ਕੈਨੇਡਾ ਸਿਆਸੀ ਸੰਕਟ: ਜਗਮੀਤ ਸਿੰਘ ਕਿਸ ਰਣਨੀਤੀ ਨਾਲ ਮੈਦਾਨ ’ਚ ਆਏ, ਟਰੂਡੋ ਦੀ ਹੁਣ ਕੀ ਸਥਿਤੀ ਹੈ?

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਦੀ ਰਾਜਨੀਤੀ ਵਿੱਚ ਇਸ ਹਫ਼ਤੇ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਹੈ
    • ਲੇਖਕ, ਨਦੀਨ ਯੂਸਫ਼
    • ਰੋਲ, ਬੀਬੀਸੀ ਨਿਊਜ਼
    • ...ਤੋਂ, ਟੋਰਾਂਟੋ

ਖੱਬੇ ਪੱਖੀ ਨਿਊ ਡੈਮੋਕਰੇਟਿਕ ਪਾਰਟੀ (ਐੱਨਡੀਪੀ) ਵੱਲੋਂ ਜਸਟਿਨ ਟਰੂਡੋ ਦੀ ਲਿਬਰਲਜ਼ ਤੋਂ ਸਮਰਥਨ ਵਾਪਸ ਲੈਣ ਮਗਰੋਂ ਕੈਨੇਡਾ ਦੀ ਰਾਜਨੀਤੀ ਵਿੱਚ ਇਸ ਹਫ਼ਤੇ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਹੈ।

ਐੱਨਡੀਪੀ ਨੇ ਟਰੂਡੋ ਦੀ ਘੱਟ ਗਿਣਤੀ ਦੀ ਸਰਕਾਰ ਨੂੰ ਸੱਤਾ ’ਚ ਬਣਾਈ ਰੱਖਣ ਲਈ ਅਹਿਮ ਭੂਮਿਕਾ ਨਿਭਾਈ ਸੀ।

ਇਨ੍ਹਾਂ ਦੋਵੇਂ ਧਿਰਾਂ ’ਚ ਹੋਏ ਸਮਝੌਤੇ ਨੂੰ ‘ਸਪਲਾਈ ਤੇ ਭਰੋਸਾ’ ਵਜੋਂ ਜਾਣਿਆਂ ਜਾਂਦਾ ਹੈ।

ਐੱਨਡੀਪੀ ਨੇ ਆਪਣੇ ਪ੍ਰਮੁੱਖ ਮੁੱਦਿਆਂ ਦੇ ਬਦਲੇ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਭਰੋਸੇ ਦੀਆਂ ਵੋਟਾਂ ਲਈ ਸਮਰਥਨ ਦਿੱਤਾ ਸੀ।

ਅਚਾਨਕ ਵਾਪਰੇ ਇਸ ਘਟਨਾਕ੍ਰਮ ਤੋਂ ਇਹ ਸੰਭਾਵਨਾ ਜ਼ਿਆਦਾ ਵਧ ਗਈ ਹੈ ਕਿ ਫੈਡਰਲ ਚੋਣਾਂ ਜਲਦੀ ਹੋ ਸਕਦੀਆਂ ਹਨ।

ਹਾਲਾਂਕਿ ਦੂਜੇ ਪਾਸੇ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਵੀਰਵਾਰ ਨੂੰ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਜਲਦੀ ਸਰਕਾਰ ਡੇਗਣ ਦੀ ਕੋਸ਼ਿਸ਼ ਨਹੀਂ ਕਰੇਗੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਗਮੀਤ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,“ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਇਸ ਸਮਝੌਤੇ ਨੂੰ ਤੋੜਨ ਨਾਲ ਚੋਣਾਂ ਦੀ ਸੰਭਾਵਨਾ ਵੱਧ ਜਾਵੇਗੀ।”

ਜਗਮੀਤ ਸਿੰਘ ਦੀ ਪਾਰਟੀ ਹਾਊਸ ਆਫ ਕਾਮਨ ’ਚ ਚੌਥੇ ਸਥਾਨ ’ਤੇ ਹੈ।

ਉਨ੍ਹਾਂ ਕਿਹਾ, “ਜਦੋਂ ਵੀ ਹੁਣ ਚੋਣਾਂ ਹੋਣਗੀਆਂ ਤਾਂ ਅਸੀਂ ਉਸ ਨੂੰ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ।”

