ਹਰਿਆਣਾ ਚੋਣ ਨਤੀਜੇ: ਵਿਨੇਸ਼ ਫੋਗਾਟ ਨੇ ਚੋਣਾਂ ਵਿੱਚ ਜਿੱਤ ਨਾਲ ਇਹ ਇਤਿਹਾਸ ਰਚਿਆ

ਤਸਵੀਰ ਸਰੋਤ, Vinesh Phogat/FB
- ਲੇਖਕ, ਸੌਰਭ ਦੁੱਗਲ
- ਰੋਲ, ਬੀਬੀਸੀ ਸਹਿਯੋਗੀ
ਪਹਿਲੀ ਵਾਰ, ਤਿੰਨ ਵਾਰ ਓਲੰਪੀਅਨ ਰਹੀ ਭਲਵਾਨ ਵਿਨੇਸ਼ ਫੋਗਾਟ ਨੇ ਹਰਿਆਣਾ ਵਿਧਾਨ ਸਭਾ ਸੀਟ ਜਿੱਤ ਵਾਲੀ ਸੂਬੇ ਦੀ ਪਹਿਲੀ ਮਹਿਲਾ ਓਲੰਪੀਅਨ ਬਣ ਕੇ ਹਰਿਆਣਾ ਦੇ ਸਿਆਸੀ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰ ਲਿਆ ਹੈ।
ਕਾਂਗਰਸ ਦੀ ਟਿਕਟ 'ਤੇ ਚੋਣ ਲੜਦਿਆਂ ਵਿਨੇਸ਼ ਨੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ 65,080 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਹੈ।
ਉਨ੍ਹਾਂ ਨੇ ਆਪਣੇ ਨਜ਼ਦੀਕੀ ਵਿਰੋਧੀ, ਭਾਜਪਾ ਦੇ ਯੋਗੇਸ਼ ਕੁਮਾਰ ਨੂੰ 6,015 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਸਿਆਸਤ ਵਿੱਚ ਇੱਕ ਸਫ਼ਲ ਸ਼ੁਰੂਆਤ ਕੀਤੀ ਹੈ।

ਤਸਵੀਰ ਸਰੋਤ, Vinesh Phogat/FB
ਵਿਨੇਸ਼ ਦੀ ਜਿੱਤ ਨੇ ਕੁਸ਼ਤੀ ਭਾਈਚਾਰੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਉਹ ਸੂਬੇ ਦੀ ਪਹਿਲੀ ਓਲੰਪੀਅਨ ਜੇਤੂ ਹਨ, ਜਿਨ੍ਹਾਂ ਨੇ ਸਿਆਸਤ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਤੋਂ ਪਹਿਲਾਂ ਓਲੰਪੀਅਨ ਜੇਤੂ ਯੋਗੇਸ਼ਵਰ ਦੱਤ ਅਤੇ ਓਲੰਪੀਅਨ ਭਲਵਾਨ ਬਬੀਤਾ ਫੋਗਾਟ ਨੇ ਸਾਲ 2019 ਵਿੱਚ ਭਾਜਪਾ ਦੀ ਟਿਕਟ ਤੋਂ ਚੋਣ ਲੜੀ ਸੀ ਪਰ ਉਹ ਅਸਫ਼ਲ ਰਹੇ।
ਸਾਲ 2019 ਵਿੱਚ ਹਾਕੀ ਓਲੰਪੀਅਨ ਸੰਦੀਪ ਸਿੰਘ ਨੇ ਇਤਿਹਾਸ ਰਚਦਿਆਂ, ਪਹਿਲੇ ਓਲੰਪੀਅਨ ਵਜੋਂ ਹਰਿਆਣਾ ਵਿਧਾਨ ਸਭਾ ਵਿੱਚ ਪ੍ਰਵੇਸ਼ ਕੀਤਾ ਸੀ।
