ਭਾਰਤ ਵਿੱਚ ਪਹਿਲੀਆਂ ਲੋਕ ਸਭਾ ਚੋਣਾਂ ਕਦੋਂ ਹੋਈਆਂ ਅਤੇ ਕੀ ਸੀ ਚੋਣ ਪ੍ਰਕਿਰਿਆ?

ਭਾਰਤ ਦੀਆਂ ਲੋਕ ਸਭਾ ਚੋਣਾਂ ਨੂੰ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ਮੰਨਿਆ ਜਾਂਦਾ ਹੈ। ਇਸ ਵਿੱਚ ਲੱਖਾਂ ਮੁਲਾਜ਼ਮ ਕੰਮ ਕਰਦੇ ਹਨ ਅਤੇ ਕਰੋੜਾਂ ਵੋਟਰ ਵੋਟ ਪਾਉਂਦੇ ਹਨ।

ਭਾਰਤ ਵਿੱਚ 1951 ਤੋਂ ਲੋਕ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਹੁਣ ਤੱਕ 17 ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਭਾਰਤ ਦਾ ਚੋਣ ਕਮਿਸ਼ਨ ਇਨ੍ਹਾਂ ਚੋਣਾਂ ਦਾ ਬੰਦੋਬਸਤ ਕਰਦਾ ਹੈ।

ਆਓ ਜਾਣਦੇ ਹਾਂ ਲੋਕ ਸਭਾ, ਲੋਕ ਸਭਾ ਚੋਣਾਂ, ਲੋਕ ਸਭਾ ਸਪੀਕਰ ਦੀ ਚੋਣ ਅਤੇ ਭਾਰਤੀ ਚੋਣ ਕਮਿਸ਼ਨ ਬਾਰੇ।

ਪਹਿਲੀਆਂ ਲੋਕ ਸਭਾ ਚੋਣਾਂ ਕਦੋਂ ਹੋਈਆਂ?

ਸੰਵਿਧਾਨ ਅਨੁਸਾਰ ਸੂਬਿਆਂ ਦੇ ਖੇਤਰੀ ਚੋਣ ਹਲਕਿਆਂ ਤੋਂ ਸਿੱਧੀ ਚੋਣ ਰਾਹੀਂ ਚੁਣੇ ਗਏ ਲੋਕ ਸਭਾ ਵਿੱਚ ਮੈਂਬਰਾਂ ਦੀ ਗਿਣਤੀ 530 ਤੋਂ ਵੱਧ ਨਹੀਂ ਹੋਣੀ ਚਾਹੀਦੀ। ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਗਏ ਮੈਂਬਰਾਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ।

ਲੋਕ ਸਭਾ ਵਿੱਚ ਐਂਗਲੋ ਇੰਡੀਅਨ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦੇ ਮੱਦੇਨਜ਼ਰ, ਰਾਸ਼ਟਰਪਤੀ ਇਸ ਭਾਈਚਾਰੇ ਦੇ ਦੋ ਮੈਂਬਰਾਂ ਨੂੰ ਨਾਮਜ਼ਦ ਕਰਦੇ ਸੀ।

ਨਰਿੰਦਰ ਮੋਦੀ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਕੇ ਇਸ ਪ੍ਰਣਾਲੀ ਨੂੰ ਬੰਦ ਕਰ ਦਿੱਤਾ।

2019 ਵਿੱਚ ਹੋਈਆਂ ਸਤਾਰਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ 543 ਮੈਂਬਰ ਚੁਣੇ ਗਏ ਸਨ।

ਪਹਿਲੀ ਲੋਕ ਸਭਾ ਬਾਰੇ ਖਾਸ ਗੱਲਾਂ

ਪਹਿਲੀ ਲੋਕ ਸਭਾ ਦੀਆਂ ਚੋਣਾਂ 25 ਅਕਤੂਬਰ 1951 ਤੋਂ 21 ਫਰਵਰੀ 1952 ਦਰਮਿਆਨ ਹੋਈਆਂ ਸਨ। ਉਸ ਸਮੇਂ ਲੋਕ ਸਭਾ ਦੀਆਂ ਕੁੱਲ 489 ਸੀਟਾਂ ਸਨ ਪਰ ਸੰਸਦੀ ਹਲਕਿਆਂ ਦੀ ਗਿਣਤੀ 401 ਸੀ।

