ਚੁਕੰਦਰ ਦੇ 5 ਵੱਡੇ ਫਾਇਦੇ ਜੋ ਦਿਲ, ਦਿਮਾਗ ਨੂੰ ਚੁਸਤ ਅਤੇ ਸਿਹਤਮੰਦ ਰੱਖਦੇ ਹਨ

    • ਲੇਖਕ, ਮਾਈਕਲ ਮੋਸਲੇ
    • ਰੋਲ, ਬੀਬੀਸੀ ਸੀਰੀਜ਼ 'ਜਸਟ ਵਨ ਥਿੰਗ' ਤੋਂ

ਤੁਹਾਡੀ ਫਿਟਨੈਸ ਅਤੇ ਸਿਹਤ ਜਿਹੋਜੀ ਮਰਜ਼ੀ ਹੋਵੇ, ਚੁਕੰਦਰ ਇਸ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਵਧੀਆ ਹੱਲ ਹੋ ਸਕਦਾ ਹੈ।

ਇਹ ਜੜ੍ਹ ਨਾ ਸਿਰਫ ਤੁਹਾਡੀ ਤਾਕਤ ਵਿੱਚ ਸੁਧਾਰ ਕਰ ਸਕਦੀ ਹੈ ਸਗੋਂ ਤੁਹਾਨੂੰ ਤੇਜ਼ੀ ਨਾਲ ਦੌੜਨ ਵਿੱਚ ਵੀ ਮਦਦ ਕਰ ਸਕਦੀ ਹੈ।

ਇਸ ਦੇ ਹੋਰ ਵੀ ਕਈ ਫਾਇਦੇ ਹਨ, ਜਿਵੇਂ ਕਿ ਇਹ ਵਧਦੀ ਉਮਰ 'ਚ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦੇੇ ਹੋਏ ਤੁਹਾਡੇ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦਗਾਰ ਹੈ।

ਪ੍ਰਾਚੀਨ ਯੂਨਾਨ ਦੇ ਸਮੇਂ ਤੋਂ, ਇਹ ਜਾਣਿਆ ਜਾਂਦਾ ਹੈ ਕਿ ਚੁਕੰਦਰ ਸਾਡੇ ਸਰੀਰ ਲਈ ਚੰਗਾ ਹੈ।

ਇਸ ਤੋਂ ਇਲਾਵਾ ਹੁਣ ਨਵੇਂ ਸਬੂਤ ਸਾਹਮਣੇ ਆਉਣ ਲੱਗੇ ਹਨ ਜੋ ਇਸ ਦੇ ਅਸਧਾਰਨ ਫਾਇਦਿਆਂ ਉੱਪਰ ਚਾਨਣਾ ਪਾ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਸਾਨੂੰ ਇਸ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

1. ਬੀਟਾਲੈਂਸ ਦੀ ਐਂਟੀਆਕਸੀਡੈਂਟ ਤਾਕਤ

ਬੀਟਾਲੈਂਸ ਨਾਮਕ ਕੁਦਰਤੀ ਪਿਗਮਿੰਟ ਚੁਕੰਦਰ ਨੂੰ ਗਾੜ੍ਹਾ ਸੂਹਾ ਰੰਗ ਦਿੰਦਾ ਹੈ, ਜਿਸ ਨਾਲ ਇਸ ਨੂੰ ਐਂਟੀਆਕਸੀਡੈਂਟ ਬਣਨ ਦੀ ਬਹੁਤ ਸ਼ਕਤੀ ਮਿਲਦੀ ਹੈ।

ਕੁਝ ਸਾਲ ਪਹਿਲਾਂ ਇਟਲੀ ਵਿੱਚ ਕੀਤੀ ਗਈ ਖੋਜ ਤੋਂ ਪਤਾ ਲੱਗਿਆ ਸੀ ਕਿ ਚੁਕੰਦਰ ਆਂਦਰਾਂ ਦੇ ਕੈਂਸਰ ਸੈੱਲਾਂ ਨੂੰ ਨਸ਼ਟ ਕਰਨ ਦੇ ਸਮਰੱਥ ਹੈ।