ਉਨ੍ਹਾਂ ਇਹ ਵੀ ਕਿਹਾ,“ਅਸੀਂ ਹਰ ਵੋਟ ਨੂੰ ਉਸ ਦੇ ਗੁਣਾਂ ਦੇ ਹਿਸਾਬ ਨਾਲ ਦੇਖਾਂਗੇ ਤੇ ਇਹ ਤੈਅ ਕਰਾਂਗੇ ਕਿ ਕੈਨੇਡੀਅਨ ਨਾਗਰਿਕਾਂ ਦੇ ਹਿੱਤਾਂ ’ਚ ਕੀ ਹੋਣਾ ਚਾਹੀਦਾ ਹੈ।”

ਦਰਅਸਲ ਐੱਨਡੀਪੀ-ਲਿਬਰਲਜ਼ ਦਾ ਸਮਝੌਤਾ ਜੂਨ 2025 ਤੱਕ ਸੀ। ਅਗਾਮੀ ਆਮ ਚੋਣਾਂ ਵੀ ਅਗਲੇ ਸਾਲ ਅਕਤੂਬਰ ਵਿੱਚ ਹੋਣੀਆਂ ਸਨ।

ਜਸਟਿਨ ਟਰੂਡੋ ਸਰਕਾਰ ਹੁਣ ਨਾਜ਼ੁਕ ਸਥਿਤੀ ਵਿੱਚ ਪਹੁੰਚ ਗਈ ਹੈ। ਸਤੰਬਰ ਦੇ ਅੱਧ ਵਿੱਚ ਜੇ ਸਦਨ ਇਜਲਾਸ ਦੌਰਾਨ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਲਿਬਰਲਜ਼ ਕਾਇਮ ਰੱਖਣ ਵਿੱਚ ਨਾਕਾਮ ਰਹੇ ਤਾਂ ਉਹਨਾਂ ਦੀ ਸਰਕਾਰ ਡਿੱਗ ਸਕਦੀ ਹੈ।

ਜਗਮੀਤ ਸਿੰਘ

ਤਸਵੀਰ ਸਰੋਤ, Getty Images

ਜਗਮੀਤ ਸਿੰਘ ਦੇ ਫ਼ੈਸਲੇ ਪਿੱਛੇ ਕੋਈ ਰਣਨੀਤੀ ਹੈ?

ਐੱਨਡੀਪੀ-ਲਿਬਰਲਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਨਡੀਪੀ-ਲਿਬਰਲਜ਼ ਵਿਚਾਲੇ ਆਮ ਗੱਠਜੋੜ ਨਹੀਂ ਸੀ।

ਐੱਨਡੀਪੀ-ਲਿਬਰਲਜ਼ ਵਿਚਾਲੇ ਆਮ ਗੱਠਜੋੜ ਨਹੀਂ ਸੀ।

ਐੱਨਡੀਪੀ ਨੇ ਆਪਣੇ ਪ੍ਰਮੁੱਖ ਮੁੱਦੇ ਜਿਵੇਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਦੰਦਾਂ ਦੀ ਸਿਹਤ ਦੇ ਲਾਭ, ਇੱਕ ਕੌਮੀ ਫਾਰਮਾਕੇਅਰ ਪ੍ਰੋਗਰਾਮ ਜੋ ਜਨਮ ਨਿਯੰਤਰਨ ਤੇ ਇਨਸੁਨਿਲ ਨੂੰ ਕਵਰ ਕਰੇ, ਨੂੰ ਪੂਰਾ ਕਰਵਾਉਣ ਲਈ ਆਪਣਾ ਸਮਰਥਨ ਦਿੱਤਾ ਸੀ।

ਇਸ ਬਸੰਤ ਰੁੱਤ ਤੱਕ ਜਗਮੀਤ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਇਸ ਸਮਝੌਤੇ ‘ਤੇ ਜਨਤਕ ਤੌਰ ’ਤੇ ਕਾਇਮ ਰਹੇ ਪਰ ਇਸ ਹਫ਼ਤੇ ਸਮਝੌਤੇ ਨੂੰ ਤੋੜਨ ਦੇ ਫ਼ੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਵੈਸਟਰਨ ਯੂਨੀਵਰਸਿਟੀ, ਲੰਡਨ ਦੇ ਰਾਜਨੀਤੀ ਵਿਗਿਆਨ ਦੇ ਪ੍ਰੋ. ਲੌਰਾ ਸਟੀਫਨਸਨ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਫੈਸਲੇ ਦੇ ਪਿੱਛੇ ਕੋਈ ਰਣਨੀਤੀ ਜਾਪਦੀ ਹੈ।

