You’re viewing a text-only version of this website that uses less data. View the main version of the website including all images and videos.
ਕੈਨੇਡਾ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦੇ ਕਤਲ ਮਾਮਲੇ ਵਿੱਚ ਦੋ ਗ੍ਰਿਫ਼ਤਾਰੀਆਂ ਹੋਈਆਂ, ਪੁਲਿਸ ਨੇ ਕੀ ਦੱਸਿਆ
ਕੈਨੇਡਾ ਦੀ ਪੀਲ ਰੀਜਨਲ ਪੁਲਿਸ ਹੋਮੀਸਾਈਡ ਬਿਊਰੋ ਦੇ ਜਾਂਚਕਰਤਾਵਾਂ ਨੇ ਮਿਸੀਸਾਗਾ ਵਿੱਚ ਕੁਝ ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
14 ਮਈ ਨੂੰ ਮਿਸੀਸਾਗਾ ਵਿੱਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਹਰਜੀਤ ਢੱਡਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੀਲ ਰੀਜਨਲ ਪੁਲਿਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, 14 ਮਈ ਨੂੰ (ਕੈਨੇਡੀਅਨ ਸਮੇਂ ਮੁਤਾਬਕ) ਦਿਨ ਵਿੱਚ 11:49 ਵਜੇ ਦੇ ਕਰੀਬ, 51 ਸਾਲਾ ਹਰਜੀਤ ਢੱਡਾ ਇੱਕ ਪਾਰਕਿੰਗ ਲੌਟ ਵਿੱਚ ਮੌਜੂਦ ਸਨ।
ਉਸੇ ਦੌਰਾਨ ਇੱਕ ਸ਼ੱਕੀ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਹਰਜੀਤ ਢੱਡਾ 'ਤੇ ਕਈ ਗੋਲੀਆਂ ਚਲਾਈਆਂ।
ਪੀੜਤ ਨੇ ਬਾਅਦ ਵਿੱਚ ਇੱਕ ਸਥਾਨਕ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਸੀ।
ਹਮਲਾ ਕਰਨ ਤੋਂ ਬਾਅਦ, ਹਮਲਾਵਰ ਇੱਕ ਚੋਰੀ ਦੀ ਗੱਡੀ 2018 ਬਲੈਕ ਡੌਜ ਚੈਲੇਂਜਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਘਟਨਾ ਵਾਪਰਨ ਤੋਂ ਥੋੜ੍ਹੀ ਦੇਰ ਬਾਅਦ ਬਰਾਮਦ ਕਰ ਲਿਆ ਗਿਆ ਸੀ।
ਮਾਮਲੇ ਦੀ ਜਾਂਚ ਤੋਂ ਬਾਅਦ ਹੋਈਆਂ ਗ੍ਰਿਫ਼ਤਾਰੀਆਂ
ਪੀਲ ਰੀਜਨਲ ਪੁਲਿਸ ਵੱਲੋਂ ਉਨ੍ਹਾਂ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਮਾਮਲੇ ਦੀ ਜਾਂਚ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਪੁਲਿਸ ਨੇ ਲਿਖਿਆ ਕਿ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਦੋ ਸ਼ੱਕੀ ਹਮਲਾਵਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਡੈਲਟਾ, ਬੀ.ਸੀ. ਵਿੱਚ ਟ੍ਰੈਕ ਕੀਤਾ ਗਿਆ।
