ਹਰਿਆਣਾ ਚੋਣਾਂ: ਕਿਸਾਨ ਅੰਦੋਲਨ, ਅਗਨੀਪੱਥ ਸਕੀਮ ਜਿਹੇ ਮੁੱਦਿਆਂ ਦੇ ਬਾਵਜੂਦ ਭਾਜਪਾ ਨੇ ਕਾਂਗਰਸ ਨੂੰ ਕਿਵੇਂ ਹਰਾਇਆ?

ਤਸਵੀਰ ਸਰੋਤ, Getty Images
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਹਰਿਆਣਾ ’ਚ ਕਿਸਾਨ ਅੰਦੋਲਨ, ਅਗਨੀਪੱਥ ਸਕੀਮ, ਭਲਵਾਨਾਂ ਦੇ ਰੋਸ ਜਿਹੇ ਮੁੱਦਿਆਂ ਦੇ ਹੁੰਦਿਆਂ ਵੀ ਭਾਜਪਾ ਪਹਿਲਾਂ ਨਾਲੋਂ ਵੀ ਜ਼ੋਰਦਾਰ ਰੂਪ ’ਚ ਸੱਤਾ ’ਚ ਵਾਪਸੀ ਕਰਨ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੇ 90 ਵਿੱਚੋਂ 48 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ 37 ਸੀਟਾਂ ਨਾਲ ਬਹੁਮਤ ਤੋਂ ਖੁੰਝ ਗਈ।
ਭਾਰਤੀ ਜਨਤਾ ਪਾਰਟੀ ਨੂੰ 39.94 ਫ਼ੀਸਦ ਵੋਟਾਂ ਪਈਆਂ ਜਦਕਿ ਕਾਂਗਰਸ ਨੂੰ 39.04 ਫ਼ੀਸਦ ਵੋਟਾਂ ਪਈਆਂ।
ਜਿੱਤ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, “ਹਰਿਆਣਾ ਦੇ ਗਰੀਬਾਂ, ਕਿਸਾਨਾਂ, ਮਹਿਲਾਵਾਂ ਤੇ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਕੰਮਾਂ ਉੱਤੇ ਤੀਜੀ ਵਾਰ ਮੋਹਰ ਲਾਈ ਹੈ।”
ਉੱਥੇ ਹੀ ਹਰਿਆਣਾ ਵਿੱਚ ਕਾਂਗਰਸ ਦਾ ਦਲਿਤ ਚਿਹਰਾ ਮੰਨੀ ਜਾਂਦੀ ਐੱਮਪੀ ਕੁਮਾਰੀ ਸ਼ੈਲਜਾ ਨੇ ਕਿਹਾ, “ਨਤੀਜੇ ਨਿਰਾਸ਼ਾਜਨਕ ਹਨ, ਸ਼ਾਇਦ ਕਿਸਾਨ, ਜਵਾਨ ਤੇ ਭਲਵਾਨਾਂ ਦੇ ਮੁੱਦੇ ਉੱਨੇ ਭਾਰੇ ਨਹੀਂ ਪਏ, ਪਰ ਅਜਿਹਾ ਸਾਰੀਆਂ ਸੀਟਾਂ ਉੱਤੇ ਨਹੀਂ ਹੋਇਆ, ਹਾਰ ਲਈ ਹੋਰ ਵੀ ਕਾਰਨ ਹੋ ਸਕਦੇ ਹਨ।”
ਚੋਣਾਂ ਤੋਂ ਪਹਿਲਾਂ ਸਿਆਸੀ ਤੇ ਮੀਡੀਆ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਹਰਿਆਣਾ ’ਚ ‘ਕਾਂਗਰਸ ਦੀ ਹਵਾ’ ਦਾ ਭਾਜਪਾ ਨੂੰ ਭਾਰੀ ਨੁਕਸਾਨ ਪਹੁੰਚੇਗਾ।
ਇਸੇ ਸਾਲ(2024) ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸੂਬੇ ਦੀਆਂ ਕੁਲ 10 ਲੋਕ ਸਭਾ ਸੀਟਾਂ ਵਿੱਚੋਂ 5 ਉੱਤੇ ਜਿੱਤ ਹਾਸਲ ਕੀਤੀ ਸੀ।
ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ 46.11 ਫ਼ੀਸਦ ਜਦਕਿ ਕਾਂਗਰਸ ਨੂੰ 43.67 ਫ਼ੀਸਦ ਵੋਟਾਂ ਪਈਆਂ ਸਨ।

ਤਸਵੀਰ ਸਰੋਤ, Rahul Gandhi/X
2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 90 ਵਿੱਚੋਂ 40 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਨੂੰ 36.49 ਫ਼ੀਸਦੀ ਵੋਟਾਂ ਮਿਲੀਆਂ ਸਨ।
