ਮੋਰੱਕੋ ਭੂਚਾਲ: ਤਬਾਹੀ ਤੋਂ ਕੁਝ ਮਿੰਟ ਪਹਿਲਾਂ ਜੰਮੀ ਬੱਚੀ, ਜਿਸ ਨੂੰ ਘਰ ਵੀ ਨਸੀਬ ਨਾ ਹੋਇਆ, 'ਮੇਰੀ ਧੀ ਕੋਲ ਸਿਰਫ਼ ਇੱਕ ਜੋੜੀ ਕੱਪੜੇ ਹਨ'

ਮੋਰੱਕੋ ਭੂਚਾਲ

ਟੈਂਟ ਵਿੱਚ ਬੈਠੀ ਖ਼ਦੀਜਾ ਨੇ ਅਜੇ ਆਪਣੀ ਨਵਜੰਮੀ ਧੀ ਦਾ ਨਾਮ ਵੀ ਨਹੀਂ ਰੱਖਿਆ। ਇਸ ਪਰਿਵਾਰ ਦਾ ਆਪਣਾ ਘਰ ਸੀ, ਪਰ ਇਸ ਬੱਚੀ ਦਾ ਪਹਿਲਾ ਘਰ ਉਹ ਟੈਂਟ ਹੀ ਹੈ, ਜਿਸ 'ਚ ਉਸ ਦੀ ਮਾਂ ਉਸ ਨੂੰ ਲੈ ਕੇ ਬੈਠੀ ਹੈ।

ਮੋਰੱਕੋ ਦੇ ਅਸਨੀ ਤੋਂ ਬੀਬੀਸੀ ਪੱਤਰਕਾਰ ਕੈਰਿਨ ਤੋਰਬੇ ਅਤੇ ਨੌਰਾ ਮਜਦੋਬ ਦੀ ਰਿਪੋਰਟ ਮੁਤਾਬਕ, ਸ਼ੁੱਕਰਵਾਰ ਰਾਤ ਨੂੰ ਮੋਰੱਕੋ 'ਚ ਆਏ ਭਿਆਨਕ ਭੂਚਾਲ ਤੋਂ ਮਹਿਜ਼ ਕੁਝ ਮਿੰਟ ਪਹਿਲਾਂ ਹੀ ਖ਼ਦੀਜਾ ਨੇ ਆਪਣੀ ਧੀ ਨੂੰ ਜਨਮ ਦਿੱਤਾ ਸੀ।

ਮਾਰਾਕੇਸ਼ ਸ਼ਹਿਰ ਦੇ ਜਿਸ ਹਸਪਤਾਲ 'ਚ ਜੱਚਾ-ਬੱਚਾ ਸਨ, ਉੱਥੋਂ ਵੀ ਉਨ੍ਹਾਂ ਨੂੰ 3 ਘੰਟੇ ਬਾਅਦ ਹੀ ਭੇਜ ਦਿੱਤਾ ਗਿਆ ਸੀ। ਪਰ ਸ਼ੁਕਰ ਹੈ ਕਿ ਦੋਵੇਂ ਮਾਂ ਅਤੇ ਬੱਚੀ ਸਹੀ-ਸਲਾਮਤ ਹਨ।

ਖ਼ਦੀਜਾ ਦੱਸਦੇ ਹਨ, ''ਉਨ੍ਹਾਂ ਕਿਹਾ ਕਿ ਦੁਬਾਰਾ ਝਟਕੇ ਆ ਸਕਦੇ ਹਨ, ਇਸ ਲਈ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ।''

ਖ਼ਦੀਜਾ ਅਤੇ ਉਨ੍ਹਾਂ ਦੀ ਨਵਜੰਮੀ ਧੀ
ਤਸਵੀਰ ਕੈਪਸ਼ਨ, ਖ਼ਦੀਜਾ ਅਤੇ ਉਨ੍ਹਾਂ ਦੀ ਨਵਜੰਮੀ ਧੀ

ਆਪਣੀ ਨਵਜੰਮੀ ਧੀ ਦੇ ਨਾਲ ਖ਼ਦੀਜਾ ਅਤੇ ਉਨ੍ਹਾਂ ਦੇ ਪਤੀ ਨੇ ਟੈਕਸੀ ਰਾਹੀਂ ਆਪਣੇ ਘਰ ਜਾਣ ਦੀ ਕੋਸ਼ਿਸ਼ ਕੀਤੀ, ਜੋ ਕਿ ਮਾਰਾਕੇਸ਼ ਤੋਂ ਲਗਭਗ 65 ਕਿਲੋਮੀਟਰ ਦੂਰ ਹੈ। ਪਰ ਰਸਤੇ 'ਚ ਹੋਈ ਤਬਾਹੀ ਕਾਰਨ ਉਹ ਸਿਰਫ਼ ਅਸਨੀ ਤੱਕ ਹੀ ਪਹੁੰਚ ਸਕੇ।

