ਜਲਵਾਯੂ ਪਰਿਵਰਤਨ: ਸਦੀਆਂ ਪੁਰਾਣੀ ਕਣਕ ਦੁਨੀਆਂ ਦੇ ਭੋਜਨ ਦੀ ਲੋੜ ਪੂਰਾ ਕਰੇਗੀ?

    • ਲੇਖਕ, ਰੇਬੇਕਾ ਮੋਰੇਲ ਅਤੇ ਐਲੀਸਨ ਫਰਾਂਸਿਸ
    • ਰੋਲ, ਬੀਬੀਸੀ ਨਿਊਜ਼ ਕਲਾਈਮੇਟ ਅਤੇ ਸਾਇੰਸ

ਵਰਤਮਾਨ ਸਮੇਂ ਵਿੱਚ ਜਲਵਾਯੂ ਪਰਿਵਰਤਨ, ਫ਼ਸਲੀ ਕੀੜਿਆਂ ਅਤੇ ਬਿਮਾਰੀਆਂ ਕਾਰਨ ਫਸਲਾਂ ’ਤੇ ਦਬਾਅ ਵਧ ਰਿਹਾ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਭੋਜਨ ਆਪੂਰਤੀ ਨੂੰ ਲੈ ਕੇ ਚਿੰਤਾ ਵੀ ਵਧੀ ਹੈ।

ਜਲਵਾਯੂ ਪਰਿਵਰਤਨ ਦੌਰਾਨ ਦੁਨੀਆਂ ਭਰ ਦੇ ਲੋਕਾਂ ਦਾ ਢਿੱਡ ਭਰਨ ਦਾ ਜ਼ਰੀਆ ਕੀ ਅਜਾਇਬ ਘਰਾਂ ਦੀ 300 ਸਾਲ ਪੁਰਾਣੀ ਪੂੰਜੀ 'ਚ ਲੁਕਿਆ ਹੋਇਆ ਹੈ?

‘ਨੈਚੁਰਲ ਹਿਸਟਰੀ ਮਿਊਜ਼ੀਅਮ’ ਦੇ ਪੁਰਾਲੇਖਾਂ ਵਿੱਚ ਪਈ ਕਣਕ ਦੇ 1200 ਨਮੂਨਿਆਂ ਦੀ ਜਾਂਚ ਕਰਨ ਵਾਲੇ ਵਿਗਿਆਨੀ ਇਸ ਨੂੰ ਇੱਕ ਉਮੀਦ ਵਜੋਂ ਦੇਖਦੇ ਹਨ।

ਜਿਨ੍ਹਾਂ ਨਮੂਨਿਆਂ ਤੋਂ ਸਭ ਤੋਂ ਵੱਧ ਉਮੀਦਾਂ ਹਨ, ਉਨ੍ਹਾਂ ਦੀਆਂ ਕੋਸ਼ਿਕਾਵਾਂ ਨੂੰ ਕਣਕ ਦੀਆਂ ਕੁਝ ਜਟਿਲ ਕਿਸਮਾਂ ਦੇ ਜੈਨੇਟਿਕ ਭੇਦ ਜਾਨਣ ਲਈ ਵਰਤਿਆ ਜਾ ਰਿਹਾ ਹੈ।

ਅਜਾਇਬ ਘਰ ਦੀਆਂ ਫਾਈਲਾਂ 'ਚ ਕੀ ਮੌਜੂਦ

ਅਜਾਇਬ ਘਰ ਵਿੱਚ ਕਣਕ ਦੀਆਂ ਪੁਰਾਣੀਆਂ ਕਿਸਮਾਂ ਗੱਤਿਆਂ ਦੀਆਂ ਪੁਰਾਣੀਆਂ ਫ਼ਾਈਲਾਂ ਵਿੱਚ, ਸਾਫ਼ ਸੁਥਰੇ ਤਰੀਕੇ ਨਾਲ ਤਰਤੀਬ ਵਿੱਚ ਸਾਂਭੀਆਂ ਹੋਈਆਂ ਹਨ।

ਹਰ ਇੱਕ ਵਿੱਚ ਸਦੀਆਂ ਪਹਿਲਾਂ ਤੋਂ ਸੁੱਕੇ ਪੱਤੇ, ਅਨਾਜ ਦੀਆਂ ਜੜ੍ਹਾਂ ਜਾਂ ਬੱਲੀਆਂ ਅਤੇ ਕਈਆਂ ਵਿੱਚ ਇਹ ਸਭ ਕੁਝ ਸਾਂਭਿਆ ਗਿਆ ਹੈ।