ਹੁਣ ਸਾਲ 2024 ਵਿੱਚ ਵਿਨੇਸ਼ ਨੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਇੱਕ ਹੋਰ ਅਹਿਮ ਉਪਲਬਧੀ ਜੋੜ ਦਿੱਤੀ ਹੈ ਅਤੇ ਹਰਿਆਣਾ ਦੇ ਪਹਿਲੇ ਖੇਡ ਪਰਿਵਾਰ ਵਜੋਂ ਜਾਣੇ ਜਾਂਦੇ ਫੋਗਾਟ ਪਰਿਵਾਰ ਵਿੱਚ ਸਾਖ਼ ਨੂੰ ਮਜ਼ਬੂਤ ਕੀਤਾ ਹੈ।
ਫੋਗਾਟ ਪਰਿਵਾਰ ਨੂੰ ਮਿਲੇ ਕਈ ਮੈਡਲ ਤੇ ਐਵਾਰਡ
ਫੋਗਾਟ ਪਰਿਵਾਰ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਬਲਾਲੀ ਪਿੰਡ ਤੋਂ ਹੈ, ਜਿਸ ਵਿੱਚ ਛੇ ਕੌਮਾਂਤਰੀ ਭਲਵਾਨ ਹਨ, ਜਿਨ੍ਹਾਂ ਵਿੱਚ ਤਿੰਨ ਓਲੰਪੀਅਨ ਜੇਤੂ ਅਤੇ ਨਾਲ ਹੀ ਕਈ ਹੋਰ ਰਾਸ਼ਟਰੀ ਪੁਰਸਕਾਰ ਵੀ ਹਾਸਿਲ ਕੀਤੇ ਹਨ।
ਹੁਣ ਵਿਨੇਸ਼ ਦੇ ਵਿਧਾਨ ਸਭਾ ਚੋਣ ਜਿੱਤਣ ਮਗਰੋਂ ਪਰਿਵਾਰ ਵਿੱਚ ਸਿਆਸੀ ਰਸੂਖ਼ ਵਾਲਾ ਮੈਂਬਰ ਵੀ ਸ਼ਾਮਲ ਹੋ ਗਿਆ ਹੈ।
ਉਨ੍ਹਾਂ ਦੀਆਂ ਉਪਲਬਧੀਆਂ ਵਿੱਚ ਤਿੰਨ ਅਰਜੁਨ ਐਵਾਰਡ, ਗੀਤਾ, ਬਬੀਤਾ ਅਤੇ ਵਿਨੇਸ਼, ਇੱਕ ਦ੍ਰੋਣਾਚਾਰਿਆ ਐਵਾਰਡ ਜੇਤੂ ਮਹਾਵੀਰ ਸਿੰਘ ਫੋਗਾਟ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਪਰਿਵਾਰ ʼਤੇ ਬੌਲੀਵੁੱਡ ਵਿੱਚ ʻਦੰਗਲʼ ਨਾਮ ਦੀ ਫਿਲਮ ਦਾ ਬਣਨਾ ਵੀ ਸ਼ਾਮਲ ਹੈ।
ਮਹਾਵੀਰ ਦੀ ਪਤਨੀ ਦਯਾ ਕੌਰ ਦੋ ਵਾਰ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।
ਛੇ ਫੋਗਾਟ ਭੈਣਾਂ ਵਿੱਚੋਂ ਚਾਰ, ਗੀਤਾ, ਬਬੀਤਾ, ਰਿਤੂ ਅਤੇ ਸੰਗੀਤਾ ਮਹਾਵੀਰ ਦੀਆਂ ਧੀਆਂ ਹਨ ਅਤੇ ਵਿਨੇਸ਼ ਅਤੇ ਪ੍ਰਿਅੰਕਾ ਉਨ੍ਹਾਂ ਦੇ ਮਰਹੂਮ ਭਰਾ ਰਾਜਪਾਲ ਫੋਗਾਟ ਦੀਆਂ ਧੀਆਂ ਹਨ।