ਲੋਕ ਸਭਾ ਦੀਆਂ 314 ਸੰਸਦੀ ਸੀਟਾਂ ਅਜਿਹੀਆਂ ਸਨ ਜਿੱਥੋਂ ਸਿਰਫ਼ ਇੱਕ-ਇੱਕ ਨੁਮਾਇੰਦਾ ਚੁਣਿਆ ਜਾਣਾ ਸੀ।

ਉੱਥੇ 86 ਸੰਸਦੀ ਸੀਟਾਂ ਅਜਿਹੀਆਂ ਵੀ ਸਨ ਜਿਨ੍ਹਾਂ ਵਿੱਚ ਦੋ-ਦੋ ਲੋਕ ਸੰਸਦ ਮੈਂਬਰ ਚੁਣੇ ਜਾਣੇ ਸਨ। ਉੱਤਰੀ ਬੰਗਾਲ ਸੰਸਦੀ ਹਲਕੇ ਤੋਂ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ।

ਕਿਸੇ ਇੱਕ ਸੰਸਦੀ ਹਲਕੇ ਵਿੱਚ ਇੱਕ ਤੋਂ ਵੱਧ ਮੈਂਬਰ ਚੁਣਨ ਦੀ ਇਹ ਪ੍ਰਣਾਲੀ 1957 ਤੱਕ ਜਾਰੀ ਰਹੀ।

ਲੋਕ ਸਭਾ ਦੀ ਵੈੱਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਪਹਿਲੀ ਲੋਕ ਸਭਾ 17 ਅਪ੍ਰੈਲ 1952 ਨੂੰ ਹੋਂਦ ਵਿੱਚ ਆਈ ਸੀ। ਇਸ ਦੀ ਪਹਿਲੀ ਮੀਟਿੰਗ 13 ਮਈ 1952 ਨੂੰ ਹੋਈ ਸੀ।

ਗਣੇਸ਼ ਵਾਸੁਦੇਵ ਮਾਵਲੰਕਰ ਪਹਿਲੀ ਲੋਕ ਸਭਾ ਦੇ ਸਪੀਕਰ ਸਨ। ਉਹ 15 ਮਈ 1952 ਤੋਂ 27 ਫਰਵਰੀ 1956 ਤੱਕ ਇਸ ਅਹੁਦੇ ਉੱਤੇ ਰਹੇ।

ਪਹਿਲੀ ਲੋਕ ਸਭਾ ਦੇ ਡਿਪਟੀ ਸਪੀਕਰ ਐਮ ਅਨੰਤਸਾਯਾਨਮ ਆਇੰਗਰ ਸਨ। ਉਨ੍ਹਾਂ ਦਾ ਕਾਰਜਕਾਲ 30 ਮਈ 1952 ਤੋਂ 7 ਮਾਰਚ 1956 ਤੱਕ ਸੀ।

ਲੋਕ ਸਭਾ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ?

ਲੋਕ ਸਭਾ ਦੇ ਸਪੀਕਰ ਦੇ ਅਹੁਦੇ ਦਾ ਸੰਸਦੀ ਲੋਕਤੰਤਰ ਵਿੱਚ ਅਹਿਮ ਸਥਾਨ ਹੈ।

ਲੋਕ ਸਭਾ ਦਾ ਸਪੀਕਰ ਸਦਨ ਦੀ ਨੁਮਾਇੰਦਗੀ ਕਰਦਾ ਹੈ। ਜਦਕਿ ਸੰਸਦ ਮੈਂਬਰ ਆਪੋ-ਆਪਣੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ।

