You’re viewing a text-only version of this website that uses less data. View the main version of the website including all images and videos.
ਬਰਗਾੜੀ ਬੇਅਦਬੀ ਕਾਂਡ: ਹਨੀਪ੍ਰੀਤ ਦੀ ਕਥਿਤ ਭੂਮਿਕਾ ਬਾਰੇ ‘ਮੁੱਖ ਸਾਜ਼ਿਸ਼ਕਰਤਾ’ ਨੇ ਲਾਏ ਇਹ ਇਲਜ਼ਾਮ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਪਹਿਲੀ ਵਾਰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਹਨੀਪ੍ਰੀਤ ਇੰਸਾਂ 'ਤੇ ਮਾਮਲੇ ਵਿੱਚ ਕਥਿਤ ਤੌਰ ਤੇ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਹਨ। ਹਨੀਪ੍ਰੀਤ ਇੰਸਾਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹੈ।
ਹਨੀਪ੍ਰੀਤ ’ਤੇ ਬੇਅਦਬੀ ਮਾਮਲੇ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਬਰਗਾੜੀ ਕਾਂਡ ਦੇ ਇੱਕ ਮੁਲਜ਼ਮ ਪ੍ਰਦੀਪ ਕਲੇਰ ਨੇ ਲਾਏ ਹਨ, ਜਿਸ ਨੂੰ ਪੰਜਾਬ ਪੁਲਿਸ ਨੇ ਫਰਵਰੀ 2024 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਹਾਲਾਂਕਿ ਡੇਰਾ ਸੱਚਾ ਸੌਦਾ ਵੱਲੋਂ ਇਸ ਇਲਜ਼ਾਮ ਨੂੰ ਬਿਆਨ ਜਾਰੀ ਕਰਕੇ ਖਾਰਿਜ ਕੀਤਾ ਗਿਆ ਹੈ।
2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਨੇ ਧਾਰਾ 164 ਸੀਆਰਪੀਸੀ ਤਹਿਤ ਇਕਬਾਲੀਆ ਬਿਆਨ ਦਰਜ ਕਰਵਾਇਆ ਹੈ।
ਪ੍ਰਦੀਪ ਕਲੇਰ ਨੇ ਬੇਅਦਬੀ ਲਈ ਨਾ ਸਿਰਫ਼ ਡੇਰਾ ਸਿਰਸਾ ਮੁਖੀ ਗੁਰਮੀਤ ਰਹੀਮ ਦਾ ਨਾਂ ਲਿਆ ਸਗੋਂ ਰਾਮ ਰਹੀਮ ਦੀ ਸਹਿਯੋਗੀ ਹਨੀਪ੍ਰੀਤ ਇੰਸਾਂ 'ਤੇ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਾਇਆ।
ਪ੍ਰਦੀਪ ਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੇ ਨਾਲ ਅਯੁੱਧਿਆ 'ਚ ਇੱਕ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਡੇਰਾ ਮੁਖੀ ਗੁਰਮੀਤ ਰਾਤ ਰਹੀਮ ਅਤੇ ਹਨੀਪ੍ਰੀਤ ਨੂੰ ਨਾਮਜ਼ਦ ਕਰਨ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਮਜਿਸਟ੍ਰੇਟ ਅੱਗੇ ਪ੍ਰਦੀਪ ਕਲੇਰ ਨੇ ਕੀ ਕਬੂਲਿਆ?
