ਭਾਰਤੀ ਵਿਦਿਆਰਥਣ ਰੰਜਨੀ ਸ਼੍ਰੀਨਿਵਾਸਨ ਨੇ ਅਮਰੀਕਾ ਕਿਉਂ ਛੱਡਿਆ, ਕੋਲੰਬੀਆ ਯੂਨੀਵਰਸਿਟੀ ਦਾ ਉਨ੍ਹਾਂ ਨਾਲ ਜੁੜਿਆ ਵਿਵਾਦ ਕੀ ਹੈ

ਤਸਵੀਰ ਸਰੋਤ, Secretary Kristi Noem/X
ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨੇ ਪਿਛਲੇ ਸਾਲ ਕੈਂਪਸ ਵਿੱਚ ਫ਼ਲਸਤੀਨ ਪੱਖੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਬਾਅਦ ਭਾਰਤੀ ਵਿਦਿਆਰਥਣ ਰੰਜਨੀ ਸ਼੍ਰੀਨਿਵਾਸਨ ਅਮਰੀਕਾ ਛੱਡ ਗਈ ਹੈ।
ਯੂਨੀਵਰਸਿਟੀ ਨੇ ਪਿਛਲੇ ਸਾਲ ਕੈਂਪਸ ਦੇ ਹੈਮਿਲਟਨ ਹਾਲ 'ਤੇ ਕਬਜ਼ਾ ਕਰਨ ਦੀ ਮੁਹਿੰਮ ਵਿੱਚ ਸ਼ਾਮਲ ਕੁਝ ਵਿਦਿਆਰਥੀਆਂ ਨੂੰ ਜਾਂ ਤਾਂ ਮੁਅੱਤਲ ਕਰ ਦਿੱਤਾ ਹੈ ਜਾਂ ਕੱਢ ਦਿੱਤਾ ਹੈ।
ਟਰੰਪ ਪ੍ਰਸ਼ਾਸਨ ਨੇ ਕੋਲੰਬੀਆ ਯੂਨੀਵਰਸਿਟੀ ਦੀ 400 ਕਰੋੜ ਡਾਲਰ ਦੀ ਫੰਡਿੰਗ ਵਿੱਚ ਕਟੌਤੀ ਕਰ ਦਿੱਤੀ ਹੈ, ਇਹ ਕਹਿੰਦੇ ਹੋਏ ਕਿ ਉਹ ਕੈਂਪਸ ਵਿੱਚ ਯਹੂਦੀ ਵਿਰੋਧੀ ਭਾਵਨਾ ਨਾਲ ਲੜਨ ਵਿੱਚ ਅਸਫ਼ਲ ਰਿਹਾ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਦੀ ਇਹ ਕਾਰਵਾਈ ਕੋਲੰਬੀਆ ਯੂਨੀਵਰਸਿਟੀ ਦੇ ਕੈਂਪਸ ਵਰਕਰ ਮਹਿਮੂਦ ਖ਼ਲੀਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਈ ਹੈ।
ਖ਼ਲੀਲ ਨੂੰ ਹਾਲ ਹੀ ਵਿੱਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਸੀ।

ਵੀਰਵਾਰ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਯੂਨੀਵਰਸਿਟੀ ਜੁਡੀਸ਼ੀਅਲ ਬੋਰਡ (ਯੂਜੇਬੀ) ਨੇ ਵਿਦਿਆਰਥੀਆਂ ਖ਼ਿਲਾਫ਼ ਕੁਝ ਪਾਬੰਦੀਆਂ ਲਗਾਈਆਂ ਹਨ।
ਇਨ੍ਹਾਂ 'ਚ 'ਕਈ ਸਾਲਾਂ ਲਈ ਮੁਅੱਤਲ ਕਰਨਾ, ਡਿਗਰੀ ਨੂੰ ਅਸਥਾਈ ਤੌਰ 'ਤੇ ਰੱਦ ਕਰਨਾ ਅਤੇ ਬਰਖਾਸਤਗੀ ਕਰਨਾ' ਸ਼ਾਮਲ ਹਨ।
