ਆਰਿਅਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਵਾਲਾ ਅਫ਼ਸਰ ਸਮੀਰ ਵਾਨਖੇੜੇ ਸੀਬੀਆਈ ਦੇ ਸ਼ਿਕੰਜੇ 'ਚ ਕਿਵੇਂ ਆਇਆ

ਤਸਵੀਰ ਸਰੋਤ, BBC/getty imgaes
ਭਾਰਤੀ ਮਾਲੀਆ ਸੇਵਾ (ਆਈਆਰਐੱਸ) ਅਧਿਕਾਰੀ ਸਮੀਰ ਵਾਨਖੇੜੇ ਖ਼ਿਲਾਫ਼ ਸੀਬੀਆਈ ਨੇ ਕੇਸ ਦਰਜ ਕੀਤਾ ਹੈ।
ਸਮੀਰ ਵਾਨਖੇੜੇ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਦੀ ਰਿਹਾਈ ਦੇ ਬਦਲੇ 25 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚੀ।
ਇਸ ਨਾਲ ਹੀ, ਉਹ ਮਹਿੰਗੀਆਂ ਘੜੀਆਂ ਦੀ ਖਰੀਦ-ਵੇਚ ਅਤੇ ਆਪਣੇ ਵਿਦੇਸ਼ ਦੌਰਿਆਂ ਦਾ ਸਹੀ-ਸਹੀ ਹਿਸਾਬ ਨਹੀਂ ਦੇ ਸਕੇ।
ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਜੀਲੈਂਸ ਵਿਭਾਗ ਦੇ ਸੁਪਰਡੈਂਟ ਨੇ 11 ਮਈ 2023 ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਵਿੱਚ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਰਿਸ਼ਵਤ ਲੈਣ, ਅਹੁਦੇ ਦਾ ਫਾਇਦਾ ਉਠਾਉਣ, ਬਿਨਾਂ ਕਿਸੇ ਨੂੰ ਦੱਸੇ ਕੀਮਤੀ ਸਾਮਾਨ ਲੈਣ ਦੇ ਇਲਜ਼ਾਮ ਹਨ।
ਸੀਬੀਆਈ ਦੀ ਐੱਫ਼ਆਈਆਰ ਵਿੱਚ ਅਪਰਾਧਿਕ ਸਾਜ਼ਿਸ਼ ਰਚਣ, ਜ਼ਬਰੀ ਵਸੂਲੀ ਵਰਗੇ ਇਲਜ਼ਾਮ ਸ਼ਾਮਲ ਹਨ।
ਐੱਫਆਈਆਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਮੁੰਬਈ ਇਕਾਈ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਤੋਂ ਇਲਾਵਾ ਪੰਜ ਹੋਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਇਨ੍ਹਾਂ ਵਿੱਚੋਂ ਤਿੰਨ ਐੱਨਸੀਬੀ ਦੇ ਸੀਨੀਅਰ ਅਧਿਕਾਰੀ ਹਨ।
ਇਸ ਤੋਂ ਇਲਾਵਾ ਕੇਪੀ ਗੋਸਾਵੀ ਦਾ ਨਾਂ ਵੀ ਹੈ, ਜਿਸ ਦੀ ਆਰਿਅਨ ਖ਼ਾਨ ਨਾਲ ਸੈਲਫੀ ਉਸ ਵੇਲੇ ਕਾਫੀ ਵਾਇਰਲ ਹੋਈ ਸੀ।
ਇਹ ਵੀ ਇਲਜ਼ਾਮ ਹੈ ਕਿ ਜਾਂਚ ਦੌਰਾਨ ਸਮੀਰ ਵਾਨਖੇੜੇ ਨੇ ਕੇਪੀ ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਵਿੱਚ ਗਵਾਹ ਬਣਨ ਲਈ ਕਿਹਾ ਸੀ।
ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਇਹ ਸਾਰਾ ਮਾਮਲਾ ਕਿੱਥੋਂ ਸ਼ੁਰੂ ਹੋਇਆ।

ਤਸਵੀਰ ਸਰੋਤ, PRODIP GUHA
ਆਰਿਅਨ ਖ਼ਾਨ ਡਰੱਗਜ਼ ਕੇਸ ਕੀ ਸੀ?