ਪ੍ਰਦੀਪ ਕਲੇਰ ਉੱਤੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਅਤੇ ਇਸ ਮਗਰੋਂ ਇਸੇ ਪਿੰਡ ਦੀਆਂ ਕੰਧਾਂ ਉੱਤੇ ਵਿਵਾਦਤ ਪੋਸਟਰ ਚਿਪਕਾਉਣ ਦੇ ਨਾਲ-ਨਾਲ ਬਰਗਾੜੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੀ ਸਾਜਿਸ਼ ਰਚਣ ਦੇ ਇਲਜ਼ਾਮ ਹਨ।
ਪੁਲਿਸ ਮੁਤਾਬਕ ਪ੍ਰਦੀਪ ਇਨ੍ਹਾਂ ਘਟਨਾਵਾਂ ਦਾ ‘ਮੁੱਖ ਸਾਜਿਸ਼ਕਰਤਾ’ ਭਾਵ ‘ਕੀ ਕੌਂਸਪੀਰੇਟਰ’ ਸੀ।
ਪ੍ਰਦੀਪ ਕਲੇਰ ਨੂੰ ਸਾਲ 2021 ਵਿੱਚ ਐਲਾਨੀਆ ਅਪਰਾਧੀ (ਪ੍ਰੋਕਲੇਮਡ ਓਫੈਂਡਰ) ਐਲਾਨਿਆ ਗਿਆ ਸੀ।
ਪੁਲਿਸ ਨੇ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ।
ਪ੍ਰਦੀਪ ਕਲੇਰ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਮੋਹਿਤ ਅੱਗੇ ਆਪਣਾ ਇਕਬਾਲੀਆ ਬਿਆਨ ਫਰਵਰੀ ਦੇ ਅਖੀਰ ਵਿੱਚ ਦਰਜ ਕਰਵਾਇਆ ਸੀ।
ਸੁਪਰੀਮ ਕੋਰਟ ਨੇ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਪਟੀਸ਼ਨ 'ਤੇ ਬੇਅਦਬੀ ਦੇ ਮਾਮਲਿਆਂ ਨੂੰ ਪੰਜਾਬ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਸੀ।
ਇਸ ਬਿਆਨ ਵਿੱਚ ਪਰਦੀਪ ਕਲੇਰ ਨੇ ਕਿਹਾ ਕਿ ਉਹ ਸਾਲ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ।
ਸਾਲ 2019 ਵਿੱਚ ਉਸ ਨੂੰ ਡੇਰੇ ਦੇ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਬਣਿਆ, ਜਿੱਥੇ ਉਸ ਦਾ ਕੰਮ ਸਿਆਸਤਦਾਨਾਂ ਨਾਲ ਮੀਟਿੰਗਾਂ ਕਰਨਾ ਹੁੰਦਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਨਿਯੁਕਤ ਕੀਤਾ ਗਿਆ ਸੀ।
ਪ੍ਰਦੀਪ ਨੇ ਦਾਅਵਾ ਕੀਤਾ ਕਿ ਸਾਲ 2015 ਦੇ ਮਾਰਚ ਜਾਂ ਅਪ੍ਰੈਲ ਮਹੀਨੇ ਵਿਚ ਉਸ ਨੂੰ ਗੁਰਮੀਤ ਰਾਮ ਰਹੀਮ ਨੇ ਆਪਣੇ ਕੋਲ ਬੁਲਾਇਆ ਸੀ। ਜਦੋਂ ਉਹ ਉਹਨਾਂ ਕੋਲ ਪਹੁੰਚਿਆ ਤਾਂ ਗੁਰਮੀਤ ਰਾਮ ਰਹੀਮ, ਹਨੀਪ੍ਰੀਤ, ਰਾਕੇਸ਼ ਦਿੜ੍ਹਬਾ, ਸੰਦੀਪ ਬਰੇਟਾ, ਹਰਸ਼ ਧੂਰੀ, ਮਹਿੰਦਰ ਪਾਲ ਬਿੱਟੂ, ਗੁਲਾਬ ਅਤੇ ਗੁਰਲੀਨ ਮੌਜੂਦ ਸਨ।"
