ਅਮਰੀਕਾ ਚੋਣਾਂ: ਟਰੰਪ ਅਤੇ ਕਮਲਾ ਹੈਰਿਸ ਦੀਆਂ ਉਹ ਖ਼ੂਬੀਆਂ ਜੋ ਉਨ੍ਹਾਂ ਦੇ ਹੱਕ ਵਿੱਚ ਭੁਗਤ ਸਕਦੀਆਂ ਹਨ

- ਲੇਖਕ, ਬੇਨ ਬੇਵਿੰਗਟਨ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੌਰਾਨ ਜੋ ਸਰਵੇਖਣ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਚੋਣ ਵਿੱਚ ਇੰਨੀ ਫ਼ਸਵੀ ਟੱਕਰ ਹੈ ਕਿ ਇੱਕ ਗ਼ਲਤੀ ਡੌਨਲਡ ਟਰੰਪ ਜਾਂ ਕਮਲਾ ਹੈਰਿਸ ਨੂੰ ਦੋ-ਤਿੰਨ ਅੰਕਾਂ ਦਾ ਫਾਇਦਾ ਦੇ ਸਕਦੀ ਹੈ।
ਇੰਨੇ ਅੰਕ ਟਰੰਪ ਜਾਂ ਫਿਰ ਹੈਰਿਸ ਨੂੰ ਆਰਾਮ ਨਾਲ ਚੋਣ ਜਿਤਾਉਣ ਲਈ ਕਾਫੀ ਹਨ।
ਜੇਕਰ ਡੌਨਲਡ ਟਰੰਪ ਚੋਣ ਜਿੱਤ ਜਾਂਦੇ ਹਨ ਤਾਂ ਅਮਰੀਕਾ ਦੇ 130 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਪਿਛਲੀ ਚੋਣ ਹਾਰਨ ਵਾਲਾ ਸਾਬਕਾ ਰਾਸ਼ਟਰਪਤੀ ਦੁਬਾਰਾ ਰਾਸ਼ਟਰਪਤੀ ਬਣੇਗਾ।

ਡੌਨਲਡ ਟਰੰਪ ਸੱਤਾ ਵਿੱਚ ਨਹੀਂ ਹਨ
ਅਮਰੀਕਾ ਵਿੱਚ ਵੋਟਰਾਂ ਲਈ ਆਰਥਿਕਤਾ ਸਭ ਤੋਂ ਵੱਡਾ ਮੁੱਦਾ ਹੈ। ਅਮਰੀਕਾ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਮਹਿੰਗਾਈ ਦੀ ਮਾਰ ਝੱਲ ਰਹੇ ਹਨ।
1970 ਦੇ ਦਹਾਕੇ ਬਾਅਦ ਮਹਿੰਗਾਈ ਇਸ ਪੱਧਰ ਉੱਤੇ ਪਹੁੰਚ ਗਈ ਹੈ ਕਿ ਟਰੰਪ ਨੂੰ ਇਹ ਕਹਿਣ ਦਾ ਮੌਕਾ ਦਿੰਦੀ ਹੈ ,"ਕੀ ਤੁਸੀਂ ਹੁਣ ਚਾਰ ਸਾਲ ਪਹਿਲਾਂ ਨਾਲੋਂ ਬਿਹਤਰ ਹਾਲਾਤ ਵਿੱਚ ਹੋ?"