"28 ਮਈ ਨੂੰ ਪੀਲ ਰੀਜਨਲ ਪੁਲਿਸ ਨੇ ਡੈਲਟਾ ਪੁਲਿਸ ਵਿਭਾਗ, ਐਬਟਸਫੋਰਡ ਪੁਲਿਸ, ਸਰੀ ਪੁਲਿਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ, ਡੈਲਟਾ, ਬੀ.ਸੀ. ਦੇ 21 ਸਾਲਾ ਵਿਅਕਤੀ ਅਮਨ ਅਤੇ ਦਿਗਵਿਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।"
ਪੁਲਿਸ ਨੇ ਦੱਸਿਆ, "ਮੁਲਜ਼ਮਾਂ ਨੂੰ ਸਰੀ, ਬੀ.ਸੀ. ਵਿੱਚ ਇੱਕ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹੋਮੀਸਾਈਡ ਡਿਟੈਕਟਿਵਜ਼ ਦੇ ਹਵਾਲੇ ਕਰ ਦਿੱਤਾ ਗਿਆ ਹੈ।"
"ਜਿੱਥੇ ਉਨ੍ਹਾਂ ਨੂੰ ਓਨਟਾਰੀਓ ਵਾਪਸ ਲਿਜਾਇਆ ਗਿਆ, ਬ੍ਰਿਟਿਸ਼ ਕੋਲੰਬੀਆ ਸ਼ੈਰਿਫ਼ ਸਰਵਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਫਸਟ-ਡਿਗਰੀ ਮਰਡਰ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ।"
ਘਟਨਾ ਤੋਂ ਬਾਅਦ ਪੁਲਿਸ ਨੇ ਕੀ ਦੱਸਿਆ ਸੀ
ਪੁਲਿਸ ਨੇ ਇਸ ਨੂੰ ਨਿਸ਼ਾਨਾ ਬਣਾ ਕੇ ਕਤਲ ਦਾ ਮਾਮਲਾ ਕਰਾਰ ਦਿੱਤਾ ਸੀ।
ਇਸ ਮਾਮਲੇ (ਕਤਲ ਦੇ ਕਾਰਨਾਂ) ਬਾਰੇ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਪੀਲ ਰੀਜਨਲ ਪੁਲਿਸ ਨੇ ਜਨਤਾ ਨੂੰ ਅਟਕਲਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਪੁਲਿਸ ਨੇ ਕਿਹਾ ਸੀ ਕਿ ਸਾਰੇ ਸੰਭਾਵੀ ਸੁਰਾਗਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਘਟਨਾ ਜਾਂ ਇਸ 'ਚ ਸ਼ਾਮਲ ਲੋਕਾਂ ਨਾਲ ਜੁੜੀ ਕੋਈ ਜਾਣਕਾਰੀ ਜਾਂ ਕੋਈ ਵੀਡੀਓ ਫੁਟੇਜ ਹੈ, ਉਹ ਪੁਲਿਸ ਨਾਲ ਸੰਪਰਕ ਕਰਨ।
ਸੀਬੀਸੀ ਦੀ ਰਿਪੋਰਟ ਮੁਤਾਬਕ, ਪੀਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਮਿਸ਼ੇਲ ਸਟੈਫੋਰਡ ਨੇ ਕਿਹਾ ਸੀ, "ਫਿਲਹਾਲ ਸਾਡਾ ਮੰਨਣਾ ਹੈ ਕਿ ਇਹ ਘਟਨਾ ਵੱਖਰੀ ਹੈ ਅਤੇ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ।"
ਕੌਣ ਸਨ ਹਰਜੀਤ ਢੱਡਾ
ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ 'ਤੇ ਦਿੱਤੀ ਜਾਣਕਰੀ ਮੁਤਾਬਕ, ਢੱਡਾ ਇੱਕ ਵਪਾਰਕ ਬੀਮਾ ਬ੍ਰੋਕਰ ਸਨ। ਉਨ੍ਹਾਂ ਦੀ ਉਮਰ 51 ਸਾਲ ਸੀ ਅਤੇ ਉਹ 1997 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ।
ਦਿ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਢੱਡਾ ਦਾ ਪਿਛੋਕੜ ਭਾਰਤ 'ਚ ਉਤਰਾਖੰਡ ਸੂਬੇ ਦੇ ਬਾਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹੈ।