ਕਾਂਗਰਸ ਨੂੰ 31 ਸੀਟਾਂ ’ਤੇ ਜਿੱਤ ਮਿਲੀ ਸੀ ਤੇ ਇਸ ਨੇ 28.08 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ।
2019 'ਚ ਭਾਰਤੀ ਜਨਤਾ ਪਾਰਟੀ ਨੇ ਜਨਤਾ ਜਨਨਾਇਕ ਪਾਰਟੀ (10 ਸੀਟਾਂ, 14.84 ਫ਼ੀਸਦ) ਤੇ ਕਈ ਆਜ਼ਾਦ ਉਮੀਦਵਾਰਾਂ ਨਾਲ ਰਲ ਕੇ ਸਰਕਾਰ ਬਣਾਈ ਸੀ।
ਸਾਲ 2019 ਦੀਆਂ ਲੋਕਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੇ 10 ਦੀਆਂ 10 ਸੀਟਾਂ ਵਿੱਚ ਜਿੱਤ ਹਾਸਲ ਕੀਤੀ ਸੀ।ਭਾਜਪਾ ਦਾ ਵੋਟ ਸ਼ੇਅਰ 58 ਫ਼ੀਸਦ ਤੋਂ ਵੀ ਵੱਧ ਸੀ।

ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹਰਿਆਣਾ ਵਿੱਚ ਸੱਤਾ ਵਿਰੋਧੀ ਲਹਿਰ ਦੇ ਦਮ ਉੱਤੇ ਕਾਂਗਰਸ ਸੂਬੇ ਦੀ ਸੱਤਾ ਉੱਤੇ 10 ਸਾਲਾਂ ਬਾਅਦ ਵਾਪਸੀ ਕਰੇਗੀ।
ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਕਿਸਾਨ ਅੰਦੋਲਨ, ਅਗਨੀਪੱਥ ਸਕੀਮ, ਭਲਵਾਨਾਂ ਦਾ ਰੋਸ, ਪਰਵਾਸ ਅਤੇ ਬੇਰੁਜ਼ਗਾਰੀ ਜਿਹੇ ਮੁੱਦੇ ਵੋਟਾਂ ’ਚ ਅਸਰਦਾਰ ਤਾਂ ਰਹੇ ਪਰ ਕਾਂਗਰਸ ਨੂੰ ਸੱਤਾ ਤੱਕ ਨਹੀਂ ਪਹੁੰਚਾ ਸਕੇ।
ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਇਨ੍ਹਾਂ ਮੁੱਦਿਆਂ ਦਾ ਪਛਾਣਾਂ ਦੇ ਜੋੜ-ਤੋੜ ਦੀ ਸਿਆਸਤ ਨਾਲ ਮੁਕਾਬਲਾ ਕੀਤਾ।
ਇਸ ਦੇ ਨਾਲ ਹੀ ਕਾਂਗਰਸ ਵਿਚਲੀ ਅੰਦਰੂਨੀ ਫੁੱਟ ਤੇ ਭਾਜਪਾ ਦੇ ਓਬੀਸੀ ਚਿਹਰਾ ਲਿਆਉਣ ਜਿਹੇ ਕਦਮਾਂ ਨੇ ਵੀ ਚੋਣਾਂ ਦੇ ਨਤੀਜਿਆਂ ਉੱਤੇ ਅਸਰ ਪਾਇਆ।
ਹਰਿਆਣਾ ਚੋਣਾਂ ਦੇ ਨਤੀਜਿਆਂ ਨਾਲ ਜੁੜੇ ਮੁੱਖ ਸਵਾਲਾਂ ਬਾਰੇ ਅਸੀਂ ਇੱਥੇ ਵਿਸਤਾਰ ਨਾਲ ਚਰਚਾ ਕਰਾਂਗੇ।
ਕਿਸਾਨ ਅੰਦੋਲਨ ‘ਫੈਕਟਰ’ ਕੰਮ ਕਿਉਂ ਨਹੀਂ ਕੰਮ ਕੀਤਾ

2020-21 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲੇ ਕਿਸਾਨ ਅੰਦੋਲਨ ’ਚ ਹਰਿਆਣਾ ਦੇ ਕਿਸਾਨਾਂ ਵੱਲੋਂ ਵੀ ਵੱਡੇ ਪੱਧਰ ਉੱਤੇ ਸ਼ਮੂਲੀਅਤ ਕੀਤੀ ਗਈ ਸੀ।
ਕਿਸਾਨਾਂ ਵੱਲੋਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਜਿਹੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਗਿਆ ਸੀ।
ਇਸ ਮਗਰੋਂ 2023 ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ ਦਾ ਵੀ ਹਰਿਆਣਾ ਵਿੱਚ ਅਸਰ ਦੇਖਣ ਨੂੰ ਮਿਲਿਆ ਸੀ।
ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਉੱਤਰੀ ਹਰਿਆਣਾ 'ਚ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪਰ ਇਸ ਦਾ ਚੋਣਾਂ ’ਚ ਅਸਰ ਕਿਉਂ ਨਹੀਂ ਦਿਖਿਆ?