ਕਹਾਣੀ 2 ਅਕਤੂਬਰ 2021 ਨੂੰ ਸ਼ੁਰੂ ਹੋਈ ਸੀ।
ਉਸ ਦਿਨ ਮੁੰਬਈ ਦੇ ਕੋਰਡੇਲੀਆ ਕਰੂਜ਼ ਜਹਾਜ਼ 'ਤੇ ਐੱਨਸੀਪੀ ਨੇ ਛਾਪਾ ਮਾਰਿਆ ਸੀ। ਐੱਨਸੀਪੀ ਨੂੰ ਇਸ ਜਹਾਜ਼ 'ਤੇ ਰੇਵ ਪਾਰਟੀ ਦੀ ਸੂਚਨਾ ਮਿਲੀ ਸੀ।
ਆਈਆਰਐੱਸ ਅਧਿਕਾਰੀ ਸਮੀਰ ਵਾਨਖੇੜੇ ਉਸ ਵੇਲੇ ਐਨਸੀਬੀ ਵਿੱਚ ਮੁੰਬਈ ਯੂਨਿਟ ਦੇ ਜ਼ੋਨਲ ਡਾਇਰੈਕਟਰ ਸਨ।
ਸੂਚਨਾ ਮਿਲਣ 'ਤੇ ਸਮੀਰ ਵਾਨਖੇੜੇ ਅਤੇ ਸੁਪਰਡੈਂਟ ਵੀਵੀ ਸਿੰਘ ਨੇ ਆਪਣੀ ਟੀਮ ਬਣਾਈ ਅਤੇ ਕਰੂਜ਼ 'ਤੇ ਛਾਪਾ ਮਾਰਿਆ।
ਉਸ ਵੇਲੇ ਆਸ਼ੀਸ਼ ਰੰਜਨ ਨੂੰ ਜਾਂਚ ਅਧਿਕਾਰੀ ਵਜੋਂ ਸ਼ਾਮਲ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਕਿਰਨ ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਆਜ਼ਾਦ ਗਵਾਹ ਵਜੋਂ ਇਕੱਠੇ ਰੱਖਿਆ ਗਿਆ ਸੀ। ਪ੍ਰਭਾਕਰ ਸੈਲ ਦੀ ਹੁਣ ਮੌਤ ਹੋ ਗਈ ਹੈ।
ਇਹ ਸਾਰੀ ਛਾਪੇਮਾਰੀ ਸਮੀਰ ਵਾਨਖੇੜੇ, ਵੀਵੀ ਸਿੰਘ ਅਤੇ ਆਸ਼ੀਸ਼ ਰੰਜਨ ਦੀ ਨਿਗਰਾਨੀ ਹੇਠ ਹੋਈ।
ਛਾਪੇਮਾਰੀ ਦੌਰਾਨ ਆਰਿਅਨ ਖ਼ਾਨ ਸਣੇ ਕਰੀਬ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਐੱਨਸੀਬੀ ਨੇ 3 ਅਕਤੂਬਰ 2021 ਨੂੰ ਆਰਿਅਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ।
25 ਦਿਨ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, 28 ਅਕਤੂਬਰ, 2021 ਨੂੰ, ਬੰਬੇ ਹਾਈ ਕੋਰਟ ਨੇ ਆਰਿਅਨ ਨੂੰ ਜ਼ਮਾਨਤ ਦੇ ਦਿੱਤੀ।