ਉਹ ਇੱਕ ਕਾਰੋਬਾਰੀ ਸਨ ਅਤੇ ਆਪਣੇ ਪਰਿਵਾਰ ਨਾਲ ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦੇ ਸਨ।
ਹਰਜੀਤ ਢੱਡਾ ਦੇ ਬੱਚਿਆਂ ਮੁਤਾਬਕ, ਉਨ੍ਹਾਂ ਦੇ ਪਿਤਾ ਕੈਨੇਡਾ ਵਿੱਚ ਉਨ੍ਹਾਂ ਦੇ ਭਾਈਚਾਰੇ ਦੇ ਇੱਕ ਸਤਿਕਾਰਯੋਗ ਮੈਂਬਰ ਸਨ।
ਪਰਿਵਾਰ ਦਾ ਦਾਅਵਾ 'ਪਹਿਲਾਂ ਤੋਂ ਮਿਲ ਰਹੀਆਂ ਸਨ ਧਮਕੀਆਂ'
ਹਰਜੀਤ ਢੱਡਾ ਦੇ ਪਰਿਵਾਰਿਕ ਮੈਂਬਰ ਇਸ ਘਟਨਾ ਤੋਂ ਬੇਹੱਦ ਦੁਖੀ ਹਨ ਪਰ ਨਾਲ ਹੀ ਉਹ ਪੁਲਿਸ 'ਤੇ ਲਾਪਰਵਾਹੀ ਦਾ ਇਲਜ਼ਾਮ ਵੀ ਲਗਾਉਂਦੇ ਹਨ।
ਹਰਜੀਤ ਢੱਡਾ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਸੀ। ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।
ਸੀਬੀਸੀ ਦੀ ਰਿਪੋਰਟ ਮੁਤਾਬਕ, ਹਰਜੀਤ ਦੇ ਬੱਚਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਮੁਤਾਬਕ ਉਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਧਮਕੀਆਂ ਮਿਲੀਆਂ ਸਨ।
ਹਰਜੀਤ ਦੀ ਧੀ ਗੁਰਲੀਨ ਨੇ ਇੰਸਟਾਗ੍ਰਾਮ 'ਤੇ ਵੀਰਵਾਰ ਨੂੰ ਇੱਕ ਪੋਸਟ ਵਿੱਚ ਕਿਹਾ ਕਿ ਉਹ ਆਪਣੇ ਪਿਤਾ ਲਈ ਇਨਸਾਫ਼ ਚਾਹੁੰਦੇ ਹਨ।
ਉਨ੍ਹਾਂ ਕਿਹਾ, "ਪਿਛਲੇ ਕੁਝ ਸਾਲਾਂ ਤੋਂ, ਮੇਰੇ ਪਿਤਾ ਜੀ ਨੂੰ ਵਾਰ-ਵਾਰ ਧਮਕੀਆਂ ਅਤੇ ਜਬਰੀ ਵਸੂਲੀ ਦੇ ਫ਼ੋਨ ਆ ਰਹੇ ਸਨ। ਅਪ੍ਰੈਲ 2023 ਵਿੱਚ, ਅਸੀਂ ਇੱਕ ਸੰਭਾਵੀ ਹਮਲੇ ਤੋਂ ਬਚੇ ਸੀ।''
''ਅਸੀਂ ਪੁਲਿਸ ਨੂੰ ਇਨ੍ਹਾਂ ਧਮਕੀਆਂ ਦੀ ਰਿਪੋਰਟ ਕੀਤੀ ਅਤੇ ਸੁਰੱਖਿਆ ਦੇਣ ਲਈ ਬੇਨਤੀ ਕੀਤੀ। ਪਰ ਮਦਦ ਲਈ ਸਾਡੀਆਂ ਪੁਕਾਰਾਂ ਦਾ ਜਵਾਬ ਨਹੀਂ ਮਿਲਿਆ। ਜਿਸ ਸਿਸਟਮ ਨੂੰ ਸਾਨੂੰ ਸੁਰੱਖਿਅਤ ਰੱਖਣਾ ਚਾਹੀਦਾ ਸੀ, ਉਹ ਅਸਫ਼ਲ ਰਿਹਾ।''
ਉਨ੍ਹਾਂ ਅੱਗੇ ਕਿਹਾ, "ਖ਼ਤਰੇ ਦੇ ਸਪੱਸ਼ਟ ਸੰਕੇਤਾਂ ਦੇ ਬਾਵਜੂਦ, ਪੁਲਿਸ ਨੇ ਕੋਈ ਸੁਰੱਖਿਆ ਨਹੀਂ ਦਿੱਤੀ। ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਇੱਕ ਮਾਸੂਮ ਆਦਮੀ ਚਲਾ ਗਿਆ ਹੈ।''
ਹਰਜੀਤ ਦੀ ਧੀ ਨੇ ਕਿਹਾ, "ਸਾਡਾ ਭਾਈਚਾਰਾ ਸੋਗ ਮਨਾ ਰਿਹਾ ਹੈ, ਪਰ ਅਸੀਂ ਗੁੱਸੇ ਵਿੱਚ ਵੀ ਹਾਂ। ਅਸੀਂ ਪੁੱਛਦੇ ਹਾਂ, ਸਰਕਾਰ ਵਧਦੀ ਜਬਰੀ ਵਸੂਲੀ ਅਤੇ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ਬਾਰੇ ਕੀ ਕਰ ਰਹੀ ਹੈ?"
