ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ 58 ਸਾਲ ਦੀ ਉਮਰ ਵਿੱਚ ਦੂਜੀ ਵਾਰ ਬਣਨਗੇ ਮਾਂ, ਇਸ ਤਕਨੀਕ ਰਾਹੀਂ ਹੋਵੇਗਾ ਸੰਭਵ

ਮਰਹੂਮ ਪੰਜਾਬੀ ਪੌਪ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਗਰਭਵਤੀ ਹਨ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਸਬੰਧਤ ਸੂਤਰਾਂ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੇ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਇਸੇ ਸਾਲ ਮਾਰਚ ਵਿੱਚ ਬੱਚੇ ਨੂੰ ਜਨਮ ਦੇਣਗੇ ।

ਪਰਿਵਾਰਕ ਸਰੋਤਾਂ ਨੇ ਇਸ ਬਾਰੇ ਵੀ ਪੁਸ਼ਟੀ ਕੀਤੀ ਕਿ ਬੱਚਾ ਆਈਵੀਐੱਫ ਤਕਨੀਕ ਦੀ ਵਰਤੋਂ ਰਾਹੀਂ ਸੰਸਾਰ ਵਿੱਚ ਆਵੇਗਾ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੂਜੀ ਵਾਰ ਮਾਪੇ ਬਣਨਗੇ।

ਵਡੇਰੀ ਉਮਰ ਵਿੱਚ ਬੱਚੇ ਨੂੰ ਜਨਮ ਦੇਣਾ ਭਾਰਤੀ ਸਮਾਜ ਵਿੱਚ ਇੱਕ ਸਮਾਜਿਕ ਸ਼ਰਮ ਦਾ ਮੁੱਦਾ ਸਮਝਿਆ ਜਾਂਦਾ ਹੈ।

ਇਸੇ ਲਈ ਜਦੋਂ ਮੂਸੇਵਾਲਾ ਦੇ ਮਾਪਿਆਂ ਦੇ ਦੂਜੀ ਵਾਰ ਬੱਚਾ ਪੈਦਾ ਕਰਨ ਦੀ ਖ਼ਬਰ ਸਾਹਮਣੇ ਆਈ ਤਾਂ ਇਸ ਨੂੰ ਮੀਡੀਆ ਦੇ ਇੱਕ ਖ਼ਾਸ ਹਿੱਸੇ ਨੇ ਅਜੀਬੋ-ਗਰੀਬ ਢੰਗ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ।

ਬੀਬੀਸੀ ਸਹਿਯੋਗੀ ਨੇ ਜਦੋਂ ਮੂਸੇਵਾਲਾ ਪਰਿਵਾਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਅਤੇ ਪਰਿਵਾਰਕ ਮਸਲਾ ਹੈ।

ਉਹ ਇਸ ਬਾਰੇ ਹੋਰ ਕੋਈ ਜਾਣਕਾਰੀ ਜਾਂ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ।

28 ਸਾਲਾ ਸਿੱਧੂ ਮੂਸੇਵਾਲਾ ਇੱਕ ਗਾਇਕ ਵਜੋਂ ਕੌਮਾਂਤਰੀ ਪੱਧਰ ਉੱਤੇ ਮਸ਼ਹੂਰ ਸਨ।

ਉਨ੍ਹਾਂ ਨੂੰ 29 ਮਈ 2022 ਨੂੰ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਘੇਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਘਟਨਾ ਮਾਨਸਾ ਜ਼ਿਲ਼੍ਹੇ ਦੇ ਹੀ ਪਿੰਡ ਜਵਾਹਰਕੇ ਵਿੱਚ ਵਾਪਰੀ ਸੀ।

ਸਿੱਧੂ ਮੂਸੇ ਵਾਲਾ ਨੇ 15 ਮਈ 2020 ਨੂੰ ਆਪਣੀ ਮਾਂ ਨੂੰ ਸਮਰਪਿਤ ਆਪਣਾ ਗੀਤ ਵੀ ਰਿਲੀਜ਼ ਕੀਤਾ ਸੀ। ਇਸ ਗੀਤ ਦਾ ਨਾਮ 'ਡੀਅਰ ਮਮਾ' ਸੀ।

ਇਹ ਗੀਤ ਉਨ੍ਹਾਂ ਨੇ ਆਪਣੀ ਮਾਤਾ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਸੀ।

ਇਸ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਉਨ੍ਹਾਂ ਦੇ ਪਿਤਾ ਵੀ ਨਜ਼ਰ ਆਏ ਸਨ।

ਇਸ ਗੀਤ ਦੇ ਬੋਲ ਸਨ, 'ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆਂ'। ਇਸ ਗੀਤ ਨੂੰ ਯੂਟਿਊਬ ਉੱਤੇ ਹੁਣ ਤੱਕ 143 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਸਿੱਧੂ ਮੂਸੇ ਵਾਲਾ ਦੀ ਮਾਤਾ ਲੜੇ ਸਨ ਸਰਪੰਚੀ ਦੀ ਚੋਣ

ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਉਮਰ 58 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