ਸਾਲ 2024 ਵਿੱਚ ਦੁਨੀਆਂ ਭਰ ਦੇ ਵੋਟਰਾਂ ਨੇ ਕਈ ਸੱਤਾਧਾਰੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕੀਤਾ ਹੈ।
ਵੋਟਰਾਂ ਨੇ ਅਜਿਹਾ ਕੋਰੋਨਾ ਦੇ ਦੌਰ ਤੋਂ ਬਾਅਦ ਰਹਿਣ-ਸਹਿਣ ਦੇ ਖ਼ਰਚੇ ਵਧਣ ਵਰਗੇ ਕਾਰਨਾਂ ਕਰਕੇ ਕੀਤਾ ਹੈ। ਲੱਗਦਾ ਹੈ ਕਿ ਅਮਰੀਕੀ ਵੋਟਰ ਵੀ ਬਦਲਾਅ ਚਾਹੁੰਦੇ ਹਨ।
ਅਮਰੀਕਾ ਦੇ ਮੌਜੂਦਾ ਹਾਲਾਤ ਅਤੇ ਅੱਗੇ ਵੱਧਣ ਦੇ ਤਰੀਕੇ ਤੋਂ ਸਿਰਫ਼ 26 ਫੀਸਦੀ ਅਮਰੀਕੀ ਹੀ ਸੰਤੁਸ਼ਟ ਹਨ।
ਕਮਲਾ ਹੈਰਿਸ ਨੇ ਆਪਣੇ ਆਪ ਨੂੰ ਬਦਲਾਅ ਦੇ ਚਿਹਰੇ ਵਜੋਂ ਪੇਸ਼ ਕੀਤਾ ਹੈ ਪਰ ਪਹਿਲਾ ਹੀ ਉਪ ਰਾਸ਼ਟਰਪਤੀ ਹੋਣ ਕਰਕੇ ਉਨ੍ਹਾਂ ਨੂੰ ਅਜਿਹਾ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ।

ਤਸਵੀਰ ਸਰੋਤ, Getty Images
ਡੌਨਲਡ ਟਰੰਪ 'ਤੇ ਕੋਈ ਅਸਰ ਨਹੀਂ ਹੋਇਆ
ਤਿੰਨ ਸਾਲ ਪਹਿਲਾਂ, 6 ਜਨਵਰੀ, 2021 ਨੂੰ ਵਾਸ਼ਿੰਗਟਨ ਦੇ ਕੈਪੀਟਲ ਹਿੱਲ ਵਿੱਚ ਹੋਏ ਦੰਗਿਆਂ ਅਤੇ ਅਪਰਾਧਿਕ ਮਾਮਲਿਆਂ ਵਿੱਚ ਕਟਹਿਰੇ ਵਿੱਚ ਹੋਣ ਦੇ ਬਾਵਜੂਦ ਵੀ ਡੌਨਲਡ ਟਰੰਪ ਦਾ ਸਮਰਥਨ ਇਨ੍ਹਾਂ ਸਾਰੇ ਸਾਲਾਂ ਨਾਲੋਂ 40 ਫੀਸਦ ਜਾਂ ਇਸ ਤੋਂ ਵੀ ਵੱਧ ਬਣਿਆ ਹੋਇਆ ਹੈ।
ਡੈਮੋਕਰੇਟਸ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਰਿਪਬਲੀਕਨ ਟਰੰਪ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਉਹ ਸਿਆਸੀ ਬਦਲਾਖ਼ੋਰੀ ਦਾ ਸ਼ਿਕਾਰ ਹੋਏ ਹਨ।
ਟਰੰਪ ਨੂੰ ਸਿਰਫ਼ ਉਨ੍ਹਾਂ ਵੋਟਰਾਂ ਦੇ ਇੱਕ ਛੋਟੇ ਜਿਹੇ ਹਿੱਸੇ ਦੀਆਂ ਵੋਟਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਅਜੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਕਿ ਉਹ ਕਿਸ ਦੇ ਵੱਲ ਹਨ।