ਸੜਕ ਲਾਗੇ ਬਣੇ ਇੱਕ ਟੈਂਟ ਵਿੱਚ ਬੈਠੇ ਖ਼ਦੀਜਾ ਕਹਿੰਦੇ ਹਨ, ''ਸਾਨੂੰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ। ਅਸੀਂ ਇਸ ਪਿੰਡ ਦੇ ਲੋਕਾਂ ਤੋਂ ਕੁਝ ਕੰਬਲ ਮੰਗੇ ਤਾਂ ਜੋ ਸਿਰ ਢਕਣ ਜੋਗਾ ਕੰਮ ਚਲਾ ਸਕੀਏ। ਸਿਰਫ਼ ਪਰਮਾਤਮਾ ਸਾਡੇ ਨਾਲ ਹੈ।''

ਖ਼ਦੀਜਾ ਕਹਿੰਦੇ ਹਨ ਕਿ ਉਨ੍ਹਾਂ ਕੋਲ ਬੱਚੇ ਲਈ ਵੀ ਮਹਿਜ਼ ਇੱਕ ਜੋੜੀ ਕੱਪੜੇ ਹਨ।

ਉੱਧਰ ਉਨ੍ਹਾਂ ਦੇ ਜਾਣਕਾਰਾਂ ਨੇ ਖ਼ਬਰ ਦਿੱਤੀ ਹੈ ਕਿ ਉਨ੍ਹਾਂ ਦਾ ਘਰ ਵੀ ਭੂਚਾਲ ਵਿੱਚ ਨੁਕਸਾਨਿਆ ਗਿਆ ਹੈ।

ਮੋਰੱਕੋ 'ਚ ਭੂਚਾਲ ਕਾਰਨ ਭਾਰੀ ਤਬਾਹੀ

ਮੋਰੱਕੋ ਭੂਚਾਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਾਹਤ ਕਾਰਜ ਜਾਰੀ ਹਨ ਪਰ ਕੁਝ ਇਲਾਕਿਆਂ ਤੱਕ ਮਦਦ ਪਹੁੰਚਾਉਣਾ ਅਜੇ ਵੀ ਔਖਾ ਹੈ

ਮੋਰੱਕੋ 'ਚ ਸ਼ੁੱਕਰਵਾਰ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕਾਰਨ ਹੁਣ ਤੱਕ 2000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਇਹ ਅੰਕੜਾ ਅਜੇ ਹੋਰ ਵਧਣ ਦੀ ਉਮੀਦ ਹੈ।

ਅਧਿਕਾਰੀਆਂ ਮੁਤਾਬਕ, ਜ਼ਖਮੀਆਂ ਦੀ ਗਿਣਤੀ ਵੀ 2000 ਤੋਂ ਜ਼ਿਆਦਾ ਹੋ ਚੁੱਕੀ ਹੈ।

ਕਈ ਲੋਕ ਆਪਣਿਆਂ ਨੂੰ ਗੁਆ ਚੁੱਕੇ ਹਨ ਅਤੇ ਬਹੁਤੇ ਅਜੇ ਵੀ ਮਲਬੇ 'ਚ ਆਪਣਿਆਂ ਦੀ ਭਾਲ ਕਰ ਰਹੇ ਹਨ।

ਉਸ ਤੋਂ ਵੀ ਵੱਡੀ ਮੁਸੀਬਤ ਇਹ ਹੈ ਕਿ ਸੜਕਾਂ ਆਦਿ 'ਤੇ ਬਹੁਤ ਜ਼ਿਆਦਾ ਨੁਕਸਾਨ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਵੀ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਣ 'ਚ ਦਿੱਕਤ ਆ ਰਹੀ ਹੈ।