ਹਾਲਾਂਕਿ ਬੀਟਾਲਐਂਸ ਚੁਕੰਦਰ ਦੀ ਇਕਲੌਤੀ ਜਾਦੂਈ ਸ਼ਕਤੀ ਨਹੀਂ ਹੈ।

ਹਾਲਾਂਕਿ ਵੱਡੀ ਮਾਤਰਾ ਵਿੱਚ ਨਾਈਟ੍ਰੇਟਸ ਚੰਗੇ ਨਹੀਂ ਹੁੰਦੇ ਪਰ ਜਦੋਂ ਤੁਸੀਂ ਚੁਕੰਦਰ ਵਰਗੀਆਂ ਸਬਜ਼ੀਆਂ ਵਿੱਚ ਕੁਦਰਤੀ ਤੌਰ 'ਤੇ ਪਾਏ ਜਾਣ ਵਾਲੇ ਨਾਈਟ੍ਰੇਟਸ ਖਾਂਦੇ ਹੋ ਤਾਂ ਇਹ ਸਿਹਤਮੰਦ ਹੁੰਦਾ ਹੈ।

ਚੁਕੰਦਰ ਦੀ ਖੂਬੀ ਇਹ ਹੈ ਕਿ ਇਹ ਨਾਈਟ੍ਰੇਟਸ ਨਾਲ ਭਰਪੂਰ ਹੁੰਦਾ ਹੈ। ਜਦੋਂ ਅਸੀਂ ਚੁਕੰਦਰ ਖਾਂਦੇ ਹਾਂ ਤਾਂ ਸਾਡੇ ਮੂੰਹ ਵਿੱਚ ਰਹਿਣ ਵਾਲੇ ਬੈਕਟੀਰੀਆ ਨਾਈਟ੍ਰੇਟ ਨੂੰ ਨਾਈਟ੍ਰਿਕ ਆਕਸਾਈਡ ਵਿੱਚ ਬਦਲਣਾ ਸ਼ੁਰੂ ਕਰ ਦਿੰਦੇ ਹਨ, ਇਹ ਇੱਕ ਸ਼ਕਤੀਸ਼ਾਲੀ ਤੱਤ ਹੈ ਜਿਸ ਦੇ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਬ੍ਰਿਟੇਨ ਦੀ ਐਕਸੇਟਰ ਯੂਨੀਵਰਸਿਟੀ ਵਿੱਚ ਅਪਲਾਈਡ ਫਿਜ਼ੀਓਲੋਜੀ (ਵਿਹਾਰਕ ਸਰੀਰ ਵਿਗਿਆਨ) ਦੀ ਪ੍ਰੋਫੈਸਰ ਐਂਡੀ ਜੋਨਸ ਨੇ ਖਿਡਾਰੀਆਂਂ ਦੇ ਪ੍ਰਦਰਸ਼ਨ ਉੱਤੇ ਖੋਜ ਕਰਨ ਵਿਚ 10 ਸਾਲ ਬਿਤਾਏ ਹਨ।

ਉਹ ਦੱਸਦੇ ਹਨ, "ਨਾਈਟ੍ਰਿਕ ਆਕਸਾਈਡ ਇੱਕ ਵੈਸੋਡੀਲੇਟਰ ਹੈ, ਇਹ ਖੂਨ ਦੀ ਨਾਲੀ ਨੂੰ ਚੌੜਾ ਕਰਦਾ ਹੈ ਜਿਸ ਨਾਲ ਖੂਨ ਸੁਖਾਲਾ ਵਹਿੰਦਾ ਹੈ। ਇਸ ਸਰੀਰ ਦੇ ਸੈੱਲਾਂ ਨੂੰ ਸਹੀ ਆਕਸੀਜਨ ਪਹੁੰਚਦੀ ਹੈ।"

ਕਾਮ ਇੱਛਾ ਲਈ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਦੀ ਸਹੀ ਮਾਤਰਾ ਹੋਣੀ ਵੀ ਜ਼ਰੂਰੀ ਹੈ। ਬੀਟ ਜੂਸ ਦੀ ਰੋਮਨ ਵਰਤੋਂ ਇਸ ਨਾਲ ਜੁੜੀ ਹੋਈ ਹੈ, ਹਾਲਾਂਕਿ, ਹੁਣ ਤੱਕ ਕਿਸੇ ਵੀ ਖੋਜ ਨੇ ਇਹ ਨਹੀਂ ਦਿਖਾਇਆ ਹੈ ਕਿ ਚੁਕੰਦਰ ਦੇ ਜੂਸ ਦਾ ਪ੍ਰਭਾਵ ਵਿਆਗਰਾ ਵਰਗਾ ਹੁੰਦਾ ਹੈ।

