ਚੋਣਾਂ ਵਿੱਚ ਕਿਹੜੀਆਂ ਧਾਂਦਲੀਆਂ ਹੋ ਸਕਦੀਆਂ ਜਿਨ੍ਹਾਂ ਨੂੰ ਮਾਹਿਰ ਲੋਕਤੰਤਰ ਲਈ ਖ਼ਤਰਾ ਮੰਨਦੇ

    • ਲੇਖਕ, ਇਸ਼ਾਰਿਆ ਪਰਾਇਥੋਂਗਿਅਮ
    • ਰੋਲ, ਬੀਬੀਸੀ ਵਰਲਡ

ਮਾਹਰਾਂ ਮੁਤਾਬਕ ਚੋਣਾਂ ਦੀ ਗੁਣਵੱਤਾ ਆਲਮੀ ਪੱਧਰ ਉੱਤੇ ਹੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ।

ਇਸ ਸਾਲ ਪੂਰੀ ਦੁਨੀਆਂ ਵਿੱਚ 60 ਤੋਂ ਜ਼ਿਆਦਾ ਦੇਸਾਂ ਵਿੱਚ ਚਾਰ ਅਰਬ ਤੋਂ ਜ਼ਿਆਦਾ ਲੋਕ ਵੋਟ ਪਾਉਣ ਜਾ ਰਹੇ ਹਨ। ਲੋਕਤੰਤਰ ਦੇ ਪਤਨ ਦੇ ਦੌਰ ਵਿੱਚ ਮਾਹਰ ਵੱਖੋ-ਵੱਖ ਕਿਸਮ ਦੀਆਂ ਚੋਣ ਧੋਖਾਧੜੀਆਂ ਅਤੇ ਇਨ੍ਹਾਂ ਨੂੰ ਕਿਵੇਂ ਫੜ ਸਕਦੇ ਹਾਂ ਇਸ ਬਾਰੇ ਦੱਸ ਰਹੇ ਹਨ।

ਚੋਣ ਇਮਾਨਦਾਰੀ ਕੀ ਹੈ?

ਯੂਰਪੀ ਯੂਨੀਅਨ ਦੇ ਚੋਣ ਅਧਿਕਾਰੀ ਰਿਕਾਰਡੋ ਸ਼ੈਲਰੀ, ਮੁਤਾਬਕ ਜਦੋਂ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਵਿੱਚੋਂ ਵੋਟਰਾਂ ਦੀ ਇੱਛਾ ਦੀ ਅਤੇ ਉਹ ਕਿਵੇਂ ਵੋਟ ਕਰਦੇ ਹਨ ਇਸ ਦੀ ਝਲਕ ਮਿਲੇ ਤਾਂ ਇਸ ਨੂੰ ਚੋਣ ਇਮਾਨਦਾਰੀ ਕਹਿੰਦੇ ਹਨ।

ਇਸ ਲਈ “ਜ਼ਰੂਰੀ ਹੈ ਕਿ ਲੋਕਾਂ ਦਾ ਚੋਣ ਪ੍ਰਕਿਰਿਆ ਵਿੱਚ ਭਰੋਸਾ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਵੋਟਾਂ ਵਾਲੇ ਦਿਨ ਵੋਟ ਪਾਉਣ ਬਾਹਰ ਜ਼ਰੂਰ ਆਉਣ।”

ਰਿਕਾਰਡੋ ਸ਼ੈਲਰੀ ਯੂਰਪੀ ਯੂਨੀਅਨ ਦੇ ਵਿਦੇਸ਼ੀ ਸੇਵਾ (ਈਈਏਐੱਸ) ਦੇ ਲੋਕਤੰਤਰ ਅਤੇ ਚੋਣ ਨਿਗਰਾਨੀ ਇਕਾਈ ਨਾਲ ਕੰਮ ਕਰਦੇ ਹਨ।

“ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਜਿਸ ਵਿੱਚ ਹਰ ਕਿਸੇ ਕੋਲ ਉਹ ਜਾਣਕਾਰੀ ਹੋਵੇ ਜੋ ਉਹ ਜਾਣਨਾ ਚਾਹੁੰਦੇ ਹਨ।”

