ਹਰਿਆਣਾ ਵਿਧਾਨ ਸਭਾ ਚੋਣਾਂ: ਕੌਣ ਜਿੱਤਿਆ ਤੇ ਕੌਣ ਰਿਹਾ ਪਿੱਛੇ

ਤਸਵੀਰ ਸਰੋਤ, Kamal Saini/BBC
ਹਰਿਆਣਾ ਵਿੱਚ ਭਾਜਪਾ ਨੂੰ ਸਪਸ਼ਟ ਬਹੁਮਤ ਮਿਲਿਆ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਮੌਜੂਦ ਅਪਡੇਟ ਮੁਤਾਬਕ, ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰਦਿਆਂ ਹੁਣ ਤੱਕ 48 ਸੀਟਾਂ ਜਿੱਤ ਲਈਆਂ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ-2024 ਲਈ 5 ਅਕਤੂਬਰ ਨੂੰ ਵੋਟਾਂ ਪਈਆਂ ਹਨ। ਸੂਬੇ ਦੀਆਂ 90 ਸੀਟਾਂ ਲਈ 61 ਫ਼ੀਸਦ ਵੋਟਿੰਗ ਹੋਈ ਹੈ।
ਹਰਿਆਣਾ ਦੇ ਚੁਣਾਵੀਂ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇੱਕ ਪਾਰਟੀ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਕੀਤੀ ਹੋਵੇ।
ਜੰਮੂ-ਕਸ਼ਮੀਰ ਦਾ ਹਾਲ

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਵਿੱਚ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ ਫਾਰੁਕ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗਠਜੋੜ ਨੂੰ ਅੱਧੀਆਂ ਤੋਂ ਵੱਧ 48 ਸੀਟਾਂ ਮਿਲੀਆਂ ਹਨ।
ਉਧਰ ਭਾਜਪਾ ਨੂੰ 29 ਸੀਟਾਂ ਮਿਲੀਆਂ ਹਨ, ਜਦਕਿ ਪੀਡੀਪੀ ਮਹਿਜ਼ ਤਿੰਨ ਸੀਟਾਂ ʼਤੇ ਸਿਮਟ ਕੇ ਰਹਿ ਗਈ ਹੈ। ਇਸ ਤੋਂ ਇਲਾਵਾ ਹੋਰਨਾਂ ਨੂੰ 10 ਸੀਟਾਂ ਮਿਲੀਆਂ ਹਨ।


ਤਸਵੀਰ ਸਰੋਤ, kamal saini/BBC

ਕਿਹੜੀਆਂ ਸੀਟਾਂ ’ਤੇ ਮੁਕਾਬਲਾ ਰਿਹਾ ਸਖ਼ਤ
ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੌਰਾਨ ਪੂਰੀ ਵਾਹ ਲਾ ਦਿੱਤੀ ਹੈ। ਪਾਰਟੀਆਂ ਲਈ ਸੱਤਾ ਵਿੱਚ ਆਉਣ ਲਈ ਹਰ ਇੱਕ ਸੀਟ ਅਹਿਮ ਸੀ।
ਪਰ ਸੂਬੇ ਵਿੱਚ ਕੁਝ ਸੀਟਾਂ ਕਾਫੀ ਚਰਚਿਤ ਹਨ, ਜਿਨ੍ਹਾਂ ’ਤੇ ਸਾਰਿਆਂ ਦੀ ਨਿਗਾਹ ਟਿਕੀ ਹੋਈ ਸੀ।
ਅਸੀਂ ਹਰਿਆਣਾ ਦੀਆਂ 10 ਵਿਧਾਨ ਸਭਾ ਸੀਟਾਂ ਬਾਰੇ ਗੱਲ ਕਰ ਰਹੇ ਹਾਂ, ਜਿਨ੍ਹਾਂ ’ਤੇ ਸਖ਼ਤ ਮੁਕਾਬਲਾ ਰਿਹਾ ਸੀ।
ਜੁਲਾਨਾ ਸੀਟ: ਵਿਨੇਸ਼ ਫੋਗਾਟ ਜਿੱਤੇ