ਇਸ ਨਾਲ ਬਚਾਅ ਕਾਰਜਾਂ ਵਿੱਚ ਦੇਰੀ ਹੋ ਰਹੀ ਹੈ।

ਹੱਥਾਂ ਨਾਲ ਮਲਬਾ ਹਟਾ ਕੇ ਆਪਣਿਆਂ ਦੀ ਭਾਲ

ਮੋਰੱਕੋ ਭੂਚਾਲ

ਤਸਵੀਰ ਸਰੋਤ, Getty Images

ਮੋਰੱਕੋ ਦੇ ਇੱਕ ਪਿੰਡ ਐਮਜ਼ਮਿਜ਼ ਵਿੱਚ ਪਿੰਡ ਵਾਸੀ ਬਚੇ ਹੋਏ ਲੋਕਾਂ ਨੂੰ ਲੱਭਣ ਲਈ ਹੱਥਾਂ ਅਤੇ ਬੇਲਚੀਆਂ ਨਾਲ ਖੁਦਾਈ ਕਰ ਰਹੇ ਹਨ।

ਉਨ੍ਹਾਂ ਨੂੰ ਆਪ ਹੀ ਇਸ ਕੰਮ ਵਿੱਚ ਲੱਗਣਾ ਪਿਆ ਹੈ ਕਿਉਂਕਿ ਰਾਹਤ ਟੀਮਾਂ ਨੂੰ ਉੱਥੇ ਜ਼ਰੂਰੀ ਮਸ਼ੀਨਾਂ ਅਤੇ ਉਪਕਰਣ ਲੈ ਕੇ ਆਉਣ 'ਚ ਦਿੱਕਤ ਪੇਸ਼ ਆ ਰਹੀ ਹੈ।

ਹਾਲਤ ਇਹ ਹੈ ਕਿ ਜਿਨ੍ਹਾਂ ਸੰਦਾਂ ਨਾਲ ਲੋਕ ਖੁਦਾਈ ਕਰ ਰਹੇ ਹਨ, ਸ਼ਾਇਦ ਉਨ੍ਹਾਂ ਸੰਦਾ ਨਾਲ ਹੀ ਹੁਣ ਉਨ੍ਹਾਂ ਨੂੰ ਕੁਝ ਆਪਣਿਆਂ ਲਈ ਕਬਰਾਂ ਵੀ ਤਿਆਰ ਕਰਨੀਆਂ ਪੈਣ।

ਬੀਬੀਸੀ ਪੱਤਰਕਾਰ ਐਲਿਸ ਕਡੀ ਅਤੇ ਗ੍ਰੀਮ ਬੇਕਰ ਦੀ ਰਿਪੋਰਟ ਮੁਤਾਬਕ, ਸਥਾਨਕ ਹਸਪਤਾਲ ਖਾਲੀ ਹੈ ਕਿਉਂਕਿ ਹਸਪਤਾਲ ਦੀ ਛੱਤ ਅੰਦਰ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ।

ਲਿਹਾਜ਼ਾ, ਮਰੀਜ਼ਾਂ ਦਾ ਇਲਾਜ ਹਸਪਤਾਲ ਦੇ ਮੈਦਾਨਾਂ ਵਿੱਚ ਟੈਂਟਾਂ ਵਿੱਚ ਹੀ ਕੀਤਾ ਜਾ ਰਿਹਾ ਹੈ।

ਹਸਪਤਾਲ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਨੀਵਾਰ ਨੂੰ ਲਗਭਗ 100 ਲਾਸ਼ਾਂ ਉਥੇ ਲਿਆਂਦੀਆਂ ਗਈਆਂ ਸਨ।

ਉਨ੍ਹਾਂ ਕਿਹਾ, "ਮੈਂ ਰੋ ਰਿਹਾ ਸੀ ਕਿਉਂਕਿ ਇੱਥੇ ਬਹੁਤ ਸਾਰੇ ਮਰੇ ਹੋਏ ਲੋਕ ਸਨ, ਖਾਸ ਕਰਕੇ ਛੋਟੇ ਬੱਚੇ। ਭੂਚਾਲ ਤੋਂ ਬਾਅਦ ਮੈਂ ਸੁੱਤਾ ਹੀ ਨਹੀਂ। ਸਾਡੇ ਵਿੱਚੋਂ ਕੋਈ ਨਹੀਂ ਸੁੱਤਾ।"

ਲਾਈਨ

ਘਰਾਂ ਦੇ ਮਲਬੇ ਨਾਲ ਭਰੀਆਂ ਸੜਕਾਂ

ਹਸਪਤਾਲ ਤੋਂ ਬਾਹਰ, ਸੜਕਾਂ ਤਬਾਹ ਹੋਈਆਂ ਇਮਾਰਤਾਂ, ਭਾਰੀ ਆਵਾਜਾਈ ਅਤੇ ਭੂਚਾਲ ਕਾਰਨ ਸਭ ਕੁਝ ਗੁਆ ਚੁੱਕੇ ਲੋਕਾਂ ਦੇ ਮਲਬੇ ਨਾਲ ਭਰੀਆਂ ਹੋਈਆਂ ਹਨ।