2. ਦਿਲ ਅਤੇ ਬਲੱਡ ਪ੍ਰੈਸ਼ਰ 'ਤੇ ਅਸਰ

ਜੇਕਰ ਚੁਕੰਦਰ ਦਾ ਜੂਸ ਰੋਜ਼ਾਨਾ ਪੀਤਾ ਜਾਵੇ ਤਾਂ ਬਲੱਡ ਪ੍ਰੈਸ਼ਰ 'ਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਜੇ ਕੁਝ ਹਫਤਿਆਂ ਲਈ ਦਿਨ ਵਿੱਚ ਦੋ ਚੁਕੰਦਰ ਖਾਧੇ ਜਾਣ ਤਾਂ ਬਲੱਡ ਪ੍ਰੈਸ਼ਰ ਔਸਤਨ ਪੰਜ ਮਿਲੀਮੀਟਰ ਤੱਕ ਡਿੱਗ ਸਕਦਾ ਹੈ।

ਜੋਨਹ ਕਹਿੰਦੇ ਹਨ, "ਚੁਕੰਦਰ ਖਾਣ ਨਾਲ ਬਲੱਡ ਪ੍ਰੈਸ਼ਰ ਜ਼ਰੂਰ ਘੱਟ ਜਾਂਦਾ ਹੈ। ਸਿਸਟੋਲਿਕ ਬਲੱਡ ਪ੍ਰੈਸ਼ਰ (ਇੱਕ ਰੀਡਿੰਗ ਜੋ ਬਲੱਡ ਪ੍ਰੈਸ਼ਰ ਤੋਂ ਉੱਪਰ ਦਿਖਾਈ ਦਿੰਦੀ ਹੈ) ਦੇ ਮਾਮਲੇ ਵਿੱਚ, ਇਹ ਤਿੰਨ ਤੋਂ ਨੌਂ ਮਿਲੀਮੀਟਰ ਤੱਕ ਹੇਠਾਂ ਜਾ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਕਮੀ ਜਾਰੀ ਰਹੇ ਤਾਂ ਇਹ ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਖਤਰੇ ਨੂੰ 10% ਤੱਕ ਘੱਟ ਕਰਨ ਲਈ ਕਾਫੀ ਹੈ।

ਮਾਹਰਾਂ ਦਾ ਕਹਿਣਾ ਹੈ, "ਜੇਕਰ ਪੂਰੀ ਆਬਾਦੀ ਵਿੱਚ ਅਜਿਹਾ ਬਦਲਾਅ ਹੁੰਦਾ ਹੈ ਤਾਂ ਸਟ੍ਰੋਕ, ਦਿਲ ਦੇ ਦੌਰੇ ਵਰਗੀਆਂ ਘਟਨਾਵਾਂ ਵਿੱਚ ਕਾਫੀ ਕਮੀ ਆਵੇਗੀ।"

ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚੁਕੰਦਰ ਖਾਣ ਦੇ ਕੁਝ ਘੰਟਿਆਂ ਬਾਅਦ ਹੀ ਬਲੱਡ ਪ੍ਰੈਸ਼ਰ 'ਤੇ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ।

3. ਦਿਮਾਗ ਲਈ ਸਭ ਤੋਂ ਵਧੀਆ ਖੁਰਾਕਾਂ ਵਿੱਚੋਂ ਇੱਕ

ਚੁਕੰਦਰ ਸਾਡੇ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ।

ਇੱਕ ਖੋਜ ਵਿੱਚ ਦੇਖਿਆ ਗਿਆ ਹੈ ਕਿ ਜੇਕਰ ਅਸੀਂ ਕਸਰਤ ਦੇ ਨਾਲ-ਨਾਲ ਚੁਕੰਦਰ ਦਾ ਜੂਸ ਪੀਂਦੇੇ ਹਾਂ ਤਾਂ ਦਿਮਾਗ ਦੇ ਸਰੀਰ ਦੀ ਹਰਕਤ ਨੂੰ ਕੰਟਰੋਲ ਕਰਨ ਵਾਲੇ ਹਿੱਸੇ ਵਿੱਚ ਕਨੈਕਟੀਵਿਟੀ ਵਧ ਸਕਦੀ ਹੈ। ਅਜਿਹਾ ਹੋਣ ਨਾਲ ਦਿਮਾਗ ਦਾ ਉਹ ਹਿੱਸਾ ਜਵਾਨ ਬਾਲਗਾਂ ਵਰਗਾ ਹੋ ਸਕਦਾ ਹੈ।