ਧਿਆਨ ਨਾਲ ਇਨ੍ਹਾਂ ਉੱਤੇ ਨਾਮ ਲਿਖੇ ਗਏ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਖ਼ੂਬਸੂਰਤ ਲਿਖਾਈ ਵਿੱਚ ਹਨ। ਕਿਹੜੀ ਕਿਸਮ ਕਦੋਂ ਅਤੇ ਕਿੱਥੋਂ ਮਿਲੀ, ਇਸ ਬਾਰੇ ਪੂਰੀ ਲਾਭਕਾਰੀ ਜਾਣਕਾਰੀ ਮੌਜੂਦ ਹੈ।

ਸਾਰੇ ਪੁਰਾਲੇਖਾਂ ਨੂੰ ਡਿਜੀਟਲ ਕਰ ਰਹੀ ਟੀਮ ਦੀ ਮੈਂਬਰ ਲੈਰਿਸਾ ਵੇਲਟਨ ਨੇ ਕਿਹਾ, “ਇਹ ਸੰਗ੍ਰਹਿ 1700ਵਿਆਂ ਤੱਕ ਫੈਲਿਆ ਹੋਇਆ ਹੈ। ਕੈਪਟਨ ਕੁਕ ਦੇ ਆਸਟ੍ਰੇਲੀਆ ਦੇ ਪਹਿਲੇ ਸਫ਼ਰ ਦੌਰਾਨ ਮਿਲਿਆ ਨਮੂਨਾ ਵੀ ਇਸ ਵਿੱਚ ਸ਼ਾਮਲ ਹੈ।”

ਜੇਮਜ਼ ਕੁਕ ਵਾਲਾ ਨਮੂਨਾ ਇੱਕ ਜੰਗਲੀ ਕਣਕ ਦੇ ਪੌਦੇ ਦਾ ਹੈ। ਇਹ ਨੁਕੀਲਾ ਅਤੇ ਘਾਹ ਵਰਗਾ ਦਿੱਸਦਾ ਹੈ, ਜੋ ਕਿ ਅਜੋਕੇ ਸਮੇਂ ਉਗਾਈ ਜਾਣ ਵਾਲੀ ਫਸਲ ਤੋਂ ਕਾਫ਼ੀ ਵੱਖ ਹੈ। ਪਰ ਇਹੀ ਉਹ ਵਖਰੇਵੇਂ ਹਨ ਜਿਨ੍ਹਾਂ ਵਿੱਚ ਟੀਮ ਦੀ ਰੁਚੀ ਹੈ।

“ਸਾਡੇ ਕੋਲ ਕਈ ਖੇਤੀਬਾੜੀ ਤਕਨੀਕਾਂ ਤੋਂ ਜਾਣੂ ਹੋਣ ਤੋਂ ਪਹਿਲਾਂ ਦੇ ਵੀ ਨਮੂਨੇ ਹਨ, ਇਹ ਸਾਨੂੰ ਦੱਸ ਸਕਦੇ ਹਨ ਕਿ ਬਣਾਉਟੀ ਖਾਦਾਂ ਤੋਂ ਪਹਿਲਾਂ ਕਣਕ ਜੰਗਲਾਂ ਵਿੱਚ ਕਿਵੇਂ ਉੱਗ ਰਹੀ ਸੀ।”