ਇੱਕ ਔਰਤ ਚੀਕਾਂ ਮਾਰ-ਮਾਰ ਕੇ ਰੋ ਰਹੀ ਸੀ ਅਤੇ ਨੇੜੇ ਮੌਜੂਦ ਲੋਕ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ।

ਸੜਕਾਂ ਨੇੜੇ ਉਨ੍ਹਾਂ ਲੋਕਾਂ ਲਈ ਬਹੁਤ ਸਾਰੇ ਟੈਂਟ ਬਣਾਏ ਗਏ ਹਨ, ਜਿਨ੍ਹਾਂ ਦੇ ਘਰ ਬਰਬਾਦ ਹੋ ਚੁੱਕੇ ਹਨ। ਪਰ ਬਹੁਤੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਹ ਟੈਂਟ ਵੀ ਨਸੀਬ ਨਹੀਂ ਹੋ ਰਹੇ।

ਦਰਜਨਾਂ ਲੋਕ ਕੇਂਦਰੀ ਚੌਕ ਕੋਲ ਜ਼ਮੀਨ ’ਤੇ ਵਿਛੇ ਗਲੀਚਿਆਂ ’ਤੇ ਹੀ ਸੁੱਤੇ ਪਏ ਹਨ।

ਮੋਰੱਕੋ ਭੂਚਾਲ

ਤਸਵੀਰ ਸਰੋਤ, Getty Images

ਲਾਈਨ
  • ਲੰਘੇ ਸ਼ੁੱਕਰਵਾਰ ਨੂੰ ਮੋਰੱਕੋ ਵਿੱਚ ਆਏ ਭੂਚਾਲ ਨੇ ਜਨ-ਜੀਵਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ
  • ਇਹ ਭੂਚਾਲ 6.8 ਦੀ ਤੀਬਰਤਾ ਦਾ ਸੀ ਅਤੇ ਸਭ ਤੋਂ ਜ਼ਿਆਦਾ ਮੌਤਾਂ ਮਾਰਾਕੇਸ਼ ਦੇ ਦੱਖਣ ਵਾਲੇ ਸੂਬਿਆਂ ਵਿੱਚ ਹੋਈਆਂ ਹਨ
  • ਅਧਿਕਾਰੀਆਂ ਮੁਤਾਬਕ, ਹੁਣ ਤੱਕ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇੰਨੇ ਹੀ ਜ਼ਖ਼ਮੀ ਹੋਏ ਹਨ
  • ਭੂਚਾਲ ਕਾਰਨ ਇੱਥੋਂ ਦੇ ਲਗਭਗ 600 ਸਕੂਲ ਵੀ ਤਬਾਹ ਹੋ ਗਏ ਹਨ ਅਤੇ 7 ਅਧਿਆਪਕਾਂ ਦੀ ਮੌਤ ਦੀ ਖ਼ਬਰ ਹੈ
  • ਰਾਜਾ ਮੁਹੰਮਦ ਛੇਵੇਂ ਨੇ 3 ਦਿਨਾਂ ਦੇ ਕੌਮੀ ਸੋਗ ਦਾ ਐਲਾਨ ਕੀਤਾ ਤੇ ਬਚੇ ਲੋਕਾਂ ਲਈ ਪਨਾਹ, ਭੋਜਨ ਤੇ ਹੋਰ ਮਦਦ ਦੇ ਹੁਕਮ ਵੀ ਜਾਰੀ ਕੀਤੇ ਹਨ
  • ਮੋਰੱਕੋ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬ੍ਰਿਟੇਨ, ਸਪੇਨ, ਕਤਰ ਅਤੇ ਯੂਏਈ ਤੋਂ ਐਮਰਜੈਂਸੀ ਮਦਦ ਸਵੀਕਾਰ ਕਰ ਲਈ ਹੈ
  • ਫਿਲਹਾਲ ਲੋਕ ਸੜਕਾਂ ਅਤੇ ਅਸਥਾਈ ਟੈਂਟਾਂ ਵਿੱਚ ਰਹਿ ਰਹੇ ਹਨ ਅਤੇ ਬਚਾਅ ਕਾਰਜ ਜਾਰੀ ਹਨ
ਲਾਈਨ

