸਤ ਦੇ ਦੋਵਾਂ ਧਰੁਵਾਂ ਦੇ ਰਾਸ਼ਟਰਪਤੀਆਂ ਨੇ ਆਪਣੇ ਨਜ਼ਦੀਕੀ ਲੋਕਾਂ ਨੂੰ ਮੁਆਫ਼ੀ ਦੇਣ ਲਈ ਰਾਸ਼ਟਰਪਤੀ ਅਹੁਦੇ ਨੂੰ ਹਾਸਿਲ ਖ਼ਾਸ ਅਧਿਕਾਰਾਂ ਦੀਆਂ ਵਰਤੋਂ ਕੀਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹੰਟਰ ਬਾਇਡਨ ਨੇ ਕੀ ਕੀਤਾ?

ਹੰਟਰ ਬਾਇਡਨ ਦੋ ਸੰਘੀ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਵੀ ਦਿੱਤਾ ਜਾ ਚੁੱਕਿਆ ਸੀ।

ਇਸ ਮਹੀਨੇ ਯਾਨੀ ਦਸੰਬਰ ਦੇ ਅਖ਼ੀਰ ਵਿੱਚ ਉਨ੍ਹਾਂ ਨੂੰ ਸਜ਼ਾ ਵੀ ਸੁਣਾਈ ਜਾਣੀ ਸੀ।

ਬੰਦੂਕ ਖਰੀਦਣ ਦੇ ਇੱਕ ਮਾਮਲੇ ਵਿੱਚ ਹੰਟਰ ਬਾਇਡਨ ਨੂੰ ਜੂਨ ਮਹੀਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਬੱਚੇ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੋਵੇ।

ਡੇਲਾਵੇਅਰ ਵਿੱਚ ਚੱਲ ਰਹੇ ਇੱਕ ਮੁਕੱਦਮੇ ਵਿੱਚ, ਹੈਂਡਗਨ ਖਰੀਦਣ ਦੌਰਾਨ ਡਰੱਗਜ਼ ਦੀ ਵਰਤੋਂ ਬਾਰੇ ਗ਼ਲਤ ਜਾਣਕਾਰੀ ਦੇਣ ਦੇ ਤਿੰਨਾਂ ਇਲਜ਼ਾਮ ਉਨ੍ਹਾਂ ਉੱਤੇ ਲੱਗੇ ਸਨ ਤੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਅਮਰੀਕਾ ਵਿੱਚ, ਬੰਦੂਕ ਖਰੀਦਣ ਵੇਲੇ ਝੂਠਾ ਬਿਆਨ ਦੇਣ 'ਤੇ ਦਸ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਇੰਨਾ ਹੀ ਨਹੀਂ ਜੇ ਕਿਸੇ ਵਿਅਕਤੀ ਨੂੰ ਡਰੱਗਜ਼ ਦੀ ਲਤ ਹੋਵੇ ਅਤੇ ਉਸ ਨੇ ਗ਼ੈਰ-ਕਾਨੂੰਨੀ ਢੰਗ ਨਾਲ ਬੰਦੂਕ ਰੱਖੀ ਹੋਵੇ ਤਾਂ ਵੀ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ।

ਹੰਟਰ ਬਾਇਡਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਹੰਟਰ ਬਾਇਡਨ 'ਤੇ ਟੈਕਸ ਚੋਰੀ ਅਤੇ ਬੰਦੂਕ ਦੀ ਖਰੀਦ ਦੌਰਾਨ ਗ਼ਲਤ ਜਾਣਕਾਰੀ ਦੇਣ ਦੇ ਇਲਜ਼ਾਮ ਸਨ

ਕਿਸੇ ਸੰਘੀ ਲਾਇਸੰਸਸ਼ੁਦਾ ਬੰਦੂਕ ਡੀਲਰ ਨੂੰ ਬੰਦੂਕ ਖਰੀਦਣ ਵੇਲੇ ਗ਼ਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ਦੀ ਸਜ਼ਾ ਪੰਜ ਸਾਲ ਤੱਕ ਦੀ ਕੈਦ ਹੈ।

ਜੇਕਰ ਹੰਟਰ ਬਾਇਡਨ ਨੂੰ ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂਦੀ ਤਾਂ ਉਨ੍ਹਾਂ ਨੂੰ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀ।

