ਟਰੰਪ ਨੇ ਵੈਨੇਜ਼ੁਏਲਾ ਦੇ ਜਿਸ ਗੈਂਗ ਨੂੰ ਦੇਸ਼ ਨਿਕਾਲਾ ਦੇ ਕੇ ਅਲ ਸਲਵਾਡੋਰ ਦੀ ਜੇਲ੍ਹ ਭੇਜਿਆ, ਉਹ ਕਿਵੇਂ ਹੋਂਦ ਵਿੱਚ ਆਇਆ ਤੇ ਕਿੰਨਾ ਖਤਰਨਾਕ ਹੈ

ਤਸਵੀਰ ਸਰੋਤ, Reuters
- ਲੇਖਕ, ਬ੍ਰੈਂਡਨ ਡਰੇਨਨ ਅਤੇ ਲੀਜ਼ਾ ਲੈਂਬਰਟ
- ਰੋਲ, ਬੀਬੀਸੀ ਨਿਊਜ਼, ਵਾਸ਼ਿੰਗਟਨ
ਡੌਨਲਡ ਟਰੰਪ ਸਰਕਾਰ ਨੇ ਟ੍ਰੇਨ ਡੇ ਅਰਾਗੁਆ ਗੈਂਗ ਮੈਂਬਰ ਹੋਣ ਦੇ ਇਲਜ਼ਾਮਾਂ ਤਹਿਤ 200 ਤੋਂ ਵੱਧ ਵੈਨੇਜ਼ੁਏਲਾ ਵਾਸੀਆਂ ਨੂੰ ਅਮਰੀਕਾ ਤੋਂ ਅਲ ਸਲਵਾਡੋਰ ਦੀ ਇੱਕ ਸੁਪਰਮੈਕਸ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਹਾਲਾਂਕਿ, ਇਸ ਮਾਮਲੇ ਵਿੱਚ ਇੱਕ ਅਮਰੀਕੀ ਜੱਜ ਨੇ ਵੈਨੇਜ਼ੁਏਲਾ ਵਾਸੀਆਂ ਦੇ ਦੇਸ਼ ਨਿਕਾਲੇ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਸਨ ਪਰ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਦਾਲਤੀ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੀ ਮੁਲਜ਼ਮਾਂ ਨੂੰ ਭੇਜਿਆ ਜਾ ਚੁੱਕਿਆ ਸੀ।
ਇਸ ਸਿਲਸਿਲੇ ਵਿੱਚ, ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਵੀ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਵੈਨੇਜ਼ੁਏਲਾ ਦੇ ਗੈਂਗ - ਟ੍ਰੇਨ ਡੇ ਅਰਾਗੁਆ - ਦੇ 238 ਮੈਂਬਰ ਐਤਵਾਰ ਸਵੇਰੇ ਮੱਧ ਅਮਰੀਕੀ ਦੇਸ਼ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਅੰਤਰਰਾਸ਼ਟਰੀ ਐਮਐਸ-13 ਗੈਂਗ ਦੇ ਵੀ 23 ਮੈਂਬਰ ਸਨ।
ਉਨ੍ਹਾਂ ਨੇ ਜੱਜ ਦੇ ਆਦੇਸ਼ਾਂ ਬਾਰੇ ਟਿੱਪਣੀ ਕੀਤੀ ਤੇ ਲਿਖਿਆ, ''ਓਹੋ.. ਬਹੁਤ ਦੇਰ ਹੋ ਗਈ।''

ਉਨ੍ਹਾਂ ਦੀ ਇੱਕ ਪੋਸਟ ਨਾਲ ਜੁੜੇ ਇੱਕ ਵੀਡੀਓ ਵਿੱਚ ਹੱਥਕੜੀਆਂ ਵਾਲੇ ਲੋਕਾਂ ਦੀਆਂ ਕਤਾਰਾਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਨੂੰ ਹਥਿਆਰਬੰਦ ਅਧਿਕਾਰੀ ਜਹਾਜ਼ਾਂ ਤੋਂ ਉਤਾਰ ਰਹੇ ਹਨ।
