ਜਦੋਂ ਭਗਵੰਤ ਮਾਨ ਤੇ ਕਰਮਜੀਤ ਅਨਮੋਲ ਨੇ ਮੁੱਲ ਦੀ ਟਰਾਫ਼ੀ ਖ਼ਰੀਦੀ

    • ਲੇਖਕ, ਖੁਸ਼ਹਾਲ ਲਾਲੀ ਅਤੇ ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਗੱਲ 1990-91 ਦੀ ਹੈ....

ਸੁਨਾਮ ਦੇ ਸ਼ਹੀਦ ਉਧਮ ਸਿੰਘ ਕਾਲਜ ਦੇ ਦੋ ਵਿਦਿਆਰਥੀ ਰੋਪੜ ਦੇ ਨਯਾ ਨੰਗਲ ਸ਼ਹਿਰ ਜਾ ਰਹੇ ਸਨ।

ਉੱਥੇ ਪੰਜਾਬੀ ਯੂਨੀਵਰਸਿਟੀ ਦਾ ਅੰਤਰ ਜ਼ੋਨਲ ਮੁਕਾਬਲਾ ਹੋ ਰਿਹਾ ਸੀ।

ਦੋਵਾਂ ਕੋਲ ਬੱਸ ਦੇ ਕਿਰਾਏ ਲਈ ਉਧਾਰ ਮੰਗ ਕੇ ਲਿਆਂਦੇ ਪੈਸਿਆਂ ਤੋਂ ਬਿਨਾਂ ਹੋਰ ਜ਼ਿਆਦਾ ਖ਼ਰਚਾ ਨਹੀਂ ਸੀ।

ਕਾਲਜ ਵਾਲਿਆਂ ਨੇ ਕਿਹਾ ਸੀ ਆਪਣੇ ਕੋਲ਼ੋ ਖ਼ਰਚ ਦਿਓ, ਆ ਕੇ ਬਿੱਲ ਲੈ ਲਓ।

ਇਸ ਲਈ ਰਸਤੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰਦਆਰੇ ਦੀ ਸਰਾਂ ਵਿੱਚ ਰੁਕ ਗਏ। ਪਰ ਫੇਰ ਸੋਚਿਆ ਕਿ ਇੰਨੀ ਦੂਰ ਆਏ ਹਾਂ, ਮੁਕਾਬਲਾ ਹਾਰ ਕੇ ਕਾਲਜ ਕਿਵੇਂ ਜਾਵਾਂਗੇ। ਦੋਵਾਂ ਨੇ ਇੱਕ ਮੁੱਲ ਦੀ ਟਰਾਫ਼ੀ ਖ਼ਰੀਦ ਲਈ।

ਪਰ ਜਦੋਂ ਮੁਕਾਬਲਾ ਖ਼ਤਮ ਹੋਇਆ ਤਾਂ ਇਨ੍ਹਾਂ 8 ਮੁਕਾਬਲੇ ਜਿੱਤੇ ਅਤੇ ਇਨ੍ਹਾਂ ਕੋਲ ਬੱਸ ਵਿੱਚ ਟਰਾਫ਼ੀਆਂ ਲੈ ਕੇ ਜਾਣ ਦਾ ਜੁਗਾੜ ਨਹੀਂ ਸੀ।

ਇਨ੍ਹਾਂ ਦੋਵਾਂ ਵਿਦਿਆਰਥੀਆਂ ਵਿੱਚੋਂ ਇੱਕ ਸੀ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੂਜੇ ਸਨ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਬਣਾਏ ਗਏ ਕਰਮਜੀਤ ਅਨਮੋਲ।

ਕਰਮਜੀਤ ਅਨਮੋਲ ਪੰਜਾਬੀ ਫਿਲਮ ਉਦਯੋਗ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਭਗਵੰਤ ਮਾਨ ਤੇ ਕਰਮਜੀਤ ਦੀ ਕਲਾ ਕਾਰਨ ਪਈ ਦੋਸਤੀ, ਹੁਣ ਸਿਆਸੀ ਯਾਰੀ ਵਿੱਚ ਵੀ ਬਦਲ ਗਈ ਹੈ।