  • ਜਲਵਾਯੂ ਪਰਿਵਰਤਨ, ਫ਼ਸਲੀ ਕੀੜਿਆਂ ਅਤੇ ਬਿਮਾਰੀਆਂ ਕਾਰਨ ਫਸਲਾਂ ’ਤੇ ਦਬਾਅ ਵਧ ਰਿਹਾ ਹੈ
  • ਇਸ ਨਾਲ ਆਉਣ ਵਾਲੇ ਸਮੇਂ ਵਿੱਚ ਭੋਜਨ ਆਪੂਰਤੀ ਨੂੰ ਲੈ ਕੇ ਚਿੰਤਾ ਵੀ ਵਧੀ ਹੈ
  • ਪਰ ਵਿਗਿਆਨੀਆਂ ਨੂੰ ‘ਨੈਚੁਰਲ ਹਿਸਟਰੀ ਮਿਊਜ਼ੀਅਮ’ ਦੇ ਪੁਰਾਲੇਖਾਂ ਵਿੱਚ ਪਈ ਕਣਕ ਦੇ ਨਮੂਨਿਆਂ ਤੋਂ ਕੁਝ ਉਮੀਦ ਨਜ਼ਰ ਆਈ ਹੈ
  • ਇਹ ਨਮੂਨੇ ਲਗਭਗ 300 ਸਾਲ ਪੁਰਾਣੇ ਹਨ ਤੇ ਇਨ੍ਹਾਂ ਬਾਰੇ ਕਾਫ਼ੀ ਜਾਣਕਾਰੀ ਮੌਜੂਦ ਹੈ
  • ਵਿਗਿਆਨੀ ਕਣਕ ਦੀਆਂ ਅਜਿਹੀਆਂ ਕਿਸਮਾਂ ਲੱਭ ਰਹੇ ਹਨ ਜੋ ਸਖ਼ਤ ਮੌਸਮਾਂ ਵਿੱਚ ਵੀ ਉੱਗ ਸਕਣ

ਕਣਕ ਕਿਉਂ ਅਹਿਮ ਹੈ?

ਕਣਕ ਦੁਨੀਆਂ ਵਿੱਚ ਸਭ ਤੋਂ ਅਹਿਮ ਫਸਲਾਂ ਵਿੱਚੋਂ ਇੱਕ ਹੈ। ਇਹ ਬਹੁਤ ਸਾਰੇ ਭੋਜਨਾਂ ਲਈ ਵਰਤੀ ਜਾਂਦੀ ਹੈ ਜਿਵੇਂ ਕਿ ਬਰੈੱਡ, ਪਾਸਤਾ, ਨਾਸ਼ਤੇ ਦੇ ਅਨਾਜ ਤੇ ਕੇਕ ਲਈ। ਇਹ ਸਾਡੇ ਅਹਾਰ ਦਾ ਜ਼ਰੂਰੀ ਹਿੱਸਾ ਹੈ।

ਕਣਕ ਦੀ ਚੰਗੀ ਪੈਦਾਵਾਰ ਵਾਲੇ ਯੁਕਰੇਨ ਵਿੱਚ ਜੰਗ ਕਾਰਨ ਦੁਨੀਆਂ ਭਰ ਵਿੱਚ ਕਣਕ ਦੀ ਸਪਲਾਈ ਨੂੰ ਖਤਰਾ ਪੈਦਾ ਹੋ ਗਿਆ ਹੈ।

ਪਰ ਇਹ ਇਕਲੌਤੀ ਸਮੱਸਿਆ ਨਹੀਂ ਹੈ।

ਜਲਵਾਯੂ ਪਰਿਵਰਤਨ ਦਾ ਭੋਜਨ ਉੱਤੇ ਅਸਰ

ਭੋਜਨ ਉੱਤੇ ਜਲਵਾਯੂ ਪਰਿਵਰਤਨ ਅਤੇ ਇਸ ਨਾਲ ਆ ਰਹੇ ਅਤਿ ਸਖ਼ਤ ਮੌਸਮਾਂ ਦਾ ਵੀ ਅਸਰ ਪੈ ਰਿਹਾ ਹੈ।

ਵਿਗਿਆਨੀਆਂ ਦੀ ਗਿਣਤੀ ਮੁਤਾਬਕ ਆਲਮੀ ਤਾਪਮਾਨ ਵਿੱਚ 1 ਸੈਲਸੀਅਸ ਉਛਾਲ ਕਾਰਨ ਕਣਕ ਦੀ ਪੈਦਾਵਾਰ ਅਜੋਕੇ ਸਮੇਂ ਨਾਲੋਂ 6.4 ਫੀਸਦੀ ਤੱਕ ਘਟ ਸਕਦੀ ਹੈ।

ਕੀੜੇ ਅਤੇ ਬਿਮਾਰੀਆਂ ਵੀ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਕਾਰਨ ਕਣਕ ਦੀ ਅਨੁਮਾਨਿਤ ਪੈਦਾਵਾਰ ਹਰ ਸਾਲ ਪੰਜਵਾਂ ਹਿੱਸਾ ਘਟ ਰਹੀ ਹੈ।