ਤਸਵੀਰ ਸਰੋਤ, HINDUSTAN TIMES
ਹਾਲਾਂਕਿ, ਇਸ ਛਾਪੇਮਾਰੀ ਅਤੇ ਇਸ ਵਿੱਚ ਸ਼ਾਮਲ ਅਧਿਕਾਰੀਆਂ 'ਤੇ ਸਵਾਲ ਖੜ੍ਹੇ ਹੋਏ ਅਤੇ 25 ਅਕਤੂਬਰ 2021 ਨੂੰ, ਐੱਨਸੀਬੀ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਈਟੀ) ਦਾ ਗਠਨ ਕੀਤਾ ਗਿਆ ਸੀ।
ਐੱਸਈਟੀ ਨੇ ਜਾਂਚ ਦੌਰਾਨ ਮੁੰਬਈ ਅਤੇ ਦਿੱਲੀ ਵਿੱਚ ਐੱਨਸੀਬੀ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਅਤੇ ਆਜ਼ਾਦ ਗਵਾਹਾਂ ਤੋਂ ਵੀ ਸਵਾਲ-ਜਵਾਬ ਹੋਏ।
ਇਸ ਜਾਂਚ ਵਿੱਚ ਸਮੀਰ ਵਾਨਖੇੜੇ ਅਤੇ ਐੱਨਸੀਬੀ ਮੁੰਬਈ ਯੂਨਿਟ ਦੇ ਹੋਰ ਅਧਿਕਾਰੀਆਂ ਨਾਲ ਜੁੜੀਆਂ ਕੁਝ ਗੰਭੀਰ ਜਾਣਕਾਰੀਆਂ ਸਾਹਮਣੇ ਆਈਆਂ।
ਹੁਣ ਸੀਬੀਆਈ ਨੇ ਐੱਫਆਈਆਰ ਵਿੱਚ ਸਮੀਰ ਵਾਨਖੇੜੇ, ਵਿਸ਼ਵ ਵਿਜੇ ਸਿੰਘ, ਆਸ਼ੀਸ਼ ਰੰਜਨ, ਕੇਪੀ ਗੋਸਾਵੀ, ਸੈਨਵਿਲ ਡਿਸੂਜ਼ਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਇਲਜ਼ਾਮ ਲਗਾਏ ਹਨ।

ਸਮੀਰ ਵਾਨਖੇੜੇ ਦੇ ਛਾਪੇ 'ਤੇ 9 ਗੰਭੀਰ ਸਵਾਲ
- 2 ਅਕਤੂਬਰ, 2021 ਨੂੰ, ਐੱਨਸੀਬੀ ਦੀ ਸੂਚੀ ਵਿੱਚ 27 ਮੁਲਜ਼ਮਾਂ ਦੇ ਨਾਮ ਸਨ, ਬਾਅਦ ਵਿੱਚ ਸਿਰਫ਼ 10 ਲੋਕਾਂ ਦੇ ਨਾਮ ਰਹਿ ਗਏ।
- ਐੱਨਸੀਬੀ ਦੇ ਜਾਂਚ ਅਧਿਕਾਰੀ ਆਸ਼ੀਸ਼ ਰੰਜਨ ਕਰੂਜ਼ ਦੇ ਐਂਟਰੀ ਗੇਟ 'ਤੇ ਸਨ। ਉਸ ਵੇਲੇ ਉਨ੍ਹਾਂ ਨੇ ਕਈ ਸ਼ੱਕੀਆਂ ਨੂੰ ਬਿਨਾਂ ਰਜਿਸਟ੍ਰੇਸ਼ਨ ਦੇ ਜਾਣ ਦਿੱਤਾ।