ਪਿਛਲੇ ਸਾਲ ਸਤੰਬਰ 'ਚ ਉਨ੍ਹਾਂ ਨੇ ਟੈਕਸ ਚੋਰੀ ਦੇ ਇੱਕ ਹੋਰ ਮਾਮਲੇ 'ਚ ਅਪਰਾਧ ਕਬੂਲ ਕੀਤਾ ਸੀ ਅਤੇ ਇਸ ਮਾਮਲੇ 'ਚ ਵੀ ਉਨ੍ਹਾਂ ਲਈ ਸਜ਼ਾ ਨਿਰਧਾਰਿਤ ਕੀਤੀ ਜਾਣੀ ਸੀ।

ਹੰਟਰ ਬਾਇਡਨ 2016 ਤੋਂ 2019 ਦਰਮਿਆਨ ਟੈਕਸ ਚੋਰੀ ਨਾਲ ਸਬੰਧਤ ਕੁੱਲ 9 ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਜਿਨ੍ਹਾਂ ਵਿੱਚ ਟੈਕਸ ਰਿਟਰਨ ਨਾ ਭਰਨਾ ਅਤੇ ਗ਼ਲਤ ਰਿਟਰਨ ਫ਼ਾਈਲ ਕਰਨਾ ਸ਼ਾਮਲ ਹੈ। ਟੈਕਸ ਮਾਮਲੇ 'ਚ ਉਨ੍ਹਾਂ ਨੂੰ ਵੱਧ ਤੋਂ ਵੱਧ 17 ਸਾਲ ਦੀ ਸਜ਼ਾ ਹੋ ਸਕਦੀ ਸੀ।

ਨਿਊਯਾਰਕ ਟਾਈਮਜ਼ ਨੇ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਟੈਕਸ ਦੇਣਦਾਰੀ ਨੂੰ ਘਟਾਏ ਜਾਣ ਅਤੇ ਦੋਵੇਂ ਸਜ਼ਾਵਾਂ ਇੱਕੋ ਸਮੇਂ ਕੱਟਣ ਦੀ ਆਗਿਆ ਦੇਣ ਦੀ ਸੰਭਾਵਨਾ ਜ਼ਿਆਦਾ ਸੀ।

ਰਾਸ਼ਟਰਪਤੀ ਮੁਆਫ਼ੀ ਕੀ ਹੈ?

ਜੋਅ ਬਾਇਡਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਤੰਬਰ 2024 ਵਿੱਚ, ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਿਹਾ ਸੀ ਕਿ ਰਾਸ਼ਟਰਪਤੀ ਬਾਇਡਨ ਆਪਣੇ ਪੁੱਤਰ ਦੇ ਅਪਰਾਧਾਂ ਨੂੰ ਮੁਆਫ਼ ਨਹੀਂ ਕਰਨਗੇ।

ਅਮਰੀਕੀ ਸੰਵਿਧਾਨ ਦੇ ਮੁਤਾਬਕ, "ਰਾਸ਼ਟਰਪਤੀ ਕੋਲ ਮਹਾਂਦੋਸ਼ ਨੂੰ ਛੱਡ ਕੇ, ਸੰਯੁਕਤ ਰਾਸ਼ਟਰ ਦੇ ਖ਼ਿਲਾਫ਼ ਕੀਤੇ ਗਏ ਕਿਸੇ ਵੀ ਅਪਰਾਧ ਦੀ ਸਜ਼ਾ ਨੂੰ ਮੁਆਫ਼ ਕਰਨ ਜਾਂ ਘਟਾਉਣ ਦੀ ਵਿਆਪਕ ਸ਼ਕਤੀ ਹੈ।"

ਇਸ ਮਾਮਲੇ ਵਿੱਚ, ‘ਰਾਸ਼ਟਰਪਤੀ ਵੱਲੋਂ ਪੂਰਨ ਅਤੇ ਬਿਨਾਂ ਸ਼ਰਤ ਮੁਆਫ਼ੀ’ ਦਿੱਤੀ ਗਈ ਹੈ, ਜਿਸ ਵਿੱਚ ਹੰਟਰ ਬਾਇਡਨ ਨੂੰ ਜਨਵਰੀ 2014 ਅਤੇ ਦਸੰਬਰ 2024 ਦਰਮਿਆਨ ਕੀਤੇ ਗਏ ਸਾਰੇ ਸੰਘੀ ਅਪਰਾਧਾਂ ਲਈ ਸਜ਼ਾ ਤੋਂ ਛੋਟ ਮਿਲ ਗਈ ਹੈ।