ਲੋਕ ਆਪ ਹੀ ਮ੍ਰਿਤਕਾਂ ਨੂੰ ਲੱਭ ਰਹੇ, ਆਪ ਹੀ ਦਫ਼ਨਾ ਰਹੇ

63 ਸਾਲਾ ਅਬਦੇਲਕਰੀਮ ਬਰੂਰੀ ਵੀ ਉਨ੍ਹਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦਾ ਘਰ ਢਹਿ ਗਿਆ ਹੈ ਅਤੇ ਕੁਝ ਅਜਿਹਾ ਨਹੀਂ ਬਚਿਆ ਜਿਸ ਨੂੰ ਉਹ ਸੰਭਾਲ ਸਕਣ।

ਮਦਦ ਦੀ ਗੁਹਾਰ ਲਗਾਉਂਦੇ ਹੋਏ ਉਹ ਕਹਿੰਦੇ ਹਨ, “ਮੈਂ ਘਰ ਵਾਪਸ ਨਹੀਂ ਜਾ ਸਕਦਾ, ਅਸੀਂ ਇੱਕ-ਦੂਜੇ ਦੀ ਮਦਦ ਕਰ ਰਹੇ ਹਾਂ। ਬਾਹਰੋਂ ਕੋਈ ਮਦਦ ਨਹੀਂ ਆ ਰਹੀ।"

ਅਮੀਜ਼ਮਿਜ਼ ਦੇ ਇੱਕ ਹੋਰ ਨਿਵਾਸੀ ਅਲੀ ਐਤ ਯੂਸਫ ਨੇ ਕਿਹਾ, “ਅਸੀਂ ਟੈਂਟ ਬਣਾਉਣ ਲਈ ਕੰਬਲਾਂ ਦੀ ਵਰਤੋਂ ਕੀਤੀ ਹੈ, ਸਰਕਾਰ ਵੱਲੋਂ ਵੰਡੇ ਗਏ ਟੈਂਟ ਕਾਫ਼ੀ ਨਹੀਂ ਹਨ।"

ਇੱਕ ਹੋਰ ਨੇੜਲੇ ਪਿੰਡ ਵਿੱਚ, ਸੋਟੀਆਂ ਅਤੇ ਪੱਥਰਾਂ ਨਾਲ ਢੱਕੀਆਂ ਕੱਚੀਆਂ ਕਬਰਾਂ ਵਿੱਚ ਮਾਰੇ ਗਏ 100 ਨਿਵਾਸੀਆਂ ਵਿੱਚੋਂ ਕੁਝ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ।

ਕਬਰ ਪੁੱਟਣ ਵਾਲੇ ਵਧੇਰੇ ਤਿਆਰੀ ਕਰ ਰਹੇ ਸਨ ਕਿਉਂਕਿ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹੋਈ ਹੈ ਅਤੇ ਉਨ੍ਹਾਂ ਨੂੰ ਆਪ ਹੀ ਮ੍ਰਿਤਕਾਂ ਨੂੰ ਲੱਭਣਾ ਅਤੇ ਦਫ਼ਨਾਉਣਾ ਪੈ ਰਿਹਾ ਹੈ।

ਮੋਰੱਕੋ ਭੂਚਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਲਬੇ ਨੇੜੇ ਪ੍ਰਾਰਥਨਾ ਕਰਦਾ ਇੱਕ ਵਿਅਕਤੀ

'ਕੁਝ ਸਮਾਂ ਪਹਿਲਾਂ ਹੀ ਉਹ ਮੇਰੇ ਨਾਲ ਖੇਡ ਰਹੇ ਸਨ'

72 ਸਾਲਾ ਉਮਰ ਬੇਨਹਾਨਾ ਨੇ ਕਿਹਾ, “ਮੇਰੇ ਤਿੰਨ ਪੋਤੇ-ਪੋਤੀਆਂ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਉਹ ਅਜੇ ਵੀ ਮਲਬੇ ਹੇਠ ਹਨ। ਅਜੇ ਕੁਝ ਸਮਾਂ ਪਹਿਲਾਂ ਹੀ ਉਹ ਮੇਰੇ ਨਾਲ ਖੇਡ ਰਹੇ ਸਨ।''