ਹਰਿਆਣਾ ਦੀ ਸਿਆਸਤ ਬਾਰੇ ‘ਪੌਲਿਟਿਕਸ ਆਫ ਚੌਧਰ’ ਨਾਂ ਦੀ ਕਿਤਾਬ ਦੇ ਲੇਖਕ ਸਤੀਸ਼ ਤਿਆਗੀ ਕਹਿੰਦੇ ਹਨ, “ਕਿਸਾਨ ਅੰਦੋਲਨ, ਅਗਨੀਪੱਥ ਸਕੀਮ ਜਿਹੇ ਮੁੱਦੇ ਆਪਣੀ ਥਾਂ ਉੱਤੇ ਕਾਮਯਾਬ ਰਹੇ ਹਨ ਪਰ ਇਹ ਮੁੱਦੇ ਸਿੱਧੇ ਤੌਰ ਉੱਤੇ ‘ਜਾਟ’ ਭਾਈਚਾਰੇ ਨਾਲ ਜੁੜੇ ਸਨ ਅਤੇ ਬਾਕੀਆਂ ’ਤੇ ਇਨ੍ਹਾਂ ਦਾ ਉੱਨਾ ਪ੍ਰਭਾਵ ਨਹੀਂ ਸੀ।”
ਉਹ ਦੱਸਦੇ ਹਨ, “ਜਿਹੜੇ ਲੋਕ ਹਰਿਆਣਾ ਵਿੱਚ ਜਾਟ ਡੋਮੀਨੈਂਸ(ਦਬਦਬੇ) ਤੋਂ ਦੁਖੀ ਸਨ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਹੋਇਆ ਕਿ ਕਾਂਗਰਸ ਜਾਟਾਂ ਦੇ ਦਬਦਬੇ ’ਚ ਉਨ੍ਹਾਂ ਦਾ ਭਲਾ ਕਰ ਸਕੇਗੀ।”
ਉਹ ਦੱਸਦੇ ਹਨ ਕਿ ਦੂਜੇ ਪਾਸੇ ਕਾਂਗਰਸ ਦੀ ਦਿੱਕਤ ਇਹ ਹੈ ਕਿ ਜੇਕਰ ਉਹ ਗ਼ੈਰ-ਜਾਟ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪੇਸ਼ ਕਰਦੀ ਹੈ ਤਾਂ ਬਾਕੀ ਭਾਈਚਾਰੇ ਉਨ੍ਹਾਂ ਤੋਂ ਟੁੱਟ ਜਾਣਗੇ ਤੇ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਜਨਤਾ ਜਨਨਾਇਕ ਪਾਰਟੀ ਜਿਹੀਆਂ ਜਾਟ ਧਿਰਾਂ ਨੂੰ ਫਾਇਦਾ ਮਿਲੇਗਾ।
ਹਰਿਆਣਾ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਪੱਤਰਕਾਰੀ ਕਰ ਰਹੇ ਸੁਮਨ ਭਟਨਾਗਰ ਦੱਸਦੇ ਹਨ ਕਿ ਕਿਸਾਨ ਅੰਦੋਲਨ ਦਾ ਲੋਕ ਸਭਾ ਚੋਣਾਂ ਵਿੱਚ ਤਾਂ ਅਸਰ ਦਿਖਿਆ, ਪਰ ਇਹ ਸੋਚਿਆ ਜਾ ਰਿਹਾ ਸੀ ਕਾਂਗਰਸ ਆਪਣਾ ਪ੍ਰਦਰਸ਼ਨ ਚੰਗਾ ਕਰੇਗੀ ਪਰ ਅਜਿਹਾ ਨਹੀਂ ਹੋਇਆ।
ਸਤੀਸ਼ ਤਿਆਗੀ ਕਹਿੰਦੇ ਹਨ ਕਿ ਚੋਣਾਂ ਵਿੱਚ ਕਿਸਾਨਾਂ ਦਾ ਵਿਰੋਧ, ਬੇਰੁਜ਼ਗਾਰੀ ਤੇ ਅਗਨੀਪੱਥ ਜਿਹੇ ਮੁੱਦੇ ਸਨ ਪਰ ਉਹ ਕੁਝ 'ਲੋਕਲ ਫੈਕਟਰਜ਼' ਦੇ ਅੱਗੇ ਇੰਨੇ ਪ੍ਰਭਾਵਸ਼ਾਲੀ ਨਹੀਂ ਰਹੇ।