- ਸਿਧਾਰਥ ਸ਼ਾਹ, ਅਰਬਾਜ਼ ਨਾਮ ਦੇ ਸ਼ੱਕੀ ਨੇ ਚਰਸ ਰੱਖਣ ਦੀ ਗੱਲ ਕਬੂਲੀ, ਫਿਰ ਵੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
- ਐੱਨਸੀਬੀ ਅਧਿਕਾਰੀਆਂ ਤੋਂ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਕੇਪੀ ਗੋਸਾਵੀ ਦੀ ਨਿੱਜੀ ਗੱਡੀ ਨੂੰ ਐੱਨਸੀਬੀ ਦਫ਼ਤਰ ਲਿਆਂਦਾ ਗਿਆ ਸੀ।
- ਕੇਪੀ ਗੋਸਾਵੀ ਨੂੰ ਮੁਲਜ਼ਮ ਦੇ ਆਲੇ-ਦੁਆਲੇ ਘੁੰਮਣ ਹੀ ਦਿੱਤਾ ਗਿਆ, ਜਿਸ ਕਾਰਨ ਉਹ ਐੱਨਸੀਬੀ ਅਫ਼ਸਰ ਸਾਬਤ ਹੋ ਗਏ। ਇਹ ਨਿਯਮਾਂ ਦੇ ਵਿਰੁੱਧ ਹੈ।
- ਕੇਪੀ ਗੋਸਾਵੀ ਅਤੇ ਸੈਨਵਿਲ ਡਿਸੂਜ਼ਾ ਨੇ ਕੁਝ ਹੋਰਾਂ ਨਾਲ ਮਿਲ ਕੇ ਆਰਿਅਨ ਖ਼ਾਨ ਦੇ ਪਰਿਵਾਰ ਤੋਂ ਡਬਰੀ ਵਸੂਲੀ ਦੀ ਸਾਜ਼ਿਸ਼ ਰਚੀ।
- ਸਮੀਰ ਵਾਨਖੇੜੇ ਦੇ ਕਹਿਣ 'ਤੇ ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਸਿਰਫ਼ ਸੁਤੰਤਰ ਗਵਾਹਾਂ ਵਜੋਂ ਸ਼ਾਮਲ ਕੀਤਾ ਗਿਆ, ਵਾਨਖੇੜੇ ਨੇ ਹੀ ਗੋਸਾਵੀ ਨੂੰ ਮੁਲਜ਼ਮਾਂ ਨੂੰ ਸੰਭਾਲਣ ਦੀ ਆਜ਼ਾਦੀ ਦਿੱਤੀ ਸੀ।
- ਐੱਸਈਟੀ ਨੇ ਆਪਣੀ ਜਾਂਚ ਵਿੱਚ ਦੇਖਿਆ ਕਿ ਸਮੀਰ ਵਾਨਖੇੜੇ ਅਤੇ ਆਸ਼ੀਸ਼ ਰੰਜਨ ਆਪਣੀ ਜਾਇਦਾਦ ਦੇ ਸਬੰਧ ਵਿੱਚ ਤਸੱਲੀਬਖਸ਼ ਸਬੂਤ ਪੇਸ਼ ਨਹੀਂ ਕਰ ਸਕੇ।
- ਆਪਣੇ ਵਿਭਾਗ ਨੂੰ ਦੱਸੇ ਬਿਨਾਂ ਸਮੀਰ ਵਾਨਖੇੜੇ ਇੱਕ ਤੀਜੇ ਵਿਅਕਤੀ ਵਿਰਲ ਰੰਜਨ ਦੇ ਨਾਲ ਮਹਿੰਗੀਆਂ ਘੜੀਆਂ ਖਰੀਦਣਾ ਅਤੇ ਵੇਚਣਾ, ਵਿੱਚ ਸ਼ਾਮਲ ਸੀ।

ਕੇਪੀ ਗੋਸਾਵੀ 'ਤੇ ਕੀ ਹਨ ਇਲਜ਼ਾਮ?