ਇਸ ਦੌਰਾਨ, ਦੱਖਣੀ ਅਟਲਾਂਟਿਕ ਤੱਟ ਦੇ ਨਾਲ ਲੱਗਦੇ ਅਗਾਦੀਰ ਸ਼ਹਿਰ ਵਿੱਚ ਹਕੀਮਾ ਨਾਮ ਦੀ ਇੱਕ ਔਰਤ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ "ਵਿਨਾਸ਼ਕਾਰੀ" ਝਟਕਿਆਂ ਵਿੱਚ ਆਪਣੇ ਚਾਰ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਤੇ ਫਿਰ ਉਨ੍ਹਾਂ ਨੂੰ ਆਪਣਾ ਪਿੰਡ ਮਸੂਨਾ ਵੀ ਛੱਡਣਾ ਪਿਆ।

ਗੁਆਂਢੀਆਂ ਨੇ ਹਕੀਮਾ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਕਿਹਾ - ਪਰ ਅਜੇ ਤੱਕ ਮਸੂਨਾ ਅਤੇ ਨੇੜਲੀਆਂ ਬਸਤੀਆਂ ਤੱਕ ਕੋਈ ਸਹਾਇਤਾ ਨਹੀਂ ਪਹੁੰਚੀ।

ਉਨ੍ਹਾਂ ਕਿਹਾ, "ਮੇਰੇ ਪਰਿਵਾਰ ਨੇ ਆਪਣਾ ਘਰ, ਆਪਣਾ ਸਮਾਨ ਸਭ ਗੁਆ ਦਿੱਤਾ ਹੈ - ਉਨ੍ਹਾਂ ਕੋਲ ਕੁਝ ਨਹੀਂ ਬਚਿਆ। ਲੋਕ ਭੁੱਖੇ ਮਰ ਰਹੇ ਹਨ। ਬੱਚਿਆਂ ਨੂੰ ਸਿਰਫ਼ ਪਾਣੀ ਚਾਹੀਦਾ ਹੈ। ਉਨ੍ਹਾਂ ਨੂੰ ਮਦਦ ਦੀ ਲੋੜ ਹੈ।"

'ਸਾਡਾ ਦੋਸਤ, ਉਹ ਕੁਚਲਿਆ ਗਿਆ'

ਮੋਰੱਕੋ ਭੂਚਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੂਚਾਲ ਕਾਰਨ ਹੁਣ ਤੱਕ 2000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਇਹ ਅੰਕੜਾ ਅਜੇ ਹੋਰ ਵਧਣ ਦਾ ਖਦਸ਼ਾ ਹੈ

ਮੌਲੇ ਬ੍ਰਾਹਮ, ਮੋਰੱਕੋ ਤੋਂ ਬੀਬੀਸੀ ਪੱਤਰਕਾਰ ਨਿੱਕ ਬੀਕ ਨੇ ਦੱਸਿਆ ਕਿ ਕਿਵੇਂ ਇੱਕ ਬਜ਼ੁਰਗ ਔਰਤ ਚੀਕਦੀ ਹੋਈ ਉਨ੍ਹਾਂ ਵੱਲ ਆਈ, ਉਸ ਨੇ ਆਪਣਾ ਸਿਰ ਫੜ੍ਹਿਆ ਹੋਇਆ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ।

ਕੁਝ ਮੀਟਰ ਦੂਰ ਨੌਜਵਾਨਾਂ ਦੀ ਇੱਕ ਟੋਲੀ ਰੋ ਰਹੀ ਸੀ। ਉਨ੍ਹਾਂ ਨੂੰ ਹੁਣੇ ਪਤਾ ਲੱਗਾ ਕਿ ਉਨ੍ਹਾਂ ਦਾ ਦੋਸਤ ਮਰਨ ਵਾਲਿਆਂ ਵਿੱਚ ਸ਼ਾਮਲ ਸੀ।

ਇੱਹ ਹੋਰ ਵਿਅਕਤੀ ਨੇ ਦੱਸਿਆ, "ਅੱਜ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ।''

"ਅਤੇ ਸਾਡਾ ਦੋਸਤ, ਉਹ ਕੁਚਲਿਆ ਗਿਆ। ਉਹ ਅਜੇ ਛੋਟੀ ਉਮਰ ਦਾ ਹੀ ਸੀ, ਅਸੀਂ ਅੱਜ ਉਸ ਨੂੰ ਦਫ਼ਨਾਇਆ।''