ਅਗਨੀਪੱਥ ਸਕੀਮ ਤੇ ਭਲਵਾਨਾ ਦੇ ਮੁੱਦੇ ਦਾ ਅਸਰ ਕਿਉਂ ਨਹੀਂ ਹੋਇਆ

ਤਸਵੀਰ ਸਰੋਤ, Getty Images
ਕੇਂਦਰ ਸਰਕਾਰ ਵੱਲੋਂ ਸਾਲ 2022 ਵਿੱਚ ਭਾਰਤੀ ਫੌਜ ਵਿੱਚ ਭਰਤੀ ਲਈ ਅਗਨੀਪੱਥ ਯੋਜਨਾ ਸ਼ੁਰੂ ਕੀਤੀ ਸੀ।
ਇਸ ਤਹਿਤ ਭਰਤੀ ਹੋਏ ਜਵਾਨਾਂ ਦੀ ਨੌਕਰੀ 4 ਸਾਲ ਤੱਕ ਸੀਮਤ ਕਰ ਦਿੱਤੀ ਗਈ ਸੀ।
ਇਸ ਯੋਜਨਾ ਮੁਤਾਬਕ ਭਰਤੀ ਹੋਏ ਨੌਜਵਾਨਾਂ ਵਿੱਚੋਂ 25 ਫ਼ੀਸਦ ਨੂੰ ਹੀ ਪੱਕੀ ਨੌਕਰੀ ਲਈ ਰੱਖਿਆ ਜਾਵੇਗਾ।
ਹਰਿਆਣਾ ਵਿੱਚ ਫੌਜ ਦੀ ਭਰਤੀ ਲਈ ਜਾਣ ਵਾਲੇ ਨੌਜਵਾਨਾਂ ਵਿੱਚ ਸਰਕਾਰ ਦੇ ਇਸ ਫ਼ੈਸਲੇ ਕਾਰਨ ਨਿਰਾਸ਼ਾ ਸੀ।
ਇਹ ਮੰਨਿਆ ਜਾ ਰਿਹਾ ਸੀ ਕਿ ਇਹ ਮੁੱਦਾ ਚੋਣਾਂ ਵਿੱਚ ਫ਼ੈਸਲਾਕੁੰਨ ਮੁੱਦਿਆਂ ਵਜੋਂ ਸਾਬਤ ਹੋਵੇਗਾ।
ਪੱਤਰਕਾਰ ਸੁਮਨ ਭਟਨਾਗਰ ਕਹਿੰਦੇ ਹਨ ਕਿ ਨਾਇਬ ਸਿੰਘ ਸੈਣੀ ਨੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਕਦਮ ਚੁੱਕੇ।
ਅਗਸਤ ਮਹੀਨੇ ਵਿੱਚ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ‘ਹਰਿਆਣਾ ਅਗਨੀਵੀਰ ਨੀਤੀ 2024’ ਲਿਆਂਦੀ ਗਈ ਸੀ।
ਇਸ ਨੀਤੀ ਤਹਿਤ ਅਗਨੀਵੀਰਾਂ ਲਈ ਕਈ ਸਰਕਾਰੀ ਨੌਕਰੀਆਂ ਵਿੱਚ ਸਿੱਧੀ ਰਿਜ਼ਰਵੇਸ਼ਨ ਲਿਆਂਦੀ ਗਈ ਸੀ।
ਇੰਦਰਾ ਗਾਂਧੀ ਨੈਸ਼ਨਲ ਕਾਲਜ ਲਾਡਵਾ ਦੇ ਪ੍ਰਿੰਸੀਪਲ ਡਾ ਕੁਸ਼ਲ ਪਾਲ ਸਿੰਘ ਦੱਸਦੇ ਹਨ ਕਿ ਹਰਿਆਣਾ ਵਿੱਚ ਮੁੱਦਿਆਂ ਦੀ ਥਾਂ ਪਛਾਣ ਦੇ ਮਸਲੇ ਨੇ ਵੱਧ ਭੂਮਿਕਾ ਨਿਭਾਈ।
ਸੁਮਨ ਭਟਨਾਗਰ ਦੱਸਦੇ ਹਨ ਹਿਸਾਰ, ਜੀਂਦ, ਸਿਰਸਾ, ਭਿਵਾਨੀ ਬੈਲਟ ਨੂੰ ਭਲਵਾਨਾਂ ਦੀ ਬੈਲਟ ਕਿਹਾ ਜਾਂਦਾ ਹੈ ਪਰ ਇਨ੍ਹਾਂ ਥਾਵਾਂ ਉੱਤੇ ਵੀ ਭਾਜਪਾ ਨੇ ਚੰਗੀਆਂ ਸੀਟਾਂ ਕੱਢੀਆਂ ਹਨ।
ਉਹ ਕਹਿੰਦੇ ਹਨ ਕਿ ਇਸ ਤੋਂ ਲੱਗਦਾ ਹੈ ਕਿ ਇ ਮੁੱਦਾ ਚੋਣਾਂ ਵਿੱਚ ਇੰਨਾ ਕਾਰਗਰ ਨਹੀਂ ਰਿਹਾ।