ਪ੍ਰੋ. ਲੌਰਾ ਨੇ ਕਿਹਾ ਕਿ ਮੌਨਟਰੀਅਲ ਅਤੇ ਵਿੰਨੀਪੈੱਗ ’ਚ 16 ਸਤੰਬਰ ਨੂੰ ਦੋ ਉਪ-ਚੋਣਾਂ ਹੋਣ ਜਾ ਰਹੀਆਂ ਹਨ।

ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਐੱਨਡੀਪੀ ਵੋਟਰਾਂ ’ਚ ਬਣੇ ਰਹਿਣ ਲਈ ਆਪਣੇ ਆਪ ਨੂੰ ਲਿਬਰਲਜ਼ ਤੋਂ ਦੂਰ ਕਰ ਰਹੀ ਹੈ, ਜਿਸ ਦੀ ਸਥਿਤੀ ਬੇਹੱਦ ਮਾੜੀ ਹੈ।

ਪ੍ਰੋ. ਸਟੀਫਨਸਨ ਨੇ ਕਿਹਾ,“ਜੇ ਐੱਨਡੀਪੀ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਲਿਬਰਲਜ਼ ਦੇ ਬਦਲ ਵਜੋਂ ਦੇਖਿਆ ਜਾਵੇ ਤਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਲਿਬਰਲਜ਼ ਤੋਂ ਵੱਖ ਕਰਨਾ ਹੋਵੇਗਾ।”

ਉਨ੍ਹਾਂ ਨੇ ਇਹ ਵੀ ਵਾਚਿਆ ਹੈ ਕਿ ਐੱਨਡੀਪੀ ਤਾਕਤ ਦੀ ਸਥਿਤੀ ਤੋਂ ਕੰਮ ਨਹੀਂ ਕਰ ਰਹੀ ਅਤੇ ਸ਼ਾਇਦ ਉਹ ਨਹੀਂ ਚਾਹੁੰਦੇ ਕਿ ਚੋਣਾਂ ਜਲਦੀ ਹੋਣ।

ਉਨ੍ਹਾਂ ਕਿਹਾ,“ਲੋਕ ਨਿਰਾਸ਼ ਹਨ ਤੇ ਲਿਬਰਲਜ਼ ਤੋਂ ਥੱਕ ਚੁੱਕੇ ਹਨ, ਹੁਣ ਉਹ ਬਦਲ ਚਾਹੁੰਦੇ ਹਨ ਪਰ ਅਸੀਂ ਉਨ੍ਹਾਂ ਨੰਬਰਾਂ ਨੂੰ ਨਹੀਂ ਦੇਖ ਰਹੇ, ਜੋ ਐੱਨਡੀਪੀ ਲਈ ਜੁੜ ਰਹੇ ਹਨ।”

ਕੈਨੇਡਾ ਦੇ ਨਾਗਰਿਕਾਂ ਦਾ ਝੁਕਾਅ ਕਿਸ ਵੱਲ ਹੋਵੇਗਾ?

ਰਾਜਨੀਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਨੀਤੀ ਵਿੱਚ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ

ਅਬੈਕਸ ਡਾਟਾ ਵੱਲੋਂ ਅਗਸਤ ’ਚ ਕਰਵਾਏ ਸਰਵੇਖਣ ਅਨੁਸਾਰ ਕੈਨੇਡਾ ਦੇ ਵੋਟਰ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਨੂੰ 42 ਫੀਸਦ, ਲਿਬਰਲਜ਼ ਨੂੰ ਕਰੀਬ 25 ਫੀਸਦ ਅਤੇ ਐੱਨਡੀਪੀ ਨੂੰ 18 ਫ਼ੀਸਦ ਵੋਟਾਂ ਪਾਉਣਗੇ।

