ਅਮਰੀਕਾ ਚੋਣਾਂ: ਕਦੋਂ ਆਉਣਗੇ ਨਤੀਜੇ, ਕਿਵੇਂ ਪਤਾ ਲੱਗੇਗਾ ਕਿ ਕਮਲਾ ਹੈਰਿਸ ਜਾਂ ਟਰੰਪ ’ਚੋਂ ਕੌਣ ਜਿੱਤਿਆ

ਅਮਰੀਕਾ ਚੋਣਾਂ

ਤਸਵੀਰ ਸਰੋਤ, Getty Images

    • ਲੇਖਕ, ਸੈਮ ਕੈਬਰਾਲ
    • ਰੋਲ, ਬੀਬੀਸੀ ਨਿਊਜ਼, ਵਾਸ਼ਿੰਗਟਨ

ਅਮਰੀਕਾ ਵਿੱਚ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਸਮਾਪਤੀ ਮਗਰੋ ਮੁਕਾਬਲਾ ਸਖ਼ਤ ਹੋਣ ʼਤੇ ਇਹ ਵੀ ਸੰਭਵ ਹੈ ਕਿ ਜੇਤੂ ਉਮੀਦਵਾਰ ਦਾ ਕਈ ਘੰਟਿਆਂ, ਦਿਨਾਂ ਜਾਂ ਹਫ਼ਤਿਆਂ ਤੱਕ ਐਲਾਨ ਨਾ ਹੋਵੇ।

ਰਾਸ਼ਟਰਪਤੀ ਚੋਣਾਂ ਦੇ ਨਤੀਜੇ ਕਦੋਂ ਆਉਣ ਦੀ ਉਮੀਦ?

ਅਮਰੀਕਾ ਚੋਣਾਂ
ਤਸਵੀਰ ਕੈਪਸ਼ਨ, ਜਿਵੇਂ-ਜਿਵੇਂ 5 ਨਵੰਬਰ ਦੀ ਤਰੀਕ ਨੇੜੇ ਆਈ ਹੈ, ਕੌਮੀ ਅਤੇ ਸਵਿੰਗ ਸੂਬਿਆਂ ਵਿੱਚ ਚੋਣਾਂ ਲਗਾਤਾਰ ਸਖ਼ਤ ਹੋਈਆਂ ਹਨ।

ਮੌਜੂਦਾ ਉਪ-ਰਾਸ਼ਟਰਪਤੀ (ਡੈਮੋਕਰੇਟ) ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ (ਰਿਪਬਲਿਕਨ) ਡੌਨਲਡ ਟਰੰਪ ਹਫ਼ਤਿਆਂ ਤੋਂ ਚੋਣਾਂ ਵਿੱਚ ਬਰਾਬਰੀ ਦੇ ਗਹਿਗੱਚ ਮੁਕਾਬਲੇ ਵਿੱਚ ਹਨ।

ਜਿਵੇਂ-ਜਿਵੇਂ 5 ਨਵੰਬਰ ਦੀ ਤਰੀਕ ਨੇੜੇ ਆਈ ਹੈ, ਕੌਮੀ ਅਤੇ ਸਵਿੰਗ ਸੂਬਿਆਂ ਵਿੱਚ ਚੋਣਾਂ ਲਗਾਤਾਰ ਸਖ਼ਤ ਹੋਈਆਂ ਹਨ। ਕਈ ਥਾਵਾਂ 'ਤੇ ਜਿੱਤ ਦਾ ਫ਼ਰਕ ਵੀ ਬਹੁਤ ਘੱਟ ਹੋ ਸਕਦਾ ਹੈ, ਜਿਸ ਕਾਰਨ ਮੁੜ ਗਿਣਤੀ ਦੀ ਲੋੜ ਪੈ ਸਕਦੀ ਹੈ।

ਇਹ ਵੀ ਸੰਭਵ ਹੈ ਕਿ ਕੁਝ ਨਤੀਜੇ ਹੋਰ ਵੀ ਦੇਰੀ ਨਾਲ ਆਉਣ ਕਿਉਂਕਿ ਸਾਰੇ ਸੱਤ ਸਵਿੰਗ ਸੂਬਿਆਂ ਸਮੇਤ ਹੋਰ ਕਈ ਸੂਬਿਆਂ ਨੇ ਆਪਣੇ ਚੋਣ ਪ੍ਰਬੰਧਾਂ ਵਿੱਚ ਤਬਦੀਲੀਆਂ ਕੀਤੀਆਂ ਹਨ।