ਐਲ ਸਲਵਾਡੋਰ ਦੇ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਲੋਕਾਂ ਨੂੰ ਉੱਥੇ "ਇੱਕ ਸਾਲ" ਲਈ ਰੱਖਿਆ ਜਾਵੇਗਾ, ਅਤੇ ਇਸ ਮਿਆਦ ਵਿੱਚ 'ਤਬਦੀਲੀ ਜਾਂ ਵਾਧਾ' ਕੀਤਾ ਜਾ ਸਕਦਾ ਹੈ।
ਨਾ ਤਾਂ ਅਮਰੀਕੀ ਸਰਕਾਰ ਅਤੇ ਨਾ ਹੀ ਅਲ ਸਲਵਾਡੋਰ ਨੇ ਨਜ਼ਰਬੰਦਾਂ ਦੀ ਪਛਾਣ ਜਾਰੀ ਕੀਤੀ ਹੈ, ਅਤੇ ਨਾ ਹੀ ਉਨ੍ਹਾਂ ਦੇ ਕਥਿਤ ਅਪਰਾਧਾਂ ਜਾਂ ਗੈਂਗ ਮੈਂਬਰਸ਼ਿਪ ਦੇ ਵੇਰਵੇ ਦਿੱਤੇ ਹਨ।
ਵ੍ਹਾਈਟ ਹਾਊਸ ਨੇ ਕੀ ਕਿਹਾ

ਤਸਵੀਰ ਸਰੋਤ, Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਟ੍ਰੇਨ ਡੇ ਅਰਾਗੁਆ 'ਤੇ "ਸੰਯੁਕਤ ਰਾਜ ਅਮਰੀਕਾ ਵਿਰੁੱਧ ਹਿੰਸਕ ਹਮਲਾ ਕਰਨ, ਹਮਲੇ ਦੀ ਕੋਸ਼ਿਸ਼ ਕਰਨ ਅਤੇ ਧਮਕੀ ਦੇਣ" ਦਾ ਇਲਜ਼ਾਮ ਲਗਾਇਆ ਹੈ।
ਇਸ ਦੇ ਨਾਲ ਹੀ, ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਮਾਮਲੇ ਵਿੱਚ ਅਦਾਲਤ ਦੇ ਫੈਸਲੇ ਦੀ ਉਲੰਘਣਾ ਕੀਤੀ ਗਈ ਹੈ।
ਉਨ੍ਹਾਂ ਕਿਹਾ, "ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮਾਂ ਦੀ 'ਪਾਲਣਾ ਕਰਨ ਤੋਂ ਇਨਕਾਰ' ਨਹੀਂ ਕੀਤਾ।"
ਉਨ੍ਹਾਂ ਅੱਗੇ ਕਿਹਾ, "ਇਹ ਹੁਕਮ, ਜਿਸਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ, ਅੱਤਵਾਦੀ ਟੀਡੀਏ [ਟ੍ਰੇਨ ਡੇ ਅਰਾਗੁਆ] ਏਲੀਅਨਾਂ ਨੂੰ ਪਹਿਲਾਂ ਹੀ ਅਮਰੀਕੀ ਖੇਤਰ ਤੋਂ ਹਟਾਏ ਜਾਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ।"
ਵੈਨੇਜ਼ੁਏਲਾ ਨੇ ਟਰੰਪ ਵੱਲੋਂ ਏਲੀਅਨ ਐਨੀਮੀਜ਼ ਐਕਟ ਦੀ ਵਰਤੋਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ "ਵੈਨੇਜ਼ੁਏਲਾ ਦੇ ਪਰਵਾਸ ਨੂੰ ਬੇਇਨਸਾਫ਼ੀ ਨਾਲ ਅਪਰਾਧੀ ਬਣਾਉਂਦਾ ਹੈ" ਅਤੇ "ਸਾਨੂੰ ਮਨੁੱਖਤਾ ਦੇ ਇਤਿਹਾਸ ਦੇ ਸਭ ਤੋਂ ਹਨ੍ਹੇਰੇ ਭਰੇ ਦੌਰ ਦੀ ਯਾਦ ਦਿਵਾਉਂਦਾ ਹੈ, ਗੁਲਾਮੀ ਤੋਂ ਲੈ ਕੇ ਨਾਜ਼ੀ ਨਜ਼ਰਬੰਦੀ ਕੈਂਪਾਂ ਵਾਲੇ ਭਿਆਨਕ ਸਮੇਂ ਤੱਕ"।
ਅਦਾਲਤ ਨੇ ਦੇਸ਼ ਨਿਕਾਲੇ 'ਤੇ ਰੋਕ ਲਗਾਈ ਪਰ...

