ਵੇਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਦੇ ਸੱਤਿਆ ਸਾਈਂ ਬਾਬਾ ਦੇ ਸ਼ਰਧਾਲੂ ਹੋਣ ਬਾਰੇ ਕੀ ਚਰਚਾ ਹੈ

ਤਸਵੀਰ ਸਰੋਤ, satyasai.org
ਪੁਟਾਪਰਥੀ ਵਿੱਚ ਸ਼੍ਰੀ ਸੱਤਿਆ ਸਾਈਂ ਸੈਂਟਰਲ ਟਰੱਸਟ ਦੇ ਮੈਨੇਜਿੰਗ ਟ੍ਰਸਟੀ ਆਰ.ਜੇ. ਰਤਨਾਕਰ ਨੇ ਬੀਬੀਸੀ ਨੂੰ ਦੱਸਿਆ, "ਹਾਂ...ਮਾਦੁਰੋ ਸੱਤਿਆ ਸਾਈਂ ਬਾਬਾ ਦੇ ਸ਼ਰਧਾਲੂ ਹਨ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਨੇ 2005 ਵਿੱਚ ਪੁਟਾਪਰਥੀ ਵਿੱਚ ਸੱਤਿਆ ਸਾਈਂ ਬਾਬਾ ਆਸ਼ਰਮ ਦਾ ਦੌਰਾ ਕੀਤਾ ਸੀ ਅਤੇ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੀ।"
ਤਿੰਨ ਜਨਵਰੀ ਨੂੰ, ਅਮਰੀਕੀ ਫੌਜਾਂ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ 'ਤੇ ਹਮਲਾ ਕਰ ਦਿੱਤਾ ਅਤੇ ਰਾਸ਼ਟਰਪਤੀ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਸੰਦਰਭ ਵਿੱਚ, ਮਾਦੁਰੋ ਦੀ ਆਂਧਰਾ ਪ੍ਰਦੇਸ਼ ਦੇ ਪੁਟਾਪਰਥੀ ਵਿੱਚ ਸੱਤਿਆ ਸਾਈਂ ਬਾਬਾ ਦੇ ਦਰਸ਼ਨਾਂ ਲਈ ਕੀਤੀ ਗਈ ਪੁਰਾਣੀ ਫੇਰੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਰਤਨਾਕਰ ਨੇ ਬੀਬੀਸੀ ਨੂੰ ਸਪੱਸ਼ਟ ਕੀਤਾ,"ਇਹ ਸੱਚ ਹੈ ਕਿ ਨਿਕੋਲਸ ਮਾਦੁਰੋ ਨੇ ਪੁਟਾਪਰਥੀ ਸਾਈਂ ਬਾਬਾ ਦੇ ਦਰਸ਼ਨ ਕੀਤੇ ਸਨ।"