ਅਮਰੀਕਾ ਵਿੱਚ ਬੀਬੀਸੀ ਦੇ ਨਿਊਜ਼ ਪਾਰਟਨਰ ਸੀਬੀਐੱਸ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਵੱਲੋਂ ਭੇਜੀ ਗਈ ਇੱਕ ਈਮੇਲ ਤੋਂ ਪੱਤਾ ਲੱਗਿਆ ਹੈ ਕਿ ਯੂਨੀਵਰਸਿਟੀ ਨੇ ਦਰਜਨਾਂ ਵਿਦਿਆਰਥੀਆਂ ਖ਼ਿਲਾਫ਼ ਪਾਬੰਦੀਆਂ ਲਾਈਆਂ ਹਨ।
ਯੂਨੀਵਰਸਿਟੀ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਮੁਅੱਤਲ ਕੀਤੇ ਗਏ ਵਿਦਿਆਰਥੀਆਂ ਦੀ ਵਾਪਸੀ ਦਾ ਮੁੱਦਾ ਕੋਲੰਬੀਆ ਯੂਨੀਵਰਸਿਟੀ ਦੇ ਲਾਈਫ ਸਾਇੰਸਜ਼ ਦੇ ਦਫ਼ਤਰ ਵੱਲੋਂ ਨਿਪਟਾਇਆ ਜਾਵੇਗਾ।"
"ਕੋਲੰਬੀਆ ਯੂਨੀਵਰਸਿਟੀ ਨਿਯਮਾਂ, ਨੀਤੀਆਂ ਅਤੇ ਸਾਡੀਆਂ ਅਨੁਸ਼ਾਸਨੀ ਪ੍ਰਕਿਰਿਆਵਾਂ ਨੂੰ ਸੁਧਾਰਨ ਲਈ ਵਚਨਬੱਧ ਹੈ।"
ਰੰਜਨੀ ਸ਼੍ਰੀਨਿਵਾਸਨ ਨੇ ਛੱਡਿਆ ਅਮਰੀਕਾ

ਤਸਵੀਰ ਸਰੋਤ, Reuters
ਭਾਰਤੀ ਨਾਗਰਿਕ ਰੰਜਨੀ ਸ਼੍ਰੀਨਿਵਾਸਨ ਕੋਲੰਬੀਆ ਯੂਨੀਵਰਸਿਟੀ ਵਿੱਚ ਅਰਬਨ ਪਲੈਨਿੰਗ ਵਿੱਚ ਪੀਐੱਚਡੀ ਕਰ ਰਹੀ ਸੀ।
ਕੈਂਪਸ ਵਿੱਚ ਫ਼ਲਸਤੀਨ ਪੱਖੀ ਪ੍ਰਦਰਸ਼ਨਾਂ ਅਤੇ ਹਮਾਸ ਦੇ ਸਮਰਥਨ ਕਾਰਨ ਕਥਿਤ ਤੌਰ 'ਤੇ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ।
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰੰਜਨੀ ਅਮਰੀਕਾ ਛੱਡ ਚੁੱਕੀ ਹੈ।
ਇਸ ਵਿਭਾਗ ਦੀ ਮੰਤਰੀ ਕ੍ਰਿਸਟੀ ਨੋਏਮ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕ੍ਰਿਸਟੀ ਨੋਇਮ ਨੇ ਐਕਸ 'ਤੇ ਰੰਜਨੀ ਦਾ ਆਪਣੇ ਸੂਟਕੇਸ ਨਾਲ ਨਿਕਲਣ ਦਾ ਵੀਡੀਓ ਕਲਿੱਪ ਪੋਸਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ, "ਅਮਰੀਕਾ ਵਿੱਚ ਰਹਿਣ ਅਤੇ ਅਧਿਐਨ ਕਰਨ ਲਈ ਵੀਜ਼ਾ ਦੇਣਾ ਦਾ ਇੱਕ ਖ਼ਾਸ ਅਧਿਕਾਰ ਹੈ।"