“ਚੋਣਾਂ ਵਿੱਚ ਸਾਰਿਆਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਇਹ ਸਿਰਫ਼ ਵੋਟਰਾਂ ਨੂੰ ਵੋਟ ਦੇ ਦੇਣ ਤੱਕ ਸੀਮਤ ਨਹੀਂ ਹੈ। ਇਸ ਤਾਂ ਮਤਲਬ ਹੈ ਸਿਆਸੀ ਪਾਰਟੀਆਂ ਨੂੰ ਵੀ ਸ਼ਮੂਲੀਅਤ ਕਰਨ ਦਿੱਤੀ ਜਾਵੇ। ਉਹ ਬਿਨਾਂ ਹਿੰਸਾ ਦੇ ਪ੍ਰਚਾਰ ਕਰ ਸਕਣ।”

ਡਾ਼ ਨਿੱਕ ਚੀਜ਼ਮੈਨ, ਬਰਮਿੰਘਮ ਯੂਨੀਵਰਸਿਟੀ ਵਿੱਚ ਲੋਕਤੰਤਰ ਦੇ ਪ੍ਰੋਫੈਸਰ ਹਨ।

ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦੀ ਖੋਜ ਦਰਸਾਉਂਦੀ ਹੈ ਕਿ ਚੋਣ ਗੁਣਵੱਤਾ ਉਦੋਂ ਹੁੰਦੀ ਹੈ, ਜਿੱਥੇ ਨਾਗਰਿਕ ਅਤੇ ਉਮੀਦਵਾਰ ਅਜ਼ਾਦੀ ਨਾਲ ਸ਼ਾਮਲ ਹੋ ਸਕਦੇ ਹਨ ਅਤੇ ਵੋਟਾਂ ਦੀ ਗਿਣਤੀ ਇਮਾਨਦਾਰੀ ਨਾਲ ਹੁੰਦੀ ਹੈ। ਉਹ ਸਾਰੀ ਦੁਨੀਆਂ ਵਿੱਚ ਹੀ ਘਟ ਰਹੀ ਹੈ।

ਉਹ ਉਨ੍ਹਾਂ ਨੂੰ ਮਾੜੀ ਗੁਣਵੱਤਾ ਵਾਲੀਆਂ ਚੋਣਾਂ ਦੇ ਦੁਨੀਆਂ ਵਿੱਚ ਇੱਕ ਆਮ ਨਿਯਮ ਹੋ ਜਾਣ ਦਾ ਡਰ ਹੈ।

ਉਹ ਕਹਿੰਦੇ ਹਨ, “ਕੋਈ ਵੀ ਚੋਣ ਪੂਰਨ ਨਹੀਂ ਹੁੰਦੀ ਪਰ ਉੱਚ-ਗੁਣਵੱਤਾ ਵਾਲੀਆਂ ਚੋਣਾਂ ਵੋਟਰਾਂ ਨੂੰ ਆਪਣੀ ਸਰਕਾਰ ਚੁਣਨ ਅਤੇ ਆਪਣੇ ਆਗੂਆਂ ਨੂੰ ਜਵਾਬਦੇਹ ਬਣਾਉਣ ਦੇ ਯੋਗ ਕਰਦੀਆਂ ਹਨ।”

ਅਮਰੀਕਾ ਵਿੱਚ ਚੋਣ ਹਲਕਿਆਂ ਵਿੱਚ ਫੇਰ ਬਦਲ, ਵੋਟਰਾਂ ਉੱਪਰ ਦਬਾਅ ਅਤੇ ਗਲਤ ਜਾਣਕਾਰੀ ਦੇ ਖ਼ਤਰੇ ਹਨ।