ਕਣਕ ਦੀਆਂ ਆਧੁਨਿਕ ਫਸਲਾਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ।

1950ਵਿਆਂ ਅਤੇ 1960ਵਿਆਂ ਦੌਰਾਨ ਹਰੀ ਕ੍ਰਾਂਤੀ ਨੇ ਕਿਸਾਨਾਂ ਨੂੰ ਵੱਧ ਝਾੜ ਵਾਲੀਆਂ ਕਿਸਮਾਂ ਵੱਲ ਭੇਜਿਆ। ਪਰ ਵਧੇਰੇ ਝਾੜ ਵਾਲੀਆਂ ਕਿਸਮਾਂ ਪਿੱਛੇ ਭੱਜਣ ਦਾ ਮਤਲਬ ਸੀ ਦੂਜੀਆਂ ਕਿਸਮਾਂ ਦਾ ਦਰਕਿਨਾਰ ਹੋਣਾ।

ਦਰਕਿਨਾਰ ਹੋਈਆਂ ਕਿਸਮਾਂ ਵਿੱਚ ਉਹ ਫਸਲਾਂ ਵੀ ਸਨ ਜੋ ਅਤਿ ਸਖ਼ਤ ਮੌਸਮ ਦੇ ਹਾਲਾਤ ਝੱਲਣ ਦੀ ਸਮਰੱਥਾ ਰੱਖਦੀਆਂ ਸਨ। ਇਸ ਨਾਲ ਕਣਕ ਵਿੱਚ ਵਿਭਿੰਨਤਾ ਵੀ ਘਟ ਗਈ।

ਕਿਹੋ ਜਿਹੀਆਂ ਫਸਲਾਂ ਦੀ ਹੈ ਲੋੜ

ਅਜਾਇਬ ਘਰ ਵਿੱਚ ਜੈਨੇਟਿਕ ਮਾਹਿਰ ਡਾ.ਮੈਥਿਊ ਕਲਾਰਕ ਨੇ ਕਿਹਾ, “ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਇੱਥੇ ਅਜਿਹੀਆਂ ਕਿਹੜੀਆਂ ਚੀਜ਼ਾਂ ਹਨ ਜੋ ਅਸੀਂ ਗੁਆ ਲਈਆਂ ਅਤੇ ਜਿਨ੍ਹਾਂ ਨੂੰ ਲੱਭ ਕੇ ਅਸੀਂ ਆਧੁਨਿਕ ਕਿਸਮਾਂ ਵਿੱਚ ਲਿਆ ਸਕਦੇ ਹਾਂ।”

ਇਹ ਅਹਿਮ ਹੈ, ਜਿਵੇਂ ਅਬਾਦੀ ਵਧੇਗੀ ਤਾਂ ਦੁਨੀਆਂ ਨੂੰ ਕਣਕ ਦੀ ਵਧੇਰੇ ਲੋੜ ਪਏਗੀ। ਅਨੁਮਾਨ ਮੁਤਾਬਕ 2050 ਤੱਕ 60 ਫੀਸਦੀ ਵੱਧ ਕਣਕ ਦੀ ਲੋੜ ਪਵੇਗੀ।

ਇਸ ਲਈ ਵਿਗਿਆਨੀਆਂ ਨੂੰ ਕਣਕ ਦੀਆਂ ਉਹ ਕਿਸਮਾਂ ਖੋਜਣ ਦੀ ਲੋੜ ਹੈ ਜੋ ਉੱਥੇ ਉੱਗ ਸਕਣ ਜਿੱਥੇ ਹੁਣ ਨਹੀਂ ਉੱਗ ਸਕਦੀਆਂ। ਨਾਲ ਹੀ ਉਹ ਫਸਲਾਂ ਖੋਜਣ ਦੀ ਲੋੜ ਹੈ ਜੋ ਬਦਲਦੇ ਵਾਤਾਵਰਣ ਵਿੱਚ ਜਿਉਂਦੀਆਂ ਰਹਿ ਸਕਣ।

ਡਾ. ਕਲਾਰਕ ਨੇ ਕਿਹਾ, “ਉਦਾਹਰਨ ਵਜੋਂ, ਗਰਮ ਅਤੇ ਖੁਸ਼ਕ ਜਲਵਾਯੂ ਵਾਲੇ ਹਾਸ਼ੀਏ ’ਤੇ ਪਏ ਖੇਤਰਾਂ ਵਿੱਚ ਬਚੀਆਂ ਰਹਿ ਸਕਣ ਵਾਲੀਆਂ ਕਿਸਮਾਂ ਦੀ ਭਾਲ ਹੈ ਜੋ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੀ ਫੂਡ ਸਪਲਾਈ ਵਧਾਉਣ ਵਿੱਚ ਮਦਦ ਕਰਨ ਸਕਣ।”