ਦੂਜੇ ਸ਼ਬਦਾਂ ਵਿੱਚ, ਚੁਕੰਦਰ ਦਾ ਜੂਸ ਤੁਹਾਡੇ ਦਿਮਾਗ ਨੂੰ ਜਵਾਨ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਤਾਂ ਫਿਰ ਅਜਿਹਾ ਕਿਉਂ ਹੁੰਦਾ ਹੈ? ਦੁਬਾਰਾ, ਸ਼ਾਇਦ ਇਹ ਬਿਹਤਰ ਬਲੱਡ ਪ੍ਰੈਸ਼ਰ ਦੇ ਕਾਰਨ ਹੈ।

ਖੋਜ ਮੁਤਾਬਕ ਚੁਕੰਦਰ ਦਾ ਜੂਸ ਪੀਣ ਨਾਲ ਪ੍ਰੀਫ੍ਰੰਟਲ ਕੋਰਟੈਕਸ (ਦਿਮਾਗ ਦਾ ਸਭ ਤੋਂ ਵਿਕਸਤ ਖੇਤਰ) ਵਿੱਚ ਲਹੂ ਦਾ ਗੇੜਾ ਵਧਦਾ ਹੈ, ਜਿਸ ਨਾਲ ਦਿਮਾਗ ਦੀ ਸਮਰੱਥਾ ਵਧਦੀ ਹੈ।

4. ਮੂੰਹ ਦੇ ਅੰਦਰ ਮਾਈਕ੍ਰੋਬਾਇਓਮ ਦੇ ਸੰਤੁਲਨ

ਖੋਜ ਮੁਤਾਬਕ ਜੇਕਰ ਚੁਕੰਦਰ ਦਾ ਜੂਸ ਦਿਨ 'ਚ ਦੋ ਵਾਰ 10 ਦਿਨਾਂ ਤੱਕ ਪੀਤਾ ਜਾਵੇ ਤਾਂ ਤੁਹਾਡੇ ਮੂੰਹ ਦੇ ਅੰਦਰ ਬੈਕਟੀਰੀਆ ਦਾ ਸੰਤੁਲਨ ਸ਼ਾਨਦਾਰ ਹੋ ਸਕਦਾ ਹੈ।

ਇਸ ਖੋਜ ਵਿਚ ਸ਼ਾਮਲ ਲੋਕਾਂ ਨੇ ਬੈਕਟੀਰੀਆ ਦੇ ਸੰਤੁਲਨ ਵਿੱਚ ਹੈਰਾਨੀਜਨਕ ਤਬਦੀਲੀ ਵੇਖੀ ਗਈ।

ਇਹ ਬੈਕਟੀਰੀਆ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਇਆ ਜੋ ਬਿਮਾਰੀਆਂ ਅਤੇ ਸੋਜਸ਼ ਦਾ ਕਾਰਨ ਬਣਦੇ ਹਨ।

5. ਸਰੀਰਕ ਸਮਰੱਥਾ ਵੀ ਬਿਹਤਰ

ਜੋਨਸ ਨੇ ਕਿਹਾ, "ਇਹ ਸੰਭਾਵਨਾ ਹੈ ਕਿ ਨਾਈਟ੍ਰਿਕ ਆਕਸਾਈਡ ਕਾਰਨ ਮਾਸਪੇਸ਼ੀਆਂ ਨੂੰ ਵਧੇਰੇ ਆਕਸੀਜਨ ਮਿਲਦੀ ਹੈ ਅਤੇ ਤੁਹਾਡਾ ਸਰੀਰ ਬਿਹਤਰ ਢੰਗ ਨਾਲ ਕੰਮ ਕਰਦਾ ਹੈ।

2009 ਦੇ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਚੁਕੰਦਰ ਦਾ ਜੂਸ ਪੀਣ ਵਾਲੇ ਖਿਡਾਰੀਆਂਂ ਨੂੰ ਕਸਰਤ ਦੌਰਾਨ ਆਪਣੀ ਸਰੀਰਕ ਸਹਿਣਸ਼ੀਲਤਾ ਨੂੰ 16 ਪ੍ਰਤੀਸ਼ਤ ਤੱਕ ਵਧਾਉਣ ਵਿੱਚ ਮਦਦ ਮਿਲੀ।

ਖੋਜ ਮੁਤਾਬਕ ਨਾਈਟ੍ਰਿਕ ਆਕਸਾਈਡ ਕਸਰਤ ਦੌਰਾਨ ਆਕਸੀਜਨ ਦੀ ਖਪਤ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ, ਜਿਸ ਨਾਲ ਥਕਾਵਟ ਦੀ ਦਰ ਹੌਲੀ ਹੋ ਜਾਂਦੀ ਹੈ।