ਦੂਜੇ ਪਾਸੇ ਮਿਸ਼ੀਗਨ ਵਰਗੀਆਂ ਥਾਵਾਂ 'ਤੇ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਹੋਣਾ ਸੰਭਵ ਹੈ। ਨਾਲ ਹੀ ਕੋਵਿਡ ਮਹਾਂਮਾਰੀ ਦੌਰਾਨ ਹੋਈਆਂ ਪਿਛਲੀਆਂ ਚੋਣਾਂ ਨਾਲੋਂ ਇਸ ਵਾਰ ਬਹੁਤ ਘੱਟ ਵੋਟਾਂ ਮੇਲ ਰਾਹੀਂ ਪਾਈਆਂ ਜਾਣਗੀਆਂ।

ਇਸ ਦਾ ਮਤਲਬ ਹੈ ਕਿ ਇੱਥੇ ਬਹੁਤ ਸਾਰੇ ਸੰਭਾਵੀ ਨਤੀਜੇ ਹੋ ਸਕਦੇ ਹਨ। ਜਿਵੇਂ ਚੋਣਾਂ ਦੀ ਰਾਤ ਜਾਂ ਫਿਰ ਅਗਲੀ ਸਵੇਰ ਜਾਂ ਸੰਭਵ ਤੌਰ 'ਤੇ ਦਿਨਾਂ ਜਾਂ ਹਫ਼ਤਿਆਂ ਬਾਅਦ ਜੇਤੂ ਐਲਾਨਿਆ ਜਾ ਸਕਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

2020 ਵਿੱਚ ਰਾਸ਼ਟਰਪਤੀ ਚੋਣ ਦਾ ਨਤੀਜਾ ਕਦੋਂ ਆਇਆ?

2020 ਦੀਆਂ ਚੋਣਾਂ ਮੰਗਲਵਾਰ 3 ਨਵੰਬਰ ਨੂੰ ਸਮਾਪਤ ਹੋਈਆਂ ਸਨ, ਪਰ ਟੀਵੀ ਚੈਨਲਾਂ ਨੇ ਸ਼ਨੀਵਾਰ 7 ਨਵੰਬਰ ਸਵੇਰ ਤੱਕ ਜੋਅ ਬਾਇਡਨ ਨੂੰ ਜੇਤੂ ਨਹੀਂ ਐਲਾਨਿਆ ਸੀ।

ਜਿਵੇਂ ਹੀ ਚੋਣਾਂ ਦੀ ਰਾਤ ਨੂੰ ਅਮਰੀਕਾ ਵਾਸੀ ਸੌਣ ਲਈ ਗਏ, ਟਰੰਪ ਦੇ ਸਮਰਥਕਾਂ ਨੂੰ ਵਿਸ਼ਵਾਸ ਸੀ ਕਿ ਉਹ ਜਿੱਤ ਦੇ ਨਜ਼ਦੀਕ ਹਨ ਪਰ ਅਸਲ ਵਿੱਚ ਦੋਵੇਂ ਉਮੀਦਵਾਰ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪਹੁੰਚ ਦੇ ਅੰਦਰ ਸਨ।

ਹਾਲਾਂਕਿ ਬਹੁਤ ਸਾਰੇ ਸੂਬਿਆਂ ਨੇ 24-ਘੰਟਿਆਂ ਦੇ ਅੰਦਰ-ਅੰਦਰ ਆਪਣੇ ਨਤੀਜੇ ਐਲਾਨ ਦਿੱਤੇ ਸੀ, ਪਰ ਪੈਨਸਿਲਵੇਨੀਆ ਅਤੇ ਨੇਵਾਡਾ ਸਮੇਤ ਕੁਝ ਮੁੱਖ ਸੂਬਿਆਂ ਨੇ ਅਜਿਹਾ ਨਹੀਂ ਕੀਤਾ ਸੀ।

ਸੀਐੱਨਐੱਨ ਨਤੀਜੇ ਐਲਾਨਣ ਵਾਲਾ ਪਹਿਲਾ ਚੈਨਲ ਸੀ ਅਤੇ ਫਿਰ ਅਗਲੇ 15 ਮਿੰਟਾਂ ਅੰਦਰ ਬਾਕੀ ਸਾਰੇ ਚੈਨਲਾਂ 'ਤੇ ਨਤੀਜੇ ਆਏ ਸਨ।

ਅਮਰੀਕਾ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਰਜੀਆ ਵਿੱਚ ਇੱਕ ਚੋਣ ਕਰਮਚਾਰੀ ਸਟੇਟ ਦੀ 2020 ਦੀ ਮੁੜ ਗਿਣਤੀ ਦੌਰਾਨ ਬੈਲਟ ਦੀ ਪ੍ਰਕਿਰਿਆ ਕਰਦੇ ਹੋਏ

ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਮ ਤੌਰ 'ਤੇ ਕਦੋਂ ਐਲਾਨੇ ਜਾਂਦੇ ਹਨ?