ਉਨ੍ਹਾਂ ਨੇ ਸਮਝਾਇਆ ਕਿ ਇਹ ਪਰੰਪਰਾਗਤ ਤਰੀਕਿਆਂ ਨਾਲ ਪੌਦੇ ਦੇ ਪਰਜਨਣ, ਜੈਨੇਟਿਕ ਸੋਧਾਂ ਜਾਂ ਕੌਸ਼ਿਕਾਵਾਂ ਨੂੰ ਜੋੜਨ, ਹਟਾਉਣ ਜਾਂ ਬਦਲਣ ਦੀ ਤਕਨੀਕ ਨਾਲ ਕੀਤਾ ਜਾ ਸਕਦਾ ਹੈ।

ਵਿਗਿਆਨੀਆਂ ਦੀਆਂ ਕੋਸ਼ਿਸ਼ਾਂ

ਨੌਰਵਿਚ ਦੇ ਜੌਹਨ ਇਨਸ ਸੈਂਟਰ ਦੇ ਵਿਗਿਆਨੀ ਵੀ ਪੁਰਾਣੇ ਕਣਕ ਦੇ ਨਮੂਨੇ ਲੱਭ ਰਹੇ ਹਨ।

ਉਨ੍ਹਾਂ ਦੇ ਪੁਰਾਲੇਖ ਜਿਨ੍ਹਾਂ ਨੂੰ 'ਵਾਟਕਿਨਜ਼ ਲੈਂਡਰੇਸ ਕੁਲੈਕਸ਼ਨ' ਕਿਹਾ ਜਾਂਦਾ ਹੈ, ਜੋ ਸੌ ਸਾਲ ਪੁਰਾਣੇ ਹਨ ਅਤੇ ਉਸ ਵਿੱਚ ਦੁਨੀਆਂ ਭਰ ਦੀਆਂ ਕਿਸਮਾਂ ਇਕੱਠੀਆਂ ਕੀਤੀਆਂ ਗਈਆਂ ਹਨ।

ਇਹ ਠੰਡੇ 4 ਸੈਲਸੀਅਸ ਤਾਪਮਾਨ ਵਿੱਚ ਰੱਖੇ ਗਏ ਹਨ ਤਾਂ ਕਿ ਬੀਜ ਜਿਉਂਦੇ ਰਹਿ ਸਕਣ ਯਾਨੀ ਉਨ੍ਹਾਂ ਨੂੰ ਬੀਜਿਆ ਅਤੇ ਉਗਾਇਆ ਜਾ ਸਕੇ।

ਇਸ ਸੰਗ੍ਰਹਿ ਨੂੰ ਦੇਖਦਿਆਂ ਡਾ.ਸਾਇਮਨ ਗਰਿਫਿਥਸ ਨੇ ਦੱਸਿਆ, “ਅਸੀਂ ਨਵੇਂ ਅਤੇ ਲਾਭਦਾਇਕ ਜੈਨਿਟਿਕ ਪਰਿਵਰਤਨ ਦੀ ਭਾਲ ਕਰ ਰਹੇ ਹਾਂ।”

ਇਸ ਲਈ ਬਿਮਾਰੀਆਂ ਰੋਕਣ ਦੀ ਸਮਰੱਥਾ, ਤਣਾਅ ਰੋਕਣ ਦੀ ਸਮਰੱਥਾ, ਵੱਧ ਪੈਦਾਵਾਰ ਅਤੇ ਖਾਦਾਂ ਦੀ ਵੱਧ ਕੁਸ਼ਲਤਾ ਵਾਲੀਆਂ ਕਿਸਮਾਂ ਬਣਾ ਸਕੀਏ।