ਕੰਜ਼ਰਵੇਟਿਵ ਆਗੂ ਪਿਏਰੇ ਪੋਲੀਵਰੇ ਨੇ ਐੱਨਡੀਪੀ ਨੂੰ ਅਪੀਲ ਕੀਤੀ ਸੀ ਕਿ ਉਹ ਲਿਬਰਲਜ਼ ਨਾਲ ਆਪਣਾ ਸਮਝੌਤਾ ਤੋੜ ਦੇਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਦਾ ਸਾਥ ਦੇਣ।

ਪਾਰਲੀਮੈਂਟ ਦੇ ਜ਼ਿਆਦਾਤਰ ਮੈਂਬਰ ਅਜਿਹਾ ਚਾਹੁੰਦੇ ਹਨ।

ਪ੍ਰੋ.ਸਟੀਫਨਸਨ ਵੱਲੋਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਕੈਨੇਡਾ ਦੇ ਨਾਗਰਿਕ ਅਗਲੇ ਸਾਲ ਮਾਰਚ ਜਾਂ ਅਪਰੈਲ ’ਚ ਚੋਣਾਂ ਵਿੱਚ ਨਹੀਂ ਜਾਣਗੇ ਕਿਉਂਕਿ ਉਸ ਸਮੇਂ ਲਿਬਰਲਜ਼ ਆਪਣਾ ਬਜਟ ਬਿੱਲ ਲਿਆ ਸਕਦੇ ਹਨ।

ਇਹ ਕਾਨੂੰਨ ਦਾ ਇੱਕ ਮੁੱਖ ਹਿੱਸਾ ਹੈ, ਇਸ ਲਈ ਬਜਟ ਦੌਰਾਨ ਇੱਕ ਵੋਟ ਮੌਜੂਦਾ ਸਰਕਾਰ ਲਈ ਭਰੋਸੇ ਵਜੋਂ ਦੁਗਣੀ ਹੋ ਸਕਦੀ ਹੈ।

ਪ੍ਰੋ. ਸਟੀਫਨਸਨ ਨੇ ਇਸ ਸਬੰਧੀ ਸਾਵਧਾਨ ਕੀਤਾ ਹੈ, ਹਾਲਾਂਕਿ ਰਾਜਨੀਤੀ ਵਿੱਚ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ।

ਜਸਟਿਨ ਟਰੂਡੋ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ ਸਾਲ 2008 ਵਿੱਚ ਪਹਿਲੀ ਵਾਰੀ ਸੰਸਦ ਮੈਂਬਰ ਚੁਣੇ ਗਏ

ਜਸਟਿਨ ਟਰੂਡੋ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਸਿਆਸਤ ਵਿੱਚ ਸਰਗਰਮ ਹੋਏ। ਉਹ ਸਾਲ 2008 ਵਿੱਚ ਪਹਿਲੀ ਵਾਰੀ ਸੰਸਦ ਮੈਂਬਰ ਚੁਣੇ ਗਏ।

ਸ਼ੁਰੂ ਤੋਂ ਹੀ ਲਿਬਰਲ ਪਾਰਟੀ ਨੂੰ ਜਸਟਿਨ ਟਰੂਡੋ ਵਿੱਚ ਇੱਕ ਨੇਤਾ ਦਿਖਿਆ। ਟਰੂਡੋ 2011 ਵਿੱਚ ਫਿਰ ਸੰਸਦ ਮੈਂਬਰ ਚੁਣੇ ਗਏ।

ਲਿਬਰਲ ਪਾਰਟੀ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਖ਼ਾਹਿਸ਼ ਕਈ ਵਾਰੀ ਅਧੂਰੀ ਰਹਿਣ ਤੋਂ ਬਾਅਦ ਟਰੂਡੋ ਨੇ 2012 ਵਿੱਚ ਪਾਰਟੀ ਲੀਡਰਸ਼ਿਪ ਦੇ ਲਈ ਚੋਣ ਲੜਨ ਦਾ ਆਪਣਾ ਇਰਾਦਾ ਸਾਫ਼ ਕਰ ਦਿੱਤਾ।

ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਘੱਟ ਤਜੁਰਬਾ ਹੋਣ ਦੇ ਕਾਰਨ ਉਨ੍ਹਾ ਦੀ ਆਲੋਚਨਾ ਕਰਦੇ ਰਹੇ ਪਰ ਉਨ੍ਹਾਂ ਨੇ ਚੋਣਾਂ ਜਿੱਤੀਆਂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)