ਤਸਵੀਰ ਸਰੋਤ, Getty Images
ਸ਼ਨੀਵਾਰ ਸ਼ਾਮ ਨੂੰ, ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਜੇਮਜ਼ ਬੋਸਬਰਗ ਨੇ ਟਰੰਪ ਦੇ ਐਲਾਨ ਮੁਤਾਬਕ ਹੋਣ ਵਾਲੇ ਦੇਸ਼ ਨਿਕਾਲੇ 'ਤੇ 14 ਦਿਨਾਂ ਦੀ ਰੋਕ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਸੀ। ਹਾਲਾਂਕਿ ਉਸ ਵੇਲੇ ਇਸ ਨਾਲ ਸਬੰਧਿਤ ਹੋਰ ਕਾਨੂੰਨੀ ਦਲੀਲਾਂ ਸੁਣਨੀਆਂ ਬਾਕੀ ਸਨ।
ਅਮਰੀਕੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਜਦੋਂ ਵਕੀਲਾਂ ਨੇ ਜੱਜ ਨੂੰ ਸੂਚਿਤ ਕੀਤਾ ਕਿ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਪਹਿਲਾਂ ਹੀ ਉਡਾਣ ਭਰ ਚੁੱਕੇ ਹਨ ਤਾਂ ਜੱਜ ਨੇ ਉਡਾਣਾਂ ਨੂੰ ਵਾਪਸ ਮੋੜਨ ਲਈ ਇੱਕ ਜ਼ੁਬਾਨੀ ਹੁਕਮ ਜਾਰੀ ਕੀਤਾ, ਹਾਲਾਂਕਿ ਇਹ ਨਿਰਦੇਸ਼ ਉਨ੍ਹਾਂ ਦੇ ਲਿਖਤੀ ਫੈਸਲੇ ਦਾ ਹਿੱਸਾ ਨਹੀਂ ਸੀ।
ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ, ਲਿਖਤੀ ਨੋਟਿਸ ਸ਼ਨੀਵਾਰ ਨੂੰ ਈਸਟਰਨ ਡੇਲੀ ਟਾਈਮ ਮੁਤਾਬਕ 7:25 ਵਜੇ ਜਾਰੀ ਹੋਇਆ ਸੀ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਕਥਿਤ ਗਿਰੋਹ ਦੇ ਮੈਂਬਰਾਂ ਨੂੰ ਲੈ ਕੇ ਜਾਣ ਵਾਲੀਆਂ ਉਡਾਣਾਂ ਕਿਸ ਸਮੇਂ ਅਮਰੀਕਾ ਤੋਂ ਰਵਾਨਾ ਹੋਈਆਂ।
ਐਤਵਾਰ ਨੂੰ ਅਦਾਲਤ ਵਿੱਚ ਦਾਇਰ ਕੀਤੀ ਗਈ ਇੱਕ ਅਰਜ਼ੀ ਵਿੱਚ, ਨਿਆਂ ਵਿਭਾਗ ਦੇ ਵਕੀਲਾਂ ਨੇ ਕਿਹਾ ਕਿ ਇਹ ਹੁਕਮ ਲਾਗੂ ਨਹੀਂ ਹੁੰਦਾ ਕਿਉਂਕਿ ਡਿਪੋਰਟੀਆਂ ਨੂੰ "ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਦੇ ਖੇਤਰ ਤੋਂ ਹਟਾ ਦਿੱਤਾ ਗਿਆ ਸੀ।"