ਤਸਵੀਰ ਸਰੋਤ, Getty Images
ਹਰਿਆਣਾ ਦੀ ਜੁਲਾਨਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਭਲਵਾਨ ਵਿਨੇਸ਼ ਫੋਗਾਟ ਨੇ ਜਿੱਤ ਹਾਸਲ ਕੀਤੀ ਹੈ।
ਉਨ੍ਹਾਂ ਨੇ ਭਾਜਪਾ ਦੇ ਯੋੇਗੇਸ਼ ਕੁਮਾਰ ਨੂੰ 6015 ਵੋਟਾਂ ਨਾਲ ਮਾਤ ਦਿੱਤੀ ਹੈ।
ਵਿਨੇਸ਼ ਫੋਗਾਟ ਦਾ ਜੁਲਾਨਾ ਨਾਲ ਸਬੰਧ ਆਪਣੇ ਸਹੁਰੇ ਪਰਿਵਾਰ ਕਰਕੇ ਹੈ। ਵਿਨੇਸ਼ ਦੇ ਸਹੁਰਿਆਂ ਦਾ ਪਿੰਡ ਬਖਤਾ ਖੇੜਾ ਜੁਲਾਨਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ।
ਗੜ੍ਹੀ ਸਾਂਪਲਾ ਕਿਲੋਈ: ਭੁਪਿੰਦਰ ਹੁੱਡਾ ਜਿੱਤੇ

ਰੋਹਤਕ ਜ਼ਿਲ੍ਹੇ ਦੀ ਸਭ ਤੋਂ ਚਰਚਾ ਵਾਲੀਆਂ ਸੀਟਾਂ ਵਿੱਚੋਂ ਗੜ੍ਹੀ ਸਾਂਪਲਾ ਕਿਲੋਈ ਵਿਧਾਨ ਸਭਾ ਸੀਟ ਵੀ ਹੈ ਕਿਉਂਕਿ ਇਹ ਕਾਂਗਰਸ ਦਾ ਗੜ੍ਹ ਹੈ। ਇੱਥੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 71,465 ਵੋਟਾਂ ਨਾਲ ਜਿੱਤ ਗਏ ਹਨ।
ਹੁੱਡਾ ਇਸੇ ਸੀਟ ਤੋਂ ਮੌਜੂਦਾ ਵਿਧਾਇਕ ਵੀ ਹਨ। ਭੁਪਿੰਦਰ ਸਿੰਘ ਹੁੱਡਾ 2 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਹਨ।
ਇਸ ਵਾਰ ਭੁਪਿੰਦਰ ਹੁੱਡਾ ਦੇ ਮੁਕਾਬਲੇ ਭਾਜਪਾ ਨੇ ਰੋਹਤਕ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਮੰਜੂ ਹੁੱਡਾ ਨੂੰ ਮੈਦਾਨ ਵਿਚ ਉਤਾਰਿਆ ਸੀ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 2024 ਲਾਈਵ ਦੇਖਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।
ਲਾਡਵਾ: ਨਾਇਬ ਸੈਣੀ ਨੇ ਕਾਂਗਰਸ ਦੇ ਮੇਵਾ ਸਿੰਘ ਨੂੰ ਹਰਾਇਆ