ਉਨ੍ਹਾਂ ਨੇ ਅੱਗੇ ਕਿਹਾ,"ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਸਿਲਿਆ ਫਲੋਰੇਸ ਨੇ 2005 ਵਿੱਚ ਪੁਟਾਪਰਥੀ ਵਿੱਚ ਸੱਤਿਆ ਸਾਈਂ ਬਾਬਾ ਆਸ਼ਰਮ ਦਾ ਦੌਰਾ ਕੀਤਾ ਅਤੇ ਬਾਬਾ ਦਾ ਅਸ਼ੀਰਵਾਦ ਲਿਆ। ਇੱਥੇ ਬਹੁਤ ਸਾਰੇ ਵਿਦੇਸ਼ੀ ਸ਼ਰਧਾਲੂ ਆਉਂਦੇ ਹਨ। ਸਾਨੂੰ ਉਦੋਂ ਤੱਕ ਨਹੀਂ ਪਤਾ ਲੱਗਦਾ ਕਿ ਉਹ ਵਿਦੇਸ਼ੀ ਸ਼ਰਧਾਲੂ ਕੌਣ ਹਨ ਜਦੋਂ ਤੱਕ ਉਹ ਖੁਦ ਆਪਣੀ ਪਛਾਣ ਨਹੀਂ ਦੱਸਦੇ।"
ਰਤਨਾਕਰ ਸਪਸ਼ਟ ਕਰਦੇ ਹਨ,"ਜਦੋਂ ਮਾਦੁਰੋ ਆਏ ਸਨ, ਉਦੋਂ ਇੱਕ ਵੱਡਾ ਸਮਾਗਮ ਚੱਲ ਰਿਹਾ ਸੀ। ਫਿਰ ਉਹ ਅੰਦਰ ਗਏ ਅਤੇ ਬਾਬਾ ਨੂੰ ਮਿਲੇ। ਉਨ੍ਹਾਂ ਨੇ ਬੇਨਤੀ ਕਰਕੇ ਇੱਕ ਫੋਟੋ ਖਿਚਵਾਈ ਸੀ। ਸਾਡੇ ਕੋਲ ਸਿਰਫ਼ ਉਹੀ ਇੱਕ ਫੋਟੋ ਹੈ।"

ਤਸਵੀਰ ਸਰੋਤ, satyasai.org
ਰਤਨਾਕਰ ਮੁਤਾਬਕ,"ਵੈਨੇਜ਼ੁਏਲਾ ਵਿੱਚ ਵੀ ਬਾਬਾ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸਿਰਫ਼ ਉੱਥੇ ਹੀ ਨਹੀਂ... ਦੁਨੀਆ ਭਰ ਦੇ ਦੇਸਾਂ ਵਿੱਚ ਬਾਬਾ ਦੇ ਨਾਮ 'ਤੇ ਕਈ ਆਸ਼ਰਮ ਹਨ। ਉਨ੍ਹਾਂ ਸਾਰਿਆਂ ਵਿੱਚ ਪ੍ਰੋਗਰਾਮ ਹੁੰਦੇ ਹਨ।"
ਰਤਨਾਕਰ ਨੇ ਦਾਅਵਾ ਕੀਤਾ ਕਿ, "ਉਹ ਸੱਤਿਆ ਸਾਈਂ ਬਾਬਾ ਦੇ ਸ਼ਰਧਾਲੂ ਸਨ। ਉਹ ਬਾਬਾ ਦੀਆਂ ਸਿੱਖਿਆਵਾਂ 'ਤੇ ਚੱਲਦੇ ਸਨ। ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਮਾਦੁਰੋ ਨੇ ਆਪਣੀ ਰਿਹਾਇਸ਼ ਵਿੱਚ ਸੱਤਿਆ ਸਾਈਂ ਬਾਬਾ ਦੀ ਇੱਕ ਫੋਟੋ ਵੀ ਲਗਾਈ ਹੋਈ ਸੀ।"

ਵੈਨੇਜ਼ੁਏਲਾ ਦੀ ਮੌਜੂਦਾ ਰਾਸ਼ਟਰਪਤੀ ਵੀ...