ਆਮ ਤੌਰ 'ਤੇ ਵੋਟਰਾਂ ਨੇ ਇਹ ਆਦਤ ਪਾ ਲਈ ਹੈ ਕਿ ਉਨ੍ਹਾਂ ਨੂੰ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ ਇਹ ਚੋਣਾਂ ਦੀ ਦੇਰ ਰਾਤ ਜਾਂ ਫਿਰ ਘੱਟੋ-ਘੱਟ ਅਗਲੇ ਦਿਨ ਸਵੇਰੇ ਤੱਕ ਪਤਾ ਲੱਗੇਗਾ।

ਉਦਾਹਰਨ ਲਈ 2016 ਵਿੱਚ ਜਦੋਂ ਟਰੰਪ ਨੇ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ ਤਾਂ ਉਨ੍ਹਾਂ ਨੂੰ ਚੋਣਾਂ ਤੋਂ ਅਗਲੇ ਦਿਨ 3 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਜੇਤੂ ਐਲਾਨਿਆ ਗਿਆ ਸੀ।

2012 ਵਿੱਚ ਜਦੋਂ ਬਰਾਕ ਓਬਾਮਾ ਨੇ ਦੂਜਾ ਕਾਰਜਕਾਲ ਹਾਸਲ ਕੀਤਾ ਤਾਂ ਉਨ੍ਹਾਂ ਦੀ ਜਿੱਤ ਚੋਣਾਂ ਵਾਲੇ ਦਿਨ ਅੱਧੀ ਰਾਤ ਤੋਂ ਪਹਿਲਾਂ ਹੀ ਐਲਾਨ ਦਿੱਤੀ ਗਈ ਸੀ।

ਇਨ੍ਹਾਂ ਵਿੱਚ ਇੱਕ ਮਹੱਤਵਪੂਰਨ ਅਪਵਾਦ 2000 ਦੀਆਂ ਚੋਣਾਂ ਵਿੱਚ ਜਾਰਜ ਬੁਸ਼ ਅਤੇ ਜੌਨ ਕੈਰੀ ਵਿਚਕਾਰ ਸੀ।

ਨਤੀਜਿਆ ਦੌਰਾਨ ਫਲੋਰਿਡਾ ਵਿੱਚ ਸਖ਼ਤ ਮੁਕਾਬਲਾ ਚੱਲਿਆ ਅਤੇ 12 ਦਸੰਬਰ ਤੱਕ ਜਿੱਤ ਦਾ ਫ਼ੈਸਲਾ ਨਹੀਂ ਹੋ ਸਕਿਆ ਸੀ ਫਿਰ ਜਦੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਮੁੜ ਗਿਣਤੀ ਪ੍ਰਕਿਰਿਆ ਨੂੰ ਖ਼ਤਮ ਕਰਨ ਦਾ ਫ਼ੈਸਲਾ ਸੁਣਾਇਆ ਤਾਂ ਬੁਸ਼ ਨੂੰ ਜੇਤੂ ਉਮੀਦਵਾਰ ਦੇ ਰੂਪ ਵਿੱਚ ਰੱਖਿਆ ਗਿਆ ਸੀ ਅਤੇ ਇਸ ਤਰ੍ਹਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਐਲਾਨੇ ਗਏ ਸੀ।

ਇਹ ਵੀ ਪੜ੍ਹੋ-

ਚੋਣ ਨਤੀਜਿਆਂ ਵਿੱਚ ਮੁੱਖ ਸੂਬੇ ਕਿਹੜੇ ਹੋਣਗੇ

ਅਮਰੀਕਾ ਭਰ ਵਿੱਚ ਪਹਿਲੀਆਂ ਚੋਣਾਂ ਮੰਗਲਵਾਰ ਸ਼ਾਮ ਨੂੰ 6 ਵਜੇ ਦੇ ਕਰੀਬ ਸਮਾਪਤ ਹੋਣਗੀਆਂ ਅਤੇ ਆਖ਼ਰੀ ਚੋਣ ਬੁੱਧਵਾਰ ਨੂੰ ਸਵੇਰੇ 1 ਵਜੇ ਤੱਕ ਖ਼ਤਮ ਹੋ ਜਾਵੇਗੀ।