ਗ਼ੈਰ-ਕਾਨੂੰਨੀ ਪਰਵਾਸੀਆਂ 'ਤੇ ਡੌਨਲਡ ਟਰੰਪ ਦੀ ਸਖ਼ਤੀ
ਆਰਥਿਕਤਾ ਦੀ ਸਥਿਤੀ ਤੋਂ ਪਰੇ ਅਕਸਰ ਭਾਵਨਾਤਮਕ ਮੁੱਦਿਆਂ ਦੁਆਰਾ ਵੀ ਚੋਣ ਜਿੱਤ ਤੈਅ ਹੁੰਦੀ ਹੈ।
ਜਿੱਥੇ ਇੱਕ ਪਾਸੇ ਡੈਮੋਕਰੇਟਸ ਨੂੰ ਉਮੀਦ ਹੈ ਕਿ ਉਨ੍ਹਾਂ ਲਈ ਇਹ ਭਾਵਨਾਤਮਕ ਮੁੱਦਾ ਫਾਇਦੇਮੰਦ ਹੋਵੇਗਾ, ਉੱਥੇ ਹੀ ਦੂਜੇ ਪਾਸੇ ਟਰੰਪ ਨੇ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਦਾਅ ਲਗਾਇਆ ਹੋਇਆ ਹੈ।
ਜੋ ਬਾਇਡਨ ਦੇ ਸ਼ਾਸਨ 'ਚ ਸਰਹੱਦੀ ਖੇਤਰਾਂ 'ਤੇ ਮੁੱਠਭੇੜ ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਲੋਕ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਟਰੰਪ 'ਤੇ ਜ਼ਿਆਦਾ ਭਰੋਸਾ ਕਰਦੇ ਹਨ।

ਤਸਵੀਰ ਸਰੋਤ, Getty Images
ਡੌਨਲਡ ਟਰੰਪ ਦੀ ਅਪੀਲ
ਡੌਨਲਡ ਟਰੰਪ ਨੇ ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਹੈ ਜੋ ਵਿਸਾਰ ਦਿੱਤੇ ਗਏ ਹਨ ਜਾਂ ਉਹ ਅਣੌਗਲੇ ਮਹਿਸੂਸ ਕਰਦੇ ਹਨ।
ਟਰੰਪ ਜੇਕਰ ‘ਸਵਿੰਗ ਸਟੇਟਾਂ’ ਦੇ ਪੇਂਡੂ ਅਤੇ ਛੋਟੇ ਸ਼ਹਿਰਾਂ ਦੇ ਹਿੱਸਿਆਂ ਵਿੱਚ ਵੋਟਾਂ ਹਾਸਲ ਕਰਨ ਵਿੱਚ ਸਫ਼ਲ ਹੁੰਦੇ ਹਨ ਤਾਂ ਉਹ ਸੰਭਾਵੀ ਤੌਰ ‘ਤੇ ਕਾਲਜਾਂ ਤੋਂ ਪੜ੍ਹੇ-ਲਿਖੇ ਲੋਕਾਂ ਦੀਆਂ ਵੋਟਾਂ ਨਾ ਮਿਲਣ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰ ਸਕਦੇ ਹਨ।
ਅਮਰੀਕਾ ਵਿੱਚ 'ਸਵਿੰਗ ਸਟੇਟਸ' ਉਹ ਸੂਬੇ ਹਨ ਜਿੱਥੇ ਵੋਟਰਾਂ ਦੀਆਂ ਤਰਜੀਹਾਂ ਸਪੱਸ਼ਟ ਨਹੀਂ ਹੁੰਦੀਆਂ ਅਤੇ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਡੌਨਲਡ ਟਰੰਪ ਦਾ ਮਜ਼ਬੂਤ ਪੱਖ ਕੀ ਹੈ?