ਇਹ ਇੱਕ ਕਾਨੂੰਨੀ ਮੁਆਫ਼ੀ ਹੈ ਜੋ ਭਵਿੱਖ ਵਿੱਚ ਸੁਣਾਈ ਜਾਣ ਵਾਲੀ ਕਿਸੇ ਸਜ਼ਾ ਨੂੰ ਵੀ ਖ਼ਤਮ ਕਰਦੀ ਹੈ।

ਵੋਟ ਪਾਉਣ ਜਾਂ ਕਿਸੇ ਜਨਤਕ ਅਹੁਦੇ ਲਈ ਚੋਣ ਲੜਨ ਦੇ ਅਧਿਕਾਰ ਵੀ ਇਸ ਤਹਿਤ ਬਹਾਲ ਹੋ ਜਾਂਦੇ ਹਨ।

ਮੁਆਫ਼ੀ ਦੇਣ ਦੇ ਅਧਿਕਾਰ ਨੂੰ ਬਹੁਤ ਵਿਆਪਕ ਮੰਨਿਆ ਜਾਂਦਾ ਹੈ ਅਤੇ ਇਸ ਦੀ ਕੋਈ ਸੀਮਾ ਨਹੀਂ ਹੈ।

ਹਾਲਾਂਕਿ, ਇੱਕ ਰਾਸ਼ਟਰਪਤੀ ਸਿਰਫ਼ ਸੰਘੀ ਅਪਰਾਧਾਂ ਦੇ ਮਾਮਲਿਆਂ ਵਿੱਚ ਮੁਆਫ਼ੀ ਜਾਰੀ ਕਰ ਸਕਦਾ ਹੈ।

ਇਹ ਮੁੱਦਾ ਇਸ ਸਮੇਂ ਸੁਰਖੀਆਂ ਵਿੱਚ ਹੈ ਜਦੋਂ ਇੱਕ ਪੋਰਨ ਫ਼ਿਲਮ ਸਟਾਰ ਨੂੰ ਚੁੱਪਚਾਪ ਭੁਗਤਾਨ ਕਰਨ ਦੇ ਮਾਮਲੇ ਵਿੱਚ ਡੌਨਲਡ ਟਰੰਪ ਨੂੰ ਮਿਲਣ ਵਾਲੀ ਸਜ਼ਾ ਮੁਆਫ਼ ਕੀਤੇ ਜਾਣ ਸਬੰਧੀ ਵੀ ਖ਼ਦਸ਼ੇ ਪੈਦਾ ਹੋ ਗਏ ਹਨ।

ਹਾਲਾਂਕਿ ਜਨਵਰੀ ਵਿੱਚ ਜਦੋਂ ਉਹ ਵ੍ਹਾਈਟ ਹਾਊਸ ਪਰਤਣਗੇ ਤਾਂ ਉਹ ਸੂਬਾਈ ਪੱਧਰ 'ਤੇ ਚੱਲ ਰਹੇ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ-

ਹੁਣ ਤੱਕ ਅਮਰੀਕੀ ਰਾਸ਼ਟਰਪਤੀਆਂ ਨੇ ਕਿੰਨੇ ਮਾਮਲਿਆਂ ਵਿੱਚ ਮੁਆਫ਼ੀ ਦਿੱਤੀ?

ਅਮਰੀਕਾ ਵਿੱਚ ਦੋਵਾਂ ਪਾਰਟੀਆਂ ਦੇ ਰਾਸ਼ਟਰਪਤੀਆਂ ਵੱਲੋਂ ਆਪਣੇ ਕਰੀਬੀਆਂ ਨੂੰ ਮੁਆਫ਼ੀ ਦੇਣ ਦੀ ਇੱਕ ਪੁਰਾਣੀ ਰਿਵਾਇਤ ਰਹੀ ਹੈ।

ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧ ਰੱਖਣ ਵਾਲੇ ਜੋਅ ਬਾਇਡਨ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਵਿੱਚ ਮੁਆਫ਼ ਕੀਤੇ ਜਾਣ ਦਾ ਇਹ 26ਵਾਂ ਮਾਮਲਾ ਹੈ।

ਸਾਲ 2020 ਵਿੱਚ, ਟਰੰਪ ਨੇ ਆਪਣੇ ਜਵਾਈ (ਧੀ ਇਵਾਂਕਾ ਦੇ ਪਤੀ) ਚਾਰਲਸ ਕੁਸ਼ਨਰ ਨੂੰ ਮੁਆਫ਼ੀ ਦਿੱਤੀ ਸੀ।