ਫੋਗਾਟ ਭੈਣਾਂ ਨੇ ਕਰੀਬ ਡੇਢ ਦਹਾਕੇ ਤੱਕ ਕੁਸ਼ਤੀ ʼਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਗੀਤਾ ਨੇ ਸਾਲ 2012 ਓਲੰਪਿਕ ਵਿੱਚ ਭਾਰਤ ਦੀ ਪਹਿਲੀ ਮਹਿਲਾ ਭਲਵਾਨ ਵਜੋਂ ਕੁਆਲੀਫਾਈ ਕਰ ਕੇ ਇਤਿਹਾਸ ਰਚਿਆ ਸੀ।
ਉਦੋਂ ਤੋਂ ਬਾਅਦ ਕਰੀਬ ਹਰੇਕ ਓਲੰਪਿਕ ਖੇਡ ਮੁਕਾਬਲਿਆਂ ਵਿੱਚ ਫੋਗਾਟ ਭੈਣਾ ਨੇ ਹਿੱਸਾ ਲਿਆ, ਜਿਸ ਵਿੱਚ ਬਬੀਤਾ ਨੇ ਸਾਲ 2016 ਵਿੱਚ ਰੀਓ ਓਲੰਪਿਕ ਵਿੱਚ ਹਿੱਸਾ ਲਿਆ ਅਤੇ ਵਿਨੇਸ਼ ਨੇ ਲਗਾਤਾਰ ਵਾਰ ਦੀਆਂ ਖੇਡਾਂ, ਰੀਓ 2016, ਟੋਕੀਓ 2020 ਅਤੇ ਪੈਰਿਸ 2024 ਦੇ ਮੁਕਬਾਲਿਆਂ ਵਿੱਚ ਹਿੱਸਾ ਲਿਆ।
ਸਾਲ 2024 ਵਿੱਚ ਹੋਏ ਪੈਰਿਸ ਓਲੰਪਿਕ ਵਿੱਚ ਵਿਨੇਸ਼ ਨੂੰ ਉਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ 50 ਕਿਲੋਗ੍ਰਾਮ ਵਰਗ ਮੁਕਾਬਲੇ ਦੇ ਫਾਇਨਲ ਵਿੱਚ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, Vinesh Phogat/FB
19 ਸਾਲਾ ਬਾਅਦ ਵਿਨੇਸ਼ ਨੇ ਕਾਂਗਰਸ ਦੀ ਝੋਲੀ ਪਾਈ ਸੀਟ
ਭਾਰਤੀ ਕੁਸ਼ਤੀ ਵਿੱਚ ਸ਼ੋਸ਼ਣ ਅਤੇ ਦੁਰਵਿਵਹਾਰ ਦੇ ਵਿਰੁੱਧ ਭਲਵਾਨਾਂ ਦੇ ਵਿਰੋਧ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਵਿਨੇਸ਼ ਦੀ ਉਮੀਦਵਾਰੀ ਨੇ ਮਹੱਤਵਪੂਰਨ ਸਿਆਸੀ ਮਹੱਤਵ ਹਾਸਿਲ ਕੀਤਾ।
ਲਿੰਗ ਵਿਤਕਰੇ ਲਈ ਬਦਨਾਮ ਸੂਬੇ ਵਜੋਂ ਮੰਨੇ ਜਾਂਦੇ, ਹਰਿਆਣਾ ਵਿੱਚ ਔਰਤਾਂ ਦੇ ਅਧਿਕਾਰਾਂ ਲਈ ਉਨ੍ਹਾਂ ਦੀ ਵਕਾਲਤ ਨੇ ਉਨ੍ਹਾਂ ਨੂੰ ਔਰਤਾਂ ਦੇ ਸਸ਼ਕਤੀਕਰਨ ਦਾ ਪ੍ਰਤੀਕ ਬਣਾਇਆ ਹੈ।