ਪਰ ਇਸ ਸਭ ਦੀ ਸਮਾਪਤੀ ਸੱਤ ਸਵਿੰਗ ਸੂਬਿਆਂ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਡਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਦੇ ਨਤੀਜਿਆਂ ਨਾਲ 'ਆਉਣ ਦੀ ਉਮੀਦ ਹੈ।

7 ਵਜੇ ਦੇ ਕਰੀਬ ਜਾਰਜੀਆ ਅਤੇ ਪੰਜ ਹੋਰ ਸੂਬਿਆਂ ਵਿੱਚ ਅਤੇ ਅੰਸ਼ਕ ਤੌਰ 'ਤੇ ਤਿੰਨ ਹੋਰ ਰਾਜਾਂ ਵਿੱਚ ਵੋਟਿੰਗ ਬੰਦ ਹੋ ਜਾਵੇਗੀ। ਇਹ ਵੀ ਉਦੋਂ ਜਦੋਂ ਅਮਰੀਕੀ ਟੀਵੀ ਚੈਂਨਲ ਕੈਂਟਕੀ ਵਰਗੇ ਘੱਟ ਮੁਕਾਬਲੇ ਵਾਲੇ ਸੂਬਿਆਂ ਨਾਲ ਰਾਤ ਦਾ ਪਹਿਲਾ ਰੁਝਾਨ ਪੇਸ਼ ਕਰ ਦੇਣਗੇ।

ਸਾਢੇ ਸੱਤ ਵਜੇ ਉੱਤਰੀ ਕੈਰੋਲੀਨਾ ਸਮੇਤ ਚਾਰ ਸੂਬਿਆਂ ਵਿੱਚ ਵੋਟਿੰਗ ਬੰਦ ਹੋ ਜਾਵੇਗੀ। ਜਿੱਥੇ ਹੈਰਿਸ 2008 ਤੋਂ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਲਈ ਹਾਰਾਂ ਦੀ ਲੜੀ ਨੂੰ ਖ਼ਤਮ ਕਰਨ ਦੀ ਉਮੀਦ ਕਰ ਰਹੇ ਹਨ।

8 ਵਜੇ ਪੈਨਸਿਲਵੇਨੀਆ ਅਤੇ 16 ਹੋਰ ਸੂਬਿਆਂ ਦੇ ਨਾਲ-ਨਾਲ ਅੰਸ਼ਕ ਤੌਰ 'ਤੇ ਮਿਸ਼ੀਗਨ ਅਤੇ ਚਾਰ ਹੋਰ ਸੂਬਿਆਂ ਵਿੱਚ ਵੋਟਿੰਗ ਸਮਾਪਤ ਹੋ ਜਾਵੇਗੀ।

9 ਵਜੇ ਮਿਸ਼ੀਗਨ ਵਿੱਚ ਬਾਕੀ ਸਾਰੇ ਥਾਵਾਂ 'ਤੇ ਵੋਟਿੰਗ ਬੰਦ ਹੋ ਜਾਵੇਗੀ। ਐਰੀਜ਼ੋਨਾ, ਵਿਸਕਾਨਸਿਨ ਅਤੇ 12 ਹੋਰ ਸੂਬਿਆਂ ਵਿੱਚ ਵੀ ਵੋਟਿੰਗ ਖਤਮ ਹੋ ਜਾਵੇਗੀ।

10 ਵਜੇਂ ਨੇਵਾਡਾ ਅਤੇ ਦੋ ਹੋਰ ਸੂਬਿਆਂ ਵਿੱਚ ਵੋਟਿੰਗ ਬੰਦ ਹੋ ਜਾਵੇਗੀ ਅਤੇ ਅੰਸ਼ਕ ਤੌਰ 'ਤੇ ਦੋ ਹੋਰ ਸੂਬਿਆਂ ਵਿੱਚ ਵੀ।

ਅਮਰੀਕਾ ਚੋਣਾਂ
ਤਸਵੀਰ ਕੈਪਸ਼ਨ, ਸਥਾਨਕ ਚੋਣ ਅਧਿਕਾਰੀ ਜੋ ਕਿ ਕਈ ਨਿਯੁਕਤ ਕੀਤੇ ਜਾਂਦੇ ਹਨ ਜਾਂ ਕਈ ਚੁਣੇ ਜਾਂਦੇ ਹਨ, ਉਹ ਵੋਟਾਂ ਦੀ ਪੁਸ਼ਟੀ, ਪ੍ਰਕਿਰਿਆ ਅਤੇ ਗਿਣਤੀ ਕਰਦੇ ਹਨ।

