'ਚੰਗਾ' ਖਾਣਾ ਖਾਣ ਦੀ ‘ਲਤ’ ਤੁਹਾਨੂੰ ਇੰਝ ਕਰ ਸਕਦੀ ਹੈ ਬਿਮਾਰ

    • ਲੇਖਕ, ਜੈਕਿੰਗ ਮੈਟਿਓ ਮੋਲਾ
    • ਰੋਲ, 'ਦਿ ਕਨਵਰਸੇਸ਼ਨ'

ਚੰਗੀ ਸਿਹਤ ਲਈ ਵਧੀਆ ਭੋਜਨ ਬਹੁਤ ਜ਼ਰੂਰੀ ਹੈ ਅਤੇ ਅੱਜ ਦੇ ਹਾਲਾਤਾਂ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ।

ਪ੍ਰੋਸੈਸਡ ਖਾਣਾ ਅਤੇ ਇਸ ਦੀ ਮਸ਼ਹੂਰੀ ਨੇ ਖਾਣੇ ਨੂੰ ਲੈ ਕੇ ਲੋਕਾਂ ਦੀ ਧਾਰਨਾ ਨੂੰ ਬਦਲ ਦਿੱਤਾ ਹੈ।

ਸਮੇਂ ਦੇ ਨਾਲ ਹਰ ਰੋਜ਼ ਲੋਕ 'ਫਾਸਟ ਫੂਡ' ਦੀ ਵਰਤੋਂ ਘਟਾਉਣ 'ਤੇ ਜ਼ੋਰ ਦੇ ਰਹੇ ਹਨ। ਲੋਕ ਹੁਣ ਕੁਦਰਤੀ ਰੂਪ ਵਿੱਚ ਤਿਆਰ ਕੀਤੇ ਖਾਣੇ 'ਤੇ ਜ਼ੋਰ ਦੇ ਰਹੇ ਹਨ ਅਤੇ ਪ੍ਰੋਸੈਸਡ ਖਾਣੇ ਨੂੰ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿੱਚੋਂ ਘਟਾ ਰਹੇ ਹਨ।

ਇਹ ਇੱਕ ਜੰਗ ਵਾਂਗ ਹੈ, ਜਿੱਥੇ ਇੱਕ ਪਾਸੇ ਵੱਡੇ ਕਾਰਪੋਰੇਟ ਹਨ ਅਤੇ ਦੂਸਰੇ ਪਾਸੇ ਸਿਹਤ ਪ੍ਰਤੀ ਜਾਗਰੂਕ ਲੋਕ।

ਇਹ ਵੀ ਪੜ੍ਹੋ:

ਇਨ੍ਹਾਂ ਸਾਰੇ ਹਾਲਾਤਾਂ ਨੇ ਔਰਥੋਰੈਕਸੀਆ ਨੂੰ ਜਨਮ ਦਿੱਤਾ ਹੈ ਅਤੇ ਇਹ ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿੱਚ ਹੋ ਰਿਹਾ ਹੈ।

ਕੀ ਹੈ ਔਰਥੋਰੈਕਸੀਆ

ਔਰਥੋਰੈਕਸੀਆ ਯੂਨਾਨੀ ਭਾਸ਼ਾ ਤੋਂ ਨਿਕਲਿਆ ਸ਼ਬਦ ਹੈ। ਓਰਥੋਸ ਮਤਲਬ ਸਹੀ ਅਤੇ ਰੈਕਸੀਆ ਮਤਲਬ ਖਾਣਾ। ਇਸ ਸਦੀ ਦੇ ਸ਼ੁਰੂਆਤ ਵਿੱਚ ਡਾ. ਸਟੀਵਨ ਬ੍ਰੈਡਮੈਨ ਨੇ ਇਸ ਸ਼ਬਦ ਨੂੰ ਵਰਤਿਆ ਸੀ। ਹਾਲਾਂਕਿ ਖਾਣ-ਪੀਣ ਨਾਲ ਜੁੜੀਆਂ ਬਿਮਾਰੀਆਂ ਦੀ ਅਧਿਕਾਰਿਕ ਸੂਚੀ ਵਿੱਚ ਇਸ ਦਾ ਵਰਨਣ ਨਹੀਂ ਹੈ।

ਔਰਥੋਰੈਕਸੀਆ ਨਾਲ ਪ੍ਰਭਾਵਿਤ ਲੋਕ ਸਿਹਤਮੰਦ ਖਾਣਾ ਖਾਣ ਬਾਰੇ ਹੀ ਸੋਚਦੇ ਰਹਿੰਦੇ ਹਨ ਅਤੇ ਜ਼ਿਆਦਾਤਰ ਸਮਾਂ ਇਸ ਬਾਰੇ ਪੜ੍ਹਨ ਅਤੇ ਇਸ ਨੂੰ ਬਣਾਉਣ ਵਿੱਚ ਨਿਕਲ ਜਾਂਦਾ ਹੈ।