ਇਹ ਪ੍ਰਭਾਵ ਉਦੋਂ ਸਪੱਸ਼ਟ ਰੂਪ ਵਿੱਚ ਸਾਹਮਣੇ ਆਇਆ ਜਦੋਂ 2024 ਪੈਰਿਸ ਓਲੰਪਿਕ ਵਾਪਸ ਆਉਣ ʼਤੇ ਉਨ੍ਹਾਂ ਦਾ ਸਵਾਗਤ ਇੱਕ ਨਾਇਕ ਵਜੋਂ ਕੀਤਾ ਗਿਆ। ਉਨ੍ਹਾਂ ਨੂੰ ਦਿੱਲੀ ਏਅਰਪੋਰਟ ʼਤੇ ਲੈਣ ਲਈ ਚਰਖੀ ਦਾਦਰੀ ਤੋਂ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ ਸਨ।
ਜੁਲਾਨਾ ਵਿੱਚ ਕਾਂਗਰਸ ਪਾਰਟੀ ਨੇ 19 ਸਾਲਾਂ ਬਾਅਦ ਜਿੱਤ ਹਾਸਿਲ ਕੀਤੀ ਹੈ ਅਤੇ ਇਸ ਦਾ ਸਿਹਰਾ ਕਾਫੀ ਹੱਦ ਤੱਕ ਵਿਨੇਸ਼ ਦੀ ਮਕਬੂਲੀਅਤ ਅਤੇ ਜਨਤਕ ਤੌਰ ʼਤੇ ਉਨ੍ਹਾਂ ਦੇ ਅਕਸ ਨੂੰ ਦਿੱਤਾ ਜਾ ਸਕਦਾ ਹੈ।
ਸਾਲ 1967, ਜਦੋਂ ਤੋਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਸ਼ੁਰੂ ਹੋਈਆਂ ਹਨ, ਕਾਂਗਰਸ ਨੇ ਵਿਨੇਸ਼ ਫੋਗਾਟ ਸਦਕਾ ਪੰਜਵੀਂ ਵਾਰ ਇੱਥੋਂ ਜਿੱਤ ਦਰਜ ਕੀਤੀ ਹੈ।

ਇਸ ਤੋਂ ਇਲਾਵਾ ਕੌਮਾਂਤਰੀ ਖੇਡ ਪਿਛੋਕੜ ਰੱਖਣ ਵਾਲੀ ਇੱਕ ਹੋਰ ਉਮੀਦਵਾਰ ਏਸ਼ੀਅਨ ਚੈਂਪੀਅਨ ਸਕੀਟ ਨਿਸ਼ਾਨੇਬਾਜ਼ ਆਰਤੀ ਸਿੰਘ ਰਾਓ ਨੇ ਭਾਜਪਾ ਦੀ ਟਿਕਟ 'ਤੇ ਅਟੇਲੀ ਵਿਧਾਨ ਸਭਾ (ਮਹੇਂਦਰਗੜ੍ਹ ਵਿੱਚ) ਤੋਂ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਆਪਣੀ ਥਾਂ ਬਣਾਈ ਹੈ।
ਆਰਤੀ ਸਿੰਘ ਇੱਕ ਸਿਆਸੀ ਪਰਿਵਾਰ ਤੋਂ ਹਨ ਅਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਧੀ ਹਨ। ਰਾਓ ਇੰਦਰਜੀਤ ਸਿੰਘ ਵੀ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ।
ਆਰਤੀ ਸਿੰਘ ਨੇ 56,774 ਵੋਟਾਂ ਹਾਸਿਲ ਕਰ ਕੇ ਜਿੱਤ ਦਰਜ ਕੀਤੀ ਹੈ ਅਤੇ ਕਰੀਬੀ ਮੁਕਾਬਲੇਬਾਜ਼ ਬਹੁਜਨ ਸਮਾਜ ਪਾਰਟੀ ਦੇ ਅਤਰ ਲਾਲ ਨੂੰ 2500 ਵੋਟਾਂ ਨਾਲ ਹਰਾਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












