ਮਨੁੱਖੀ ਮਲ ਤੋਂ ਬਣੀਆਂ ਗੋਲੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੀਆਂ ਹਨ, ਖੋਜ ਕਰਨ ਵਾਲੇ ਡਾਕਟਰ ਕੀ ਕਹਿੰਦੇ ਹਨ

    • ਲੇਖਕ, ਜੇਮਜ਼ ਗੈਲਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਜਦੋਂ ਬੈਕਟੀਰੀਆ, ਕੀਟਾਣੂ ਜਾਂ ਵਾਇਰਸ ਐਂਟੀਬਾਇਓਟਿਕਸ ਅਤੇ ਹੋਰ ਰੋਗਾਣੂਨਾਸ਼ਕ ਦਵਾਈਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਵਿਕਸਤ ਕਰਦੇ ਹਨ, ਤਾਂ ਉਹ ਸੁਪਰਬੱਗ ਬਣ ਜਾਂਦੇ ਹਨ।

ਅਜਿਹਾ ਹੋਣ ਦੀ ਸੂਰਤ ਵਿੱਚ ਇਹ ਕੀਟਾਣੂ ਹੁਣ ਦਵਾਈਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਨਹੀਂ ਰਹਿੰਦੇ ਅਤੇ ਇਲਾਜ ਕਰਨਾ ਔਖਾ ਹੋ ਜਾਂਦਾ ਹੈ।

ਬਰਤਾਨੀਆਂ ਵਿੱਚ ਡਾਕਟਰ ਸੁਪਰਬੱਗ ਇਨਫੈਕਸ਼ਨ ਦੇ ਇਲਾਜ ਲਈ ਮਨੁੱਖੀ ਮਲ ਨੂੰ ਸੁਕਾ ਕੇ ਅਤੇ ਫ਼ੀਜ਼ ਕਰਕੇ ਗੋਲੀਆਂ ਵਿਕਸਤ ਕਰ ਰਹੇ ਹਨ।

ਇਸ ਦੇ ਲਈ, ਇੱਕ ਸਿਹਤਮੰਦ ਵਿਅਕਤੀ ਦੇ ਮਲ ਦਾ ਨਮੂਨਾ ਇਕੱਠਾ ਕੀਤਾ ਜਾਂਦਾ ਹੈ, ਜਿਸ ਵਿੱਚ ਚੰਗੇ ਬੈਕਟੀਰੀਆ ਹੁੰਦੇ ਹਨ।

ਇਸਦੀ ਵਰਤੋਂ ਐਂਟੀਬਾਇਓਟਿਕਸ ਪ੍ਰਤੀ ਰੋਧਕ ਇਨਫੈਕਸ਼ਨਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਹਰ ਸਾਲ ਦਸ ਲੱਖ ਮਰੀਜ਼ ਇਸ ਲਾਗ ਕਾਰਨ ਮਰਦੇ ਹਨ।

ਅੰਤੜੀਆਂ ਦੀ ਤੁੰਦਰੁਸਤੀ ਅਹਿਮ ਹੈ

ਅਧਿਐਨ ਦੇ ਸ਼ੁਰੂਆਤੀ ਅੰਕੜੇ ਦਰਸਾਉਂਦੇ ਹਨ ਕਿ ਸੁਪਰਬੱਗਸ ਨੂੰ ਅੰਤੜੀਆਂ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਸਿਹਤਮੰਦ ਅੰਤੜੀਆਂ ਦੇ ਬੈਕਟੀਰੀਆ ਦੇ ਮਿਸ਼ਰਣ ਨਾਲ ਬਦਲਿਆ ਜਾ ਸਕਦਾ ਹੈ।

ਸੇਂਟ ਥਾਮਸ ਹਸਪਤਾਲ ਵਿਖੇ ਗੋਲੀਆਂ ਦੀ ਜਾਂਚ ਕਰ ਰਹੇ ਡਾਕਟਰ ਬਲੇਅਰ ਮੈਰਿਕ ਨੇ ਕਿਹਾ ਕਿ ਉਹ ਪੇਟ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜੋ ਕਿ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਹਿੱਸਾ ਹੈ ਅਤੇ ਐਂਟੀਬਾਇਓਟਿਕਸ ਪ੍ਰਤੀ ਰੋਧਕ ਹੈ।