ਟ੍ਰੇਨ ਡੇ ਅਰਾਗੁਆ ਗੈਂਗ ਕੀ ਹੈ

ਤਸਵੀਰ ਸਰੋਤ, EPA
ਸਤੰਬਰ 2023 ਵਿੱਚ, ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਉੱਤਰੀ ਸੂਬੇ ਅਰਾਗੁਆ ਵਿੱਚ ਟੋਕੋਰੋਨ ਜੇਲ੍ਹ 'ਤੇ ਹਮਲਾ ਕਰਨ ਲਈ 11,000 ਫੌਜੀਆਂ ਨੂੰ ਭੇਜਿਆ ਸੀ। ਪਰ ਉਨ੍ਹਾਂ ਨੂੰ ਦੰਗਾ ਸ਼ਾਂਤ ਕਰਨ ਲਈ ਨਹੀਂ ਭੇਜਿਆ ਗਿਆ ਸੀ।
ਇਹ ਫੌਜੀ, ਇੱਕ ਸ਼ਕਤੀਸ਼ਾਲੀ ਗਿਰੋਹ ਤੋਂ ਜੇਲ੍ਹ ਦਾ ਕੰਟਰੋਲ ਵਾਪਸ ਲੈ ਰਹੇ ਸਨ। ਇਸ ਜੇਲ੍ਹ ਨੂੰ ਗਿਰੋਹ ਨੇ ਇੱਕ ਚਿੜੀਆਘਰ, ਰੈਸਟੋਰੈਂਟ, ਨਾਈਟ ਕਲੱਬ, ਸੱਟੇਬਾਜ਼ੀ ਦੀ ਦੁਕਾਨ ਅਤੇ ਸਵੀਮਿੰਗ ਪੂਲ ਵਾਲੇ ਰਿਜ਼ੋਰਟ ਵਿੱਚ ਬਦਲ ਰੱਖਿਆ ਸੀ।
ਫੌਜੀਆਂ ਨੇ ਕਾਰਵਾਈ ਕੀਤੀ ਪਰ ਗੈਂਗ ਦਾ ਮੁਖੀ, ਹੈਕਟਰ ਗੁਰੇਰੋ ਫਲੋਰਸ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਟ੍ਰੇਨ ਡੇ ਅਰਾਗੁਆ ਅਸਲ ਵਿੱਚ ਇੱਕ ਜੇਲ੍ਹ ਗੈਂਗ ਸੀ ਜਿਸਨੂੰ ਹੈਕਟਰ ਗੁਰੇਰੋ ਫਲੋਰਸ ਨੇ ਇੱਕ "ਅੰਤਰਰਾਸ਼ਟਰੀ ਅਪਰਾਧਿਕ ਸੰਗਠਨ" ਵਿੱਚ ਬਦਲ ਦਿੱਤਾ ਗਿਆ ਸੀ।
ਵਿਭਾਗ ਮੁਤਾਬਕ, ਗੁਰੇਰੋ ਪੁਲਿਸ ਦੁਆਰਾ ਨਾਮਜ਼ਦ ਹੈ ਅਤੇ ਉਸ ਦੀ ਜਾਣਕਾਰੀ ਦੇਣ ਵਾਲੇ ਨੂੰ 5 ਮਿਲੀਅਨ ਦਾ ਇਨਾਮ ਦਿੱਤਾ ਜਾਵੇਗਾ।
ਹੁਣ ਟ੍ਰੇਨ ਡੇ ਅਰਾਗੁਆ ਸੰਗਠਨ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਿਸ਼ਾਨੇ 'ਤੇ ਹੈ ਅਤੇ ਉਹ ਆਪਣੀ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲਾ ਦੇਣ ਦੀ ਮੁਹਿੰਮ ਦੇ ਹਿੱਸੇ ਵਜੋਂ ਵਿਦੇਸ਼ੀ ਅਪਰਾਧੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ 'ਤੇ ਲੱਗੇ ਹੋਏ ਸਨ।
ਗੈਂਗ ਦੀ ਸ਼ੁਰੂਆਤ ਕਿੱਥੋਂ ਹੋਈ?