ਇਨ੍ਹਾਂ ਦੋਵਾਂ ਦੇ ਕਰੀਬੀ ਦੋਸਤ ਸਾਬਕਾ ਪੱਤਰਕਾਰ ਮਨਜੀਤ ਸਿੰਘ ਸਿੱਧੂ ਨੇ ਉਕਤ ਕਿੱਸਾ ਬੀਬੀਸੀ ਪੰਜਾਬੀ ਨਾਲ ਸਾਂਝਾ ਕੀਤਾ।

ਕਰਮਜੀਤ ਅਨਮੋਲ ਭਗਵੰਤ ਮਾਨ ਦੇ ਨਜ਼ਦੀਕੀ ਰਹੇ ਹਨ, ਉਹ ਭਗਵੰਤ ਮਾਨ ਦੀ ਚੋਣਾਂ ਵਿੱਚ ਵੀ ਖੁੱਲ੍ਹ ਕੇ ਸਪੋਰਟ ਕਰਦੇ ਆ ਰਹੇ ਹਨ।

ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦੀ ਕਾਫੀ ਚਰਚਾ ਹੋ ਰਹੀ ਹੈ।

ਕਰਮਜੀਤ ਅਨਮੋਲ ਦਾ ਪਿਛੋਕੜ

ਕਰਮਜੀਤ ਅਨਮੋਲ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਸਬੰਧ ਸੁਨਾਮ ਦੇ ਗੰਢੂਆਂ ਪਿੰਡ ਨਾਲ ਹੈ। ਉਹ ਦਲਿਤ ਪਰਿਵਾਰ ਵਿੱਚ ਪੈਦਾ ਹੋਏ ਅਤੇ ਅੱਤ ਦੀ ਗੁਰਬਤ ਨਾਲ ਜੂਝ ਕੇ ਕਲਾ ਤੇ ਸਾਹਿਤ ਜਗਤ ਦੇ ਸਟਾਰ ਬਣੇ।

ਕਰਮਜੀਤ ਦੱਸਦੇ ਹਨ, ‘‘ਹਾਲਾਤ ਮੰਦੇ ਹੁੰਦੇ ਸਨ, ਪਿਤਾ ਜੀ ਬੇਜ਼ਮੀਨੇ ਕਿਸਾਨ ਸਨ, ਠੇਕੇ ਉੱਤੇ ਜ਼ਮੀਨ ਲੈਕੇ ਖੇਤੀ ਕਰਦੇ ਹੁੰਦੇ ਹਨ। ਸਭ ਕੁਝ ਅਸੀਂ ਆਪਣੇ ਹੱਥੀਂ ਹੀ ਕਰਦੇ ਸੀ।’’

‘‘ਮੈਂ ਤਾਂ ਉਹ ਦਿਨ ਵੀ ਦੇਖੇ ਹਨ ਕਿ ਜਦੋਂ ਡੀਜ਼ਲ ਦੀ ਢੋਲੀ 20 ਰੁਪਏ ਦੀ ਆਉਂਦੀ ਸੀ ਅਤੇ 20 ਰੁਪਈਆਂ ਲਈ ਵੀ ਉਧਾਰ ਲੈਣਾ ਪੈਂਦਾ ਸੀ।’’

ਪੰਜਾਬੀ ਗਾਇਕੀ ਵਿੱਚ ਕਲ਼ੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਮਰਹੂਮ ਗਾਇਕ ਕੁਲਦੀਪ ਮਾਣਕ ਕਰਮਜੀਤ ਦੇ ਮਾਮਾ ਸਨ। ਪਰ ਕਰਮਜੀਤ ਨੇ ਆਪਣੀ ਗਾਇਕੀ ਅਤੇ ਕਲ਼ਾ ਦਾ ਰਾਹ ਖੁਦ ਤਿਆਰ ਕੀਤਾ।

ਕਰਮਜੀਤ ਨੇ ਦੱਸਿਆ ਸੀ, ‘‘ਮਾਮਾ ਜੀ ਨੂੰ ਮੇਰੇ ਗਾਉਣ ਵਾਰੇ ਉਦੋਂ ਪਤਾ ਲੱਗਿਆ ਜਦੋਂ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਪਹਿਲੀ ਕੈਸਟ ‘ਆਸ਼ਕ ਭਾਜੀ’ ਦੀ ਰਿਕਾਰਡਿੰਗ ਹੋ ਰਹੀ ਸੀ ਕਿ ਸਟੂਡੀਓ ਵਿੱਚ ਅਚਾਨਕ ਮਾਣਕ ਸਾਹਿਬ ਆ ਗਏ, ਉਨ੍ਹਾਂ ਮੇਰੇ ਵੱਲ ਹੈਰਾਨੀ ਨਾਲ ਝਾਕਦਿਆਂ ਪੁੱਛਿਆ, ਤੂੰ ਵੀ ਗਾਉਂਦਾ ਹੈ?’’