ਪ੍ਰਦੀਪ ਨੇ ਅੱਗੇ ਕਿਹਾ, “ਉੱਥੇ ਮਹਿੰਦਰਪਾਲ ਬਿੱਟੂ ਨੇ ਬਾਬੇ ਦੇ ਧਿਆਨ ਵਿੱਚ ਲਿਆਂਦਾ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਸੀ।”
“ਇਸ ਪ੍ਰੋਗਰਾਮ ਵਿੱਚ ਧਰਮ ਪ੍ਰਚਾਰਕ ਦੀ ਪ੍ਰੇਰਨਾ ਲੈ ਕੇ ਕੁਝ ਪ੍ਰੇਮੀਆਂ ਨੇ ਡੇਰੇ ਵੱਲੋਂ ਦਿੱਤੇ ਗਏ ਲਾਕੇਟ ਨੂੰ ਆਪਣੇ ਪੈਰਾਂ ਹੇਠ ਰੋਲ ਦਿੱਤਾ ਜਿਸ ਵਿੱਚ ਬਾਬੇ ਦੀ ਤਸਵੀਰ ਸੀ।”
ਪ੍ਰਦੀਪ ਨੇ ਆਪਣੇ ਬਿਆਨ ਕਿਹਾ ਕਿ ਇਹ ਸੁਣ ਕੇ ਹਨੀਪ੍ਰੀਤ ਨੂੰ ਗੁੱਸਾ ਆ ਗਿਆ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਲਾਕੇਟ ਸੁੱਟੇ ਤਾਂ ਤੁਸੀਂ ਕੁਝ ਕਿਉਂ ਨਹੀਂ ਕੀਤਾ।
“ਇਸ ਤੋਂ ਬਾਅਦ ਬਾਬਾ ਅਤੇ ਹਨੀਪ੍ਰੀਤ ਨੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਕਹੀ। ਫਿਰ ਰਾਕੇਸ਼ ਅਤੇ ਬਿੱਟੂ ਨੇ ਕਿਹਾ ਕਿ ਉਹ ਪ੍ਰਚਾਰਕ ਹੈ ਅਤੇ ਸਿੱਖਾਂ ਦਾ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਹੈ।”
“ਇਸ ’ਤੇ ਹਨੀਪ੍ਰੀਤ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੰਝ ਹੀ ਪੈਰਾਂ ਵਿੱਚ ਰੋਲ ਦਿਓ। ਬਾਬੇ ਨੇ ਕਿਹਾ ਜੋ ਹਨੀਪ੍ਰੀਤ ਕਹਿ ਰਹੀ ਹੈ ਉਸ ਨੂੰ ਛੇਤੀ ਤੋਂ ਛੇਤੀ ਅੰਜਾਮ ਦਿਓ। ਇਸ ਤੋਂ ਬਾਅਦ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਇਸ ਦੀ ਡਿਊਟੀ ਸੌਂਪੀ ਗਈ ਅਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।”
ਪ੍ਰਦੀਪ ਕਲੇਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਡੇਰਾ ਮੁਖੀ ਤੋਂ ਖ਼ਤਰਾ ਹੈ ਤੇ ਧਮਕੀਆਂ ਮਿਲ ਰਹੀਆਂ ਹਨ। ਗੁਰਮੀਤ ਰਾਮ ਰਹੀਮ, ਹਨੀਪ੍ਰੀਤ ਤੇ ਰਾਕੇਸ਼ ਦਿੜ੍ਹਬਾ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਰਵਾਉਣਾ ਚਾਹੁੰਦੇ ਹਨ। ਪਹਿਲਾਂ ਵੀ ਮਹਿੰਦਰਪਾਲ ਬਿੱਟੂ ਨੂੰ ਨਾਭਾ ਹਾਈ ਸਿਕਿਓਰਿਟੀ ਨੂੰ ਮਰਵਾਇਆ ਜਾ ਚੁੱਕਿਆ ਹੈ।
ਸਬੂਤਾਂ ਦੀ ਤਸਦੀਕ ਅਤੇ ਮੁਲਾਂਕਣ ਕਰੇਗੀ - ਐੱਸਆਈਟੀ