41 ਸਾਲਾ ਗੁਰੇਰੋ ਫਲੋਰਸ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਟੋਕੋਰੋਨ ਆਉਂਦਾ-ਜਾਂਦਾ ਆ ਰਿਹਾ ਹੈ।
ਸਾਲ 2012 ਵਿੱਚ ਉਹ ਇੱਕ ਗਾਰਡ ਨੂੰ ਰਿਸ਼ਵਤ ਦੇ ਕੇ ਫਰਾਰ ਹੋ ਗਿਆ ਸੀ ਅਤੇ ਫਿਰ 2013 ਵਿੱਚ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ। ਵਾਪਸ ਆਉਣ 'ਤੇ ਉਸਨੇ ਜੇਲ੍ਹ ਨੂੰ ਇੱਕ ਮਨੋਰੰਜਨ ਕੰਪਲੈਕਸ ਵਿੱਚ ਬਦਲ ਦਿੱਤਾ ਸੀ।
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਉਸਨੇ ਗਿਰੋਹ ਦੀ ਤਾਕਤ ਨੂੰ ਜੇਲ੍ਹ ਦੀਆਂ ਕੰਧ ਤੋਂ ਬਾਹਰ ਬਹੁਤ ਦੂਰ ਤੱਕ ਫੈਲਾਇਆ।
ਇਸੇ ਪ੍ਰਭਾਵ ਦੇ ਚੱਲਦਿਆਂ, ਗੈਂਗ ਨੇ ਬੋਲੀਵਰ ਸੂਬੇ ਵਿੱਚ ਸੋਨੇ ਦੀਆਂ ਖਾਨਾਂ, ਕੈਰੇਬੀਅਨ ਤੱਟ 'ਤੇ ਡਰੱਗ ਲਈ ਵਰਤੇ ਜਾਂਦੇ ਰਸਤਿਆਂ ਅਤੇ ਵੈਨੇਜ਼ੁਏਲਾ ਤੇ ਕੋਲੰਬੀਆ ਵਿਚਕਾਰ ਗੁਪਤ ਸਰਹੱਦੀ ਕ੍ਰਾਸਿੰਗਾਂ 'ਤੇ ਕਬਜ਼ਾ ਕਰ ਲਿਆ।
ਇਸ ਗਿਰੋਹ ਦਾ ਨਾਮ "ਟ੍ਰੇਨ ਆਫ਼ ਅਰਾਗੁਆ" ਹੈ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਇਹ ਨਾਮ ਰੇਲਵੇ ਕਰਮਚਾਰੀਆਂ ਦੀ ਇੱਕ ਯੂਨੀਅਨ ਤੋਂ ਲਿਆ ਹੋਵੇ।
ਵੈਨੇਜ਼ੁਏਲਾ ਦੀ ਸੈਂਟਰਲ ਯੂਨੀਵਰਸਿਟੀ ਵਿੱਚ ਅਪਰਾਧ ਵਿਗਿਆਨ ਦੇ ਪ੍ਰੋਫੈਸਰ ਲੁਈਸ ਇਜ਼ਕੁਏਲ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਗੈਂਗ, ਰੇਲਵੇ ਕਰਾਸਿੰਗ ਅਰਾਗੁਆ ਦੇ ਇੱਕ ਹਿੱਸੇ ਨੂੰ ਕੰਟਰੋਲ ਕਰਦਾ ਸੀ ਅਤੇ ਇੱਥੋਂ ਦੇ ਠੇਕੇਦਾਰਾਂ ਤੋਂ ਪੈਸੇ ਵਸੂਲਦਾ ਸੀ ਅਤੇ ਕੰਮ ਵਾਲੀਆਂ ਥਾਵਾਂ 'ਤੇ ਨੌਕਰੀਆਂ ਵੇਚਦਾ ਸੀ।
ਗੁਰੇਰੋ ਫਲੋਰੇਸ ਦੀ ਅਗਵਾਈ ਹੇਠ, ਟ੍ਰੈਨ ਡੇ ਅਰਾਗੁਆ ਸਮੂਹ ਕੋਲੰਬੀਆ, ਇਕਵਾਡੋਰ, ਪੇਰੂ ਅਤੇ ਚਿਲੀ ਵਿੱਚ ਵੀ ਫੈਲਿਆ ਅਤੇ ਇਹ ਪਰਵਾਸੀਆਂ ਤੋਂ ਜਬਰੀ ਵਸੂਲੀ ਤੋਂ ਲੈ ਕੇ ਸੈਕਸ-ਤਸਕਰੀ, ਕੰਟਰੈਕਟ ਕਿਲਿੰਗ ਅਤੇ ਅਗਵਾ ਕਰਨ ਤੱਕ ਦੇ ਅਪਰਾਧਾਂ ਵਿੱਚ ਸ਼ਾਮਲ ਸੀ।
ਇਹ ਗਿਰੋਹ ਕਿੰਨਾ ਵੱਡਾ ਹੈ?