ਕਰਮਜੀਤ ਅਨਮੋਲ ਦੇ ਸ਼ੌਕ

ਕਰਮਜੀਤ ਅਨਮੋਲ ਬਾਰੇ ਉਨ੍ਹਾਂ ਦੇ ਇੱਕ ਹੋਰ ਦੋਸਤ ਗੌਤਮ ਰਿਸ਼ੀ ਦੱਸਦੇ ਹਨ, ‘‘ਉਹ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਹੈ।’’

ਉਹ ਗਾਇਕੀ ਦੇ ਖੇਤਰ ਵਿੱਚ ਜਦੋਂ ਮਸ਼ਹੂਰ ਹੋਏ ਅਤੇ ਮੁਹਾਲੀ ਰਹਿਣ ਲੱਗ ਪਏ, ਤਾਂ ਵੀ ਉਹਨਾਂ ਦੇ ਘਰ ਇਲਾਕੇ ਦੇ ਮੁੰਡਿਆਂ ਦਾ ਮੇਲੇ ਲੱਗਿਆ ਰਹਿੰਦਾ।

ਉਹ ਦੱਸਦੇ ਹਨ, ਜਿਹੜਾ ਵੀ ਸੰਗੀ ਸਾਥੀ ਚੰਡੀਗੜ੍ਹ ਕੰਮ ਲਈ ਆਉਂਦਾ ਉਸ ਦਾ ਟਿਕਾਣਾ ਕਰਮਜੀਤ ਦੇ ਘਰ ਹੀ ਹੁੰਦਾ ਹੈ।

ਕਰਮਜੀਤ ਨੂੰ ਰਵਾਇਤੀ ਖਾਣਾ ਬਣਾਉਣ ਅਤੇ ਖਾਣ ਦਾ ਸ਼ੌਂਕ ਹੈ, ਉਸ ਦੇ ਘਰ ਬਣੀ ਚਿੱਬੜਾਂ ਦੀ ਚਟਨੀ, ਸਾਗ ਅਤੇ ਕੜੀ ਦੇ ਕਿੱਸੇ ਕਈ ਫਿਲਮੀ ਕਲਾਕਾਰ ਆਮ ਦੱਸਦੇ ਹਨ।

ਕਰਮਜੀਤ ਨੇ ਬੀਬੀਸੀ ਪੰਜਾਬੀ ਨਾਲ ਇੱਕ ਕਿੱਸਾ ਸਾਂਝਾ ਕਰਦੇ ਦੱਸਿਆ ਕਿ ਉਹ ਇੰਗਲੈਂਡ ਕਿਸੇ ਫਿਲਮ ਦੇ ਸ਼ੂਟ ਉੱਤੇ ਗਏ ਹੋਏ ਸਨ। ਉਹ ਭਾਰਤ ਤੋਂ ਕਰੇਲੇ ਅਤੇ ਪਰੋਠੇ ਲੈ ਕੇ ਗਏ ਸਨ, ਜੋ ਉਨ੍ਹਾਂ ਹੋਟਲ ਦੇ ਫਰਿੱਜ ਵਿੱਚ ਰੱਖ ਦਿੱਤੇ।

ਇੱਕ ਦਿਨ ਉਨ੍ਹਾਂ ਦੇ ਕਮਰੇ ਵਿੱਚ ਬੀਨੂੰ ਢਿੱਲੋਂ ਅਤੇ ਸੋਨਮ ਬਾਜਵਾ ਆਏ ਤਾਂ ਉਨ੍ਹਾਂ ਕਰਮਜੀਤ ਨੂੰ ਕੁਝ ਖੁਆਉਣ ਲਈ ਕਿਹਾ।

