ਕੈਨੇਡਾ ਵਿੱਚ ਸਿੱਖ ਵਿਅਕਤੀ ਦੇ ਦਿਨ-ਦਿਹਾੜੇ ਹੋਏ ਕਤਲ ਬਾਰੇ ਪੁਲਿਸ ਨੇ ਹੁਣ ਤੱਕ ਕੀ-ਕੀ ਦੱਸਿਆ

ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਸਿੱਖ ਵਿਅਕਤੀ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੀਲ ਰੀਜਨਲ ਪੁਲਿਸ ਦੁਆਰਾ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਲੰਘੀ 14 ਮਈ ਨੂੰ (ਕੈਨੇਡਾ ਦੇ ਸਮੇਂ ਮੁਤਾਬਕ) ਦਿਨ ਵਿੱਚ 11:49 ਵਜੇ ਦੇ ਕਰੀਬ, 51 ਸਾਲਾ ਹਰਜੀਤ ਢੱਡਾ ਇੱਕ ਪਾਰਕਿੰਗ ਲੌਟ ਵਿੱਚ ਮੌਜੂਦ ਸਨ।

ਉਸੇ ਦੌਰਾਨ ਇੱਕ ਸ਼ੱਕੀ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਹਰਜੀਤ ਢੱਡਾ 'ਤੇ ਕਈ ਗੋਲੀਆਂ ਚਲਾਈਆਂ।

ਇਹ ਘਟਨਾ ਟ੍ਰੈਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਨੇੜੇ ਇੱਕ ਪਾਰਕਿੰਗ ਵਾਲੀ ਥਾਂ 'ਤੇ ਵਾਪਰੀ ਸੀ। ਇਹ ਇਲਾਕਾ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ।

ਹਮਲਾ ਕਰਨ ਤੋਂ ਬਾਅਦ, ਹਮਲਾਵਰ ਇੱਕ ਚੋਰੀ ਦੀ ਗੱਡੀ 2018 ਬਲੈਕ ਡੌਜ ਚੈਲੇਂਜਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬਰਾਮਦ ਕਰ ਲਿਆ ਗਿਆ।

ਜ਼ਖਮੀ ਹਾਲਤ ਵਿੱਚ ਹਰਜੀਤ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।

ਪੁਲਿਸ ਕੀ ਕਹਿ ਰਹੀ

ਪੁਲਿਸ ਮੁਤਾਬਕ, ਪਹਿਲੀ ਨਜ਼ਰੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕਤਲ ਕਰਨ ਦਾ ਮਾਮਲਾ ਹੈ।

ਹਮਲਾਵਰ ਅਜੇ ਵੀ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।

ਇਸ ਮਾਮਲੇ (ਕਤਲ ਦੇ ਕਾਰਨਾਂ) ਬਾਰੇ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੀਲ ਰੀਜਨਲ ਪੁਲਿਸ ਨੇ ਜਨਤਾ ਨੂੰ ਅਟਕਲਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਸਾਰੇ ਸੰਭਾਵੀ ਸੁਰਾਗਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।

ਨਾਲ ਹੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜਿਸ ਕਿਸੇ ਕੋਲ ਵੀ ਇਸ ਘਟਨਾ ਜਾਂ ਇਸ 'ਚ ਸ਼ਾਮਲ ਲੋਕਾਂ ਨਾਲ ਜੁੜੀ ਜਾਣਕਾਰੀ ਜਾਂ ਕੋਈ ਵੀਡੀਓ ਫੁਟੇਜ ਹੈ, ਉਹ ਪੁਲਿਸ ਨਾਲ ਸੰਪਰਕ ਕਰਨ।

ਸੀਬੀਸੀ ਦੀ ਰਿਪੋਰਟ ਮੁਤਾਬਕ, ਪੀਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਮਿਸ਼ੇਲ ਸਟੈਫੋਰਡ ਨੇ ਕਿਹਾ, "ਫਿਲਹਾਲ ਸਾਡਾ ਮੰਨਣਾ ਹੈ ਕਿ ਇਹ ਇੱਕ ਅਲੱਗ-ਥਲੱਗ ਘਟਨਾ ਹੈ ਅਤੇ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ।"

ਕੌਣ ਸਨ ਹਰਜੀਤ ਢੱਡਾ

ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ 'ਤੇ ਦਿੱਤੀ ਜਾਣਕਰੀ ਮੁਤਾਬਕ, ਢੱਡਾ ਇੱਕ ਵਪਾਰਕ ਬੀਮਾ ਬ੍ਰੋਕਰ ਸਨ। ਉਨ੍ਹਾਂ ਦੀ ਉਮਰ 51 ਸਾਲ ਸੀ ਅਤੇ ਉਹ 1997 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ।