ਤਸਵੀਰ ਸਰੋਤ, Reuters
ਜਦੋਂ 2014 ਵਿੱਚ ਵੈਨੇਜ਼ੁਏਲਾ ਵਿੱਚ ਮਾਨਵਤਾਵਾਦੀ ਅਤੇ ਆਰਥਿਕ ਐਮਰਜੈਂਸੀ ਦੀ ਸਥਿਤੀ ਪੈਦਾ ਹੋਈ ਤਾਂ ਟ੍ਰੇਨ ਡੇ ਅਰਾਗੁਆ ਗੈਂਗ ਨੂੰ ਇੱਥੇ ਹੋਣ ਵਾਲੇ ਅਪਰਾਧ ਤੋਂ ਲਾਭ ਮਿਲਣਾ ਘੱਟ ਹੋ ਗਿਆ, ਜਿਸ ਮਗਰੋਂ ਗੈਂਗ ਨੇ ਦੇਸ਼ ਤੋਂ ਬਾਹਰ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ।
ਮੰਨਿਆ ਜਾਂਦਾ ਹੈ ਕਿ ਵਰਤਮਾਨ ਵਿੱਚ ਇਸ ਗੈਂਗ ਦੇ ਤਾਰ ਅੱਠ ਹੋਰ ਦੇਸ਼ਾਂ ਵਿੱਚ ਜੁੜੇ ਹੋਏ ਹਨ ਅਤੇ ਅਮਰੀਕਾ ਵੀ ਉਨ੍ਹਾਂ ਵਿੱਚ ਇੱਕ ਹੈ।
ਪੱਤਰਕਾਰ ਰੋਨਾ ਰਿਸਕੇਜ਼ ਨੇ ਇਸ ਸਮੂਹ 'ਤੇ ਇੱਕ ਕਿਤਾਬ ਲਿਖੀ ਹੈ ਅਤੇ ਉਨ੍ਹਾਂ ਨੇ ਪਿਛਲੇ ਸਾਲ ਅੰਦਾਜ਼ਾ ਲਗਾਇਆ ਸੀ ਕਿ ਇਸ ਸਮੂਹ ਦੇ 5,000 ਮੈਂਬਰ ਹਨ ਅਤੇ ਇਸ ਦਾ ਸਾਲਾਨਾ ਮੁਨਾਫਾ 10 ਮਿਲੀਅਨ ਡਾਲਰ ਤੋਂ 15 ਮਿਲੀਅਨ ਡਾਲਰ ਦੇ ਵਿਚਕਾਰ ਹੈ।
ਹਾਲਾਂਕਿ, ਹੋਰਨਾਂ ਨੇ ਮੈਂਬਰਾਂ ਦੀ ਗਿਣਤੀ ਦਾ ਅੰਦਾਜ਼ਾ ਲਗਭਗ ਅੱਧਾ ਲਗਾਇਆ ਹੈ।

ਤਸਵੀਰ ਸਰੋਤ, AFP STRINGER/AFP via Getty Images
ਚਿਲੀ ਦੇ ਇੱਕ ਸਰਕਾਰੀ ਵਕੀਲ ਨੇ ਟ੍ਰੇਨ ਡੇ ਅਰਾਗੁਆ ਨੂੰ ਇੱਕ "ਜ਼ਾਲਮ ਸੰਗਠਨ" ਕਿਹਾ ਹੈ ਜੋ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਤਲ ਅਤੇ ਤਸ਼ੱਦਦ ਦੀ ਵਰਤੋਂ ਕਰਦਾ ਹੈ।
ਭਾਵੇਂ ਇਹ ਸਮੂਹ, ਲਾਤੀਨੀ ਅਮਰੀਕਾ ਦੇ ਹੋਰ ਅਪਰਾਧਿਕ ਸਮੂਹਾਂ ਨਾਲੋਂ ਛੋਟਾ ਜਾਂ ਘੱਟ ਅਮੀਰ ਹੈ, ਪਰ ਟ੍ਰੇਨ ਡੇ ਅਰਾਗੁਆ ਦੀ ਤੁਲਨਾ ਅਕਸਰ ਅਲ ਸੈਲਵਾਡੋਰ ਦੇ ਅਤਿ-ਹਿੰਸਕ ਐਮਐਸ-13 ਗੈਂਗ ਨਾਲ ਕੀਤੀ ਜਾਂਦੀ ਹੈ।
ਟ੍ਰੇਨ ਡੇ ਅਰਾਗੁਆ ਦੇ ਮੈਂਬਰਾਂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਚਿਲੀ ਦੇ ਪੁਲਿਸ ਅਧਿਕਾਰੀਆਂ ਦੇ ਰੂਪ ਵਿੱਚ ਭੇਸ ਬਦਲ ਕੇ ਵੈਨੇਜ਼ੁਏਲਾ ਦੇ ਵਿਰੋਧੀ ਫੌਜੀ ਅਧਿਕਾਰੀ ਰੋਨਾਲਡ ਓਜੇਦਾ ਨੂੰ ਅਗਵਾ ਕਰ ਲਿਆ ਸੀ।