ਹਰਿਆਣਾ ਦੀ ਲਾਡਵਾ ਵਿਧਾਨ ਸਭਾ ਸੀਟ ਵੀ ਇਸ ਵਾਰ ਕਾਫ਼ੀ ਚਰਚਾ ਵਿੱਚ ਰਹੀ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਤੋਂ ਚੋਣ ਮੈਦਾਨ ਵਿੱਚ ਖੜ੍ਹੇ ਸਨ ।
ਨਾਇਬ ਸੈਣੀ ਨੇ ਇਥੋਂ 16054 ਵੋਟਾਂ ਨਾਲ ਜਿੱਤ ਹਾਸਲ ਕਰ ਲਈ ਹੈ।
ਨਾਇਬ ਸੈਣੀ ਕਰਨਾਲ ਤੋਂ ਮੌਜੂਦਾ ਵਿਧਾਇਕ ਹਨ। ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ।
ਨਾਇਬ ਸੈਣੀ ਦੇ ਮੁਕਾਬਲੇ ਵਿੱਚ ਕਾਂਗਰਸ ਨੇ ਮੇਵਾ ਸਿੰਘ ਸੈਣੀ ਨੂੰ ਉਮੀਦਵਾਰ ਬਣਾਇਆ ਸੀ। ਮੇਵਾ ਸਿੰਘ ਸੈਣੀ ਲਾਡਵਾ ਤੋਂ ਸਾਬਕਾ ਵਿਧਾਇਕ ਸਨ।
ਕਾਂਗਰਸ ਤੇ ਭਾਜਪਾ ਤੋਂ ਇਲਾਵਾ ਲਾਡਵਾ ਤੋਂ ਜੇਜੇਪੀ ਨੇ ਵਿਨੋਦ ਸ਼ਰਮਾ, ਆਮ ਆਦਮੀ ਪਾਰਟੀ ਨੇ ਆਸ਼ਾ ਪਟਾਨੀਆ ਨੂੰ ਟਿਕਟ ਦਿੱਤੀ ਸੀ। ਇਸ ਸੀਟ ਤੋਂ ਜੇਕਰ ਪਿਛਲੀ ਤਿੰਨ ਚੋਣਾਂ ਦੀ ਗੱਲ ਕਰੀਏ ਤਾਂ ਤਿੰਨੋਂ ਵਾਰ ਅਲੱਗ ਅਲੱਗ ਪਾਰਟੀਆਂ ਦੀ ਜਿੱਤ ਹੋਈ ਹੈ।
ਅੰਬਾਲਾ ਕੈਂਟ: ਅਨਿਲ ਵਿੱਜ ਜਿੱਤੇ
ਅੰਬਾਲਾ ਕੈਂਟ ਦੀ ਵਿਧਾਨ ਸਭਾ ਸੀਟ ਵੀ ਕਾਫ਼ੀ ਅਹਿਮ ਮੰਨੀ ਜਾ ਰਹੀ ਸੀ। ਇੱਥੋਂ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿੱਜ ਮੈਦਾਨ ਵਿੱਚ ਸਨ, ਜਿਨ੍ਹਾਂ ਨੇ 7277 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ ਹੈ।
ਇਸ ਸੀਟ ’ਤੇ ਉਨ੍ਹਾਂ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਚਿਤਰਾ ਸਰਵਰਾ ਨਾਲ ਰਿਹਾ।
ਅਨਿਲ ਵਿੱਜ 6 ਵਾਰ ਦੇ ਵਿਧਾਇਕ ਰਹਿ ਚੁੱਕੇ ਅਤੇ ਹੁਣ ਸਤਵੀਂ ਵਾਰ ਚੁਣੇ ਗਏ ਹਨ।
ਅਨਿਲ ਵਿੱਜ ਦੇ ਮੁਕਾਬਲੇ ਕਾਂਗਰਸ ਨੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਪਰੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਪਰਵਿੰਦਰ ਸਿੰਘ ਪਰੀ ਪੁਰਾਣੇ ਕਾਂਗਰਸੀ ਸਨ। ਪਰਵਿੰਦਰ ਸਿੰਘ ਪਰੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।
ਉਚਾਨਾ ਕਲਾਂ: ਹਾਰੇ ਦੁਸ਼ਯੰਤ ਚੌਟਾਲਾ

ਤਸਵੀਰ ਸਰੋਤ, Getty Images
ਜਨਨਾਇਕ ਜਨਤਾ ਪਾਰਟੀ ਦੇ ਦੁਸ਼ਯੰਤ ਚੌਟਾਲਾ ਹਰਿਆਣਾ ਦੀ ਉਚਾਣਾ ਕਲਾਂ ਸੀਟ ਤੋਂ ਚੋਣ ਹਾਰ ਗਏ ਹਨ।
ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਉਨ੍ਹਾਂ ਨੂੰ 7950 ਵੋਟਾਂ ਮਿਲੀਆਂ ਹਨ। ਚੌਟਾਲਾ ਪੰਜਵੇਂ ਸਥਾਨ 'ਤੇ ਰਹੇ ਹਨ।
ਉਚਾਣਾ ਕਲਾਂ ਸੀਟ ਤੋਂ ਭਾਜਪਾ ਦੇ ਦੇਵੇਂਦਰ ਅਤਰੀ 32 ਵੋਟਾਂ ਨਾਲ ਜਿੱਤੇ ਹਨ ਅਤੇ ਉਨ੍ਹਾਂ ਦੇ ਖਾਤੇ ਵਿੱਚ 48,968 ਵੋਟਾਂ ਪਈਆਂ ਹਨ। ਕਾਂਗਰਸ ਦੇ ਬ੍ਰਿਜੇਂਦਰ ਸਿੰਘ 48,936 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ।
ਹਿਸਾਰ: ਸਾਵਿਤਰੀ ਜਿੰਦਲ ਜਿੱਤੇ