ਦਿ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਢੱਡਾ ਦਾ ਪਿਛੋਕੜ ਭਾਰਤ 'ਚ ਉਤਰਾਖੰਡ ਸੂਬੇ ਦੇ ਬਾਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹੈ।

ਉਹ ਇੱਕ ਕਾਰੋਬਾਰੀ ਸਨ ਅਤੇ ਆਪਣੇ ਪਰਿਵਾਰ ਨਾਲ ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦੇ ਸਨ।

ਹਰਜੀਤ ਢੱਡਾ ਦੇ ਬੱਚਿਆਂ ਮੁਤਾਬਕ, ਉਨ੍ਹਾਂ ਦੇ ਪਿਤਾ ਕੈਨੇਡਾ ਵਿੱਚ ਉਨ੍ਹਾਂ ਦੇ ਭਾਈਚਾਰੇ ਦੇ ਇੱਕ ਸਤਿਕਾਰਯੋਗ ਮੈਂਬਰ ਸਨ।

ਪਰਿਵਾਰ ਦਾ ਦਾਅਵਾ 'ਪਹਿਲਾਂ ਤੋਂ ਮਿਲ ਰਹੀਆਂ ਸਨ ਧਮਕੀਆਂ'

ਹਰਜੀਤ ਢੱਡਾ ਦੇ ਪਰਿਵਾਰਿਕ ਮੈਂਬਰ ਇਸ ਘਟਨਾ ਤੋਂ ਬੇਹੱਦ ਦੁਖੀ ਹਨ ਪਰ ਨਾਲ ਹੀ ਉਹ ਪੁਲਿਸ 'ਤੇ ਲਾਪਰਵਾਹੀ ਦਾ ਇਲਜ਼ਾਮ ਵੀ ਲਗਾਉਂਦੇ ਹਨ।

ਹਰਜੀਤ ਢੱਡਾ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਪਹਿਲਾਂ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਸੀ। ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।

ਸੀਬੀਸੀ ਦੀ ਰਿਪੋਰਟ ਮੁਤਾਬਕ, ਹਰਜੀਤ ਦੇ ਬੱਚਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਅਨੁਸਾਰ ਉਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਧਮਕੀਆਂ ਮਿਲੀਆਂ ਸਨ।

ਹਰਜੀਤ ਦੀ ਧੀ ਗੁਰਲਿਨ ਨੇ ਇੰਸਟਾਗ੍ਰਾਮ 'ਤੇ ਵੀਰਵਾਰ ਨੂੰ ਇੱਕ ਪੋਸਟ ਵਿੱਚ ਕਿਹਾ ਕਿ ਉਹ ਆਪਣੇ ਪਿਤਾ ਲਈ ਇਨਸਾਫ ਚਾਹੁੰਦੇ ਹਨ।

ਉਨ੍ਹਾਂ ਕਿਹਾ, "ਪਿਛਲੇ ਕੁਝ ਸਾਲਾਂ ਤੋਂ, ਮੇਰੇ ਪਿਤਾ ਜੀ ਨੂੰ ਵਾਰ-ਵਾਰ ਧਮਕੀਆਂ ਅਤੇ ਜਬਰੀ ਵਸੂਲੀ ਦੇ ਫੋਨ ਆ ਰਹੇ ਸਨ। ਅਪ੍ਰੈਲ 2023 ਵਿੱਚ, ਅਸੀਂ ਇੱਕ ਸੰਭਾਵੀ ਹਮਲੇ ਤੋਂ ਬਚੇ ਸੀ।''

''ਅਸੀਂ ਪੁਲਿਸ ਨੂੰ ਇਨ੍ਹਾਂ ਧਮਕੀਆਂ ਦੀ ਰਿਪੋਰਟ ਕੀਤੀ ਅਤੇ ਸੁਰੱਖਿਆ ਦੇਣ ਲਈ ਬੇਨਤੀ ਕੀਤੀ। ਪਰ ਮਦਦ ਲਈ ਸਾਡੀਆਂ ਪੁਕਾਰਾਂ ਦਾ ਜਵਾਬ ਨਹੀਂ ਮਿਲਿਆ। ਜਿਸ ਸਿਸਟਮ ਨੂੰ ਸਾਨੂੰ ਸੁਰੱਖਿਅਤ ਰੱਖਣਾ ਚਾਹੀਦਾ ਸੀ, ਉਹ ਅਸਫਲ ਰਿਹਾ।''

