ਕੈਨੇਡਾ: ਪੀਲ ਪੁਲਿਸ ਮੁਤਾਬਕ ਕੋਕੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ, ਮੁਲਜ਼ਮਾਂ ਵਿੱਚ ਪੰਜਾਬੀ ਵੀ ਸ਼ਾਮਲ

ਪੀਲ ਰੀਜਨਲ ਪੁਲਿਸ ਨੇ ਆਪਣੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਵਿੱਚ ਕੋਕੀਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਕੁਝ ਪੰਜਾਬੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੀਲ ਰੀਜਨਲ ਪੁਲਿਸ ਨੇ ਕੌਮੀ ਤੇ ਕੌਮਾਂਤਰੀ ਸਹਿਯੋਗੀਆਂ ਨਾਲ ਮਿਲ ਕੇ ਗਰੇਟਰ ਟੋਰਾਂਟੋ ਏਰੀਏ (ਜੀਟੀਏ) ਵਿੱਚ ਗੈਰ-ਕਾਨੂੰਨੀ ਤਸਕਰੀ ਕਰਨ ਵਾਲੇ ਇੱਕ ਕੌਮਾਂਤਰੀ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।

ਪੀਲ ਰੀਜਨਲ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਰਵਿਸ ਦੇ ਇਤਿਹਾਸ ਵਿੱਚ ਪ੍ਰਾਜੈਕਟ ਪੇਲੀਕਨ ਤਹਿਤ ਹੁਣ ਤੱਕ ਦਾ ਸਭ ਤੋਂ ਵੱਡੀ ਮਾਤਰਾ ਵਿੱਚ ਨਸ਼ਾ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ ਕਰੀਬ 50 ਮਿਲੀਅਨ ਡਾਲਰ ਦੇ ਮੁੱਲ ਦੀ ਕੋਕੀਨ ਸ਼ਾਮਲ ਹੈ।

ਪੀਲ ਰੀਜਨਲ ਪੁਲਿਸ ਮੁਤਾਬਕ ਉਨ੍ਹਾਂ ਨੇ ਜੂਨ 2024 ਵਿੱਚ ਅਮਰੀਕਾ-ਕੈਨੇਡਾ ਵਪਾਰਕ ਟਰੱਕਿੰਗ ਰੂਟ ਦੀ ਵਰਤੋਂ ਕਰ ਕੇ ਕੋਕੀਨ ਤਸਕਰੀ ਮੁਹਿੰਮ ਦੀ ਜਾਂਚ ਸ਼ੁਰੂ ਕੀਤੀ।

ਪੁਲਿਸ ਨੇ ਨਵੰਬਰ ਤੱਕ ਕੈਨੇਡਾ ਸੀਮਾ ਸੇਵਾ ਏਜੰਸੀ (ਸੀਬੀਐੱਸਏ), ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨੀਸਟ੍ਰੇਸ਼ਨ ਅਤੇ ਯੂਐੱਸ ਤੇ ਡੈਟਾਰਟ ਸਥਿਤ ਅਮਰੀਕੀ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਬੋਰਡਰ ਇਨਫੋਰਸਮੈਂਟ ਟਾਸਕ ਫੋਰਸ ਨਾਲ ਮਿਲ ਕੇ ਆਪਰੇਸ਼ਨ ਨਾਲ ਜੁੜੇ ਕਈ ਵਿਅਕਤੀਆਂ, ਟਰੱਕਿੰਗ ਕੰਪਨੀਆਂ ਅਤੇ ਸਟੋਰੇਜ ਸਾਈਟ ਦੀ ਪਛਾਣ ਕਰ ਲਈ ਸੀ।