ਰਤਨਾਕਰ ਨੇ ਬੀਬੀਸੀ ਨੂੰ ਦੱਸਿਆ ਕਿ ਵੈਨੇਜ਼ੁਏਲਾ ਦੇ ਮੌਜੂਦਾ ਰਾਸ਼ਟਰਪਤੀ ਡੇਨਿਸ ਰੋਡਰਿਗਜ਼ ਵੀ ਸੱਤਿਆ ਸਾਈਂ ਦੀ ਸ਼ਰਧਾਲੂ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਉਪ-ਰਾਸ਼ਟਰਪਤੀ ਹੁੰਦਿਆਂ ਉਹ ਪੁਟਾਪਰਥੀ ਆਏ ਸਨ ਅਤੇ ਸੱਤਿਆ ਸਾਈਂ ਬਾਬਾ ਦੀ ਮਹਾ ਸਮਾਧੀ ਦੇ ਦਰਸ਼ਨ ਕੀਤੇ ਸਨ।
ਸੱਤਿਆ ਸਾਈਂ ਸਮਾਧੀ ਦੇ ਦਰਸ਼ਨ ਕਰਦਿਆਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਸੱਤਿਆ ਸਾਈਂ ਸੈਂਟਰਲ ਟਰੱਸਟ ਦੀ ਵੈੱਬਸਾਈਟ ਅਤੇ ਫੇਸਬੁੱਕ 'ਤੇ ਮੌਜੂਦ ਤਸਵੀਰਾਂ ਅਤੇ ਵੇਰਵਿਆਂ ਅਨੁਸਾਰ, ਰੋਡਰਿਗਜ਼ ਨੇ ਅਗਸਤ 2023 ਅਤੇ ਅਕਤੂਬਰ 2024 ਵਿੱਚ ਪੁਟਾਪਰਥੀ ਦਾ ਦੌਰਾ ਕੀਤਾ ਸੀ ਅਤੇ ਪ੍ਰਸ਼ਾਂਤੀ ਨਿਲਯਮ ਵਿੱਚ ਸਮਾਧੀ ਮੰਦਰ ਵਿੱਚ ਸੱਤਿਆ ਸਾਈਂ ਦੀ ਸਮਾਧੀ ਦੇ ਦਰਸ਼ਨ ਕੀਤੇ ਸਨ।

ਤਸਵੀਰ ਸਰੋਤ, satyasai.org
ਸੱਤਿਆ ਸਾਈਂ ਟਰੱਸਟ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ, ਜਦੋਂ ਰੋਡਰਿਗਜ਼ 26 ਅਕਤੂਬਰ 2024 ਨੂੰ ਪੁਟਾਪਰਥੀ ਪਹੁੰਚੇ ਸੀ, ਉਦੋਂ ਉਹ ਵੈਨੇਜ਼ੁਏਲਾ ਦੇ ਕਾਰਜਕਾਰੀ ਉਪ-ਰਾਸ਼ਟਰਪਤੀ ਸੀ। ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਨਾਲ ਭਾਰਤ ਵਿੱਚ ਵੈਨੇਜ਼ੁਏਲਾ ਦੀ ਰਾਜਦੂਤ ਕਾਪਾਇਆ ਰੋਡਰਿਗਜ਼ ਗੋਂਜ਼ਾਲੇਸ ਵੀ ਮੌਜੂਦ ਸੀ।
ਉਨ੍ਹਾਂ ਨੂੰ ਸੱਤਿਆ ਸਾਈਂ ਸੈਂਟਰਲ ਟਰੱਸਟ ਦੇ ਪ੍ਰਬੰਧਕੀ ਨਿਰਦੇਸ਼ਕ ਆਰ.ਜੇ. ਰਤਨਾਕਰ ਨੇ ਸੱਦਾ ਦਿੱਤਾ ਸੀ। ਸਾਲ 2023 ਵਿੱਚ, ਡੇਨਿਸ ਰੋਡਰਿਗਜ਼ ਜੀ20 ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਵੈਨੇਜ਼ੁਏਲਾ ਦੇ ਵਫ਼ਦ ਦੇ ਮੈਂਬਰ ਵਜੋਂ ਪੁਟਾਪਰਥੀ ਆਏ ਸੀ। ਉਸ ਸਮੇਂ ਉਨ੍ਹਾਂ ਨੇ ਇਸ ਨੂੰ ਆਪਣਾ ਨਿੱਜੀ ਦੌਰਾ ਦੱਸਿਆ ਸੀ।
ਅਰੁਣ ਪੁਦੂਰ ਨਾਮ ਦੇ ਇੱਕ ਵਰਤੋਂਕਾਰ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਖਾਤੇ 'ਤੇ ਤਸਵੀਰਾਂ ਪੋਸਟ ਕੀਤੀਆਂ ਅਤੇ ਦਾਅਵਾ ਕੀਤਾ ਕਿ ਮਾਦੁਰੋ ਸੱਤਿਆ ਸਾਈਂ ਦੇ ਸ਼ਰਧਾਲੂ ਹਨ ਅਤੇ ਵੈਨੇਜ਼ੁਏਲਾ ਸਰਕਾਰ ਦੁਆਰਾ ਹਾਲ ਹੀ ਵਿੱਚ ਰਾਸ਼ਟਰੀ ਦਿਵਸ ਦੇ ਜਸ਼ਨਾਂ ਲਈ ਪ੍ਰਕਾਸ਼ਤ ਸੱਦਾ ਪੱਤਰ 'ਤੇ 'ਓਮ' ਦਾ ਚਿੰਨ੍ਹ ਸੀ।
ਹਾਲਾਂਕਿ ਬੀਬੀਸੀ ਨੇ ਸੁਤੰਤਰ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ।
ਅਮਰੀਕਾ ਨੇ ਮਾਦੁਰੋ ਨੂੰ ਕਿਉਂ ਹਿਰਾਸਤ ਵਿੱਚ ਲਿਆ?