ਇਹ ਨਵਾਂ ਅਧਿਐਨ ਉਨ੍ਹਾਂ ਮਰੀਜ਼ਾਂ 'ਤੇ ਕੇਂਦਰਿਤ ਹੈ ਜੋ ਪਿਛਲੇ ਛੇ ਮਹੀਨਿਆਂ ਵਿੱਚ ਦਵਾਈ-ਰੋਧਕ ਬੈਕਟੀਰੀਆ ਦੀ ਲਾਗ਼ ਤੋਂ ਪੀੜਥ ਸਨ।

ਇਨ੍ਹਾਂ ਗੋਲੀਆਂ ਨੂੰ ਤਿਆਰ ਕਰਨ ਵਿੱਚ ਮਦਦ ਲਈ ਕੁਝ ਲੋਕਾਂ ਨੇ ਸਵੈਇੱਛਿਤ ਤੌਰ 'ਤੇ ਆਪਣਾ ਮਲ ਮੁਹੱਈਆ ਕਰਵਾਇਆ ਸੀ

ਹਰੇਕ ਨਮੂਨੇ ਦੀ ਧਿਆਨ ਨਾਲ ਜਾਂਚ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਵਿੱਚ ਨੁਕਸਾਨਦੇਹ ਬੈਕਟੀਰੀਆ ਤਾਂ ਨਹੀਂ ਹਨ। ਜਾਂਚ ਤੋਂ ਬਾਅਦ ਇਸ ਨੂੰ ਸੁਕਾ ਕੇ ਪਾਊਡਰ ਤਿਆਰ ਕੀਤਾ ਗਿਆ।

ਇਹ ਪਾਊਡਰ ਇੱਕ ਕੈਪਸੂਲ ਖੋਲ੍ਹ ਵਿੱਚ ਭਰਿਆ ਗਿਆ ਸੀ। ਇਸ ਤਰ੍ਹਾਂ ਜਦੋਂ ਇਹ ਗੋਲੀ ਪੇਟ ਵਿੱਚ ਜਾਂਦੀ ਹੈ ਅਤੇ ਮਲ ਦਾ ਪਾਊਡਰ ਖੋਲ੍ਹ ਤੋਂ ਬਾਹਰ ਆ ਜਾਂਦਾ ਹੈ।

ਇਹ ਪ੍ਰਯੋਗ ਲੰਡਨ ਦੇ ਗਾਈਜ਼ ਅਤੇ ਸੇਂਟ ਥਾਮਸ ਹਸਪਤਾਲਾਂ ਵਿੱਚ 41 ਮਰੀਜ਼ਾਂ 'ਤੇ ਕੀਤਾ ਗਿਆ।

ਡਾਕਟਰ ਮੈਰਿਕ ਮੁਤਾਬਕ, ਇਹ ਗੋਲੀਆਂ ਸੁਪਰਬੱਗ ਨਾਲ ਲੜਨ ਵਿੱਚ ਪ੍ਰਭਾਵਸ਼ਾਲੀ ਹਨ।

ਮੈਰਿਕ ਕਹਿੰਦੇ ਹਨ, "ਇਹ ਗੋਲੀਆਂ ਸੁਪਰਬੱਗਜ਼ ਨੂੰ ਮਾਰਦੀਆਂ ਹਨ ਅਤੇ ਉਨ੍ਹਾਂ ਦੀ ਗਿਣਤੀ ਘਟਾਉਂਦੀਆਂ ਹਨ।"

ਇਹ ਅਧਿਐਨ ਦਰਸਾਉਂਦਾ ਹੈ ਕਿ ਇਸ ਥੈਰੇਪੀ ਤੋਂ ਬਾਅਦ ਅੰਤੜੀਆਂ ਦੇ ਮਾਈਕ੍ਰੋਬਾਇਲ ਭਾਈਚਾਰਾ ਹੋਰ ਵਿਭਿੰਨ ਹੋ ਜਾਂਦਾ ਹੈ।

ਮਨੁੱਖੀ ਸਰੀਰ ਵਿੱਚ ਬੈਕਟੀਰੀਆ ਦੀ ਲੋੜ

ਡਰੱਗ-ਰੋਧਕ ਸੁਪਰਬੱਗ ਅੰਤੜੀਆਂ ਤੋਂ ਬਾਹਰ ਨਿਕਲ ਸਕਦੇ ਹਨ ਅਤੇ ਸਰੀਰ ਦੇ ਹੋਰ ਅੰਗਾਂ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ, ਜਿਵੇਂ ਕਿ ਪਿਸ਼ਾਬ ਨਾਲੀ ਜਾਂ ਖੂਨ ਦੇ ਪ੍ਰਵਾਹ ਵਿੱਚ ਇਨਫੈਕਸ਼ਨ।

ਡਾਕਟਰ ਮੈਰਿਕ ਕਹਿੰਦੇ ਹਨ, "ਦਿਲਚਸਪ ਗੱਲ ਇਹ ਹੈ ਕਿ ਕੀ ਇਨ੍ਹਾਂ ਸੁਪਰਬੱਗਜ਼ ਨੂੰ ਅੰਤੜੀਆਂ ਵਿੱਚੋਂ ਕੱਢਿਆ ਜਾ ਸਕਦਾ ਹੈ?"