ਕਰਮਜੀਤ ਨੇ ਝੱਟ ਫਰਿੱਜ ਤੋਂ ਕਰੇਲੇ ਤੇ ਪਰੋਠੇ ਕੱਢ ਕੇ ਅੱਗੇ ਰੱਖ ਦਿੱਤੇ। ਜਦੋਂ ਉਨ੍ਹਾਂ ਖਾ ਲਏ ਅਤੇ ਬਾਅਦ ਵਿੱਚ ਪੁੱਛਿਆ ਕਿ ਇਹ ਕਿੱਥੋਂ ਲਿਆਂਦੇ ਤਾਂ ਕਰਮਜੀਤ ਨੇ ਜਵਾਬ ਦਿੱਤਾ ਪੰਦਰਾਂ ਦਿਨ ਪਹਿਲਾਂ ਜਦੋਂ ਸ਼ੂਟ ਉੱਤੇ ਆਏ ਸੀ।

ਕਰਮਜੀਤ ਦੀ ਗਾਇਕੀ ਦਾ ਸਫ਼ਰ

ਕਰਮਜੀਤ ਅਨਮੋਲ ਨੂੰ ਪੰਜਾਬੀ ਨਿਰਮਾਤਾ ਜਰਨੈਲ ਘੁਮਾਣ ਨੇ ਲਾਂਚ ਕੀਤਾ ਸੀ ਜਦੋਂ ਉਹ 12ਵੀਂ ਜਮਾਤ ਵਿੱਚ ਪੜ੍ਹਦੇ ਸਨ।

ਉਨ੍ਹਾਂ ਦੀ ਪਹਿਲੀ ਐਲਬਮ ਦਾ ਨਾਮ - "ਆਸ਼ਕ ਭਾਜੀ" ਸੀ।

ਅਨਮੋਲ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਗਾਇਕੀ, ਸੱਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਤੇ ਉਹ ਪ੍ਰਸਿੱਧ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਣ ਲਈ ਮਸ਼ਹੂਰ ਸਨ।

ਗੌਤਮ ਰਿਸ਼ੀ ਦੱਸਦੇ ਹਨ, ‘‘ਮਘਦਾ ਰਹੀ ਵੇ ਸੂਰਜ ਕੰਮੀਆਂ ਦੇ ਵਿਹੜੇ’, ਉਸ ਦੀ ਗਾਇਕੀ ਦਾ ਸ਼ਾਹਕਾਰ ਨਮੂਨਾ ਸਮਝਿਆ ਜਾਂਦਾ ਹੈ। ਇਸ ਗੀਤ ਨੇ ਹੀ ਉਸ ਨੂੰ ਅਨੇਕਾ ਐਵਾਰਡ ਦੁਆਏ ਅਤੇ ਕਰਮਜੀਤ ਸਿੰਘ ਤੋਂ ਕਰਮਜੀਤ ਅਨਮੋਲ ਬਣਨ ਦਾ ਰਾਹ ਸਾਫ਼ ਕੀਤਾ।’’

‘‘ਪਰ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਆਪਣੇ ਗਾਇਕੀ ਕਰੀਅਰ ਵਿੱਚ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ।"

ਇਸ ਵਾਰ ਫੇਰ ਭਗਵੰਤ ਮਾਨ ਦੀ ਦੋਸਤੀ ਉਸ ਦੇ ਕੰਮ ਆਈ ਅਤੇ ਉਹ ਦੋਵੇਂ ਪੰਜਾਬੀ ਟੀਵੀ ਚੈਨਲ ਉੱਤੇ ਮਸ਼ਹੂਰ ਕਾਮੇਡੀ ਟੀਵੀ ਸ਼ੋਅ, "ਜੁਗਨੂ ਹਾਜ਼ਰ ਹੈ" ਦਾ ਹਿੱਸਾ ਬਣਿਆ। ਇਸ ਦਾ ਟਾਇਟਲ ਗੀਤ ਵੀ ਕਰਮਜੀਤ ਨੇ ਹੀ ਗਾਇਆ ਸੀ।