ਕੋਈ ਨਹੀਂ ਜਾਣਦਾ ਕਿ ਡੌਨਲਡ ਟਰੰਪ ਕਦੋਂ ਕੀ ਕਰਨਗੇ, ਟਰੰਪ ਇਸ ਨੂੰ ਆਪਣਾ ਮਜ਼ਬੂਤ ਨੁਕਤਾ ਮੰਨਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਦੁਨੀਆਂ ਵਿੱਚ ਕੋਈ ਵੱਡੀ ਜੰਗ ਸ਼ੁਰੂ ਨਹੀਂ ਹੋਈ ਸੀ।
ਬਹੁਤ ਸਾਰੇ ਅਮਰੀਕੀ ਵੱਖ-ਵੱਖ ਕਾਰਨਾਂ ਕਰਕੇ ਗੁੱਸੇ ਵਿੱਚ ਹਨ। ਇਸ ਦਾ ਕਾਰਨ ਯੂਕਰੇਨ ਅਤੇ ਇਜ਼ਰਾਈਲ ਨੂੰ ਅਰਬਾਂ ਰੁਪਏ ਦੀ ਸਹਾਇਤਾ ਭੇਜਣਾ ਵੀ ਹੈ।
ਬਹੁਤ ਸਾਰੇ ਅਮਰੀਕੀ ਸੋਚਦੇ ਹਨ ਕਿ ਬਾਇਡਨ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਕਮਜ਼ੋਰ ਹੋਇਆ ਹੈ।
ਜ਼ਿਆਦਾਤਰ ਵੋਟਰ ਖ਼ਾਸ ਕਰਕੇ ਮਰਦ ਵੋਟਰ ਟਰੰਪ ਨੂੰ ਕਮਲਾ ਹੈਰਿਸ ਨਾਲੋਂ ਮਜ਼ਬੂਤ ਲੀਡਰ ਮੰਨਦੇ ਹਨ।

ਤਸਵੀਰ ਸਰੋਤ, Getty Images
ਕਮਲਾ ਹੈਰਿਸ ਵੋਟਾਂ ਮੰਗਦੇ ਵੇਲੇ ਟਰੰਪ ਉੱਤੇ ਕੀ ਇਲਜ਼ਾਮ ਲਾਉਂਦੇ ਹਨ
ਡੌਨਲਡ ਟਰੰਪ ਦੇ ਕੋਲ ਕਈ ਫਾਇਦੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਧਰੁਵੀਕਰਨ ਕਰਨ ਵਾਲੇ ਵਿਅਕਤੀ ਵਜੋਂ ਮੰਨਿਆ ਜਾਂਦਾ ਹੈ।
ਸਾਲ 2020 ਵਿੱਚ ਟਰੰਪ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਰਿਕਾਰਡ ਗਿਣਤੀ ਵਿੱਚ ਵੋਟਾਂ ਮਿਲੀਆਂ ਸਨ ਪਰ ਫਿਰ ਵੀ ਉਹ ਹਾਰ ਗਏ ਸਨ। ਅਜਿਹਾ ਇਸ ਲਈ ਹੋਇਆ ਸੀ ਕਿਉਂਕਿ ਬਾਇਡਨ ਦੇ ਪੱਖ ਵਿੱਚ 70 ਲੱਖ ਤੋਂ ਵੱਧ ਅਮਰੀਕੀ ਗਏ ਸਨ।
ਇਸ ਵਾਰ ਹੈਰਿਸ ਨੇ ਆਪਣੇ ਲਈ ਵੋਟਾਂ ਮੰਗਦੇ ਹੋਏ ਟਰੰਪ ਨੂੰ ਫਾਸੀਵਾਦੀ ਦੱਸਿਆ ਅਤੇ ਕਿਹਾ ਕਿ ਉਹ ਲੋਕਤੰਤਰ ਲਈ ਖ਼ਤਰਾ ਹਨ।
ਨਿਊਜ਼ ਏਜੰਸੀ ਰਾਇਟਰਜ਼ ਦੁਆਰਾ ਜੁਲਾਈ ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਪੰਜ ਵਿੱਚੋਂ ਚਾਰ ਅਮਰੀਕੀ ਮਹਿਸੂਸ ਕਰਦੇ ਹਨ ਕਿ ਸਥਿਤੀ ਕਾਬੂ ਤੋਂ ਬਾਹਰ ਹੈ।