ਸਪੀਕਰ ਦੀ ਚੋਣ ਲਈ ਕੋਈ ਵਿਸ਼ੇਸ਼ ਯੋਗਤਾ ਤੈਅ ਨਹੀਂ ਹੈ ਪਰ ਉਸ ਲਈ ਲੋਕ ਸਭਾ ਦਾ ਮੈਂਬਰ ਹੋਣਾ ਲਾਜ਼ਮੀ ਹੈ।

ਆਮ ਤੌਰ ਉੱਤੇ ਸੱਤਾਧਾਰੀ ਪਾਰਟੀ ਦੇ ਮੈਂਬਰ ਨੂੰ ਲੋਕ ਸਭਾ ਦਾ ਸਪੀਕਰ ਚੁਣਿਆ ਜਾਂਦਾ ਹੈ।

ਆਮ ਸੰਸਦੀ ਰਵਾਇਤ ਇਹ ਹੈ ਕਿ ਸੱਤਾਧਾਰੀ ਪਾਰਟੀ ਦੂਜੀਆਂ ਪਾਰਟੀਆਂ ਅਤੇ ਸਮੂਹਾਂ ਨਾਲ ਸਲਾਹ ਕਰਨ ਤੋਂ ਬਾਅਦ ਆਪਣੇ ਉਮੀਦਵਾਰ ਦਾ ਐਲਾਨ ਕਰਦੀ ਹੈ।

ਉਮੀਦਵਾਰ ਦੀ ਚੋਣ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਉਸ ਦੇ ਨਾਂ ਦੀ ਤਜਵੀਜ਼ ਕਰਦੇੇ ਹਨ।

ਜੇਕਰ ਇੱਕ ਤੋਂ ਵੱਧ ਨਾਮਜਦਗੀਆਂ ਮਿਲਦੀਆਂ ਹਨ, ਤਾਂ ਉਨ੍ਹਾਂ ਨੂੰ ਕ੍ਰਮਵਾਰ ਦਾਇਰ ਕੀਤਾ ਜਾਂਦਾ ਹੈ ਅਤੇ ਜੇਕਰ ਲੋੜ ਹੋਵੇ, ਤਾਂ ਵੋਟਿੰਗ ਕਰਵਾਈ ਜਾਂਦੀ ਹੈ।

ਜਦੋਂ ਇੱਕ ਨਾਮ ਦੀ ਤਜਵੀਜ਼ ਸਵੀਕਾਰ ਕਰ ਲਈ ਜਾਂਦੀ ਹੈ, ਤਾਂ ਦੂਜੇ ਨਾਮ ਤਜਵੀਜ਼ ਨਹੀਂ ਕੀਤੇ ਜਾਂਦੇ ਹਨ।

ਜੇਕਰ ਲੋਕ ਸਭਾ ਦਾ ਨਵੀਂ ਬਣੀ ਹੋਵੇ ਤਾਂਂ ਪ੍ਰੋਟੇਮ ਸਪੀਕਰ ਉਸ ਇਜਲਾਸ ਦੀ ਪ੍ਰਧਾਨਗੀ ਕਰਦਾ ਹੈ ਜਿਸ ਵਿੱਚ ਸਪੀਕਰ ਦੀ ਚੋਣ ਕੀਤੀ ਜਾਂਦੀ ਹੈ।

ਹਾਲਾਂਕਿ ਲੋਕ ਸਭਾ ਦਾ ਕਾਰਜ ਕਾਲ ਜਾਰੀ ਹੈ ਅਤੇ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਡਿਪਟੀ ਸਪੀਕਰ ਇਜਲਾਸ ਦੀ ਪ੍ਰਧਾਨਗੀ ਕਰਦੇ ਹਨ।

ਨਤੀਜੇ ਐਲਾਨੇ ਜਾਣ ਤੋਂ ਬਾਅਦ ਨਵੇਂ ਚੁਣੇ ਸਪੀਕਰ ਨੂੰ ਪ੍ਰਧਾਨ ਮੰਤਰੀ ਅਤੇ ਨੇਤਾ ਵਿਰੋਧੀ ਧਿਰ ਸਪੀਕਰ ਦੀ ਸੀਟ ਤੱਕ ਲੈ ਜਾਂਦੇ ਹਨ।