ਵੋਟਾਂ ਦੀ ਗਿਣਤੀ ਕਿਵੇਂ ਹੁੰਦੀ ਹੈ

ਆਮ ਤੌਰ 'ਤੇ ਚੋਣਾਂ ਵਾਲੇ ਦਿਨ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਪਹਿਲਾਂ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਸ਼ੁਰੂਆਤੀ ਅਤੇ ਮੇਲ ਰਾਹੀ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ।

ਫਿਰ ਜਿਨ੍ਹਾਂ ਦੀ ਗਿਣਤੀ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਅਖ਼ੀਰ ਵਿੱਚ ਵਿਦੇਸ਼ੀ ਅਤੇ ਫ਼ੌਜੀ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ।

ਸਥਾਨਕ ਚੋਣ ਅਧਿਕਾਰੀ ਜੋ ਕਿ ਕਈ ਨਿਯੁਕਤ ਕੀਤੇ ਜਾਂਦੇ ਹਨ ਜਾਂ ਕਈ ਚੁਣੇ ਜਾਂਦੇ ਹਨ, ਉਹ ਵੋਟਾਂ ਦੀ ਪੁਸ਼ਟੀ, ਪ੍ਰਕਿਰਿਆ ਅਤੇ ਗਿਣਤੀ ਕਰਦੇ ਹਨ। ਇਸ ਪ੍ਰਕਿਰਿਆ ਨੂੰ ਕਨਵਾਸਿੰਗ ਕਿਹਾ ਜਾਂਦਾ ਹੈ।

ਬੈਲਟ ਦੀ ਤਸਦੀਕ ਕਰਨ ਵਿੱਚ ਕੁੱਲ ਵੋਟਰਾਂ ਦੀ ਗਿਣਤੀ ਨਾਲ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਦੀ ਤੁਲਨਾ ਕਰਨਾ ਹੈ। ਹੰਝੂਆਂ, ਧੱਬਿਆਂ ਜਾਂ ਹੋਰ ਨੁਕਸਾਨ ਲਈ ਹਰ ਇੱਕ ਬੈਲਟ ਨੂੰ ਖੋਲ੍ਹਣਾ, ਹਟਾਉਣਾ ਅਤੇ ਜਾਂਚ ਕਰਨਾ ਅਤੇ ਕਿਸੇ ਵੀ ਅਸੰਗਤਤਾ ਦਾ ਦਸਤਾਵੇਜ਼ੀ ਕਰਨਾ ਅਤੇ ਜਾਂਚ ਕਰਨਾ ਵੀ ਸ਼ਾਮਲ ਹੈ।

ਬੈਲਟ ਦੀ ਗਿਣਤੀ ਕਰਨ ਵਿੱਚ ਹਰ ਇੱਕ ਨੂੰ ਇਲੈੱਕਟ੍ਰਾਨਿਕ ਸਕੈਨਰਾਂ ਵਿੱਚ ਪਾਉਣਾ ਹੁੰਦਾ ਹੈ ਜੋ ਉਨ੍ਹਾਂ ਦੇ ਨਤੀਜਿਆਂ ਨੂੰ ਸਾਰਨੀ ਬੱਧ ਕਰਦੇ ਹਨ। ਕੁਝ ਸਥਿਤੀਆਂ ਵਿੱਚ ਹੱਥੀਂ ਗਿਣਤੀ ਜਾਂ ਡਬਲ-ਚੈੱਕ ਦੀ ਵੀ ਲੋੜ ਹੁੰਦੀ ਹੈ।

ਹਰ ਸੂਬੇ ਅਤੇ ਇਲਾਕੇ ਦੇ ਨਿਯਮ ਸਖ਼ਤ ਹੁੰਦੇ ਹਨ ਜੋ ਇਹ ਦਰਸਾਉਂਦੇ ਹਨ ਕਿ ਕੈਨਵਾਸ (ਗਿਣਤੀ ਪ੍ਰਕਿਰਿਆ) ਵਿੱਚ ਕੌਣ ਭਾਗ ਲੈ ਸਕਦਾ ਹੈ।

ਕਿਸ ਕ੍ਰਮ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਕਿਹੜੇ ਹਿੱਸੇ ਜਨਤਾ ਲਈ ਖੁੱਲ੍ਹੇ ਹਨ। ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਪੱਖਪਾਤੀ ਨਿਰੀਖਕ ਕਦੋਂ ਨਿਗਰਾਨੀ ਅਤੇ ਵੋਟ-ਗਿਣਤੀ ਵਿੱਚ ਦਖ਼ਲ ਦੇ ਸਕਦੇ ਹਨ।

ਅਮਰੀਕਾ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦੇ ਸਮਰਥਕ 6 ਜਨਵਰੀ 2021 ਨੂੰ ਯੂਐੱਸ ਕੈਪੀਟਲ ਬਿਲਡਿੰਗ ਦੇ ਬਾਹਰ ਇਕੱਠੇ ਹੋਏ ਸਨ

ਕੀ ਰਾਸ਼ਟਰਪਤੀ ਚੋਣ ਨਤੀਜਿਆਂ 'ਚ ਦੇਰੀ ਦਾ ਕਾਰਨ ਬਣ ਸਕਦਾ ?