ਭਾਵੇਂ ਕਿ ਹੈਰਿਸ ਨੂੰ ਉਮੀਦ ਹੈ ਕਿ ਵੋਟਰ ਉਸ ਨੂੰ ਦੇਸ਼ ਨੂੰ ਸਥਿਰ ਰੱਖਣ ਵਾਲੇ ਉਮੀਦਵਾਰ ਵਜੋਂ ਦੇਖਣਗੇ।

ਤਸਵੀਰ ਸਰੋਤ, Getty Images
ਜੋਅ ਬਾਇਡਨ ਦੀ ਥਾਂ ਕਮਲਾ ਹੈਰਿਸ ਦੇ ਚੋਣ ਲੜ੍ਹਣ ਦਾ ਕੀ ਫਾਇਦਾ
ਜੋਅ ਬਾਇਡਨ ਦੇ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਡੈਮੋਕਰੇਟਸ ਦੀ ਹਾਰ ਯਕੀਨੀ ਹੈ ਪਰ ਟਰੰਪ ਨੂੰ ਹਰਾਉਣ ਦੀ ਇੱਛਾ ਨੇ ਡੈਮੋਕਰੇਟਸ ਨੂੰ ਹੈਰਿਸ ਦੇ ਦੁਆਲੇ ਲਿਆ ਦਿੱਤਾ ਹੈ।
ਸਰਵੇਖਣ ਲਗਾਤਾਰ ਦਿਖਾ ਰਹੇ ਹਨ ਕਿ ਵੋਟਰ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਕੀ ਬਾਇਡਨ ਰਾਸ਼ਟਰਪਤੀ ਬਣਨ ਲਈ ਸਿਹਤਮੰਦ ਹਨ।
ਪਰ ਹੁਣ ਪਾਸਾ ਪਲਟ ਗਿਆ ਹੈ ਅਤੇ ਟਰੰਪ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਸਭ ਤੋਂ ਵੱਧ ਉਮਰ ਦੇ ਵਿਅਕਤੀ ਹਨ।
ਕਮਲਾ ਹੈਰਿਸ ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਕਰਦੇ ਹਨ
ਸੁਪਰੀਮ ਕੋਰਟ ਵੱਲੋਂ ਰੋਅ ਬਨਾਮ ਵੇਡ ਦੇ ਫ਼ੈਸਲੇ ਅਤੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਉਲਟਾਉਣ ਤੋਂ ਬਾਅਦ ਅਮਰੀਕਾ ਵਿੱਚ ਇਹ ਪਹਿਲੀ ਰਾਸ਼ਟਰਪਤੀ ਚੋਣ ਹੈ।
ਗਰਭਪਾਤ ਦੇ ਮੁੱਦੇ ਬਾਰੇ ਚਿੰਤਤ ਵੋਟਰ ਹੈਰਿਸ ਦਾ ਸਮਰਥਨ ਕਰਦੇ ਹਨ।
ਸਾਲ 2022 ਵਿੱਚ ਹੋਈਆਂ ਚੋਣਾਂ ਤੋਂ ਪਤਾ ਲੱਗਦਾ ਹੈ ਕਿ ਇਹ ਮੁੱਦਾ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹੈਰਿਸ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਵੀ ਉਨ੍ਹਾਂ ਨੂੰ ਮਹਿਲਾ ਵੋਟਰਾਂ ਵਿੱਚ ਇੱਕ ਫਾਇਦਾ ਦੇ ਸਕਦੀ ਹੈ।

ਤਸਵੀਰ ਸਰੋਤ, Getty Images