ਆਰਿਅਨ ਖ਼ਾਨ ਨਾਲ ਕਿਰਨ ਗੋਸਾਵੀ ਦੀ ਸੈਲਫੀ ਲੈਂਦੀ ਤਸਵੀਰ ਵਾਇਰਲ ਹੋ ਗਈ ਸੀ।
ਆਰਿਅਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੀ ਇਹ ਤਸਵੀਰ ਸੀ। ਇਸ ਸੈਲਫੀ ਤੋਂ ਬਾਅਦ ਕਿਰਨ ਦਾ ਕੁਝ ਪਤਾ ਨਹੀਂ ਸੀ।
ਹਾਲਾਂਕਿ, ਗੋਸਾਵੀ ਨੂੰ ਪੂਣੇ ਪੁਲਿਸ ਨੇ ਅਕਤੂਬਰ 2021 ਵਿੱਚ ਹੀ 2018 ਦੇ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਦੋ ਸਾਲ ਪਹਿਲਾਂ ਬੀਬੀਸੀ ਮਰਾਠੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੇਪੀ ਗੋਸਾਵੀ ਨੇ ਆਰਿਅਨ ਖ਼ਾਨ ਨਾਲ ਸੈਲਫੀ ਲੈਣਾ ਗ਼ਲਤ ਦੱਸਿਆ ਸੀ।
ਸੀਬੀਆਈ ਦੀ ਐੱਫਆਈਆਰ ਵਿੱਚ ਹੁਣ ਇਹ ਸਾਹਮਣੇ ਆਇਆ ਹੈ ਕਿ ਗਵਾਹ ਕੇਪੀ ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਵਾਨਖੇੜੇ ਦੇ ਨਿਰਦੇਸ਼ 'ਤੇ ਕੋਰਡੇਲੀਆ ਕਰੂਜ਼ 'ਤੇ 2 ਅਕਤੂਬਰ, 2021 ਨੂੰ ਛਾਪੇਮਾਰੀ ਲਈ ਐੱਨਸੀਬੀ ਨੇ ਸ਼ਾਮਲ ਕੀਤਾ ਸੀ।
ਪ੍ਰਭਾਕਰ ਸੈਲ ਦੀ ਮੌਤ ਹੋ ਗਈ ਹੈ।
ਇਲਜ਼ਾਮ ਹੈ ਕਿ ਗੋਸਾਵੀ ਨੇ ਆਪਣੇ ਸਾਥੀ ਸੈਨਵਿਲ ਡਿਸੂਜ਼ਾ ਨਾਲ ਮਿਲ ਕੇ ਆਰਿਅਨ ਖ਼ਾਨ ਦੇ ਪਰਿਵਾਰ ਤੋਂ 25 ਕਰੋੜ ਰੁਪਏ 'ਵਸੂਲਣ' ਦੀ ਸਾਜ਼ਿਸ਼ ਰਚੀ ਸੀ।
ਐੱਫਆਈਆਰ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਆਰਿਅਨ ਖ਼ਾਨ ਨੂੰ ਛੱਡਣ ਲਈ ਗੋਸਾਵੀ ਅਤੇ ਡਿਸੂਜ਼ਾ ਨੇ ਬਾਅਦ ਵਿੱਚ ਇਹ ਰਕਮ ਨੂੰ ਘਟਾ ਕੇ18 ਕਰੋੜ ਰੁਪਏ ਕਰ ਦਿੱਤਾ।
ਦੋਵਾਂ ਨੇ ਟੋਕਨ ਵਜੋਂ 50 ਲੱਖ ਰੁਪਏ ਵਸੂਲ ਵੀ ਕੀਤੇ ਸਨ ਅਤੇ ਬਾਅਦ ਵਿਚ ਇਸ ਦਾ ਕੁਝ ਹਿੱਸਾ ਵਾਪਸ ਕਰ ਦਿੱਤਾ ਸੀ।

ਤਸਵੀਰ ਸਰੋਤ, SOCIAL MEDIA
ਆਰਿਅਨ ਖ਼ਾਨ ਕੇਸ ਵਿੱਚ ਸਮੀਰ ਵਾਨਖੇੜੇ ਦੀ ਭੂਮਿਕਾ
ਸਮੀਰ ਵਾਨਖੇੜੇ ਅਤੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ।
ਸਮੀਰ ਵਾਨਖੇੜੇ 'ਤੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਪਬਲੀਸਿਟੀ ਹਾਸਲ ਕਰਨ ਲਈ ਬਾਲੀਵੁੱਡ ਨੂੰ ਨਿਸ਼ਾਨਾ ਬਣਾਉਂਦੇ ਸਨ।
ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ 'ਚ ਰਹਿੰਦਿਆਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕੁਝ ਹਸਤੀਆਂ ਖ਼ਿਲਾਫ਼ ਕਾਰਵਾਈ ਕੀਤੀ ਸੀ ਪਰ ਉਸ ਸਮੇਂ ਉਨ੍ਹਾਂ ਦਾ ਅਕਸ ਸਖ਼ਤ ਅਫ਼ਸਰ ਵਾਲਾ ਸੀ।
ਹਾਲਾਂਕਿ ਆਰਿਆਨ ਖ਼ਾਨ ਦੀ ਗ੍ਰਿਫ਼ਤਾਰੀ ਨੇ ਉਨ੍ਹਾਂ ਲਈ ਨਵਾਂ ਮੋੜ ਲਿਆਂਦਾ ਹੈ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਮਹਾਰਾਸ਼ਟਰ ਦੀ ਤਤਕਾਲੀ ਮਹਾ ਵਿਕਾਸ ਅਘਾੜੀ ਸਰਕਾਰ 'ਚ ਮੰਤਰੀ ਰਹੇ ਨਵਾਬ ਮਲਿਕ ਨੇ ਉਨ੍ਹਾਂ 'ਤੇ ਬਾਲੀਵੁੱਡ ਸਿਤਾਰਿਆਂ ਨੂੰ ਫਸਾਉਣ ਤੋਂ ਲੈ ਕੇ ਜਨਮ ਸਰਟੀਫਿਕੇਟ 'ਚ ਗ਼ਲਤ ਜਾਣਕਾਰੀ ਦੇਣ ਦੇ ਇਲਜ਼ਾਮ ਲਗਾਏ ਸਨ।
ਬੀਬੀਸੀ ਮਰਾਠੀ ਪੱਤਰਕਾਰ ਮਯੂਰੇਸ਼ ਕੋਨੂਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸ਼ੱਕ ਦੀ ਸੂਈ ਸਮੀਰ ਵਾਨਖੇੜੇ ਵੱਲ ਘੁੰਮਣ ਲੱਗੀ।
ਹਾਲਾਂਕਿ, ਇੱਕ ਮਾਮਲੇ ਵਿੱਚ ਨਵਾਬ ਮਲਿਕ ਨੂੰ ਕੁਝ ਸਮੇਂ ਬਾਅਦ ਜੇਲ੍ਹ ਭੇਜ ਹੋ ਗਈ ਸੀ।
ਪਰ, ਐੱਨਸੀਬੀ ਨੇ 27 ਮਈ 2022 ਨੂੰ ਆਰਿਅਨ ਖ਼ਾਨ ਨੂੰ ਕੋਰਡੇਲੀਆ ਕਰੂਜ਼ ਡਰੱਗਜ਼ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ।
ਐੱਨਸੀਬੀ ਨੇ 14 ਮੁਲਜ਼ਮਾਂ ਖ਼ਿਲਾਫ਼ ਛੇ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਇੱਥੋਂ ਹੀ ਸਮੀਰ ਵਾਨਖੇੜੇ ਦੀ ਜਾਂਚ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ ਅਤੇ ਉਹ ਖੁਦ ਵੀ ਜਾਂਚ ਦੇ ਘੇਰੇ 'ਚ ਆ ਗਏ ਸਨ।
ਪਿਛਲੇ ਸਾਲ ਐਕਸਟੈਂਸ਼ਨ ਨਾ ਮਿਲਣ ਤੋਂ ਬਾਅਦ ਸਮੀਰ ਵਾਨਖੇੜੇ ਨੇ ਵੀ ਐੱਨਸੀਬੀ ਤੋਂ ਵੀ ਵਿਦਾਈ ਹੋ ਗਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਭੇਜ ਦਿੱਤਾ ਸੀ।

ਸਮੀਰ ਵਾਨਖੇੜੇ ਕੌਣ?