ਕਾਂਗਰਸ ਦੀ ਅੰਦਰੂਨੀ ਪਾਟੋਧਾੜ ਨੇ ਨਤੀਜਿਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ

ਤਸਵੀਰ ਸਰੋਤ, Getty Images
ਕਾਂਗਰਸ ਦੇ ਬਹੁਮਤ ਲਈ ਲੋੜੀਂਦੀਆਂ ਸੀਟਾਂ ਹਾਸਲ ਕਰਨ ਤੋਂ ਖੁੰਝ ਜਾਣ ਕਾਰਨ ਕਾਂਗਰਸ ਦੀ ਆਪਸੀ ਫੁੱਟ ਵੀ ਮੰਨੀ ਜਾ ਰਹੀ ਹੈ।
ਕਈ ਸੀਟਾਂ ਉੱਤੇ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਤੌਰ 'ਤੇ ਲੜ ਰਹੇ ਉਮੀਦਵਾਰਾਂ ਨੇ ਵੀ ਪਾਰਟੀ ਨੂੰ ਪੈਣ ਵਾਲੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ।
ਕੁਸ਼ਲ ਪਾਲ ਸਿੰਘ ਦੱਸਦੇ ਹਨ ਕਿ ਕਾਂਗਰਸ ਦੀ ਅੰਦਰੂਨੀ ਪਾਟੋਧਾੜ ਨੇ ਵੀ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ।ਪਾਰਟੀ ਦੇ ਦਲਿਤ ਚਿਹਰੇ ਕੁਮਾਰੀ ਸ਼ੈਲਜਾ ਅਤੇ ਭੁਪਿੰਦਰ ਹੁੱਡਾ ਵਿਚਾਲੇ ਨਾਰਾਜ਼ਗੀ ਹਰੇਕ ਦੇ ਸਾਹਮਣੇ ਸੀ।
ਉਹ ਦੱਸਦੇ ਹਨ ਕਿ ਜਿੱਥੇ ਕਾਂਗਰਸ ਵਿੱਚ ਕੌਂਫਿਡੈਂਸ ਵੱਧ ਗਿਆ ਸੀ ਅਤੇ ਵਰਕਰਾਂ ਵੱਲੋ ਇਹ ਕਿਹਾ ਜਾਣਾ ਸ਼ੁਰੂ ਹੋ ਗਿਆ ਸੀ ਕਿ ਭੁਪਿੰਦਰ ਹੁੱਡਾ ਹੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ ਜਿਸ ਨੇ ਇਸ ਨੂੰ ਨੁਕਸਾਨ ਪਹੁੰਚਾਇਆ।
ਉਹ ਕਹਿੰਦੇ ਹਨ ਕਿ ਚੋਣ ਦੰਗਲ ਵਿੱਚ ਪਛਾਣ ਅਤੇ ਮੁੱਦੇ ਦੋਵੇਂ ਆਪਣੀ-ਆਪਣੀ ਥਾਂ ਕੰਮ ਕਰਦੇ ਹਨ ਤੇ ਇਨ੍ਹਾਂ ਚੋਣਾਂ ਵਿੱਚ ਪਛਾਣਾਂ ਦਾ ਜੋੜ-ਤੋੜ ਕਾਂਗਰਸ ਦੇ ਕੰਮ ਆਇਆ ਹੈ।
ਪਿਛਲੇ 40 ਸਾਲਾਂ ਤੋਂ ਹਰਿਆਣਾ ਵਿੱਚ ਪੱਤਰਕਾਰੀ ਕਰ ਰਹੇ ਸੁਮਨ ਭਟਨਾਗਰ ਦੱਸਦੇ ਹਨ ਕਿ ਅਜਿਹਾ ਲੱਗਦਾ ਹੈ ਕੁਮਾਰੀ ਸ਼ੈਲਜਾ ਨੂੰ ਕਾਂਗਰਸ ’ਚ ਸਨਮਾਨ ਨਾ ਮਿਲਣ ਦੀ ਗੱਲ ਲੋਕਾਂ ਵਿੱਚ ਫੈਲਣ ਦਾ ਕਾਂਗਰਸ ਨੂੰ ਇਹ ਨੁਕਸਾਨ ਹੋਇਆ।