ਕਮਲਾ ਹੈਰਿਸ ਕਿਸ ਦੀ ਪਸੰਦ ਹਨ
ਕਾਲਜਾਂ ਤੋਂ ਪੜ੍ਹੇ-ਲਿਖੇ ਲੋਕ ਅਤੇ ਉਮਰਦਰਾਜ਼ ਲੋਕਾਂ ਦੇ ਵੋਟ ਪਾਉਣ ਦੀ ਜ਼ਿਆਦਾ ਸੰਭਾਵਨਾ ਹੈ। ਅਜਿਹਾ ਹੋਣ ਦੀ ਸੂਰਤ ਵਿੱਚ ਹੈਰਿਸ ਨੂੰ ਫਾਇਦਾ ਮਿਲ ਸਕਦਾ ਹੈ।
ਇਸ ਦੇ ਉਲਟ ਟਰੰਪ ਨੂੰ ਨੌਜਵਾਨਾਂ ਅਤੇ ਬਿਨਾਂ ਕਾਲਜ ਦੀਆਂ ਡਿਗਰੀਆਂ ਵਾਲੇ ਲੋਕਾਂ ਤੋਂ ਵੋਟ ਮਿਲਣ ਦੀ ਵਧੇਰੇ ਸੰਭਾਵਨਾ ਹੈ ਪਰ ਇਹ ਵੱਡੀ ਗਿਣਤੀ ਵਿੱਚ ਵੋਟ ਨਹੀਂ ਕਰਦੇ ਹਨ।
ਉਦਾਹਰਣ ਲਈ ਨਿਊਯਾਰਕ ਟਾਈਮਜ਼/ਸਿਏਨਾ ਪੋਲ ਦੇ ਅਨੁਸਾਰ 2020 ਵਿੱਚ ਟਰੰਪ ਨੂੰ ਉਨ੍ਹਾਂ ਲੋਕਾਂ ਦੀ ਵੋਟ ਜ਼ਿਆਦਾ ਮਿਲ ਸਕਦੀ ਸੀ ਜੋ ਵੋਟ ਪਾਉਣ ਦੇ ਯੋਗ ਸਨ ਪਰ ਉਨ੍ਹਾਂ ਨੇ ਵੋਟ ਨਹੀਂ ਕੀਤਾ ਸੀ।
ਅਜਿਹੇ 'ਚ ਸਵਾਲ ਇਹ ਹੈ ਕਿ ਕੀ ਇਹ ਲੋਕ ਇਸ ਵਾਰ ਵੋਟ ਪਾਉਣ ਆਉਣਗੇ ਜਾਂ ਨਹੀਂ।
ਕਮਲਾ ਹੈਰਿਸ ਜ਼ਿਆਦਾ ਖਰਚ ਕਰ ਰਹੇ ਹਨ
ਇਹ ਕੋਈ ਲੁਕੀ ਗੱਲ ਨਹੀਂ ਹੈ ਕਿ ਅਮਰੀਕੀ ਚੋਣਾਂ ਮਹਿੰਗੀਆਂ ਹੁੰਦੀਆਂ ਹਨ। 2024 ਦੀਆਂ ਚੋਣਾਂ ਵੀ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਹੋਣ ਜਾ ਰਹੀਆਂ ਹਨ।
ਫਾਈਨੈਂਸ਼ੀਅਲ ਟਾਈਮਜ਼ ਦੇ ਤਾਜ਼ਾ ਵਿਸ਼ਲੇਸ਼ਣ ਦੇ ਅਨੁਸਾਰ ਹੈਰਿਸ ਚੋਣ ਖਰਚਾ ਕਰਨ ਵਿੱਚ ਸਿਖ਼ਰ 'ਤੇ ਹਨ। ਹੈਰਿਸ ਦੀ ਚੋਣ ਮੁਹਿੰਮ ਵਿੱਚ ਟਰੰਪ ਦੀ ਚੋਣ ਮੁਹਿੰਮ ਨਾਲੋਂ ਦੁੱਗਣਾ ਖਰਚ ਕੀਤਾ ਗਿਆ ਹੈ।
ਇਹ ਕਰੜੇ ਚੋਣ ਮੁਕਾਬਲੇ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਸਵਿੰਗ ਸੂਬਿਆਂ ਵਿੱਚ ਵੋਟਰ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸਵਿੰਗ ਸੂਬਿਆਂ ਵਿੱਚ ਸਿਆਸੀ ਇਸ਼ਤਿਹਾਰਬਾਜ਼ੀ ਦੀ ਵੀ ਭਰਮਾਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