ਇਹ ਸੀਰੀਅਲ ਇੰਨਾ ਮਕਬੂਲ ਹੋਇਆ ਕਿ ਇਸ ਦੇ ਕਰੀਬ 500 ਤੋਂ ਵੱਧ ਸ਼ੌਅ ਬਣੇ।

ਕਰਮਜੀਤ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ, ‘‘ਇਸ ਸ਼ੌਅ ਦੀ ਰੋਚਕ ਗੱਲ ਇਹ ਸੀ ਇਸ ਦੀ ਸਕਰਿਪਟ ਨਹੀਂ ਲਿਖੀ ਜਾਂਦੀ ਸੀ। ਗੱਡੀ ਵਿੱਚ ਚੰਡੀਗੜ੍ਹ ਤੋਂ ਦਿੱਲੀ ਜਾਂਦੇ-ਜਾਂਦੇ ਭਗਵੰਤ ਤੇ ਕਰਮਜੀਤ ਗੱਲਾਂ-ਗੱਲਾਂ ਵਿੱਚ ਤੈਅ ਕਰ ਲੈਂਦੇ ਸਨ ਕਿ ਕੀ ਸ਼ੂਟ ਕਰਨ ਹੈ ਅਤੇ ਕਿਹੋ ਜਿਹੇ ਡਾਇਲਾਗ ਬੋਲਣੇ ਹਨ।’’

ਕਰਮਜੀਤ ਅਨਮੋਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਆਪਣੇ ਗਾਇਕੀ ਦੇ ਕਰੀਅਰ ਦੇ ਇੱਕ ਬਿੰਦੂ 'ਤੇ, ਉਸ ਨੂੰ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਕੋਲ ਨਾ ਆਪਣੇ ਕੋਈ ਸ਼ੋਅ ਸਨ ਅਤੇ ਨਾ ਹੀ ਨਵੀ ਐਲਬਮ ਬਣਾਉਣ ਲਈ ਕੋਈ ਵਿੱਤੀ ਸਹਾਇਤਾ।

ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਕਾਮੇਡੀ ਸ਼ੋਅ ਵਿੱਚ ਸ਼ਾਮਲ ਹੋਣ ਲਈ ਕਿਹਾ ਅਤੇ ਫਿਰ ਉਹਨਾ ਨੇ ਮਾਨ ਨਾਲ ਕਾਮੇਡੀ ਸ਼ੋਆਂ ਵਿੱਚ 500 ਤੋਂ ਵੱਧ ਐਪੀਸੋਡ ਕੀਤੇ ਅਤੇ ਵੱਖ-ਵੱਖ ਕਿਰਦਾਰ ਨਿਭਾਏ, ਜੋ ਸਾਰੇ ਬਹੁਤ ਮਸ਼ਹੂਰ ਹੋਏ ਸਨ।

ਪੰਜਾਬੀ ਫ਼ਿਲਮਾਂ ਦਾ ਸਫ਼ਰ

ਟੀਵੀ ਚੈਨਲਾਂ ਦੇ ਸ਼ੌਅਜ਼ ਤੋਂ ਬਾਅਦ ਕਰਮਜੀਤ ਨੂੰ ਪੰਜਾਬੀ ਫ਼ਿਲਮਾਂ ਵਿਚ ਰੋਲ ਮਿਲਣੇ ਸ਼ੁਰੂ ਹੋ ਗਏ ਅਤੇ ਅਦਾਕਾਰੀ ਦੇ ਖੇਤਰ ਵਿੱਚ ਉਸ ਦੀ ਤੂਤੀ ਬੋਲਣ ਲੱਗੀ।

ਫਿਰ ਉਨ੍ਹਾਂ ਪਲੇਬੈਕ ਗਾਇਕ ਵਜੋਂ ਵੀ ਗਾਇਕੀ ਸ਼ੁਰੂ ਕੀਤੀ ਤੇ ਪੰਜਾਬੀ ਫਿਲਮ ''ਜੱਟ ਬੁਆਏਜ਼'' 'ਚ ਉਨ੍ਹਾਂ ਦੇ ਗੀਤ ''ਯਾਰਾ ਵੇ'' ਨੂੰ ਭਰਵਾਂ ਹੁੰਗਾਰਾ ਮਿਲਿਆ।

ਕਰਮਜੀਤ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਲਗਭਗ 120 ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 100 ਤੋਂ ਵੱਧ ਰਿਲੀਜ਼ ਹੋ ਚੁੱਕੀਆਂ ਹਨ ਅਤੇ ਹੁਣ ਤੱਕ 250 ਤੋਂ ਵੱਧ ਪੰਜਾਬੀ ਗੀਤ ਗਾ ਚੁੱਕੇ ਹਨ।