2018 ਵਿੱਚ ਉਨ੍ਹਾਂ ਨੇ ਸਰਪੰਚੀ ਦੀ ਚੋਣ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਤੋਂ ਲੜੀ ਸੀ ਜਿਸ ਵਿੱਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ ਸੀ।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਖ-ਵੱਖ ਮੌਕਿਆਂ ਉੱਤੇ ਉਨ੍ਹਾਂ ਦੀ ਮੌਤ ਦੇ ਇਨਸਾਫ਼ ਲਈ ਜਨਤਕ ਤੌਰ ਉੱਤੇ ਬਿਆਨ ਦਿੰਦੇ ਰਹੇ ਹਨ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਮਾਨਸਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰੇ ਸਨ।

ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਚੋਣਾਂ ਵਿੱਚ ਹਾਰ ਗਏ ਸਨ।

ਆਈਵੀਐੱਫ ਤਕਨੀਕ ਕੀ ਹੈ?

ਆਈਵੀਐੱਫ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਜਾਂ ਗਰਭਧਾਰਨ ਦੇ ਹੋਰ ਸਾਰੇ ਤਰੀਕਿਆਂ ਵਿੱਚ ਸਫ਼ਲਤਾ ਹਾਸਲ ਨਹੀਂ ਹੁੰਦੀ।

ਆਈਵੀਐੱਫ ਤਕਨੀਕ ਅਤੇ ਇਸ ਦੀ ਸ਼ੁਰੂਆਤ ਬਾਰੇ ਡਾਕਟਰ ਨਯਨਾ ਪਟੇਲ ਨੇ ਬੀਬੀਸੀ ਨੂੰ ਦੱਸਿਆਂ ਸੀ ਕਿ ਇਸ ਦੀ ਸ਼ੁਰੂਆਤ 1978 'ਚ ਹੋਈ ਸੀ।

ਗੁਜਰਾਤ ਦੇ ਆਨੰਦ ਵਿੱਚ ਆਕਾਂਕਸ਼ਾ ਹਸਪਤਾਲ ਅਤੇ ਖੋਜ ਸੰਸਥਾਨ ਦੇ ਮੈਡੀਕਲ ਡਾਇਰੈਕਟਰ ਡਾ. ਪਟੇਲ ਨੇ ਦੱਸਿਆ ਸੀ, "ਆਈਵੀਐੱਫ ਦੀ ਵਰਤੋਂ ਉਨ੍ਹਾਂ ਔਰਤਾਂ ਦੇ ਮਾਮਲੇ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ।"

ਉਨ੍ਹਾਂ ਦੱਸਿਆ ਸੀ ਕਿ ਇਸ ਦੌਰਾਨ ਲੈਬ ਵਿੱਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਰੱਖਿਆ ਜਾਂਦਾ ਹੈ ਜਿਸ ਤੋਂ ਭਰੂਣ ਤਿਆਰ ਹੁੰਦਾ ਹੈ।

ਉਨ੍ਹਾਂ ਦੱਸਿਆ ਸੀ ਕਿ ਜਦੋਂ ਭਰੂਣ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਹੈ।

ਉਹ ਕਹਿੰਦੇ ਹਨ ਕਿ ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਿੱਤੀ ਹੈ ਅਤੇ ਔਰਤਾਂ ਤੋਂ ਬਾਂਝਪਨ ਦਾ ਕਲੰਕ ਦੂਰ ਕੀਤਾ ਹੈ।

ਕਾਨੂੰਨ ਵੱਲੋਂ ਤੈਅ ਕੀਤੀ ਉਮਰ ਹੱਦ

ਭਾਰਤ ਵਿੱਚ ਸਾਲ 2021 ਵਿੱਚ ਇੱਕ ਨਵਾਂ ਕਾਨੂੰਨ ਅਸਿਸਟੈਂਟ ਰੀਪ੍ਰੋਡਕਟਿਵ ਟੈਕਨਾਲੋਜੀ (ਏਆਰਟੀ) ਐਕਟ ਲਾਗੂ ਹੋਇਆ ਸੀ।

ਡਾਕਟਰ ਸੁਨੀਤਾ ਅਰੋੜਾ ਦਿੱਲੀ ਦੇ ਬਲੂਮ ਆਈਵੀਐੱਫ ਸੈਂਟਰ ਦੇ ਆਈਵੀਐੱਫ ਮਾਹਿਰ ਹਨ।

ਉਨ੍ਹਾਂ ਨੇ ਬੀਬੀਸੀ ਨਾਲ ਇਸ ਵਿਸ਼ੇ ਬਾਰੇ ਗੱਲ ਕੀਤੀ ਸੀ।

ਡਾ. ਸੁਨੀਤਾ ਅਰੋੜਾ ਇਸ ਕਾਨੂੰਨ ਦੇ ਤਹਿਤ ਆਈਵੀਐੱਫ ਦੀ ਮਦਦ ਲੈਣ ਵਾਲੀ ਮਾਂ ਦੀ ਵੱਧ ਤੋਂ ਵੱਧ ਉਮਰ 50 ਸਾਲ ਅਤੇ ਪਿਤਾ ਦੀ ਉਮਰ 55 ਸਾਲ ਕਰਨ ਦਾ ਸਮਰਥਨ ਕਰਦੇ ਹਨ।