ਇੱਕ ਹੋਰ ਵਿਅਕਤੀ, ਮੁਹੰਮਦ ਨੇ ਦੱਸਿਆ ਕਿ ਇੱਕਲੇ ਇਸੇ ਪਿੰਡ ਵਿੱਚ 16 ਲੋਕ ਪਹਿਲਾਂ ਹੀ ਦਫ਼ਨਾਏ ਜਾ ਚੁੱਕੇ ਹਨ ਅਤੇ ਦੋ ਹੋਰ ਪੀੜਤਾਂ ਨੂੰ ਐਤਵਾਰ ਨੂੰ ਦਫ਼ਨਾਇਆ ਗਿਆ।

ਉਨ੍ਹਾਂ ਕਿਹਾ, "ਜਦੋਂ ਤੋਂ ਇਹ ਵਾਪਰਿਆ ਹੈ, ਉਦੋਂ ਤੋਂ ਬਿਨਾਂ ਰੁਕੇ ਅਸੀਂ ਹਰ ਮਿੰਟ ਕੰਮ ਕਰ ਰਹੇ ਹਾਂ। ਇੱਥੇ ਸਿਰਫ਼ 10 ਲੋਕ ਕੰਮ ਕਰ ਰਹੇ ਹਨ ਅਤੇ ਅਸੀਂ ਇਮਾਰਤਾਂ ਵਿੱਚ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਬਹੁਤ ਨਿਰਾਸ਼ਾਜਨਕ ਸਥਿਤੀ ਹੈ।"

'ਇਸ ਪਿੰਡ ਦੇ ਲੋਕ ਜਾਂ ਤਾਂ ਹਸਪਤਾਲ 'ਚ ਹਨ ਜਾਂ ਮਰ ਚੁੱਕੇ ਹਨ'

ਮੋਰੱਕੋ ਭੂਚਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਫੇਘਾਘਟੇ ਪਿੰਡ ਦੇ 200 ਵਸਨੀਕਾਂ ਵਿੱਚੋਂ 90 ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ

ਤਾਫੇਘਾਘਟੇ ਦੇ ਹਾਲਾਤਾਂ ਬਾਰੇ ਬੀਬੀਸੀ ਪੱਤਰਕਾਰ ਨਿੱਕ ਬੇਕ ਦੱਸਦੇ ਹਨ ਕਿ ਇੱਥੇ ਦੇ ਪਹਿਲੇ ਨਿਵਾਸੀ ਜਿਨ੍ਹਾਂ ਨੂੰ ਅਸੀਂ ਮਿਲੇ, ਉਨ੍ਹਾਂ ਕਿਹਾ, "ਇਸ ਪਿੰਡ ਦੇ ਲੋਕ ਜਾਂ ਤਾਂ ਹਸਪਤਾਲ ਵਿੱਚ ਹਨ ਜਾਂ ਮਰ ਚੁੱਕੇ ਹਨ।''

ਇਸ ਪਿੰਡ ਦੇ 200 ਵਸਨੀਕਾਂ ਵਿੱਚੋਂ 90 ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਹੋਰ ਲਾਪਤਾ ਹਨ।

ਮਲਬੇ ਵੱਲ ਜਾਂਦੇ ਹੋਏ ਇੱਕ ਨਿਵਾਸੀ ਹਸਨ ਕਹਿੰਦੇ ਹਨ, "ਉਨ੍ਹਾਂ ਨੂੰ ਭੱਜਣ ਦਾ ਮੌਕਾ ਹੀ ਨਹੀਂ ਮਿਲਿਆ। ਉਨ੍ਹਾਂ ਕੋਲ ਆਪਣੇ ਆਪ ਨੂੰ ਬਚਾਉਣ ਦਾ ਸਮਾਂ ਹੀ ਨਹੀਂ ਸੀ।''

ਹਸਨ ਦੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ ਅਤੇ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਕਿ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇਗਾ।

ਇੱਥੇ ਨਾ ਕਿਸੇ ਕੋਲ ਅਜਿਹਾ ਕਰਨ ਲਈ ਮਸ਼ੀਨਰੀ ਹੈ ਅਤੇ ਨਾ ਹੀ ਬਾਹਰੋਂ ਕੋਈ ਰਾਹਤ ਆਈ ਹੈ।

ਹਸਨ ਕਹਿੰਦੇ ਹਨ, "ਅੱਲ੍ਹਾ ਨੇ ਇਹ ਕੀਤਾ ਹੈ ਅਤੇ ਅਸੀਂ ਹਰ ਚੀਜ਼ ਲਈ ਅੱਲ੍ਹਾ ਦਾ ਧੰਨਵਾਦ ਕਰਦੇ ਹਾਂ। ਪਰ ਹੁਣ ਸਾਨੂੰ ਆਪਣੀ ਸਰਕਾਰ ਦੀ ਮਦਦ ਦੀ ਲੋੜ ਹੈ। ਉਨ੍ਹਾਂ ਨੂੰ ਦੇਰ ਹੋ ਗਈ ਹੈ, ਬਹੁਤ ਦੇਰ ਹੋ ਗਈ ਹੈ।''