ਹਿਸਾਰ ਸੀਟ ’ਤੇ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿਤਰੀ ਜਿੰਦਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਸਾਵਿਤਰੀ ਜਿੰਦਲ ਨੇ ਇਥੋਂ 18,941 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਉਨ੍ਹਾਂ ਦੇ ਮੁਕਾਬਲੇ ਮੈਦਾਨ ਵਿੱਚ ਭਾਜਪਾ ਦੇ ਕਮਲ ਗੁਪਤਾ ਹਨ।
ਸਾਵਿਤਰੀ ਜਿੰਦਲ ਪਹਿਲਾਂ 2005 ਤੋਂ 2013 ਤੱਕ ਕਾਂਗਰਸ ਦੀ ਟਿਕਟ ’ਤੇ ਹਿਸਾਰ ਸੀਟ ’ਤੇ ਰਹੇ ਸਨ ਪਰ ਕਮਲ ਗੁਪਤਾ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਹੁਣ ਇੱਕ ਵਾਰ ਫਿਰ ਦੋਵੇਂ ਆਹਮੋ-ਸਾਹਮਣੇ ਹਨ।
ਆਦਮਪੁਰ: ਕਾਂਗਰਸ ਦੇ ਚੰਦਰ ਪ੍ਰਕਾਸ਼ ਨੇ ਮਾਰੀ ਬਾਜੀ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਸੀਟ ਵੀ ਕਾਫੀ ਚਰਚਿਤ ਰਹੀ। ਇਥੇ ਕਾਂਗਰਸ ਪਾਰਟੀ ਦੇ ਚੰਦਰ ਪ੍ਰਕਾਸ਼ ਨੇ ਭਾਜਪਾ ਦੇ ਭਵਿਆ ਬਿਸ਼ਨੋਈ ਨੂੰ ਹਰਾ ਦਿੱਤਾ ਹੈ। ਹਾਰ-ਜਿੱਤ ਵਿਚਾਲੇ ਮਹਿਜ਼ 1268 ਵੋਟਾਂ ਦਾ ਫਰਕ ਸੀ।
2019 ਵਿੱਚ ਇਥੋਂ ਭਾਜਪਾ ਦੇ ਭਵਿਆ ਬਿਸ਼ਨੋਈ ਜੇਤੂ ਸਨ।