ਉਹ ਦੱਸਦੇ ਹਨ ਕਿ ਸ਼ਾਇਦ ਇਸ ਕਾਰਨ ਕਾਂਗਰਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦਲਿਤ ਹਲਕਿਆਂ ਵਿੱਚੋਂ ਮਿਲਿਆ ਸਮਰਥਨ ਚਲਾ ਗਿਆ।

ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਬਾਰੇ ਉਹ ਕਹਿੰਦੇ ਹਨ, “ਕਾਂਗਰਸ ਨੇ ਜਦੋਂ 72 ਸੀਟਾਂ ਹੁੱਡਾ ਦੇ ਕਹਿਣ ਉੱਤੇ ਦਿੱਤੀਆਂ ਉਸ ਦਿਨ ਇਹ ਸਪਸ਼ਟ ਹੋ ਗਿਆ ਸੀ ਕਿ ਹੁੱਡਾ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ।”
ਜਿਸ ਕਾਰਨ ਦੂਜੇ ਭਾਈਚਾਰਿਆਂ ਵਿੱਚ ਇੱਕ ਡਰ ਦੀ ਭਾਵਨਾ ਪੈਦਾ ਹੋਈ ਜਿਸ ਨੂੰ ਭਾਜਪਾ ਨੇ ਉਤਸ਼ਾਹਿਤ ਕੀਤਾ।
ਉਹ ਦੱਸਦੇ ਹਨ ਕਿ ਕੁਮਾਰੀ ਸ਼ੈਲਜਾ ਨੇ ਚੋਣ ਸਰਗਰਮੀਆਂ ਤੋਂ ਦੂਰੀ ਬਣਾ ਕੇ ਆਪਣੇ ਭਾਈਚਾਰੇ ਨੂੰ ਸੁਨੇਹਾ ਦੇ ਦਿੱਤਾ ਸੀ, ਦੂਜੇ ਪਾਸੇ ਜਾਟ ਅਤੇ ਗ਼ੈਰ-ਜਾਟ ਦਾ ਪਾੜਾ ਵੱਧਦਾ ਚਲਾ ਗਿਆ।
ਸੀਨੀਅਰ ਪੱਤਰਕਾਰ ਵਿਰੇਂਦਰ ਕੁਮਾਰ ਦੱਸਦੇ ਹਨ ਕਿ ਕਾਂਗਰਸ ਨਾਲ ਉਹੀ ਹੋਇਆ ਜੋ ਭਾਜਪਾ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਸੀ।
ਉਹ ਦੱਸਦੇ ਹਨ ਕਿ ਕਾਂਗਰਸ ਆਪਣੇ ਹੀ ਪ੍ਰਾਪੇਗੰਡਾ ਵਿੱਚ ਫਸ ਗਈ ਅਤੇ ਗਰਾਊਂਡ ਦੀ ਅਸਲੀਅਤ ਨੂੰ ਚੰਗੇ ਤਰੀਕੇ ਨਹੀਂ ਸਮਝ ਸਕੀ।
ਭੁਪਿੰਦਰ ਹੁੱਡਾ ਦੇ ਭਵਿੱਖ ਬਾਰੇ ਸਤੀਸ਼ ਤਿਆਗੀ ਦੱਸਦੇ ਹਨ ਕਿ ਸ਼ਾਇਦ ਕਾਂਗਰਸ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿੱਚ ਅਗਲੇ ਫ਼ੇਰਬਦਲ ਵਿੱਚ ਸ਼ਾਇਦ ਹੁੱਡਾ ਦੀ ਸਥਿਤੀ ਪਹਿਲਾਂ ਵਾਲੀ ਨਾ ਰਹੇ।

ਤਸਵੀਰ ਸਰੋਤ, Getty Images
ਸੱਤਾ ਵਿਰੋਧੀ ਲਹਿਰ ਨਾਲ ਭਾਜਪਾ ਨੇ ਕਿਵੇਂ ਨਜਿੱਠਿਆ