ਮਲ-ਗੋਲੀਆਂ ਦਾ ਵਿਚਾਰ ਅਸਲ ਵਿੱਚ ਨੇਪਰੇ ਚੜ੍ਹਨ ਨੂੰ ਓਨਾ ਸਮਾਂ ਨਹੀਂ ਲੱਗੇਗਾ ਜਿੰਨਾ ਇਹ ਜਾਪਦਾ ਹੈ।

ਮਲ-ਟ੍ਰਾਂਸਪਲਾਂਟ, ਜਿਸਨੂੰ ਟ੍ਰਾਂਸ-ਪੂ-ਸ਼ਨ ਵੀ ਕਿਹਾ ਜਾਂਦਾ ਹੈ, ਪਹਿਲਾਂ ਹੀ ਕਲੋਸਟ੍ਰਿਡੀਅਮ ਡਿਫਿਸਿਲ ਬੈਕਟੀਰੀਆ ਕਾਰਨ ਹੋਣ ਵਾਲੇ ਗੰਭੀਰ ਦਸਤ ਦੇ ਇਲਾਜ ਲਈ ਮਨਜ਼ੂਰਸ਼ੁਦਾ ਹੈ।

ਡਾਕਟਰ ਮੈਰਿਕ ਕਹਿੰਦੇ ਹਨ, "ਇਹ ਬਹੁਤ ਹੀ ਦਿਲਚਸਪ ਹੈ। 20 ਸਾਲ ਪਹਿਲਾਂ ਜਿੱਥੇ ਸਾਰੇ ਬੈਕਟੀਰੀਆ ਅਤੇ ਵਾਇਰਸ ਮਨੁੱਖੀ ਸਿਹਤ ਲਈ ਨੁਕਸਾਨ ਪਹੁੰਚਾਉਣ ਵਾਲੇ ਮੰਨੇ ਜਾਂਦੇ ਸਨ, ਉੱਥੇ ਇੱਕ ਅਸਲ ਤਬਦੀਲੀ ਆਈ ਹੈ, ਹੁਣ ਸਿਹਤ ਵਿਗਿਅਨੀ ਮੰਨ ਚੁੱਕੇ ਹਨ ਕਿ ਉਹ ਸਾਡੀ ਸਮੁੱਚੀ ਸਿਹਤ ਲਈ ਬੇਹੱਦ ਜ਼ਰੂਰੀ ਹਨ।"

ਮਈ ਮਹੀਨੇ ਵਿਗਿਆਨੀਆਂ ਨੇ ਦਿਖਾਇਆ ਕਿ ਸਾਡੇ ਸਰੀਰ ਵਿੱਚ ਜੋ ਚੰਗੇ ਬੈਕਟੀਰੀਆ ਮਿਲਦੇ ਹਨ। ਸਾਡੇ ਜਨਮ ਤੋਂ ਕੁਝ ਘੰਟਿਆਂ ਬਾਅਦ, ਛੋਟੇ ਬੱਚਿਆਂ ਨੂੰ ਫੇਫੜਿਆਂ ਦੀ ਲਾਗ ਕਾਰਨ ਬਿਮਾਰ ਹੋ ਕੇ ਹਸਪਤਾਲ ਵਿੱਚ ਦਾਖਲ ਹੋਣ ਦੇ ਜੋਖਮ ਨੂੰ ਅੱਧਾ ਕਰ ਦਿੰਦੇ ਹਨ।

ਸਾਡੇ ਸਰੀਰ ਦੇ ਆਪਣੇ ਮਨੁੱਖੀ ਸੈੱਲਾਂ ਦੀ ਗਿਣਤੀ ਸਾਡੇ ਅੰਦਰ ਰਹਿਣ ਵਾਲੇ ਬੈਕਟੀਰੀਆ, ਫੰਗਸ ਅਤੇ ਹੋਰ ਜੀਵਾਂ, ਜਿਨ੍ਹਾਂ ਨੂੰ ਮਾਈਕ੍ਰੋਬਾਇਓਮ ਕਿਹਾ ਜਾਂਦਾ ਹੈ, ਨਾਲੋਂ ਕਿਤੇ ਜ਼ਿਆਦਾ ਹੈ।