ਅਥਲੈਟਿਕਸ ਦੇ ਨਜ਼ਰੀਏ ਤੋਂ, ਇਹ ਇੱਕ ਵੱਡੀ ਸਫਲਤਾ ਸੀ। 2012 ਵਿੱਚ ਲੰਡਨ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਤੋਂ ਪਹਿਲਾਂ, ਚੁਕੰਦਰ ਦਾ ਜੂਸ ਲੰਡਨ ਵਿੱਚ ਆਸਾਨੀ ਨਾਲ ਉਪਲਬਧ ਨਹੀਂ ਸੀ ਕਿਉਂਕਿ ਲਗਭਗ ਸਾਰੇ ਐਥਲੀਟ ਇਸ ਦੀ ਭਾਲ ਕਰ ਰਹੇ ਸਨ।

ਕਿੰਨੀ ਦੇਰ ਪਹਿਲਾਂ ਖਾਈਏ ਕਿ ਅਸਰ ਦਿਖੇ

ਸਾਲ 2012 ਦੇ ਇੱਕ ਅਧਿਐਨ ਵਿੱਚ, ਜਿਨ੍ਹਾਂ ਲੋਕਾਂ ਨੇ ਚੁਕੰਦਰ ਖਾਧਾ ਸੀ, ਉਹ 5,000 ਮੀਟਰ ਦੀ ਦੌੜ ਦੇ ਆਖਰੀ 1.8 ਕਿਲੋਮੀਟਰ ਦੌਰਾਨ ਚੁਕੰਦਰ ਨਾ ਖਾਣ ਵਾਲਿਆਂ ਨਾਲੋਂ 5٪ ਤੇਜ਼ੀ ਨਾਲ ਦੌੜਦੇ ਸਨ।

ਇਸ ਲਈ ਜੇਕਰ ਉਦੇਸ਼ ਖੇਡਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣਾ ਹੈ ਤਾਂ ਅਜਿਹੇ ਕਿਸੇ ਵੀ ਈਵੈਂਟ ਦੇ ਸ਼ੁਰੂ ਹੋਣ ਤੋਂ ਕਿੰਨਾ ਸਮਾਂ ਪਹਿਲਾਂ ਚੁਕੰਦਰ ਖਾਣਾ ਚਾਹੀਦਾ ਹੈ।

ਇਸ ਸਵਾਲ ਦੇ ਜਵਾਬ ਵਿੱਚ, ਜੋਨਸ ਕਹਿੰਦੇ ਹਨ, "ਲਗਭਗ ਦੋ ਤੋਂ ਤਿੰਨ ਘੰਟੇ ਪਹਿਲਾਂ ਕਿਉਂਕਿ ਨਾਈਟ੍ਰੇਟ ਨੂੰ ਖੂਨ ਵਿੱਚ ਘੁਲਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ।

ਚੁਕੰਦਰ ਦੇ ਗੁਣ ਬਚਾਉਣ ਲਈ ਕੀ ਕਰੀਏ?

ਜੋਨਸ ਇਕ ਹੋਰ ਸਲਾਹ ਦਿੰਦੇ ਹਨ ਕਿ ਚੁਕੰਦਰ ਪਕਾਉਣ ਵੇਲੇ ਸਾਵਧਾਨ ਰਹੋ ਅਤੇ ਉਬਲੇ ਹੋਏ ਪਾਣੀ ਨੂੰ ਨਾ ਸੁੱਟੋ ਕਿਉਂਕਿ ਨਾਈਟ੍ਰੇਟ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ।

ਇਸ ਲਈ ਜੇ ਤੁਸੀਂ ਪਾਣੀ ਨੂੰ ਸੁੱਟ ਦਿੰਦੇ ਹੋ, ਤਾਂ ਜ਼ਿਆਦਾਤਰ ਨਾਈਟ੍ਰੇਟ ਰੁੜ੍ਹ ਜਾਣਗੇ ਅਤੇ ਲਾਭ ਨਹੀਂ ਮਿਲੇਗਾ।

ਇਸ ਲਈ ਜੇਕਰ ਤੁਸੀਂ ਚੁਕੰਦਰ ਦਾ ਵੱਧ ਤੋਂ ਵੱਧ ਸਿਹਤ ਲਾਹਾ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਕੱਚਾ ਖਾਓ ਜਾਂ ਇਸ ਨੂੰ ਭੁੰਨ ਕੇ ਖਾਓ ਜਾਂ ਇਸ ਦਾ ਜੂਸ ਪੀਓ ਤਾਂ ਇਹ ਸਭ ਤੋਂ ਵਧੀਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)