ਕੁਸ਼ਲ ਪਾਲ ਸਿੰਘ ਦੱਸਦੇ ਹਨ ਕਿ ਭਾਰਤੀ ਜਨਤਾ ਪਾਰਟੀ ਦਾ ਇਨ੍ਹਾਂ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਸੀਐੱਮ ਚਿਹਰਾ ਬਦਲਣ ਲਈ ਲਏ ਗਏ ਫ਼ੈਸਲੇ ਨੇ ਲੋਕ ਸਭਾ ਚੋਣਾਂ ਤੋਂ ਵੱਧ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿੱਚ ਫਾਇਦਾ ਦਿੱਤਾ।
ਲੇਖਕ ਸਤੀਸ਼ ਤਿਆਗੀ ਕਹਿੰਦੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਐਂਟੀ ਇਨਕੰਬੈਂਸੀ ਇੱਕ ਫੈਕਟਰ ਰਹੀ ਹੈ ਪਰ ਵੋਟਾਂ ਸਿਰਫ਼ ਇਸ ਆਧਾਰ ਉੱਤੇ ਹੀ ਨਹੀਂ ਪੈਣੀਆਂ ਸਨ।
ਉਹ ਕਹਿੰਦੇ ਹਨ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਕਾਂਗਰਸ ਦਾ ਵੋਟ ਫ਼ੀਸਦ ਵਧਿਆ ਹੈ ਜਿਸ ਦਾ ਮਤਲਬ ਹੈ ਸਰਕਾਰ ਨਾਲੋਂ ਅਸੰਤੁਸ਼ਟ ਲੋਕਾਂ ਦੀ ਗਿਣਤੀ ਵਧੀ ਹੈ।
ਉਹ ਕਹਿੰਦੇ ਹਨ ਕਿ ਕਾਂਗਰਸ ਇੱਕ ਸਾਂਝਾ ਚਿਹਰਾ ਨਹੀਂ ਪੇਸ਼ ਕਰ ਸਕੀ।
ਸੀਨੀਅਰ ਪੱਤਰਕਾਰ ਵਿਰੇਂਦਰ ਕੁਮਾਰ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਕੰਮ ਬਹੁਤ ਚੁੱਪਚਪੀਤੇ ਕੀਤਾ ਜਦਕਿ ਕਾਂਗਰਸ ਨੇ ਕੁਮਾਰੀ ਸ਼ੈਲਜਾ ਤੇ ਭੁਪਿੰਦਰ ਹੁੱਡਾ ਦੀ ਨਾਰਾਜ਼ਗੀ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਉਹ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਵਿਧਾਇਕਾਂ ਨੂੰ ਦੁਬਾਰਾ ਟਿਕਟ ਨਹੀਂ ਦਿੱਤੀ ਜਿਨ੍ਹਾਂ ਦੀ ਸਥਿਤੀ ਕਮਜ਼ੋਰ ਸੀ ਦੂਜੇ ਪਾਸੇ ਕਾਂਗਰਸ ਨੇ ਅਜਿਹਾ ਨਹੀਂ ਕੀਤਾ।
ਸੁਮਨ ਭਟਨਾਗਰ ਦੱਸਦੇ ਹਨ ਕਿ ਸੱਤਾ ਵਿਰੋਧੀ ਭਾਵਨਾ ਨੂੰ ਪਾਸੇ ਕਰਨ ਲਈ ਨਾਇਬ ਸਿੰਘ ਸੈਣੀ ਨੇ ਕਈ ਕਦਮ ਚੁੱਕੇ ਜਿਵੇਂ ਕ੍ਰੀਮੀ ਲੇਅਰ ਲਈ ਆਮਦਨ ਸੀਮਾ ਅੱਠ ਤੋਂ ਦਸ ਲੱਖ ਕਰਨਾ।