"ਧਮਕੀਆਂ ਵੱਧਦੀਆਂ ਜਾ ਰਹੀਆਂ ਹਨ, ਤਾਂ ਮਾਸੂਮ ਲੋਕਾਂ ਨੂੰ ਬੇਸਹਾਰਾ ਕਿਉਂ ਛੱਡ ਦਿੱਤਾ ਜਾਂਦਾ ਹੈ? ਜਦੋਂ ਅਧਿਕਾਰੀ ਸਾਡੀ ਰੱਖਿਆ ਕਰਨ ਵਿੱਚ ਅਸਫ਼ਲ ਹਨ, ਤਾਂ ਸਾਡੇ ਕੋਲ ਕੀ ਰਸਤਾ ਬਚਦਾ ਹੈ?"
'ਹਮਲਾਵਰਾਂ ਨੂੰ ਪੁਲਿਸ ਅਤੇ ਸਜ਼ਾ ਦਾ ਕੋਈ ਡਰ ਨਹੀਂ ਸੀ'
ਹਰਜੀਤ ਦੇ ਪੁੱਤਰ ਤਨਵੀਰ ਸਿੰਘ ਢੱਡਾ ਕਹਿੰਦੇ ਹਨ, "ਮੇਰੇ ਪਿਤਾ ਇਸ ਦੇ ਹੱਕਦਾਰ ਨਹੀਂ ਸਨ। ਉਹ ਕਿਸੇ ਵੀ ਅਪਰਾਧਿਕ ਘਟਨਾ ਵਿੱਚ ਸ਼ਾਮਲ ਨਹੀਂ ਸਨ। ਉਹ ਇਮਾਨਦਾਰੀ ਨਾਲ ਜੀਵਨ ਬਤੀਤ ਕਰ ਰਹੇ ਸਨ।''
''ਜਿਨ੍ਹਾਂ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ, ਉਹ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੂੰ ਕਾਨੂੰਨ ਅਤੇ ਸਜ਼ਾ ਦਾ ਕੋਈ ਡਰ ਨਹੀਂ ਸੀ।''
ਉਨ੍ਹਾਂ ਕਿਹਾ, "ਅਸੀਂ ਅਧਿਕਾਰੀਆਂ 'ਤੇ ਭਰੋਸਾ ਕੀਤਾ ਕਿ ਉਹ ਸਾਡੀ ਰੱਖਿਆ ਕਰਨਗੇ, ਪਰ ਉਹ ਅਸਫ਼ਲ ਰਹੇ ਹਨ।"
"ਸਾਡਾ ਦਫਤਰ ਹਵਾਈ ਅੱਡੇ ਦੇ ਨੇੜੇ ਇੱਕ ਅਜਿਹੇ ਖੇਤਰ ਵਿੱਚ ਸਥਿਤ ਹੈ ਜੋ ਉੱਚ ਪੁਲਿਸ ਮੌਜੂਦਗੀ ਲਈ ਜਾਣਿਆ ਜਾਂਦਾ ਹੈ, ਪਰ ਫਿਰ ਵੀ ਮੇਰੇ ਪਿਤਾ ਨੂੰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ। ਜੇਕਰ ਇੱਥੇ ਅਜਿਹੀ ਹਿੰਸਕ ਕਾਰਵਾਈ ਹੋ ਸਕਦੀ ਹੈ, ਤਾਂ ਆਮ ਨਾਗਰਿਕਾਂ ਨੂੰ ਕੀ ਸੁਰੱਖਿਆ ਮਿਲੇਗੀ?"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