ਜਦੋਂ ਬੀਬੀਸੀ ਨੇ ਹਨੀਪ੍ਰੀਤ 'ਤੇ ਲੱਗੇ ਇਲਜ਼ਾਮਾਂ 'ਤੇ ਟਿੱਪਣੀ ਲਈ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਐੱਸਪੀਐੱਸ ਪਰਮਾਰ ਨਾਲ ਸੰਪਰਕ ਕੀਤਾ, ਜੋ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹਨ।
ਐੱਸਪੀਐੱਸ ਪਰਮਾਰ ਨੇ ਵੇਰਵਿਆਂ ਨੂੰ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ, “ਅਸੀਂ ਤੱਥਾਂ ਦੀ ਪੜਤਾਲ ਕਰਾਂਗੇ ਅਤੇ ਸਬੂਤਾਂ ਦਾ ਮੁਲਾਂਕਣ ਕਰਾਂਗੇ ਫਿਰ ਉਸ ਅਨੁਸਾਰ ਕਾਰਵਾਈ ਕਰਾਂਗੇ।”
‘ਪੁਲਿਸ ਝੂਠੀਆਂ ਕਹਾਣੀਆਂ ਬਣਾ ਰਹੀ ਹੈ’
ਡੇਰਾ ਸੱਚਾ ਸੌਦਾ ਦੇ ਬੁਲਾਰੇ ਜਿਤੇਂਦਰ ਖ਼ੁਰਾਨਾ ਐਡਵੋਕੇਟ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਜੇਕਰ ਪ੍ਰਦੀਪ ਕਲੇਰ ਨਾਲ ਦੇ ਵਿਅਕਤੀ ਨੇ ਮੀਡੀਆ ਵਿੱਚ ਨਸ਼ਰ ਕੀਤੇ ਜਾ ਰਹੇ ਬਿਆਨ ਦਿੱਤੇ ਹਨ ਤਾਂ ਉਹ ਪੂਰੀ ਤਰ੍ਹਾਂ ਝੂਠੇ ਅਤੇ ਨਿਰਾਧਾਰ ਹਨ।
ਡੇਰਾ ਸਿਰਸਾ ਦੇ ਪੈਰੋਕਾਰਾਂ ਦੇ ਬਠਿੰਡਾ ਸਥਿਤ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਐਸਆਈਟੀ ਝੂਠੀਆਂ ਕਹਾਣੀਆਂ ਬਣਾ ਰਹੀ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਮਰਥਕ ਮਹਿੰਦਰਪਾਲ ਬਿੱਟੂ ਕਤਲ ਕਾਂਡ ਦੀ ਜਾਂਚ ਦੇ ਹੁਕਮ ਦਿੱਤੇ ਹਨ।”
ਉਨ੍ਹਾਂ ਅੱਗੇ ਸਵਾਲ ਕੀਤਾ ਕਿ ਪ੍ਰਦੀਪ ਕਲੇਰ ਅੱਠ ਸਾਲਾਂ ਬਾਅਦ ਅਜਿਹੇ ਬਿਆਨ ਕਿਉਂ ਦੇ ਰਿਹਾ ਹੈ, ਜੇਕਰ ਉਸਨੂੰ ਅਜਿਹੀਆਂ ਗੱਲਾਂ ਦਾ ਪਤਾ ਸੀ ਤਾਂ ਉਹ ਪਹਿਲਾਂ ਕਿਉਂ ਨਹੀਂ ਅੱਗੇ ਆਇਆ। ਇਹ ਸਾਰੇ ਇਲਜ਼ਾਮ ਬੇਬੁਨਿਆਦ ਅਤੇ ਝੂਠੀਆਂ ਕਹਾਣੀਆਂ ਹਨ।
ਡੇਰਾ ਸਿਰਸਾ ਦੇ ਅਹਿਮ ਸੂਬਾ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ, "ਬੇਅਦਬੀ 'ਤੇ ਸਾਡਾ ਸਟੈਂਡ ਪਹਿਲਾਂ ਹੀ ਸਪੱਸ਼ਟ ਹੈ ਕਿ ਇਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਨਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ। ਡੇਰੇ ਦਾ ਕਦੇ ਵੀ ਕਿਸੇ ਵੀ ਬੇਅਦਬੀ ਵਿੱਚ ਕੋਈ ਰੋਲ ਨਹੀਂ ਰਿਹਾ।"
ਕੌਣ ਹੈ ਹਨੀਪ੍ਰੀਤ ਇੰਸਾਂ ?