"ਜਦੋਂ ਤੁਸੀਂ ਹਿੰਸਾ ਅਤੇ ਅੱਤਵਾਦ ਦੀ ਵਕਾਲਤ ਕਰਦੇ ਹੋ, ਤਾਂ ਉਸ ਵਿਸ਼ੇਸ਼ ਅਧਿਕਾਰ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਤੁਹਾਨੂੰ ਇਸ ਦੇਸ਼ ਵਿੱਚ ਨਹੀਂ ਰਹਿਣਾ ਚਾਹੀਦਾ।"
"ਮੈਂ ਕੋਲੰਬੀਆ ਯੂਨੀਵਰਸਿਟੀ ਦੇ ਅੱਤਵਾਦ ਸਮਰਥਕਾਂ ਵਿੱਚੋਂ ਇੱਕ ਨੂੰ ਸਵੈ-ਡਿਪੋਰਟ ਕਰਨ ਲਈ ਸੀਬੀਪੀ ਹੋਮ ਐਪ ਦੀ ਵਰਤੋਂ ਕਰਦੇ ਹੋਏ ਦੇਖ ਕੇ ਖੁਸ਼ ਹਾਂ।"
ਮੀਡੀਆ ਰਿਪੋਰਟਾਂ ਮੁਤਾਬਕ, ਰੰਜਨੀ ਦਾ ਵੀਜ਼ਾ ਸੁਰੱਖਿਆ ਕਾਰਨਾਂ ਕਰਕੇ 5 ਮਾਰਚ ਨੂੰ ਗ੍ਰਹਿ ਮੰਤਰਾਲੇ ਨੇ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ 11 ਮਾਰਚ ਨੂੰ ਉਨ੍ਹਾਂ ਨੇ ਸੀਬੀਪੀ ਹੋਮ ਐਪ ਦੀ ਵਰਤੋਂ ਕਰਕੇ ਸਵੈ-ਡਿਪੋਰਟ ਕਰ ਲਿਆ ਸੀ।

ਕੌਣ ਹੈ ਰੰਜਨੀ ਸ਼੍ਰੀਨਿਵਾਸਨ?

ਤਸਵੀਰ ਸਰੋਤ, Secretary Kristi Noem/X
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਰੰਜਨੀ ਸ਼੍ਰੀਨਿਵਾਸਨ ਕੋਲੰਬੀਆ ਯੂਨੀਵਰਸਿਟੀ ਤੋਂ ਅਰਬਨ ਪਲਾਨਿੰਗ ਵਿੱਚ ਪੀਐੱਚਡੀ ਕਰ ਰਹੀ ਹੈ।
ਫ਼ੁਲਬ੍ਰਾਈਟ ਸਕਾਲਰਸ਼ਿਪ ਹਾਸਿਲ ਕਰਨ ਵਾਲੀ ਰੰਜਨੀ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਹੀ ਅਰਬਨ ਪਲੈਨਿੰਗ ਵਿੱਚ ਐੱਮਫ਼ਿਲ ਵੀ ਕੀਤੀ ਹੈ।
ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਡਿਜ਼ਾਈਨ ਵਿੱਚ ਮਾਸਟਰਜ਼ ਕੀਤਾ ਹੈ।
ਇਸ ਤੋਂ ਇਲਾਵਾ, ਰੰਜਨੀ ਸੀਈਪੀਟੀ ਯੂਨੀਵਰਸਿਟੀ, ਅਹਿਮਦਾਬਾਦ ਤੋਂ ਡਿਜ਼ਾਈਨ ਵਿੱਚ ਬੈਚਲਰਜ਼ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਅਮਰੀਕੀ ਸਰਕਾਰ ਨੇ ਰੰਜਨੀ ਦਾ ਵੀਜ਼ਾ ਰੱਦ ਕਰਨ ਪਿੱਛੇ ਹਮਾਸ ਦੇ ਸਮਰਥਨ ਤੋਂ ਇਲਾਵਾ ਹੋਰ ਕਿਸੇ ਖ਼ਾਸ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਕੋਲੰਬੀਆ ਯੂਨੀਵਰਸਿਟੀ ਵਿੱਚ ਕੀ ਹੋਇਆ?