ਬਾਅਦ ਵਿੱਚ, ਮਾਰਚ 2024 ਵਿੱਚ ਰੋਨਾਲਡ ਓਜੇਦਾ ਦੀ ਲਾਸ਼ ਚਿਲੀ ਦੇ ਸੈਂਟੀਆਗੋ ਵਿੱਚ ਦਫ਼ਨਾਈ ਗਈ ਮਿਲੀ ਸੀ।
ਉਸ ਸਮੇਂ, ਤਤਕਾਲੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਹੇਠ ਅਮਰੀਕੀ ਖਜ਼ਾਨਾ ਵਿਭਾਗ ਨੇ ਪਿਛਲੀ ਗਰਮੀਆਂ ਵਿੱਚ ਟ੍ਰੇਨ ਡੇ ਅਰਾਗੁਆ 'ਤੇ ਇਹ ਕਹਿੰਦੇ ਹੋਏ ਪਾਬੰਦੀਆਂ ਲਗਾਈਆਂ ਸਨ ਕਿ ਇਹ ਗਿਰੋਹ ਅਮਰੀਕੀ ਸਰਹੱਦ ਪਾਰ ਸੈਕਸ ਤਸਕਰੀ ਵਿੱਚ ਸ਼ਾਮਲ ਸੀ।
ਕੀ ਇਸ ਸਮੂਹ ਤੋਂ ਅਮਰੀਕਾ ਨੂੰ ਕੋਈ ਖਤਰਾ ਹੈ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਟ੍ਰੇਨ ਡੇ ਅਰਾਗੁਆ 'ਤੇ "ਸੰਯੁਕਤ ਰਾਜ ਅਮਰੀਕਾ ਵਿਰੁੱਧ ਹਿੰਸਕ ਹਮਲਾ ਕਰਨ, ਹਮਲੇ ਦੀ ਕੋਸ਼ਿਸ਼ ਕਰਨ ਅਤੇ ਧਮਕੀ ਦੇਣ" ਦਾ ਦੋਸ਼ ਲਗਾਇਆ ਹੈ।
ਟਰੰਪ ਨੇ ਕਿਹਾ ਕਿ ਇਹ ਗਿਰੋਹ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਨਿਰਦੇਸ਼ਾਂ 'ਤੇ ਸੰਯੁਕਤ ਰਾਜ ਅਮਰੀਕਾ ਵਿਰੁੱਧ "ਅਨਿਯਮਿਤ ਯੁੱਧ" ਵਿੱਚ ਲੱਗਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਉਨ੍ਹਾਂ ਨੇ 1798 ਦੇ ਏਲੀਅਨ ਐਨੀਮੀਜ਼ ਐਕਟ ਨੂੰ ਲਾਗੂ ਕਰਨ ਵਾਲੇ ਇੱਕ ਐਲਾਨਨਾਮੇ 'ਤੇ ਦਸਤਖਤ ਕਰ ਦਿੱਤੇ ਹਨ।
ਏਲੀਅਨ ਐਨੀਮੀਜ਼ ਐਕਟ ਆਖਰੀ ਵਾਰ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ-ਅਮਰੀਕੀ ਨਾਗਰਿਕਾਂ ਨੂੰ ਨਜ਼ਰਬੰਦ ਕਰਨ ਲਈ ਵਰਤਿਆ ਗਿਆ ਸੀ।
ਹਾਲ ਹੀ ਦੇ ਮਹੀਨਿਆਂ ਵਿੱਚ ਟੈਕਸਾਸ, ਫਲੋਰੀਡਾ, ਨਿਊਯਾਰਕ ਅਤੇ ਇਲੀਨੋਇਸ ਵਿੱਚ, ਕਥਿਤ ਟ੍ਰੈਨ ਡੇ ਅਰਾਗੁਆ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਕਤਲ ਤੋਂ ਲੈ ਕੇ ਅਗਵਾ ਤੱਕ ਦੇ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।