ਜੌਹਨ ਇਨਸ ਦੀ ਟੀਮ ਕੁਝ ਪੁਰਾਣੀਆਂ ਕਿਸਮਾਂ ਕੱਢ ਕੇ ਉਨ੍ਹਾਂ ਨੂੰ ਨਵੀਂ ਕਿਸਮਾਂ ਨਾਲ 'ਕਰੌਸ-ਬਰੀਡਿੰਗ' ਕਰਵਾ ਰਹੀ ਹੈ ਅਤੇ ਉਨ੍ਹਾਂ ਨੂੰ ਕੁਝ ਸਫਲਤਾ ਵੀ ਮਿਲੀ ਹੈ।

ਡਾ.ਗਰਿਫਿਥਸ ਨੇ ਕਿਹਾ, “ਕਣਕ ਦੀ ਇੱਕ ਬਹੁਤ ਅਹਿਮ ਬਿਮਾਰੀ 'ਯੈਲੋ ਰਸਟ' ਯਾਨੀ ਪੀਲੀ ਕੁੰਗੀ ਜੋ ਪੂਰੀ ਦੁਨੀਆ ਦੀ ਸਮੱਸਿਆ ਹੈ ਅਤੇ ਇਸ ਉੱਤੇ ਕਾਬੂ ਪਾਉਣਾ ਬਹੁਤ ਔਖਾ ਹੋ ਰਿਹਾ ਹੈ।”

ਪੁਰਾਣੀ ਕਣਕ ਦੀਆਂ ਕਿਸਮਾਂ ਵਿੱਚ ਇਸ ਬਿਮਾਰੀ ਖਿਲਾਫ਼ ਲੜਣ ਦੀ ਸਮਰੱਥਾ ਹੈ। ਨਵੀਂ ਕਿਸਮਾਂ ਤਿਆਰ ਕਰਨ ਵਾਲੇ, ਕਣਕ ਉਤਪਾਦਨ ਲਈ ਸਭ ਤੋਂ ਵੱਡੇ ਖਤਰੇ ਖ਼ਿਲਾਫ਼ ਲੜਨ ਵਾਲੀਆਂ ਕਿਸਮਾਂ ਤਿਆਰ ਕਰਨ ਵਿੱਚ ਲੱਗੇ ਹਨ।

ਟੀਮ ਕਣਕ ਦੀਆਂ ਵਧੇਰੇ ਪੌਸ਼ਟਿਕ ਕਿਸਮਾਂ ਲੱਭਣ ਵਿੱਚ ਵੀ ਰੁਚੀ ਰੱਖਦੀ ਹੈ।

ਉਨ੍ਹਾਂ ਨੇ ਕਿਹਾ, “ਕਣਕ ਵਿੱਚ ਕੀ ਹੈ, ਇਸ ਬਾਰੇ ਵੀ ਸੋਚਣਾ ਚਾਹੀਦਾ ਹੈ। ਅਸੀਂ ਜਾਣਦੇ ਹਾਂ ਕਿ ਕਣਕ ਵਿੱਚ ਫਾਾਈਬਰ ਅਤੇ ਖਣਿਜਾਂ ਦੀ ਮਾਤਰਾ ਵਧਾਈ ਜਾ ਸਕਦੀ ਹੈ।”

ਉਨ੍ਹਾਂ ਅੱਗੇ ਕਿਹਾ, “ਕਾਫ਼ੀ ਵਿਭਿੰਨਤਾ ਹੈ ਜਿਸ ਬਾਰੇ ਕਣਕ ਦੇ ਆਧੁਨਿਕ ਬ੍ਰੀਡਰ ਹਾਲੇ ਜਾਣ ਨਹੀਂ ਸਕੇ ਹਨ ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਇਹ ਉਨ੍ਹਾਂ ਲਈ ਕਰ ਸਕਦੇ ਹਾਂ।”

ਜੋ ਕਣਕ ਅਸੀਂ ਪੈਦਾ ਕਰਦੇ ਹਾਂ, ਉਸ ਨੂੰ ਬਦਲਣਾ ਪਏਗਾ। ਵਿਗਿਆਨੀ ਉਮੀਦ ਕਰਦੇ ਹਨ ਕਿ ਅਤੀਤ ’ਤੇ ਨਜ਼ਰ ਮਾਰ ਕੇ ਅਤੇ ਗੁਆਚ ਚੁੱਕੀਆਂ ਕਿਸਮਾਂ ਨੂੰ ਦੁਬਾਰਾ ਲੱਭ ਕੇ ਅਸੀਂ ਬਿਹਤਰ ਢੰਗ ਨਾਲ ਅੱਗੇ ਵਧ ਸਕਦੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)