ਤਸਵੀਰ ਸਰੋਤ, Reuters
ਪਿਛਲੇ ਸਾਲ ਅਪ੍ਰੈਲ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਾਜ਼ਾ 'ਚ ਇਜ਼ਰਾਈਲ ਦੀਆਂ ਕਾਰਵਾਈਆਂ ਦੇ ਵਿਰੋਧ 'ਚ ਹੈਮਿਲਟਨ ਹਾਲ 'ਤੇ ਕਬਜ਼ਾ ਕਰ ਲਿਆ ਸੀ ਅਤੇ ਕੈਂਪਸ 'ਚ ਟੈਂਟ ਬਣਾ ਲਏ ਸਨ।
ਵਿਦਿਆਰਥੀਆਂ ਨੇ ਆਪਣੇ ਆਪ ਨੂੰ ਇਮਾਰਤ ਵਿੱਚ ਬੰਦ ਕਰ ਲਿਆ ਸੀ।
ਕੋਲੰਬੀਆ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਬੇਨਤੀ ਤੋਂ ਬਾਅਦ ਪੁਲਿਸ ਨੇ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਹਾਲਾਂਕਿ ਇਨ੍ਹਾਂ 'ਚੋਂ ਕਿਸੇ ਦੇ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ।
ਯੂਨੀਵਰਸਿਟੀ ਪ੍ਰਸ਼ਾਸਨ ਦੀ ਤਾਜ਼ਾ ਕਾਰਵਾਈ ਖ਼ਲੀਲ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸਾਹਮਣੇ ਆਈ ਹੈ।
ਖ਼ਲੀਲ ਸੀਰੀਆ ਵਿੱਚ ਪੈਦਾ ਹੋਇਆ ਸੀ। ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ।
ਖ਼ਲੀਲ ਨੂੰ ਬੁੱਧਵਾਰ ਨੂੰ ਲੁਈਸਿਆਨਾ ਵਿੱਚ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ।
ਖ਼ਲੀਲ ਦੇ ਕੇਸ ਨੇ ਕਾਲਜ ਕੈਂਪਸ ਵਿੱਚ ਬੋਲਣ ਦੀ ਆਜ਼ਾਦੀ ਅਤੇ ਸਥਾਈ ਅਮਰੀਕੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੀ ਇਜਾਜ਼ਤ ਦੇਣ ਵਾਲੀ ਕਾਨੂੰਨੀ ਪ੍ਰਕਿਰਿਆ ਬਾਰੇ ਸਵਾਲ ਖੜ੍ਹੇ ਕੀਤੇ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਲਗਾਤਾਰ ਖਲੀਲ ਸਣੇ ਫਲਸਤੀਨ ਸਮਰਥਕ ਕਾਰਕੁਨਾਂ 'ਤੇ ਹਮਾਸ ਦੀ ਹਮਾਇਤ ਕਰਨ ਦਾ ਇਲਜ਼ਾਮ ਲਗਾ ਰਹੇ ਹਨ।
ਰਾਸ਼ਟਰਪਤੀ ਨੇ ਵਾਰ-ਵਾਰ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ।
ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਉਹ 'ਗ਼ੈਰ-ਕਾਨੂੰਨੀ ਪ੍ਰਦਰਸ਼ਨਾਂ' ਦੀ ਇਜਾਜ਼ਤ ਦੇਣ ਵਾਲੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੀ ਫ਼ੰਡਿੰਗ ਖ਼ਤਮ ਕਰ ਦੇਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