ਉਨ੍ਹਾਂ ਅੱਗੇ ਕਿਹਾ, "ਖ਼ਤਰੇ ਦੇ ਸਪੱਸ਼ਟ ਸੰਕੇਤਾਂ ਦੇ ਬਾਵਜੂਦ, ਪੁਲਿਸ ਨੇ ਕੋਈ ਸੁਰੱਖਿਆ ਨਹੀਂ ਦਿੱਤੀ। ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਇੱਕ ਮਾਸੂਮ ਆਦਮੀ ਚਲਾ ਗਿਆ ਹੈ।''

ਹਰਜੀਤ ਦੀ ਧੀ ਨੇ ਕਿਹਾ, "ਸਾਡਾ ਭਾਈਚਾਰਾ ਸੋਗ ਮਨਾ ਰਿਹਾ ਹੈ, ਪਰ ਅਸੀਂ ਗੁੱਸੇ ਵਿੱਚ ਵੀ ਹਾਂ। ਅਸੀਂ ਪੁੱਛਦੇ ਹਾਂ, ਸਰਕਾਰ ਵਧਦੀ ਜਬਰੀ ਵਸੂਲੀ ਅਤੇ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ਬਾਰੇ ਕੀ ਕਰ ਰਹੀ ਹੈ? ਧਮਕੀਆਂ ਵੱਧਦੀਆਂ ਜਾ ਰਹੀਆਂ ਹਨ, ਤਾਂ ਮਾਸੂਮ ਲੋਕਾਂ ਨੂੰ ਬੇਸਹਾਰਾ ਕਿਉਂ ਛੱਡ ਦਿੱਤਾ ਜਾਂਦਾ ਹੈ? ਜਦੋਂ ਅਧਿਕਾਰੀ ਸਾਡੀ ਰੱਖਿਆ ਕਰਨ ਵਿੱਚ ਅਸਫਲ ਹਨ, ਤਾਂ ਸਾਡੇ ਕੋਲ ਕੀ ਰਸਤਾ ਬਚਦਾ ਹੈ?"

'ਹਮਲਾਵਰਾਂ ਨੂੰ ਪੁਲਿਸ ਅਤੇ ਸਜ਼ਾ ਦਾ ਕੋਈ ਡਰ ਨਹੀਂ ਸੀ'

ਹਰਜੀਤ ਦੇ ਪੁੱਤਰ ਤਨਵੀਰ ਸਿੰਘ ਢੱਡਾ ਕਹਿੰਦੇ ਹਨ, "ਮੇਰੇ ਪਿਤਾ ਇਸ ਦੇ ਹੱਕਦਾਰ ਨਹੀਂ ਸਨ। ਉਹ ਕਿਸੇ ਵੀ ਅਪਰਾਧਿਕ ਘਟਨਾ ਵਿੱਚ ਸ਼ਾਮਲ ਨਹੀਂ ਸਨ। ਉਹ ਇਮਾਨਦਾਰੀ ਨਾਲ ਜੀਵਨ ਬਤੀਤ ਕਰ ਰਹੇ ਸਨ।''

''ਜਿਨ੍ਹਾਂ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ, ਉਹ ਗੈਰ-ਕਾਨੂੰਨੀ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੂੰ ਕਾਨੂੰਨ ਅਤੇ ਸਜ਼ਾ ਦਾ ਕੋਈ ਡਰ ਨਹੀਂ ਸੀ।''

ਉਨ੍ਹਾਂ ਕਿਹਾ, "ਅਸੀਂ ਅਧਿਕਾਰੀਆਂ 'ਤੇ ਭਰੋਸਾ ਕੀਤਾ ਕਿ ਉਹ ਸਾਡੀ ਰੱਖਿਆ ਕਰਨਗੇ, ਪਰ ਉਹ ਅਸਫਲ ਰਹੇ ਹਨ। ਸਾਡਾ ਦਫਤਰ ਹਵਾਈ ਅੱਡੇ ਦੇ ਨੇੜੇ ਇੱਕ ਅਜਿਹੇ ਖੇਤਰ ਵਿੱਚ ਸਥਿਤ ਹੈ ਜੋ ਉੱਚ ਪੁਲਿਸ ਮੌਜੂਦਗੀ ਲਈ ਜਾਣਿਆ ਜਾਂਦਾ ਹੈ, ਪਰ ਫਿਰ ਵੀ ਮੇਰੇ ਪਿਤਾ ਨੂੰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ। ਜੇਕਰ ਇੱਥੇ ਅਜਿਹੀ ਹਿੰਸਕ ਕਾਰਵਾਈ ਹੋ ਸਕਦੀ ਹੈ, ਤਾਂ ਆਮ ਨਾਗਰਿਕਾਂ ਨੂੰ ਕੀ ਸੁਰੱਖਿਆ ਮਿਲੇਗੀ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)