ਟਰੱਕਾਂ ਰਾਹੀਂ ਕੀਤੀ ਜਾਂਦੀ ਸੀ ਤਸਕਰੀ

ਪੀਲ ਰੀਜਨਲ ਪੁਲਿਸ ਦੀ ਜਾਣਕਾਰੀ ਤੋਂ ਇਹ ਪਤਾ ਚੱਲਿਆ ਹੈ ਕਿ ਫਰਵਰੀ ਅਤੇ ਮਈ 2025 ਵਿਚਾਲੇ ਸੀਬੀਐੱਸਏ ਨੇ ਵਿੰਡਸਰ ਵਿੱਚ ਅੰਬੈਂਸਡਰ ਬ੍ਰਿਜ 'ਤੇ ਇੱਕ ਵਪਾਰਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 127 ਕਿੱਲੋਗ੍ਰਾਮ ਕੋਕੀਨ ਨੂੰ ਬਰਾਮਦ ਕੀਤਾ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਸੇ ਤਰ੍ਹਾਂ ਸੀਬੀਐੱਸਏ ਨੇ ਪੁਆਇੰਟ ਐਡਵਰਡ ਵਿੱਚ ਬਲੂ ਵਾਟਰ ਬ੍ਰਿਜ 'ਤੇ ਇੱਕ ਹੋਰ ਟਰੱਕ ਨੂੰ ਰੋਕਿਆ, ਜਿਸ ਦੀ ਤਲਾਸ਼ੀ ਮਗਰੋਂ ਟਰੇਲਰ ਵਿੱਚ ਲੁਕੋਈ ਗਈ 50 ਕਿਲੋਗ੍ਰਾਮ ਕੋਕੀਨ ਨੂੰ ਜ਼ਬਤ ਕੀਤਾ ਗਿਆ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸਹਿਯੋਗ ਨਾਲ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੀਲ ਰੀਜਨਲ ਪੁਲਿਸ ਵੱਲੋਂ ਵਪਾਰਕ ਟਰੱਕਿੰਗ ਦੇ ਸਬੰਧ ਵਿੱਚ ਜੀਟੀਏ ਵਿੱਚ ਵਾਧੂ ਜ਼ਬਤੀਆਂ ਵੀ ਕੀਤੀਆਂ ਗਈਆਂ। ਇਨ੍ਹਾਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ਕੋਲੋਂ ਗ੍ਰਿਫ਼ਤਾਰੀ ਸਮੇਂ ਹਥਿਆਰ ਬਰਾਮਦ ਹੋਏ।

ਮੁਲਜ਼ਮਾਂ ਵਿੱਚ ਪੰਜਾਬੀ ਮੂਲ ਦੇ ਲੋਕ ਸ਼ਾਮਲ

6 ਜੂਨ ਤੱਕ ਜਾਂਚ ਦੇ ਸਬੰਧ ਵਿੱਚ 27 ਸਾਲਾ ਹਾਓ ਟੌਮੀ ਹੁਇਨ ਵਾਸੀ ਮਿਸੀਸਾਗਾ, 31 ਸਾਲਾ ਸਜਾਗਤ ਯੋਗੇਂਦਰਰਾਜਾ ਵਾਸੀ ਟੋਰਾਂਟੋ, 44 ਸਾਲਾ ਮਨਪ੍ਰੀਤ ਸਿੰਘ ਵਾਸੀ ਬਰੈਂਪਟਨ, 39 ਸਾਲਾ ਫਿਲਿਪ ਟੇਪ ਵਾਸੀ ਹੈਮੀਲਟਨ, 29 ਸਾਲਾ ਅਰਵਿੰਦਰ ਪਵਾਰ ਵਾਸੀ ਬਰੈਂਪਟਨ, 36 ਸਾਲਾ ਕਰਮਜੀਤ ਸਿੰਘ ਵਾਸੀ ਕੈਲੇਡਨ, 36 ਸਾਲਾ ਗੁਰਤੇਜ ਸਿੰਘ ਵਾਸੀ ਕੈਲੇਡਨ, 27 ਸਾਲਾ ਸਰਤਾਜ ਸਿੰਘ ਵਾਸੀ ਕੈਂਬ੍ਰਿਜ, 31 ਸਾਲਾ ਸ਼ਿਵ ਓਂਕਾਰ ਸਿੰਘ ਵਾਸੀ ਜਾਰਜਟਾਊਨ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਨ੍ਹਾਂ ਮੁਲਜ਼ਮਾਂ ਉਪਰ ਕੁੱਲ 35 ਇਲਜ਼ਾਮ ਲਗਾਏ ਗਏ, ਜੋ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨਾਲ ਸਬੰਧਤ ਹਨ।

ਪੁਲਿਸ ਨੇ ਜਾਂਚ ਦੌਰਾਨ 479 ਕਿੱਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਅਨੁਮਾਨਿਤ ਕੀਮਤ 47.9 ਮਿਲੀਅਨ ਡਾਲਰ ਹੈ।