ਇਸ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮੂਹਾਂ ਦੇ ਆਗੂਆਂ ਵੱਲੋਂ ਸਪੀਕਰ ਨੂੰ ਵਧਾਈ ਦਿੱਤੀ ਜਾਂਦੀ ਹੈ। ਸਪੀਕਰ ਧੰਨਵਾਦ ਦਾ ਭਾਸ਼ਣ ਦਿੰਦਾ ਹੈ। ਇਸ ਤੋਂ ਬਾਅਦ ਨਵਾਂ ਸਪੀਰਕ ਆਪਣਾ ਅਹੁਦਾ ਸੰਭਾਲਦਾ ਹੈ।

ਸਪੀਕਰ ਦਾ ਕਾਰਜ ਕਾਲ ਉਸ ਦੀ ਚੋਣ ਦੀ ਮਿਤੀ ਤੋਂ ਉਸ ਲੋਕ ਸਭਾ ( ਜਿਸ ਵਿੱਚ ਉਹ ਚੁਣਿਆ ਗਿਆ ਸੀ) ਦੇ ਭੰਗ ਹੋਣ ਤੋਂ ਬਾਅਦ ਨਵੀਂ ਲੋਕ ਸਭਾ ਦੀ ਪਹਿਲੀ ਬੈਠਕ ਠੀਕ ਪਹਿਲਾਂ ਤੱਕ ਹੁੰਦਾ ਹੈ।

ਸਪੀਕਰ ਡਿਪਟੀ ਸਪੀਕਰ ਨੂੰ ਲਿਖਤੀ ਨੋਟਿਸ ਦੇ ਕੇ ਕਿਸੇ ਵੀ ਸਮੇਂ ਅਸਤੀਫ਼ਾ ਦੇ ਸਕਦਾ ਹੈ। ਲੋਕ ਸਭਾ ਵਿੱਚ ਮੌਜੂਦ ਬਹੁਮਤ ਮੈਂਬਰਾਂ ਵੱਲੋਂ ਪਾਸ ਕੀਤੇ ਮਤੇ ਰਾਹੀਂ ਹੀ ਸਪੀਕਰ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

ਰਾਜ ਸਭਾ ਚੋਣਾਂ ਕਿਵੇਂ ਹੁੰਦੀਆਂ ਹਨ?

ਸੂਬਿਆਂ ਦੀ ਸਭਾ ਜਾਂ ਰਾਜ ਸਭਾ ਸੰਸਦ ਦਾ ਉਪਰਲਾ ਸਦਨ ​​ਹੈ।

ਰਾਜ ਸਭਾ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੁਮਾਇੰਦੇ ਅਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਗਏ ਮੈਂਬਰ ਸ਼ਾਮਲ ਹੁੰਦੇ ਹਨ।

ਉਪ ਰਾਸ਼ਟਰਪਤੀ ਅਹੁਦੇ ਵਜੋਂ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਰਾਜ ਸਭਾ ਆਪਣੇ ਮੈਂਬਰਾਂ ਵਿੱਚੋਂ ਇੱਕ ਡਿਪਟੀ ਚੇਅਰਮੈਨ ਦੀ ਚੋਣ ਵੀ ਕਰਦੀ ਹੈ। ਚੇਅਰਮੈਨ ਅਤੇ ਉਪ ਚੇਅਰਮੈਨ ਰਾਜ ਸਭਾ ਦੀਆਂ ਬੈਠਕਾਂਂ ਦੀ ਪ੍ਰਧਾਨਗੀ ਕਰਦੇ ਹਨ।

ਸੰਵਿਧਾਨ ਦੀ ਧਾਰਾ 80 ਰਾਹੀਂ ਰਾਜ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ 250 ਤੈਅ ਕੀਤੀ ਗਈ ਹੈ।