'ਜਦੋਂ ਅਸੀਂ ਉਨ੍ਹਾਂ ਨੂੰ ਲੱਭਿਆ, ਤਾਂ ਉਹ ਸਾਰੇ ਇਕੱਠੇ ਹੋਏ ਪਏ ਸਨ'

ਅਬਦੌ ਰਹਿਮਾਨ
ਤਸਵੀਰ ਕੈਪਸ਼ਨ, ਅਬਦੌ ਰਹਿਮਾਨ

ਇੱਥੋਂ ਦੇ ਹੀ ਰਹਿਣ ਵਾਲੇ ਅਬਦੌ ਰਹਿਮਾਨ ਇਸ ਭੂਚਾਲ ਵਿੱਚ ਆਪਣੀ ਪਤਨੀ ਅਤੇ ਆਪਣੇ ਤਿੰਨ ਮੁੰਡਿਆਂ ਨੂੰ ਗੁਆ ਚੁੱਕੇ ਹਨ।

"ਸਾਡਾ ਘਰ ਉੱਥੇ ਸੀ," ਉਹ ਉਸ ਥਾਂ ਵੱਲ ਇਸ਼ਾਰਾ ਕਰਦੇ ਹਨ ਜਿੱਥੇ ਪਹਿਲਾਂ ਉਨ੍ਹਾਂ ਦਾ ਘਰ ਸੀ, ਪਰ ਹੁਣ ਉੱਥੇ ਮਹਿਜ਼ ਮਲਬੇ ਦਾ ਢੇਰ ਹੈ।

"ਤੁਸੀਂ ਚਿੱਟੇ ਕੰਬਲ ਅਤੇ ਫਰਨੀਚਰ ਵੀ ਦੇਖ ਸਕਦੇ ਹੋ। ਬਾਕੀ ਸਭ ਕੁਝ ਖਤਮ ਹੋ ਗਿਆ ਹੈ।"

ਅਬਦੌ ਰਹਿਮਾਨ ਦਾ ਕਹਿਣਾ ਹੈ ਕਿ ਭੂਚਾਲ ਆਉਣ ਤੋਂ ਬਾਅਦ ਉਹ ਪੈਟਰੋਲ ਸਟੇਸ਼ਨ ਤੋਂ 3 ਕਿਲੋਮੀਟਰ ਦੂਰ ਭੱਜ ਕੇ ਆਪਣੇ ਘਰ ਆਏ।

ਉਹ ਦੱਸਦੇ ਹਨ ਕਿ ਇੱਥੇ ਪਹੁੰਚੇ ਕੇ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਬੁਲਾਉਣਾ ਸ਼ੁਰੂ ਕੀਤਾ, ਉਨ੍ਹਾਂ ਵਾਂਗ ਹੋਰ ਵੀ ਬਹੁਤ ਲੋਕ ਆਪਣਿਆਂ ਨੂੰ ਹਾਕਾਂ ਮਾਰ ਰਹੇ ਸਨ, ਪਰ ਦੂਜੇ ਪਾਸਿਓਂ ਕੋਈ ਜਵਾਬ ਨਾ ਆਇਆ।

ਉਹ ਕਹਿੰਦੇ ਹਨ, "ਅਸੀਂ ਉਨ੍ਹਾਂ ਨੂੰ ਕੱਲ੍ਹ ਦਫ਼ਨਾਇਆ।''

"ਜਦੋਂ ਅਸੀਂ ਉਨ੍ਹਾਂ ਨੂੰ ਲੱਭਿਆ, ਤਾਂ ਉਹ ਸਾਰੇ ਇਕੱਠੇ ਹੋਏ ਪਏ ਸਨ। ਤਿੰਨੇ ਮੁੰਡੇ ਸੁੱਤੇ ਹੋਏ ਸਨ। ਭੂਚਾਲ ਆਇਆ ਤਾਂ ਉਹ ਮਲਬੇ ਹੇਠ ਚਲੇ ਗਏ।''

ਲਾਈਨ