ਡਾ. ਅਰੋੜਾ ਕਹਿੰਦੇ ਹਨ, “ਵੱਧ ਉਮਰ ਤੈਅ ਕਰਨ ਦਾ ਇੱਕ ਕਾਰਨ ਬੱਚੇ ਦੇ ਪਾਲਣ ਪੋਸ਼ਨ ਨਾਲ ਜੁੜਿਆ ਹੋਇਆ ਹੈ। ਮੰਨ ਲਓ ਜਦੋਂ ਬੱਚਾ 15-20 ਸਾਲ ਦਾ ਹੋ ਜਾਂਦਾ ਹੈ ਅਤੇ ਮਾਂ-ਬਾਪ ਦੀ ਉਮਰ 70 ਸਾਲ ਤੋਂ ਵੱਧ ਜਾਂਦੀ ਹੈ, ਤਾਂ ਉਹ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਿਵੇਂ ਨਿਭਾਉਣਗੇ? ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ 50 ਸਾਲ ਤੋਂ ਬਾਅਦ ਮਾਂ ਬਣਨਾ ਸਿਹਤ ਦੇ ਲਿਹਾਜ਼ ਨਾਲ ਠੀਕ ਨਹੀਂ ਹੈ।”

ਉਹ ਕਹਿੰਦੇ ਹਨ, “45 ਸਾਲ ਤੋਂ ਵੱਧ ਉਮਰ ਦੇ ਆਈਵੀਐੱਫ਼ ਦੇ ਮਾਮਲਿਆਂ ਵਿੱਚ ਅਸੀਂ ਮੈਡੀਕਲ ਸਿਹਤ ਵੱਲ ਬਹੁਤ ਧਿਆਨ ਦਿੰਦੇ ਹਾਂ। ਕਿਉਂਕਿ ਗਰਭ ਅਵਸਥਾ ਦੌਰਾਨ ਦਿਲ ’ਤੇ ਦਬਾਅ ਵੱਧਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਉੱਪਰ-ਹੇਠਾਂ ਹੁੰਦਾ ਰਹਿੰਦਾ ਹੈ। ਕਈ ਵਾਰ ਔਰਤਾਂ ਅਜਿਹੀਆਂ ਤਬਦੀਲੀਆਂ ਨੂੰ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੀਆਂ।”

ਡਾ ਪਟੇਲ ਵੀ ਵੱਡੀ ਉਮਰ ਵਿੱਚ ਆਈਵੀਐੱਫ ਦਾ ਸਹਾਰਾ ਲੈਣ ਦੇ ਵਿਰੁੱਧ ਹਨ। ਪਰ ਉਹ ਕਹਿੰਦੇ ਹਨ ਕਿ ਕੁਝ ਮਾਮਲਿਆਂ ਵਿੱਚ ਇੱਕ ਜਾਂ ਦੋ ਸਾਲ ਦੀ ਛੋਟ ਬਾਰੇ ਵਿਚਾਰ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਉਹ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ, "ਜੇ ਪਤਨੀ ਦੀ ਉਮਰ 40-45 ਸਾਲ ਦੇ ਵਿਚਕਾਰ ਹੈ ਅਤੇ ਪਤੀ ਦੀ ਉਮਰ 56 ਸਾਲ ਹੈ ਜਾਂ ਪਤਨੀ ਦੀ ਉਮਰ 51 ਸਾਲ ਅਤੇ ਪਤੀ ਦੀ ਉਮਰ 53 ਸਾਲ ਹੈ, ਤਾਂ ਅਜਿਹੇ ਮਾਮਲਿਆਂ ਵਿੱਚ ਤੰਦਰੁਸਤੀ ਦੇ ਅਧਾਰ 'ਤੇ ਆਈਵੀਐੱਫ਼ ਦੀ ਇਜਾਜ਼ਤ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।”

ਕੀ ਇਹ ਸਫਲਤਾ ਦੀ ਗਾਰੰਟੀ ਹੈ?

ਇਸ 'ਤੇ ਡਾ. ਨਯਨਾ ਪਟੇਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਮਾਮਲੇ 'ਚ 80 ਫੀਸਦੀ ਸਫਲਤਾ ਮਿਲਦੀ ਹੈ।

ਜੇਕਰ ਔਰਤਾਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੋਵੇ ਤਾਂ ਬੱਚਾ ਹੋਣ ਦੀ ਸੰਭਾਵਨਾ 60 ਫੀਸਦੀ ਤੱਕ ਹੁੰਦੀ ਹੈ।

ਜੇਕਰ ਉਮਰ 40 ਸਾਲ ਤੋਂ ਉੱਪਰ ਹੈ ਤਾਂ 18 ਤੋਂ 20 ਫ਼ੀਸਦੀ ਮਾਮਲਿਆਂ ਵਿੱਚ ਹੀ ਸਫ਼ਲਤਾ ਮਿਲਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)