ਕੁਸ਼ਨਰ ਨੂੰ ਟੈਕਸ ਚੋਰੀ, ਚੋਣਾਵੀਂ ਮੁਹਿੰਮ ਦੌਰਾਨ ਵਿੱਤੀ ਬੇਨਿਯਮੀਆਂ ਅਤੇ ਗਵਾਹੀ ਵਿੱਚ ਦਖ਼ਲ ਦੇਣ ਦੇ ਇਲਜ਼ਾਮਾਂ ਲਈ 2004 ਵਿੱਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

2001 ਵਿੱਚ, ਬਿਲ ਕਲਿੰਟਨ ਨੇ ਆਪਣੇ ਛੋਟੇ ਭਰਾ ਰੋਜਰ ਕਲਿੰਟਨ ਨੂੰ ਕੋਕੀਨ ਨਾਲ ਸਬੰਧਤ ਅਪਰਾਧਾਂ ਲਈ ਮੁਆਫ਼ ਕਰ ਦਿੱਤਾ।

ਬਰਾਕ ਓਬਾਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਰਾਕ ਓਬਾਮਾ ਦੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਕਈ ਲੋਕਾਂ ਨੂੰ ਮਾਫ਼ੀ ਮਿਲੀ।

ਰੋਜਰ ਬਿਲ ਕਲਿੰਟਨ ਦੇ ਮਤਰੇਏ ਭਰਾ ਹਨ ਅਤੇ ਉਨ੍ਹਾਂ ਦਾ ਇਹ ਮਾਮਲਾ 1985 ਦਾ ਸੀ।

ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਲੋਕਾਂ ਨੂੰ ਮੁਆਫ਼ੀ ਦਿੱਤੀ ਗਈ ਜੋ ਪਹਿਲਾਂ ਹੀ ਸਜ਼ਾ ਭੁਗਤ ਚੁੱਕੇ ਸਨ।

ਪਰ ਮੌਜੂਦਾ ਘਟਨਾਕ੍ਰਮ ਦੌਰਾਨ ਰਾਸ਼ਟਰਪਤੀ ਬਾਇਡਨ ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦੇ ਮਾਮਲੇ ਵਿੱਚ ਦਖ਼ਲ ਦਿੱਤਾ ਹੈ।

ਪੀਊ ਰਿਸਰਚ ਸੈਂਟਰ ਮੁਤਾਬਕ, ਟਰੰਪ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਚਾਰ ਸਾਲਾਂ ਦੌਰਾਨ 237 ਮੁਆਫ਼ੀਆਂ ਜਾਰੀ ਕੀਤੀਆਂ ਸਨ, ਜਿਸ ਵਿੱਚ 143 ਸਜ਼ਾਵਾਂ ਮੁਆਫ਼ ਕੀਤੀਆਂ ਗਈਆਂ ਸਨ ਅਤੇ 94 ਸਜ਼ਾਵਾਂ ਨੂੰ ਬਦਲਿਆ ਗਿਆ ਸੀ।

ਉਨ੍ਹਾਂ ਦੇ ਅਹੁਦਾ ਛੱਡਣ ਤੋਂ ਪਹਿਲਾਂ ਕਈ ਲੋਕ ਦਹਿਸ਼ਤ ਵਿਚ ਸਨ।

ਹਾਲਾਂਕਿ, ਇਹ ਅਜੇ ਵੀ ਟਰੰਪ ਦੇ ਪਹਿਲੀ ਵਾਰ ਅਹੁਦਾ ਸੰਭਾਲਣ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਸੇਵਾਵਾਂ ਨਿਭਾ ਰਹੇ ਬਰਾਕ ਓਬਾਮਾ ਵੱਲੋਂ ਲਏ ਗਏ ਮੁਆਫ਼ੀ ਦੇ ਫ਼ੈਸਲਿਆਂ ਤੋਂ ਘੱਟ ਸਨ।

ਪੀਊ ਰਿਸਰਚ ਸੈਂਟਰ ਦੇ ਅੰਕੜਿਆਂ ਮੁਤਾਬਕ, ਓਬਾਮਾ ਨੇ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਕੁੱਲ 1,927 ਮੁਆਫ਼ੀਆਂ ਜਾਰੀ ਕੀਤੀਆਂ ਸਨ।

ਜਿਨ੍ਹਾਂ ਵਿੱਚੋਂ 1715 ਸਜ਼ਾਵਾਂ ਵਿੱਚ ਬਦਲਾਅ ਕਰਨ ਦੇ ਮਾਮਲੇ ਸਨ ਅਤੇ 212 ਸਜ਼ਾ ਮੁਆਫ਼ੀ ਦੇ ਮਾਮਲੇ ਸਨ।

ਟਰੰਪ ਨੇ ਮੁਆਫ਼ੀ ਬਾਰੇ ਕੀ ਕਿਹਾ?