ਅਹਿਜੇ ਲੋਕਾਂ ਦੁਆਰਾ ਆਪਣੇ ਤੌਰ 'ਤੇ ਖਾਣੇ ਬਾਰੇ ਕੀਤੀ ਗਈ ਉਨ੍ਹਾਂ ਦੀ ਖੋਜ ਉਨ੍ਹਾਂ ਦੇ ਖਾਣੇ ਵਿੱਚ ਵੱਡੇ ਬਦਲਾਅ ਦਾ ਕਾਰਨ ਬਣ ਜਾਂਦੀ ਹੈ। ਸਮੱਸਿਆ ਇਹ ਹੁੰਦੀ ਹੈ ਕਿ ਜੋ ਉਹ ਸੋਚਦੇ ਹਨ ਕਿ ਸਿਹਤਮੰਦ ਹੈ ਉਹ ਜ਼ਰੂਰੀ ਨਹੀਂ ਕਿ ਵਿਗਿਆਨ ਦੇ ਆਧਾਰ 'ਤੇ ਸਿਹਤਮੰਦ ਹੀ ਹੋਵੇ।

ਅਜਿਹੇ ਵਿੱਚ ਕਈ ਵਾਰ ਖਾਣੇ ਵਿੱਚੋਂ ਉਹ ਮਹੱਤਵਪੂਰਨ ਚੀਜ਼ਾਂ ਉਹ ਆਪ ਹੀ ਕੱਢ ਦਿੰਦੇ ਹਨ ਜੋ ਕਈ ਵਾਰ ਸਿਹਤ ਲਈ ਜ਼ਰੂਰੀ ਹੁੰਦੀਆਂ ਹਨ। ਸਾਲ ਦਰ ਸਾਲ ਹਾਲਾਤ ਹੋਰ ਗੰਭੀਰ ਹੁੰਦੇ ਰਹਿੰਦੇ ਹਨ ਜਦੋਂ ਅਜਿਹੇ ਲੋਕ ਖਾਣ ਪੀਣ ਬਾਰੇ ਸੋਚ ਸੋਚ ਕੇ ਪਰੇਸ਼ਾਨ ਹੁੰਦੇ ਹਨ।

ਇਸ ਸਮੱਸਿਆ ਨਾਲ ਪ੍ਰਭਾਵਿਤ ਲੋਕ ਕਈ ਵਾਰ ਦਿਨ ਵਿੱਚ ਤਿੰਨ ਘੰਟੇ ਸਿਰਫ਼ ਖਾਣਾ ਚੁਣਨ, ਬਣਾਉਣ ਅਤੇ ਇਸ ਬਾਰੇ ਆਪਣੀ ਖੋਜ 'ਤੇ ਗੁਜ਼ਾਰ ਦਿੰਦੇ ਹਨ। ਇਹੀ ਕਾਰਨ ਹੈ ਕਿ ਕਈ ਵਾਰ ਖਾਣ ਪੀਣ ਨਾਲ ਮਜ਼ਾ ਅਤੇ ਖੁਸ਼ੀ ਖਾਣੇ ਵਿੱਚੋਂ ਗਾਇਬ ਹੋ ਜਾਂਦੀ ਹੈ।

ਕਈ ਵਾਰ ਅਜਿਹੇ ਲੋਕ ਜਦੋਂ ਕੁਝ ਅਜਿਹਾ ਖਾ ਲੈਂਦੇ ਹਨ ਜੋ ਉਨ੍ਹਾਂ ਨੇ ਆਪਣੇ ਆਪ ਲਈ ਮਨ੍ਹਾ ਕੀਤਾ ਹੁੰਦਾ ਹੈ ਤਾਂ ਇੱਕ ਪਛਤਾਵੇ ਦੀ ਭਾਵਨਾ ਉਨ੍ਹਾਂ ਅੰਦਰ ਘਰ ਕਰ ਲੈਂਦੀ ਹੈ।

ਔਰਥੋਰੈਕਸੀਆ ਨਾਲ ਪ੍ਰਭਾਵਿਤ ਲੋਕ ਇਸ ਨੂੰ ਸਮੱਸਿਆ ਨਹੀਂ ਮੰਨਦੇ, ਇਸ ਲਈ ਉਹ ਇਲਾਜ ਬਾਰੇ ਨਹੀਂ ਸੋਚਦੇ।

ਔਰਥੋਰੈਕਸੀਆ ਦਾ ਸਿਹਤ ਉੱਪਰ ਪ੍ਰਭਾਵ

ਖਾਣ-ਪੀਣ ਨੂੰ ਲੈ ਕੇ ਆਪਣੇ ਆਪ ਉੱਪਰ ਲਗਾਈਆਂ ਪਾਬੰਦੀਆਂ ਕਈ ਤਰੀਕੇ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ।