ਚੋਣ ਸਿਆਸਤ ਵਿੱਚ ਉਤਰਨ ਬਾਰੇ ਕੀ ਕਿਹਾ

ਫਰੀਦਕੋਟ ਤੋਂ ਟਿਕਟ ਮਿਲਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਅਨਮੋਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਨ ਆਇਆ ਸੀ ਕਿ ਉਨ੍ਹਾਂ ਨੂੰ ਫਰੀਦਕੋਟ ਤੋਂ ਚੋਣ ਲੜਨ ਲਈ ਭੇਜ ਰਹੇ ਹਨ ਅਤੇ ਮੈਂ ਉਹਨਾਂ ਨੂੰ ਕਿਹਾ ਕਿ "ਜਿਵੇਂ ਤੁਹਾਡੀ ਮਰਜ਼ੀ।"

ਉਨ੍ਹਾਂ ਅੱਗੇ ਦੱਸਿਆ ਕਿ ਚੋਣਾਂ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਨਾਲ ਪਿਛਲੇ ਡੇਢ ਮਹੀਨੇ ਤੋਂ ਗੱਲਬਾਤ ਚੱਲ ਰਹੀ ਸੀ।

ਉਹ ਕਹਿੰਦੇ ਹਨ, "ਪਹਿਲਾਂ ਸੰਗਰੂਰ ਹਲਕੇ ਤੋਂ ਟਿਕਟ ਦੇਣ ਤੋਂ ਇਨਕਾਰ ਕੀਤੇ ਜਾਣ 'ਤੇ ਚੋਣ ਲੜਨ ਤੋਂ ਨਾ ਕਰ ਦਿੱਤੀ ਸੀ ਕਿਉਂਕਿ ਮੈਂ ਆਪਣੇ ਹੀ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਸੀ।''

ਪਰ ਪਾਰਟੀ ਨੇ ਉਨ੍ਹਾਂ ਨੂੰ ਕਿਹਾ ਕਿ 'ਇੱਕ ਅਦਾਕਾਰ ਲਈ ਸਾਰਾ ਪੰਜਾਬ ਬਰਾਬਰ ਹੈ'।

ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਬਾਰੇ ਬੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਕਰਮਜੀਤ ਅਨਮੋਲ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖ਼ਰਾ ਉੱਤਰਨ ਦੀ ਕੋਸ਼ਿਸ਼ ਕਰਨਗੇ।

ਉਹ ਕਹਿੰਦੇ ਹਨ ਕਿ ਸਿਆਸਤ ਵਿੱਚ ਆਉਣ ਲਈ ਉਨ੍ਹਾਂ ਨੂੰ ਪੁਰਾਣੇ ਦੋਸਤ ਭਗਵੰਤ ਮਾਨ ਨੇ ਪ੍ਰੇਰਿਤ ਕੀਤਾ, ਉਹ ਕਹਿੰਦੇ ਹਨ ਕਿ ਚੋਣਾਂ ਵਿੱਚ ਜਿੱਤ ਦਰਜ ਕਰਨ ਤੋਂ ਬਾਅਦ ਉਹ ਆਪਣਾ ਕਰੀਅਰ ਵੀ ਜਾਰੀ ਰੱਖਣਗੇ।

ਉਨ੍ਹਾਂ ਦੇ ਫ਼ਰੀਦਕੋਟ ਤੋਂ ਚੋਣ ਲੜਨ ਬਾਰੇ ਉਹ ਕਹਿੰਦੇ ਹਨ, "ਮੇਰੇ ਲਈ ਕੋਈ ਜ਼ਿਲ੍ਹਾ ਨਵਾਂ ਨਹੀਂ ਹੈ, ਮੇਰੇ ਲਈ ਪੂਰਾ ਪੰਜਾਬ ਇੱਕ ਹੈ। ਇੱਕ ਐਕਟਰ ਨੂੰ ਹਰ ਜਗ੍ਹਾ ਇੱਕੋ ਜਿਹਾ ਪਿਆਰ ਮਿਲਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)