ਰਾਸ਼ਟਰਪਤੀ 12 ਜਣਿਆਂਂ ਨੂੰ ਰਾਜ ਸਭਾ ਦੇ ਮੈਂਬਰ ਨਾਮਜ਼ਦ ਕਰਦਾ ਹੈ। ਇਹ ਮੈਂਬਰ ਸਾਹਿਤ, ਵਿਗਿਆਨ, ਕਲਾ ਅਤੇ ਸਮਾਜ ਸੇਵਾ ਦੇ ਖੇਤਰਾਂ ਵਿੱਚੋਂ ਚੁਣੇ ਜਾਂਦੇ ਹਨ। ਰਾਜ ਸਭਾ ਦੇ 238 ਮੈਂਬਰ ਸੂਬਿਆਂਂ ਦੇ ਪ੍ਰਤੀਨਿਧੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਤਿੰਨ ਮੈਂਬਰ ਹੁੰਦੇ ਹਨ।

ਭਾਰਤੀ ਚੋਣ ਕਮਿਸ਼ਨ ਕਦੋਂ ਹੋਂਦ ਵਿੱਚ ਆਇਆ?

ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਸੰਵਿਧਾਨ ਦੀ ਧਾਰਾ 324 ਤਹਿਤ ਕੀਤੀ ਗਈ ਹੈ।

ਧਾਰਾ 324 ਚੋਣ ਕਮਿਸ਼ਨ ਨੂੰ ਵੋਟਰ ਸੂਚੀ ਨੂੰ ਬਰਕਰਾਰ ਰੱਖਣ ਅਤੇ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਦੀਆਂ ਸ਼ਕਤੀਆਂ ਦਿੰਦੀ ਹੈ।

ਇਸਦੀ ਸਥਾਪਨਾ 25 ਜਨਵਰੀ 1950 ਨੂੰ ਹੋਈ ਸੀ। ਸੁਕੁਮਾਰ ਸੇਨ ਨੂੰ ਦੇਸ਼ ਦਾ ਪਹਿਲਾ ਮੁੱਖ ਚੋਣ ਕਮਿਸ਼ਨਰ ਬਣਾਇਆ ਗਿਆ ਸੀ।

ਉਨ੍ਹਾਂ ਦਾ ਕਾਰਜਕਾਲ 21 ਮਾਰਚ 1950 ਤੋਂ 19 ਦਸੰਬਰ 1958 ਤੱਕ ਸੀ।

ਪਹਿਲਾਂ ਚੋਣ ਕਮਿਸ਼ਨ ਵਿੱਚ ਸਿਰਫ਼ ਮੁੱਖ ਚੋਣ ਕਮਿਸ਼ਨਰ ਹੁੰਦਾ ਸੀ। ਪਰ 16 ਅਕਤੂਬਰ 1989 ਤੋਂ 1 ਜਨਵਰੀ 1990 ਤੱਕ ਤਿੰਨ ਕਮਿਸ਼ਨਰ ਨਿਯੁਕਤ ਕੀਤੇ ਗਏ।

ਇਸ ਤੋਂ ਬਾਅਦ 1 ਅਕਤੂਬਰ 1993 ਤੋਂ ਤਿੰਨ ਕਮਿਸ਼ਨਰਾਂ ਦੀ ਨਿਯੁਕਤੀ ਦਾ ਸਿਸਟਮ ਰੈਗੂਲਰ ਕਰ ਦਿੱਤਾ ਗਿਆ।

ਇਹ ਵਿਵਸਥਾ ਅੱਜ ਵੀ ਜਾਰੀ ਹੈ। ਇੱਕ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ਹਨ। ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ।

ਚੋਣ ਕਮਿਸ਼ਨ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸੰਸਦ ਦੇ ਦੋਵੇਂ ਸਦਨਾਂ (ਰਾਜ ਸਭਾ ਅਤੇ ਲੋਕ ਸਭਾ), ਰਾਜ ਵਿਧਾਨ ਸਭਾਵਾਂ ਅਤੇ ਵਿਧਾਨ ਪ੍ਰੀਸ਼ਦਾਂ ਲਈ ਚੋਣਾਂ ਕਰਵਾਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)