ਹਨੀਪ੍ਰੀਤ ਇੰਸਾਨ, ਜਿਸ ਦਾ ਅਸਲੀ ਨਾਮ ਪ੍ਰਿਅੰਕਾ ਤਨੇਜਾ ਹੈ, ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਆਪਣੀ "ਗੋਦ ਲਈ ਧੀ" ਦੱਸਦੇ ਰਹੇ ਹਨ।
ਜਦਕਿ ਹਨੀਪ੍ਰੀਤ ਦੇ ਤਲਾਕਸ਼ੁਦਾ ਪਤੀ ਵਿਸ਼ਵਾਸ ਗੁਪਤਾ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਰਾਮ ਰਹੀਮ ਹਨੀਪ੍ਰੀਤ ਨਾਲ ਧੀ ਵਾਂਗ ਨਹੀਂ ਸਗੋਂ ਪਤਨੀ ਵਾਂਗ ਪੇਸ਼ ਆਉਂਦਾ ਸੀ।
ਹਾਲਾਂਕਿ, ਹਨੀਪ੍ਰੀਤ ਨੇ ਸਾਰੇ ਦਾਅਵਿਆਂ ਨੂੰ ਖ਼ਾਰਿਜ ਕਰ ਦਿੱਤਾ ਸੀ। ਡੇਰਾ ਸੱਚਾ ਸੌਦਾ 'ਚ ਹਨੀਪ੍ਰੀਤ ਦੀ ਹੈਸੀਅਤ ਬਹੁਤ ਵੱਡੀ ਸੀ।
ਹਨੀਪ੍ਰੀਤ ਦੇ ਇੰਸਟਾਗ੍ਰਾਮ 'ਤੇ 10 ਲੱਖ ਤੋਂ ਵੱਧ ਅਤੇ ਫੇਸਬੁੱਕ 'ਤੇ ਲਗਭਗ 5 ਲੱਖ ਫਾਲੋਅਰਜ਼ ਹਨ।
ਉਸ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਆਪਣੇ ਆਪ ਨੂੰ ਇੱਕ ਪਰਉਪਕਾਰੀ, ਸੰਪਾਦਕ, ਅਭਿਨੇਤਾ ਅਤੇ ਨਿਰਦੇਸ਼ਕ ਵਜੋਂ ਦਰਸਾਇਆ ਹੈ। ਹਨੀਪ੍ਰੀਤ ਰਾਮ ਰਹੀਮ ਦੇ ਨਾਲ ਕੁਝ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।
ਹਨੀਪ੍ਰੀਤ ਕੋਈ ਬਾਲੀਵੁੱਡ ਅਦਾਕਾਰਾ ਤਾਂ ਨਹੀਂ ਹੈ, ਪਰ ਉਸ ਨੇ ਰਾਮ ਰਹੀਮ ਦੀ ਫ਼ਿਲਮ 'ਐਮਐਸਜੀ-2 ਦ ਮੈਸੈਂਜਰ' ਵਿੱਚ ਡੇਬਿਊ ਕੀਤਾ। ਫਿਰ ਉਹ 'ਐਮਐਸਜੀ-ਦਾ ਵਾਰਅੀਅਰ ਲਾਇਨ ਹਾਰਟ' ਵਿੱਚ ਵੀ ਨਜ਼ਰ ਆਈ।
ਹਨੀਪ੍ਰੀਤ ਡੇਰੇ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਹੈ। ਡੇਰਾ ਮੁਖੀ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2017 ਵਿੱਚ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਹਨੀਪ੍ਰੀਤ ਅਪਰਾਧਿਕ ਮਾਮਲਿਆਂ ਦਾ ਵੀ ਸਾਹਮਣਾ ਕਰ ਰਹੀ ਹੈ।
ਪ੍ਰਿਅੰਕਾ ਤਨੇਜਾ ਤੋਂ ਹਨੀਪ੍ਰੀਤ
- ਹਨੀਪ੍ਰੀਤ ਦਾ ਅਸਲ ਨਾਮ ਪ੍ਰਿਅੰਕਾ ਤਨੇਜਾ ਸੀ।
- ਉਸ ਦਾ ਜਨਮ 1975 'ਚ ਹਰਿਆਣਾ ਦੇ ਫਤੇਹਾਬਾਦ 'ਚ ਹੋਇਆ।
- ਰਾਮ ਰਹੀਮ ਨੇ ਹਨੀਪ੍ਰੀਤ ਨੂੰ 2009 'ਚ ਗੋਦ ਲਿਆ।
- ਵਿਸ਼ਵਾਸ ਗੁਪਤਾ ਨਾਲ ਹਨੀਪ੍ਰੀਤ ਦਾ ਵਿਆਹ ਸਾਲ 1999 'ਚ ਹੋਇਆ।
- ਦੋਹਾਂ ਦੇ ਪਰਿਵਾਰ ਡੇਰੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸੀ।
- 2011 ਵਿੱਚ ਤਲਾਕ ਲਈ ਵਿਸ਼ਵਾਸ ਗੁਪਤਾ ਨੇ ਅਰਜ਼ੀ ਦਾਖ਼ਲ ਕੀਤੀ।
ਇਕਬਾਲੀਆ ਬਿਆਨ ਕੀ ਹੁੰਦਾ ਹੈ?