ਤਸਵੀਰ ਸਰੋਤ, Prabhu dayal/BBC
ਫਰੀਦਾਬਾਦ: ਵਿਪੁਲ ਗੋਇਲ ਨੇ ਲਖਨ ਕੁਮਾਰ ਸਿੰਗਲਾ ਨੂੰ ਹਰਾਇਆ
ਸੂਬੇ ਦੀ ਫਰੀਦਾਬਾਦ ਸੀਟ ’ਤੇ ਭਾਜਪਾ ਦੇ ਵਿਪੁਲ ਗੋਇਲ ਨੇ ਕਾਂਗਰਸ ਦੇ ਲਖਨ ਕੁਮਾਰ ਸਿੰਗਲਾ ਨੂੰ 48388 ਵੋਟਾਂ ਨਾਲ ਮਾਤ ਦਿੱਤੀ ਹੈ।
2019 ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਇਸ ਸੀਟ ਤੋਂ ਭਾਜਪਾ ਦੇ ਨਰੇਂਦਰ ਗੁਪਤਾ ਜੇਤੂ ਰਹੇ ਸਨ।
ਏਲਨਾਬਾਦ: ਭਾਰਤ ਸਿੰਘ ਬੈਨੀਵਾਲ ਜਿੱਤੇ
ਹਰਿਆਣਾ ਦੇ ਏਲਨਾਬਾਦ ਦੀ ਸੀਟ ’ਤੇ ਕਾਂਗਰਸ ਦੇ ਭਾਰਤ ਸਿੰਘ ਬੈਨੀਵਾਲ ਨੇ 15000 ਵੋਟਾਂ ਨਾਲ ਜਿੱਤ ਦਰਜ ਕੀਤੀਹੈ।
ਭਾਜਪਾ ਨੇ ਇਥੋਂ ਅਮੀਰ ਚੰਦ ਮਹਿਤਾ ਅਤੇ ਇਨੈਲੋ ਨੇ ਅਭੈ ਸਿੰਘ ਚੌਟਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਏਲਨਾਬਾਦ ਤੋਂ 2019 ਵਿੱਚ ਇਨੈਲੋ ਦੇ ਅਭੈ ਸਿੰਘ ਚੌਟਾਲਾ ਜੇਤੂ ਰਹੇ ਸਨ।
ਚੋਣਾਂ ਵਿੱਚ ਇਹ ਮੁੱਦੇ ਰਹੇ ਭਾਰੂ
ਸੱਤਾਧਾਰੀ ਭਾਜਪਾ ਨੇ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਹੋਣ ਅਤੇ ਅਮਨ-ਕਾਨੂੰਨ ਦੇ ਮੁੱਦੇ ’ਤੇ ਜ਼ੋਰ ਦਿੱਤਾ।
ਭਾਜਪਾ ਪਾਰਟੀ ਦੇ ਹਰ ਵੱਡੇ ਨੇਤਾ ਨੇ ਪ੍ਰਚਾਰ ਦੌਰਾਨ ਕਾਂਗਰਸ ਦੇ ਸ਼ਾਸਨ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ ’ਤੇ ਹਮਲਾ ਕੀਤਾ।
ਭਾਜਪਾ ਨੇ ਸੂਬੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਪਾਰਦਰਸ਼ੀ ਪ੍ਰਣਾਲੀ ਦਾ 'ਬਿਨਾਂ ਪਰਚੀ-ਬਿਨਾਂ ਖਰਚੀ' ਨਾਮ ਤਹਿਤ ਪ੍ਰਚਾਰ ਕੀਤਾ ਹੈ।
ਦੂਜੇ ਪਾਸੇ ਕਾਂਗਰਸ ਨੇ ਚੋਣਾਂ ਦੌਰਾਨ ਆਪਣੀ ਚਾਰਜਸ਼ੀਟ ਵਿੱਚ ਵੱਖ-ਵੱਖ ਮੁੱਦਿਆਂ ਉੱਤੇ ਭਾਜਪਾ ਸਰਕਾਰ ਲਈ 15 ਸਵਾਲ ਰੱਖੇ।
ਕਾਂਗਰਸ ਨੇ 'ਚਾਰਜਸ਼ੀਟ' ਵਿੱਚ ਕਿਹਾ ਕਿ ਸੂਬੇ ਵਿੱਚ ਲਗਭਗ 2 ਲੱਖ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਦਾਅਵਾ ਕੀਤਾ ਗਿਆ ਕਿ ਸਿੱਖਿਆ ਖੇਤਰ ਵਿੱਚ 60 ਹਜ਼ਾਰ ਅਤੇ ਪੁਲਿਸ ਤੇ ਸਿਹਤ ਖੇਤਰ ਵਿੱਚ 20 ਹਜ਼ਾਰ ਅਸਾਮੀਆਂ ਖਾਲੀ ਹਨ।
ਕਾਂਗਰਸ ਵੱਲੋਂ ਭਾਜਪਾ ਸਰਕਾਰ ਨੂੰ ਸਕੈਮ ਅਤੇ ਪੇਪਰ ਲੀਕ ਮਾਮਲਿਆਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ।
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਨੇ ਚੋਣਾਂ ਦੌਰਾਨ ਇਲਜ਼ਾਮ ਲਾਇਆ ਕਿ ਹਰਿਆਣਾ ਅਸੁਰੱਖਿਅਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵੱਧਦੀ ਅਪਰਾਧ ਦਰ ਕਰਕੇ ,ਦਲਿਤਾਂ ਅਤੇ ਮਹਿਲਾਵਾਂ ਖ਼ਿਲਾਫ ਵਧਦੇ ਜੁਰਮ ਕਰਕੇ ਅਪਰਾਧ ਵਿੱਚ ਵਾਧਾ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