ਤਸਵੀਰ ਸਰੋਤ, Getty Images
ਨਿਕੋਲਸ ਮਾਦੁਰੋ ਖੱਬੇਪੱਖੀ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਅਤੇ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੇ ਅਧੀਨ ਵੈਨੇਜ਼ੁਏਲਾ ਦੀ ਸੱਤਾ ਵਿੱਚ ਆਏ। ਇੱਕ ਸਾਬਕਾ ਬੱਸ ਡਰਾਈਵਰ ਅਤੇ ਯੂਨੀਅਨ ਆਗੂ ਰਹੇ ਮਾਦੁਰੋ 2013 ਤੋਂ ਸ਼ਾਵੇਜ਼ ਦੇ ਉੱਤਰਾਧਿਕਾਰੀ ਵਜੋਂ ਰਾਸ਼ਟਰਪਤੀ ਹਨ।
ਮਾਦੁਰੋ ਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ਦਾ ਜੇਤੂ ਐਲਾਨਿਆ ਗਿਆ ਸੀ। ਹਾਲਾਂਕਿ, ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਉਮੀਦਵਾਰ ਐਡਮੰਡੋ ਗੋਂਜ਼ਾਲੇਸ ਉਰੂਟੀਆ ਨੇ ਵੋਟਾਂ ਦੀ ਗਿਣਤੀ ਵਿੱਚ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਟਰੰਪ ਨੇ ਮਾਦੁਰੋ 'ਤੇ ਵੈਨੇਜ਼ੁਏਲਾ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਆਉਣ ਲਈ ਜ਼ਿੰਮੇਵਾਰ ਹੋਣ ਦਾ ਇਲਜ਼ਾਮ ਲਾਇਆ ਹੈ।
ਉਨ੍ਹਾਂ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਨਸ਼ਿਆਂ ਦੀ ਵਧਦੀ ਸਪਲਾਈ, ਖਾਸ ਕਰਕੇ ਫੈਂਟਾਨਿਲ ਅਤੇ ਕੋਕੀਨ ਨੂੰ ਰੋਕਣ 'ਤੇ ਧਿਆਨ ਦੇਣਗੇ।
ਉਨ੍ਹਾਂ ਨੇ ਦੋ ਵੈਨੇਜ਼ੁਏਲਾ ਦੇ ਗੈਂਗਾਂ, 'ਟਰੇਨ ਡੀ ਅਰਾਗੁਆ' ਅਤੇ 'ਕਾਰਟਲ ਡੀ ਲੋਸ ਸੋਲੇਸ' ਨੂੰ "ਵਿਦੇਸ਼ੀ ਅੱਤਵਾਦੀ ਸੰਗਠਨਾਂ" ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਟਰੰਪ ਨੇ ਮਾਦੁਰੋ 'ਤੇ ਕਾਰਟਲ ਡੀ ਲੋਸ ਸੋਲੇਸ ਦੀ ਅਗਵਾਈ ਕਰਨ ਦਾ ਇਲਜ਼ਾਮ ਲਾਇਆ। ਮਾਦੁਰੋ ਨੇ ਟਰੰਪ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