ਵਿਗਿਆਨੀਆਂ ਨੇ ਇਹ ਵੀ ਪਾਇਆ ਹੈ ਕਿ ਇਸ ਦਾ ਜ਼ਿਆਦਾ ਪ੍ਰਭਾਵ ਔਰਤਾਂ ਉੱਪਰ ਪੈਂਦਾ ਹੈ। ਔਰਥੋਰੈਕਸੀਆ ਔਰਤ ਦੀ ਸਰੀਰਕ ਅਤੇ ਮਾਨਸਿਕ ਪ੍ਰਗਤੀ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਇਸ ਲਈ ਸਾਫ਼ ਹੈ ਕਿ ਇਸ ਸਮੱਸਿਆ ਤੋਂ ਪੀੜਤ ਔਰਤਾਂ ਨੂੰ ਇਲਾਜ ਅਤੇ ਧਿਆਨ ਦੀ ਵਿਸ਼ੇਸ਼ ਲੋੜ ਹੁੰਦੀ ਹੈ।

ਸਭ ਤੋਂ ਵੱਧ ਪ੍ਰਭਾਵ ਸਰੀਰ ਉੱਪਰ ਪੈਂਦਾ ਹੈ। ਕੁਝ ਹਲਾਤਾਂ ਵਿੱਚ ਅਨੀਮੀਆ ਸਰੀਰ ਵਿੱਚ ਰਸਾਇਣਾਂ ਦੀ ਕਮੀ ਅਤੇ ਕੁਪੋਸ਼ਣ ਵੀ ਹੋ ਸਕਦਾ ਹੈ।

ਕਈ ਵਾਰ ਇਹ ਮੈਟਾਬੋਲਿਕ ਸਮੱਸਿਆਵਾਂ ਦਾ ਕਾਰਨ ਵੀ ਬਣ ਜਾਂਦਾ ਹੈ। ਕੁਝ ਬੀਮਾਰੀਆਂ ਨੂੰ ਖਾਸ ਤਰੀਕੇ ਨਾਲ ਹੀ ਸਮਝਿਆ ਅਤੇ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਕਈ ਵਾਰੀ ਇਸ ਕਰਕੇ ਸਮੱਸਿਆਵਾਂ ਹੋਰ ਗੁੰਝਲਦਾਰ ਹੋ ਜਾਂਦੀਆਂ ਹਨ।

ਮਨੋਵਿਗਿਆਨਕ ਤੌਰ 'ਤੇ ਵੀ ਡਿਪਰੈਸ਼ਨ,ਪਰੇਸ਼ਾਨੀ ਅਤੇ ਚਿੰਤਾ ਦਾ ਕਾਰਨ ਬਣ ਜਾਂਦਾ ਹੈ। ਇਸ ਦੇ ਨਾਲ ਹੀ ਇਹ ਓਬਸੈਸਿਵ ਕੰਮਪਲਸਿਵ ਡਿਸਆਰਡਰ ਦਾ ਕਾਰਨ ਵੀ ਬਣ ਜਾਂਦਾ ਹੈ।

ਇਸ ਸਮੱਸਿਆ ਨੂੰ ਸਮੱਸਿਆ ਨਾ ਮੰਨਣਾ ਵੀ ਇੱਕ ਸਮੱਸਿਆ ਹੈ। ਸਮਾਜਿਕ ਤੌਰ 'ਤੇ ਵੀ ਇਹ ਗੱਲਾਂ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜ਼ਿਆਦਾ ਮੋਟੇ, ਪਤਲੇ ਹੋਣ ਕਾਰਨ ਮਜ਼ਾਕ ਦਾ ਕੇਂਦਰ ਬਣਨ ਕਰਕੇ ਵੀ ਕੁਝ ਲੋਕ ਸਿਹਤਮੰਦ ਖਾਣਾ ਖਾਣ ਨੂੰ ਤਰਜੀਹ ਦਿੰਦੇ ਹਨ। ਕਈ ਵਾਰ ਇਹ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ।

ਔਰਥੋਰੈਕਸੀਆ ਦੇ ਪ੍ਰਭਾਵ ਨੂੰ ਸਮਝਣ ਲਈ ਅਜੇ ਹੋਰ ਖੋਜ ਦੀ ਜ਼ਰੂਰਤ ਹੈ। ਭਵਿੱਖ ਵਿੱਚ ਇਸ ਵਿਸ਼ੇ ਦੇ ਇਲਾਜ ਵਿੱਚ ਇਹ ਜ਼ਰੂਰੀ ਹੋਵੇਗਾ ਕਿ ਖਾਣੇ ਨੂੰ ਮਾਨਸਿਕ ਅਤੇ ਸਰੀਰਿਕ ਵਿਕਾਸ ਨਾਲ ਜੋੜ ਕੇ ਦੇਖਿਆ ਜਾਵੇ।

ਇਹ ਲੇਖ 'ਦਿ ਕਨਵਰਸੇਸ਼ਨ' ਚ' ਛਪਿਆ ਸੀ। ਜੈਕਿੰਗ ਮੈਟਿਓ ਮੋਲਾ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਵੈਲੇਨਸਿਆਨਾ ਵਿਖੇ ਐਡਜੰਕਟ ਪ੍ਰੋਫ਼ੈਸਰ ਹਨ ਅਤੇ ਕਲੀਨੀਕਲ ਸਾਈਕਾਲੋਜੀ ਦੇ ਡਾਕਟਰ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)