ਥੋੜ੍ਹਾ ਫ਼ਰਕ ਹੋਣ ਦੀ ਸੂਰਤ ਵਿੱਚ ਮੀਡੀਆ ਅਦਾਰੇ ਆਪਣਾ ਅਨੁਮਾਨ ਲਗਾਉਣ ਤੋਂ ਪਹਿਲਾਂ ਲੰਬੀ ਉਡੀਕ ਕਰਨ ਲਈ ਮਜਬੂਰ ਹੋਣਗੇ ਪਰ ਇਹ ਦੁਬਾਰਾ ਗਿਣਤੀ ਅਤੇ ਕਾਨੂੰਨੀ ਚੁਣੌਤੀਆਂ ਵੀ ਪੇਸ਼ ਕਰਦੇ ਹਨ।

ਉਦਾਹਰਨ ਲਈ ਪੈਨਸਿਲਵੇਨੀਆ ਵਿੱਚ ਜੇਤੂ ਅਤੇ ਹਾਰਨ ਵਾਲੇ ਲਈ ਪਾਈਆਂ ਗਈਆਂ ਵੋਟਾਂ ਵਿੱਚ ਅੱਧਾ-ਫੀਸਦ ਅੰਕ ਦਾ ਅੰਤਰ ਹੋਣ ਦੀ ਸੂਰਤ ਵਿੱਚ ਸੂਬੇ ਭਰ ਵਿੱਚ ਇੱਕ ਸਵੈਚਲਿਤ ਪੁਨਰ-ਗਣਨਾ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

2020 ਦੀਆਂ ਚੋਣਾਂ ਵਿੱਚ ਅੰਤਰ ਸਿਰਫ਼ 1.1 ਫੀਸਦ ਅੰਕ ਤੋਂ ਵੱਧ ਦਾ ਸੀ।

ਅਮਰੀਕਾ ਭਰ ਵਿੱਚ ਚੋਣਾਂ ਤੋਂ ਪਹਿਲਾਂ ਹੀ ਸੌ ਤੋਂ ਵੱਧ ਮੁਕੱਦਮੇ ਦਾਇਰ ਕੀਤੇ ਜਾ ਚੁੱਕੇ ਹਨ। ਜਿਸ ਵਿੱਚ ਰਿਪਬਲਿਕਨਾਂ ਵੱਲੋਂ ਵੋਟਰਾਂ ਦੀ ਯੋਗਤਾ ਅਤੇ ਵੋਟਰ ਸੂਚੀ ਪ੍ਰਬੰਧਾਂ ਨੂੰ ਚੁਣੌਤੀ ਸ਼ਾਮਲ ਹੈ।

ਇਨ੍ਹਾਂ ਮਾਮਲਿਆਂ ਵਿੱਚ ਚੱਲ ਰਹੇ ਅਦਾਲਤੀ ਮੁਕੱਦਮੇ ਦਿਨੋਂ-ਦਿਨ ਇਹਨਾਂ ਚੋਣਾਂ ਨੂੰ ਘੜ ਰਹੇ ਹਨ।

ਹਿੰਸਾ ਦੀਆਂ ਘਟਨਾਵਾਂ, ਖ਼ਾਸ ਤੌਰ 'ਤੇ ਪੋਲਿੰਗ ਸਥਾਨਾਂ 'ਤੇ ਅਤੇ ਵੋਟਾਂ ਦੀ ਗਿਣਤੀ ਵਿੱਚ ਰੁਕਾਵਟਾਂ ਅਤੇ ਹੋਰ ਸਥਿਤੀਆਂ ਵੀ ਦੇਰੀ ਦਾ ਕਾਰਨ ਬਣ ਸਕਦੀਆਂ ਹਨ। ਜਿਵੇਂ ਕਿ 2020 ਵਿੱਚ ਜਾਰਜੀਆ ਵਿੱਚ ਇੱਕ ਬੈਲਟ ਪ੍ਰੋਸੈਸਿੰਗ ਸਾਈਟ 'ਤੇ ਪਾਣੀ ਦੀ ਪਾਈਪ ਦਾ ਫਟ ਗਈ ਸੀ।

ਅਮਰੀਕਾ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਦੀਆਂ ਚੋਣਾਂ ਵਿੱਚ ਅੰਤਰ ਸਿਰਫ਼ 1.1 ਫੀਸਦ ਅੰਕ ਤੋਂ ਵੱਧ ਦਾ ਸੀ

ਜੇ ਚੋਣ ਨਤੀਜਿਆਂ ਨੂੰ ਚੁਣੌਤੀ ਦਿੱਤੀ ਜਾਵੇ ਤਾਂ ਕੀ ਹੁੰਦਾ ਹੈ?