ਮੂਲ ਤੌਰ 'ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਮੀਰ ਵਾਨਖੇੜੇ 2008 ਬੈਚ ਦੇ ਭਾਰਤੀ ਰਾਜਸਵ ਅਫ਼ਸਰ (ਆਈਆਰਐੱਸ) ਹਨ।
ਇਸ ਸਰਵਿਸ ਵਿੱਚ ਆਉਣ ਤੋਂ ਪਹਿਲਾਂ ਉਹ ਸਾਲ 2006 ਵਿੱਚ ਪਹਿਲੀ ਵਾਰ ਕੇਂਦਰੀ ਪੁਲਿਸ ਸੰਗਠਨ ਵਿੱਚ ਸ਼ਾਮਲ ਹੋਏ ਸਨ।
ਇੰਟੈਲੀਜੈਂਸ ਬਿਊਰੋ, ਸੀਬੀਆਈ, ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਰਗੇ ਕੁਝ ਮਹਿਕਮੇ ਸੀਪੀਓ ਦੇ ਤਹਿਤ ਆਉਂਦੇ ਹਨ।
ਸਮੀਰ ਦੇ ਪਿਤਾ ਵੀ ਐਕਸਾਈਜ਼ ਵਿਭਾਗ ਵਿੱਚ ਇੰਸਪੈਕਟਰ ਰੈਂਕ ਦੇ ਅਫ਼ਸਰ ਰਹੇ ਹਨ।

ਤਸਵੀਰ ਸਰੋਤ, SHAHID SHEIKH/BBC
ਆਈਆਰਐੱਸ ਸੇਵਾ ਵਿੱਚ ਆਉਣ ਤੋਂ ਬਾਅਦ ਵਾਨਖੇੜੇ ਨੂੰ ਕਸਟਮ ਵਿਭਾਗ ਵਿੱਚ ਲਗਾ ਦਿੱਤਾ ਗਿਆ ਸੀ।
ਉਨ੍ਹਾਂ ਨੇ ਕੁਝ ਸਾਲਾਂ ਤੱਕ ਮੁੰਬਈ ਹਵਾਈ ਅੱਡੇ ਉੱਪਰ ਸਹਾਇਕ ਕਮਿਸ਼ਨਰ ਕਸਟਮ ਦੇ ਰੂਪ ਵਿੱਚ ਕੰਮ ਕੀਤਾ।
ਕਿਹਾ ਜਾਂਦਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਕਈ ਮਸ਼ਹੂਰ ਹਸਤੀਆਂ ਨੂੰ ਕਸਟਮ ਡਿਊਟੀ ਨਾ ਚੁਕਾਉਣ ਨੂੰ ਲੈ ਕੇ ਫੜਿਆ ਸੀ।
ਉਨ੍ਹਾਂ ਨੇ ਐਕਸਾਈਜ਼ ਸੀਕਰੇਟ ਡਾਇਰੈਕਟੋਰਟ ਅਤੇ ਐੱਨਆਈਏ ਦੇ ਨਾਲ ਵੀ ਕੰਮ ਕੀਤਾ ਹੈ।
ਐੱਨਆਈਏ ਅੱਤਵਾਦ ਵਿਰੋਧੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਏਜੰਸੀ ਹੈ।
ਸਾਲ 2020 ਵਿੱਚ ਸਮੀਰ ਵਾਨਖੇੜੇ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮੁੰਬਈ ਜ਼ੋਨ ਦੇ ਡਾਇਰੈਕਟਰ ਬਣਾਇਆ ਗਿਆ।
ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਬਿਹਤਰੀਨ ਜਾਂਚ ਲਈ ਪੁਰਸਕਾਰ ਵੀ ਦਿੱਤਾ ਗਿਆ।