ਧਾਰਾ 164 ਸੀਆਰਪੀਸੀ ਦੇ ਤਹਿਤ ਮੈਜਿਸਟਰੇਟ ਦੁਆਰਾ ਦਰਜ ਕੀਤੇ ਗਏ ਬਿਆਨਾਂ ਬਾਰੇ ਗੱਲ ਕਰਦੀ ਹੈ। ਇਹ ਧਾਰਾ ਮੈਜਿਸਟਰੇਟ ਨੂੰ ਕਿਸੇ ਵਿਅਕਤੀ ਜਾਂ ਉਸ ਦੇ ਇਕਬਾਲੀਆ ਬਿਆਨ ਨੂੰ ਰਿਕਾਰਡ ਕਰਨ ਦਾ ਅਧਿਕਾਰ ਦਿੰਦੀ ਹੈ, ਭਾਵੇਂ ਉਸ ਕੋਲ ਕੇਸ ਵਿੱਚ ਅਧਿਕਾਰ ਖੇਤਰ ਹੋਵੇ ਜਾਂ ਨਹੀਂ।
ਮੈਜਿਸਟਰੇਟ, ਅਜਿਹੇ ਕਿਸੇ ਵੀ ਇਕਬਾਲੀਆ ਬਿਆਨ ਨੂੰ ਦਰਜ ਕਰਨ ਤੋਂ ਪਹਿਲਾਂ, ਉਸ ਵਿਅਕਤੀ ਨੂੰ ਸਮਝਾਏਗਾ ਕਿ ਉਹ ਇਕਬਾਲੀਆ ਬਿਆਨ ਦੇਣ ਲਈ ਪਾਬੰਦ ਨਹੀਂ ਹੈ ਅਤੇ ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਇਹ ਉਸਦੇ ਵਿਰੁੱਧ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ।
ਮੈਜਿਸਟ੍ਰੇਟ ਅਜਿਹਾ ਕੋਈ ਵੀ ਇਕਬਾਲੀਆ ਬਿਆਨ ਦਰਜ ਨਹੀਂ ਕਰੇਗਾ ਜਦੋਂ ਤੱਕ, ਜਦੋ ਉਸ ਨੂੰ ਲੱਗੇ ਕਿ ਇਹ ਸੰਬੰਧਤ ਵਿਅਕਤੀ ਆਪਣੀ ਸਵੈ ਇੱਛਾ ਨਾਲ ਬਿਆਨ ਦਰਜ ਨਹੀਂ ਕਰਾ ਰਿਹਾ ਹੈ।
ਕੀ ਹੈ ਬਰਗਾੜੀ, ਬੇਅਦਬੀ ਕੇਸ ?
ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ।
25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ।
12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਰਗਾੜੀ ਬੇਅਦਬੀ ਮਾਮਲੇ ਵਿੱਚ 7 ਡੇਰਾ ਸਿਰਸਾ ਸਮਰਥਕਾਂ ਨੂੰ ਜੂਨ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਹਨਾਂ ਵਿੱਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ, ਸ਼ਕਤੀ ਸਿੰਘ, ਸੁਖਜਿੰਦਰ ਅਤੇ ਹੋਰ ਡੇਰਾ ਪ੍ਰੇਮੀ ਕਥਿਤ ਤੌਰ ਉੱਤੇ ਸ਼ਾਮਲ ਸਨ।
ਬਿੱਟੂ ਨੂੰ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਸੀ ਜਦਕਿ ਇੱਕ ਹੋਰ ਮੁਲਜ਼ਮ ਪਰਦੀਪ ਸਿੰਘ ਦਾ ਪਿਛਲੇ ਸਾਲ ਕੋਟਕਪੂਰਾ ਵਿੱਚ ਕਤਲ ਕਰ ਦਿੱਤਾ ਗਿਆ।
ਏਡੀਜੀਪੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ ਜਦਕਿ ਚੰਡੀਗੜ੍ਹ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ।
ਕੇਸ ਬਾਰੇ ਹੋਰ ਵੇਰੇਵੇ ਤੁਸੀਂ ਇੱਥੇ ਪੜ੍ਹ ਸਕਦੇ ਹੋ।