ਇੱਕ ਵਾਰ ਲਈ ਹਰ ਯੋਗ ਵੋਟ ਨੂੰ ਅੰਤਮ ਨਤੀਜਿਆਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਅਤੇ ਮੁੜ ਗਿਣਤੀ ਵਰਗੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਚੋਣ ਨਤੀਜੇ ਪ੍ਰਮਾਣਿਤ ਹੋ ਜਾਂਦੇ ਹਨ।

ਇਹ ਪਹਿਲਾਂ ਸਥਾਨਕ ਅਧਿਕਾਰ ਖੇਤਰਾਂ ਵਿੱਚ ਅਤੇ ਫਿਰ ਰਾਜ-ਵਿਆਪੀ ਪੱਧਰ 'ਤੇ ਕੀਤਾ ਜਾਂਦਾ ਹੈ।

ਸੂਬਾ ਕਾਰਜਕਾਰੀ ਜੋ ਕਿ ਆਮ ਤੌਰ 'ਤੇ ਰਾਜਪਾਲ ਹੁੰਦਾ ਹੈ। ਵੋਟਰਾਂ ਦੀ ਇੱਕ ਸਲੇਟ ਨੂੰ ਪ੍ਰਮਾਣਿਤ ਕਰਦਾ ਹੈ ਜੋ ਇਲੈਕਟੋਰਲ ਕਾਲਜ ਵਿੱਚ ਆਪਣੇ ਸੂਬੇ ਦੀ ਨੁਮਾਇੰਦਗੀ ਕਰਨਗੇ।

ਇਹ ਫਿਰ 17 ਦਸੰਬਰ ਨੂੰ ਆਪੋ-ਆਪਣੇ ਰਾਜਾਂ ਵਿੱਚ ਮਿਲ ਕੇ ਆਪਣੀ ਵੋਟ ਪਾਉਣਗੇ ਅਤੇ ਰਾਸ਼ਟਰਪਤੀ ਚੁਣਨਗੇ।

ਨਵੀਂ ਚੁਣੀ ਗਈ ਅਮਰੀਕੀ ਕਾਂਗਰਸ 6 ਜਨਵਰੀ ਨੂੰ ਸਾਂਝੇ ਸੈਸ਼ਨ ਵਿੱਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਕਰਨ ਲਈ ਇਕੱਠੇ ਹੋਵੇਗੀ। ਇਸ ਬੈਠਕ ਪ੍ਰਧਾਨਗੀ ਮੌਜੂਦਾ ਉਪ-ਰਾਸ਼ਟਰਪਤੀ ਕਰਨਗੇ।

2020 ਦੇ ਚੋਣ ਨਤੀਜਿਆਂ ਤੋਂ ਬਾਅਦ ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਮਰੀਕਾ ਦੀ ਰਾਜਧਾਨੀ 'ਤੇ ਮਾਰਚ ਕਰਨ ਲਈ ਸਮਰਥਕਾਂ ਨੂੰ ਇਕੱਠਾ ਕੀਤਾ ਸੀ ਕਿਉਂਕਿ ਅਮਰੀਕੀ ਕਾਂਗਰਸ ਬਾਇਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਲਈ ਮੀਟਿੰਗ ਕਰ ਰਹੀ ਸੀ।

ਟਰੰਪ ਨੇ ਆਪਣੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੂੰ ਨਤੀਜਿਆਂ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ ਸੀ ਪਰ ਪੇਂਸ ਨੇ ਇਨਕਾਰ ਕਰ ਦਿੱਤਾ ਸੀ।

ਦੰਗਿਆਂ ਦੀ ਸਮਾਪਤੀ ਮਗਰੋਂ ਕਾਂਗਰਸ ਦੇ ਮੈਂਬਰਾਂ ਦੇ ਮੁੜ ਸੰਗਠਿਤ ਹੋਣ ਤੋਂ ਬਾਅਦ ਵੀ 147 ਰਿਪਬਲਿਕਨਾਂ ਨੇ ਟਰੰਪ ਦੀ ਹਾਰ ਨੂੰ ਉਲਟਾਉਣ ਲਈ ਅਸਫ਼ਲ ਕੋਸ਼ਿਸ਼ ਕੀਤੀ ਸੀ।