ਉਹ ਦੱਸਦੇ ਹਨ ਕਿ ਨਾਇਬ ਸਿੰਘ ਸੈਣੀ ਦੇ ਓਬੀਸੀ ਚਿਹਰਾ ਹੋਣ ਨੇ ਵੀ ਭਾਜਪਾ ਨਾਲ ਲੋਕਾਂ ਦੀ ਨਾਰਾਜ਼ਗੀ ਨੂੰ ਦੂਰ ਕੀਤਾ।
ਸਿਆਸੀ ਪਰਿਵਾਰਾਂ ਦਾ ਕੀ ਬਣਿਆ

ਤਸਵੀਰ ਸਰੋਤ, Getty Images
ਇਸ ਵਾਰ ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨੇ ਕਈ ਸਿਆਸੀ ਪਰਿਵਾਰਾਂ ਦੇ ਸਿਆਸੀ ਭਵਿੱਖ ਬਾਰੇ ਵੀ ਸੁਨੇਹਾ ਦਿੱਤਾ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਪੋਤੇ ਅਤੇ ਜਨਤਾ ਜਨਨਾਇਕ ਪਾਰਟੀ ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਉਚਾਨਾ ਕਲਾਂ ਹਲਕੇ ਤੋਂ ਚੋਣਾਂ ’ਚ ਉੱਤਰੇ ਪਰ ਉਹ ਪੰਜਵੇਂ ਥਾਂ ਉੱਤੇ ਰਹੇ।
ਉਨ੍ਹਾਂ ਦੀ ਪਾਰਟੀ ਜਨਤਾ ਜਨਨਾਇਕ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ।
ਇੰਡੀਅਨ ਨੈਸ਼ਨਲ ਲੋਕ ਦਲ ਦੇ ਅਭੈ ਚੌਟਾਲਾ ਦੇ ਪੁੱਤਰ ਅਰਜੁਨ ਚੌਟਾਲਾ ਨੇ ਰਾਨੀਆ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ।
ਚੌਧਰੀ ਦੇਵੀ ਲਾਲ ਦੇ ਪੋਤੇ ਅਦਿੱਤਿਆ ਦੇਵੀ ਲਾਲ ਨੇ ਵੀ ਆਈਐੱਨਐੱਲਡੀ ਦੀ ਟਿਕਟ ਉੱਤੇ ਡੱਬਵਾਲੀ ਹਲਕੇ ਤੋਂ ਜਿੱਤ ਹਾਸਲ ਕੀਤੀ।
ਤਿੰਨ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਬੰਸੀ ਲਾਲ ਦੇ ਪੁੱਤਰ ਸੁਰੇਂਦਰ ਸਿੰਘ ਦੀ ਧੀ ਸ਼ਰੂਤੀ ਚੌਧਰੀ ਤੋਸ਼ਮ ਹਲਕੇ ਤੋਂ ਭਾਜਪਾ ਵੱਲੋਂ ਚੋਣ ਲੜੇ ਅਤੇ ਜੇਤੂ ਰਹੇ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਾਵਿਆ ਬਿਸ਼ਨੋਈ ਆਦਮਪੁਰ ਹਲਕੇ ਤੋਂ 1200 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