ਪਿਛਲੀਆਂ ਗਰਮੀਆਂ ਵਿੱਚ, ਐਨਬੀਸੀ ਨਿਊਜ਼ ਨੇ ਰਿਪੋਰਟ ਦਿੱਤੀ ਸੀ ਕਿ ਗ੍ਰਹਿ ਸੁਰੱਖਿਆ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ ਅਮਰੀਕਾ ਵਿੱਚ ਲਗਭਗ 600 ਵੈਨੇਜ਼ੁਏਲਾ ਪਰਵਾਸੀਆਂ ਦੇ ਇਸ ਸਮੂਹ ਨਾਲ ਸਬੰਧ ਹਨ, ਜਿਨ੍ਹਾਂ ਵਿੱਚੋਂ ਲਗਭਗ 100 ਪਰਵਾਸੀਆਂ ਬਾਰੇ ਅਨੁਮਾਨ ਸੀ ਕਿ ਉਹ ਇਸ ਸਮੂਹ ਦੇ ਮੈਂਬਰ ਵੀ ਸਨ।

ਤਸਵੀਰ ਸਰੋਤ, Getty Images
ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ, 2023 ਤੱਕ ਅਮਰੀਕਾ ਵਿੱਚ 770,000 ਵੈਨੇਜ਼ੁਏਲਾ ਵਾਸੀ ਰਹਿ ਰਹੇ ਸਨ, ਜੋ ਕਿ ਕਾਉਂਟੀ ਦੇ ਸਾਰੇ ਪਰਵਾਸੀਆਂ ਦਾ 2% ਤੋਂ ਥੋੜ੍ਹਾ ਘੱਟ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਅਮਰੀਕੀ ਸਰਕਾਰ ਦੁਆਰਾ ਸੁਰੱਖਿਅਤ ਦਰਜਾ ਦਿੱਤਾ ਗਿਆ ਸੀ।
ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਟਰੰਪ ਦੇ ਚੋਣਾਵੀਂ ਵਾਦਿਆਂ ਵਿੱਚੋਂ ਇੱਕ ਮੁੱਖ ਵਾਅਦਾ ਸੀ ਅਤੇ ਆਪਣੇ ਦੂਜੇ ਕਾਰਜਕਾਲ ਦੌਰਾਨ ਤਾਜ਼ਾ ਦੇਸ਼ ਨਿਕਾਲੇ ਉਨ੍ਹਾਂ ਦੀ ਇਸੇ ਮੁਹਿੰਮ ਦਾ ਹਿੱਸਾ ਹਨ।
ਜਨਵਰੀ ਵਿੱਚ, ਟਰੰਪ ਨੇ ਟ੍ਰੈਨ ਡੇ ਅਰਾਗੁਆ ਅਤੇ ਐਮਐਸ-13 ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਸਨ।
ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਦਹਾਕਿਆਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ, ਹਾਲਾਂਕਿ ਟਰੰਪ ਹੁਣ ਤੱਕ ਦੇਸ਼ ਨਿਕਾਲੇ ਦੀ ਮੁਕਾਬਲਤਨ ਹੌਲੀ ਰਫ਼ਤਾਰ ਤੋਂ ਖੁਸ਼ ਨਹੀਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