ਇਸ ਘਟਨਾਕ੍ਰਮ ਤੋਂ ਬਾਅਦ ਕਈ ਚੋਣ ਸੁਧਾਰ ਹੋਏ ਜਿਸ ਵਿੱਚ ਸੰਸਦ ਮੈਂਬਰਾਂ ਲਈ ਸੂਬਿਆਂ ਤੋਂ ਉਨ੍ਹਾਂ ਨੂੰ ਭੇਜੇ ਗਏ ਪ੍ਰਮਾਣਿਤ ਨਤੀਜਿਆਂ 'ਤੇ ਇਤਰਾਜ਼ ਕਰਨਾ ਔਖਾ ਬਣਾ ਦਿੱਤਾ ਗਿਆ ਸੀ।

ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਉਪ-ਰਾਸ਼ਟਰਪਤੀ ਕੋਲ ਇਕਪਾਸੜ ਤੌਰ 'ਤੇ ਚੋਣ ਨਤੀਜੇ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਫਿਰ ਵੀ ਚੋਣ ਨਿਗਰਾਨ ਵਿਆਪਕ ਤੌਰ 'ਤੇ ਉਮੀਦ ਕਰਦੇ ਹਨ ਕਿ 2024 ਵੋਟਾਂ ਦੇ ਪ੍ਰਮਾਣੀਕਰਨ ਵਿੱਚ ਦੇਰੀ ਕਰਨ ਦੀਆਂ ਕੋਸ਼ਿਸ਼ਾਂ ਸਥਾਨਕ ਅਤੇ ਰਾਜ ਪੱਧਰ 'ਤੇ ਹੋ ਸਕਦੀਆਂ ਹਨ। ਕਈ ਸਮੂਹ ਵੀ ਚੋਣ ਨਤੀਜਿਆਂ ਵਿੱਚ ਸ਼ੱਕ ਪੈਦਾ ਕਰਨ ਲਈ ਤਿਆਰ ਹਨ।

ਟਰੰਪ ਅਤੇ ਉਨ੍ਹਾਂ ਦੇ ਸਾਥੀ ਜੇਡੀ ਵੈਂਸ ਅਤੇ ਕੈਪੀਟਲ ਹਿੱਲ 'ਤੇ ਚੋਟੀ ਦੇ ਰਿਪਬਲਿਕਨ ਨੇਤਾਵਾਂ ਨੇ ਕਈ ਮੌਕਿਆਂ 'ਤੇ ਸਪਸ਼ਟ ਤੌਰ 'ਤੇ ਇਹ ਕਹਿਣ ਤੋਂ ਇਨਕਾਰ ਕੀਤਾ ਹੈ ਕਿ ਜੇਕਰ ਉਹ ਹਾਰ ਜਾਂਦੇ ਹਨ ਤਾਂ ਉਹ ਨਤੀਜਿਆਂ ਨੂੰ ਸਵੀਕਾਰ ਕਰਨਗੇ।

ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਦਘਾਟਨੀ ਸਮਾਗ਼ਮ

ਸੋਮਵਾਰ 20 ਜਨਵਰੀ 2025 ਨੂੰ ਅਮਰੀਕਾ ਦੇ ਕੈਪੀਟਲ ਕੰਪਲੈਕਸ ਦੇ ਮੈਦਾਨ ਵਿੱਚ ਚੁਣੇ ਗਏ ਰਾਸ਼ਟਰਪਤੀ ਦਾ ਉਦਘਾਟਨੀ ਸਮਾਗ਼ਮ ਹੋਵੇਗਾ।

ਇਹ ਅਮਰੀਕਾ ਦੇ ਇਤਿਹਾਸ ਵਿੱਚ 60ਵਾਂ ਉਦਘਾਟਨੀ ਸਮਾਗ਼ਮ ਹੋਵੇਗਾ।

ਇਸ ਸਮਾਗਮ ਵਿੱਚ ਨਵੇਂ ਰਾਸ਼ਟਰਪਤੀ ਨੂੰ ਸੰਵਿਧਾਨ ਨੂੰ ਕਾਇਮ ਰੱਖਣ ਦੀ ਸਹੁੰ ਚੁਕਾਈ ਜਾਵੇਗੀ ਅਤੇ ਫਿਰ ਉਨ੍ਹਾਂ ਵੱਲੋਂ ਆਪਣਾ ਉਦਘਾਟਨੀ ਭਾਸ਼ਣ ਦਿੱਤਾ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)