ਇਸ ਨਾਲ ਹਾਜਮੇ ਨਾਲ ਜੁੜੀਆਂ ਬਿਮਾਰੀਆਂ ਤੋਂ ਲੈ ਕੇ ਕੈਂਸਰ ਅਤੇ ਮਾਨਸਿਕ ਸਿਹਤ ਤੱਕ ਹਰ ਚੀਜ਼ ਵਿੱਚ ਮਾਈਕ੍ਰੋਬਾਇਓਮ ਦੀ ਮੋਜੂਦਗੀ ਬਾਰੇ ਸਮਝਣ ਲਈ ਖੋਜਾਂ ਹੋ ਰਹੀਆਂ ਹਨ।

ਮਲ ਤੋਂ ਬਣੀਆਂ ਗੋਲੀਆਂ ਸੁਪਰਬੱਗਸ ਨਾਲ ਲੜ ਸਕਦੀਆਂ ਹਨ

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਜੇਕਰ ਮਲ ਤੋਂ ਬਣੀਆਂ ਗੋਲੀਆਂ ਸੁਪਰਬੱਗਸ ਨਾਲ ਲੜਨ ਵਿੱਚ ਫ਼ਾਇਦੇਮੰਦ ਸਾਬਤ ਹੁੰਦੀਆਂ ਹਨ, ਤਾਂ ਉਨ੍ਹਾਂ ਦੀ ਵਰਤੋਂ ਕਈ ਤਰ੍ਹਾਂ ਦੀਆਂ ਲਾਗਾਂ ਦੇ ਇਲਾਜ ਅਤੇ ਰੋਕਥਾਮ ਲਈ ਵੀ ਕੀਤੀ ਜਾ ਸਕਦੀ ਹੈ।

ਡਾਕਟਰੀ ਇਲਾਜ, ਜਿਵੇਂ ਕਿ ਕੈਂਸਰ ਥੈਰੇਪੀ ਅਤੇ ਅੰਗ ਟ੍ਰਾਂਸਪਲਾਂਟ, ਜੋ ਇਮਿਊਨ ਸਿਸਟਮ ਨੂੰ ਦਬਾਉਂਦੇ ਹਨ ਜਾਂ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦੇ ਹਨ, ਸਾਡੇ ਸਰੀਰ ਨੂੰ ਵਧੇਰੇ ਕਮਜ਼ੋਰ ਬਣਾਉਂਦੇ ਹਨ।

ਯੂਕੇ ਦੀ ਦਵਾਈਆਂ ਦੀ ਰੈਗੂਲੇਟਰੀ ਸੰਸਥਾ, ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮਐੱਚਆਰਏ) ਦਾ ਕਹਿਣਾ ਹੈ ਕਿ 450 ਤੋਂ ਵੱਧ ਮਾਈਕ੍ਰੋਬਾਇਓਮ ਦਵਾਈਆਂ ਇਸ ਸਮੇਂ ਵਿਕਾਸ ਅਧੀਨ ਹਨ।

ਐੱਮਐੱਚਆਰਏ ਵਿੱਚ ਮਾਈਕ੍ਰੋਬਾਇਓਮ ਖੋਜ ਦੇ ਮੁਖੀ ਡਾਕਟਰ ਕ੍ਰਿਸੀ ਸਰਗਾਕੀ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਸਫ਼ਲ ਅਧਿਐਨ ਸਫ਼ਲ ਹੋਣਗੇ ਅਤੇ ਜਲਦੀ ਹੀ ਕੁਝ ਗੋਲੀਆਂ ਇਸਤੇਮਾਲ ਲਈ ਉਪਲਬਧ ਹੋਣਗੀਆਂ।

ਉਨ੍ਹਾਂ ਕਿਹਾ ਕਿ ਆਸ ਕਿ ਭਵਿੱਖ ਵਿੱਚ ਐਂਟੀਬਾਇਓਟਿਕਸ ਦੀ ਥਾਂ ਮਾਈਕ੍ਰੋਬਾਇਓਮ ਥੈਰੇਪੀ ਦੀ ਵਰਤੋਂ ਕੀਤੀ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)