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਨੇ ਬਾਇਡਨ ਦੇ ਆਪਣੇ ਪੁੱਤ ਨੂੰ ਮੁਆਫ਼ੀ ਦੇਣ ਨੂੰ 'ਅਧਿਕਾਰਾਂ ਦੀ ਦੁਰਵਰਤੋਂ' ਕਰਾਰ ਦਿੱਤਾ ਹੈ

ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਵੀ ਮੁਆਫ਼ੀ ਦੇ ਸਬੰਧ ਵਿੱਚ ਬਾਇਡਨ ਦੀ ਆਲੋਚਨਾ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

ਟਰੰਪ ਨੇ ਇਸ ਸਭ ਨੂੰ 'ਸ਼ਕਤੀ ਦੀ ਦੁਰਵਰਤੋਂ ਅਤੇ ਨਿਆਂ ਦਾ ਗਲਾ ਘੁੱਟਣਾ' ਦੱਸਿਆ ਹੈ।

ਟਰੰਪ ਨੇ ਪੁੱਛਿਆ ਕਿ ਕੀ ਬਾਇਡਨ ਉਨ੍ਹਾਂ ਲੋਕਾਂ ਨੂੰ ਵੀ ਮੁਆਫ਼ ਕਰ ਦੇਣਗੇ, ਜਿਨ੍ਹਾਂ ਖ਼ਿਲਾਫ਼ 6 ਜਨਵਰੀ, 2021 ਦੇ ਦੰਗਿਆਂ ਲਈ ਮੁਕੱਦਮਾ ਚਲਾ ਰਿਹਾ ਹੈ।

ਜ਼ਿਕਰਯੋਗ ਹੈ ਕਿ 6 ਜਨਵਰੀ, 2021 ਨੂੰ ਟਰੰਪ ਦੇ ਸਮਰਥਕਾਂ ਨੇ ਅਮਰੀਕਨ ਕੈਪੀਟਲ ਹਿੱਲ ਦੀ ਇਮਾਰਤ 'ਤੇ ਹਮਲਾ ਕਰਕੇ 2020 ਦੇ ਚੋਣ ਨਤੀਜਿਆਂ ਦੇ ਪ੍ਰਮਾਣੀਕਰਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਸੀ।

ਵ੍ਹਾਈਟ ਹਾਊਸ ਤੋਂ ਬਾਹਰ ਰਹਿੰਦਿਆਂ ਟਰੰਪ ਨੂੰ ਕਈ ਕਾਨੂੰਨੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਲਿਆ ਹੈ ਅਤੇ ਉਨ੍ਹਾਂ ਨੇ ਵਾਰ-ਵਾਰ ਇਲਜ਼ਾਮ ਲਾਇਆ ਕਿ ਅਮਰੀਕੀ ਨਿਆਂ ਪ੍ਰਣਾਲੀ ਨੂੰ ਖ਼ੁਦ ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਇੱਕ ਹਥਿਆਰ ਵਜੋਂ ਵਰਤਿਆ ਗਿਆ ਹੈ।

ਉਨ੍ਹਾਂ ਨੇ ਵਾਸ਼ਿੰਗਟਨ ਵਿੱਚ ਦੰਗਿਆਂ ਵਿੱਚ ਸ਼ਾਮਲ ਲੋਕਾਂ ਨੂੰ ਆਪਣੀ ਤਰਫ਼ੋ ਮੁਆਫੀ ਜਾਰੀ ਕਰਨ ਦਾ ਵਾਅਦਾ ਕੀਤਾ ਸੀ।

ਪਰ ਅਜੇ ਵੀ ਸਵਾਲ ਹਨ ਕਿ ਕਿਸ ਨੂੰ ਮੁਆਫੀ ਮਿਲੇਗੀ ਅਤੇ ਕੀ ਗੰਭੀਰ ਅਤੇ ਹਿੰਸਕ ਅਪਰਾਧਾਂ ਦੇ ਮੁਲਜ਼ਿਮ ਲੋਕਾਂ ਨੂੰ ਵੀ ਰਾਸ਼ਟਰਪਤੀ ਦੀ ਇਸ ਤਾਕਤ ਤਹਿਤ ਮੁਆਫ਼ੀ ਮਿਲ ਜਾਵੇਗੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)