ਇਸ ਦੇ ਨਾਲ ਹੀ ਦੋ ਗੈਰ-ਕਾਨੂੰਨੀ ਲੋਡਡ ਸੈਮੀ-ਆਟੋਮੈਟਿਕ ਹੈਂਡਗਨ ਬਰਾਮਦ ਕੀਤੇ ਗਏ ਹਨ।

ਬਰੈਂਪਟਨ ਸਥਿਤ ਓਨਟਾਰਿਓ ਅਦਾਲਤ ਵਿੱਚ ਮੁਲਜ਼ਮਾਂ ਦੀ ਜ਼ਮਾਨਤ ਉਪਰ ਸੁਣਵਾਈ ਹੋਈ।

ਓਂਟਾਰਿਓ ਸਰਕਾਰ ਤੇ ਸਾਲਿਸਿਟਰ ਜਨਰਲ ਮੰਤਰਾਲੇ ਵੱਲੋਂ ਪ੍ਰਦਾਨ ਕੀਤੀ ਗਈ ਰਾਸ਼ੀ ਦੇ ਮਾਧਿਅਮ ਨਾਲ ਪ੍ਰਾਜੈਕਟ ਪੇਲਿਕਨ ਕਾਮਯਾਬ ਹੋਇਆ। ਅਪਰਾਧਿਕ ਖੁਫੀਆ ਸੇਵਾ ਓਂਟਾਰਿਓ ਨੇ ਵੀ ਇਸ ਜਾਂਚ ਦਾ ਸਮਰਥਨ ਕੀਤਾ ਹੈ।

ਇਸ ਮਾਮਲੇ ਸਬੰਧੀ ਓਂਟਾਰਿਓ ਦੇ ਸਾਲਿਸਿਟਰ ਜਨਰਲ ਮਾਈਕਲ ਐੱਸ ਕੇਜ਼ਰਨਰ ਨੇ ਕਿਹਾ, "ਪੀਲ ਰੀਜਨਲ ਪੁਲਿਸ ਦੀ ਅਗਵਾਈ ਅਤੇ ਕੌਮੀ ਤੇ ਕੌਮਾਂਤਰੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਦੇ ਨਾਲ-ਨਾਲ ਓਂਟਾਰਿਓ ਸਰਕਾਰ ਦੇ ਸਮਰਥਨ ਕਾਰਨ ਹੁਣ ਕੋਈ ਕੌਮਾਂਤਰੀ ਅਪਰਾਧਿਕ ਨੈੱਟਵਰਕ ਕੰਮ ਨਹੀਂ ਕਰ ਰਿਹਾ ਅਤੇ ਨਾ ਹੀ ਸਾਡੇ ਭਾਈਚਾਰੇ ਵਿੱਚ ਸੰਯੁਕਤ ਰਾਜ ਅਮਰੀਕਾ ਤੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਂਦੀ ਜਾ ਰਹੀ ਹੈ।"

"ਇਹ ਜ਼ਬਤੀ ਸਾਡੀ ਸਰਵਿਸ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਡਰੱਗ ਜ਼ਬਤੀ ਹੈ। ਸੰਗਠਿਤ ਅਪਰਾਧ ਸਰਹੱਦਾਂ ਦਾ ਫਾਇਦਾ ਚੁੱਕਣ ਲਈ ਤਿਆਰ ਰਹਿੰਦਾ ਹੈ ਅਤੇ ਪਬਲਿਕ ਸੁਰੱਖਿਆ ਲਈ ਖਤਰਾ ਪੈਦਾ ਕਰਦਾ ਹੈ। ਹਾਲਾਂਕਿ ਅਸੀਂ ਆਪਣੇ ਭਾਈਚਾਰੇ ਦੀ ਰੱਖਿਆ ਕਰਨ ਅਤੇ ਆਪਣੇ ਖੇਤਰ ਤੇ ਉਸ ਤੋਂ ਬਾਹਰ ਸੁਰੱਖਿਆ ਵਧਾਉਣ ਦੇ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਲਈ ਦ੍ਰਿੜਤਾ ਨਾਲ ਵਚਨਬੱਧ ਹਾਂ।"

ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰਾਈਪਾ ਨੇ ਕਿਹਾ, "ਇਹ ਮਹੱਤਵਪੂਰਨ ਜ਼ਬਤੀ ਅਤੇ ਗ੍ਰਿਫ਼ਤਾਰੀਆਂ ਸਰਹੱਦ ਦੇ ਦੋਵੇਂ ਪਾਸੇ ਲਾਅ ਐਨਫੋਰਸਮੈਂਟ ਭਾਈਵਾਲਾਂ ਦੇ ਨਾਲ ਸਾਡੇ ਸਹਿਯੋਗ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਇਕੱਠੇ ਮਿਲ ਕੇ ਅਸੀਂ ਸੰਗਠਿਤ ਅਪਰਾਧ ਸਮੂਹਾਂ ਨੂੰ ਖਤਨ ਕਰਨ ਅਤੇ ਹਾਨੀਕਾਰਕ ਦਵਾਈਆਂ ਨੂੰ ਸਾਡੇ ਸਮਾਜ ਤੋਂ ਦੂਰ ਰੱਖਣ ਦੇ ਲਈ ਵਚਨਬੱਧ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)