ਚੋਣ ਹੇਰਾਫੇਰੀ

ਇੱਕ ਵਾਰ ਮਤਦਾਨ ਖਤਮ ਹੋਣ ਦੇ ਅਗਲੇ ਦਿਨ ਤੋਂ ਲੈ ਕੇ ਅਗਲੀਆਂ ਚੋਣਾਂ ਦਾ ਐਲਾਨ ਹੋਣ ਤੱਕ

ਇੱਕ ਚੋਣ ਪ੍ਰਕਿਰਿਆ ਇੱਕ ਚੋਣ ਖਤਮ ਹੋਣ ਤੋਂ ਅਗਲੇ ਦਿਨ ਤੋਂ ਅਗਲੀਆਂ ਚੋਣਾਂ ਦੇ ਪਹਿਲੇ ਦਿਨ ਤੱਕ ਹੁੰਦੀ ਹੈ। ਇਸ ਦੌਰਾਨ ਕਿਸੇ ਵੀ ਸਮੇਂ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ਡਾ਼ ਚੀਜ਼ਮੈਨ ਕਹਿੰਦੇ ਹਨ, “ਸਿਰਫ਼ ਨੌਸਿਖੀਏ ਹੀ ਚੋਣਾਂ ਵਾਲੇ ਦਿਨ ਹੇਰਾਫੇਰੀ ਕਰਦੇ ਹਨ। ਮਾਹਰ ਲੋਕ ਇੱਕ ਸਾਲ ਪਹਿਲਾਂ ਤੋਂ ਚੋਣਾਂ ਪ੍ਰਭਾਵਿਤ ਕਰਨੀਆਂ ਸ਼ੁਰੂ ਕਰ ਦਿੰਦੇ ਹਨ।”

ਇਸ ਵਿੱਚ ਜਿਹੜੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਉਸ ਵਿੱਚ ਸ਼ਾਮਲ ਹਨ— ਸੱਤਾਧਾਰੀ ਧਿਰ ਵੱਲੋਂ ਸੁਰੱਖਿਆ ਦਸਤਿਆਂ ਦੀ ਵਰਤੋਂ ਕਰਕੇ ਵਿਰੋਧੀ ਧਿਰ ਨੂੰ ਦਬਾਉਣਾ। ਵਿਰੋਧੀ ਧਿਰ ਦੇ ਸੁਨੇਹੇ ਵਿੱਚ ਰੁਕਾਵਟ ਪਾਉਣ ਲਈ ਮੀਡੀਆ ਸੈਂਸਰ ਕਰਨਾ, ਅਤੇ ਸੱਤਾਧਾਰੀ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਫਿਕਸ ਕਰਨਾ।

ਰਿਕਾਰਡੋ ਸ਼ੈਲਰੀ ਕਹਿੰਦੇ ਹਨ, “ਅਕਸਰ ਕੀ ਹੁੰਦਾ ਹੈ ਕਿ ਸਰਕਾਰਾਂ ਉਨ੍ਹਾਂ ਜੱਜਾਂ ਨੂੰ ਨਿਯੁਕਤ ਕਰਦੀਆਂ ਹਨ ਜੋ ਸੁਤੰਤਰ ਨਹੀਂ ਹੁੰਦੇ। ਇਸ ਤਰ੍ਹਾਂ ਆਖਰੀ ਨਤੀਜਿਆਂ ਖਿਲਾਫ ਕੋਈ ਅਰਜੀ ਸੁਣਵਾਈ ਲਈ ਸਵੀਕਾਰ ਨਹੀਂ ਕੀਤੀ ਜਾਂਦੀ।”

ਹਾਲਾਂਕਿ ਇਸ ਦਾ ਪੂਰਾ ਡਰ ਸੀ ਪਰ ਅਮਰੀਕਾ ਵਿੱਚ ਅਜਿਹਾ ਨਹੀਂ ਹੋਇਆ।

ਜਦੋਂ ਡੌਨਲਡ ਟਰੰਪ ਨੇ ਰਾਸ਼ਟਰਪਤੀ ਸੁਪਰੀਮ ਕੋਰਟ ਵਿੱਚ ਤਿੰਨ ਜੱਜ ਨਿਯੁਕਤ ਕੀਤੇ। ਇਸ ਨਿਯੁਕਤੀ ਨਾਲ ਸੁਪਰੀਮ ਕੋਰਟ ਦੀ ਬੈਂਚ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 6-3 ਨਾਸ ਮੋਹਰੀ ਹੋ ਗਈ। ਹਾਲਾਂਕਿ ਜਦੋਂ ਉਨ੍ਹਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਤਾਂ ਉਨ੍ਹਾਂ ਨੇ ਇਕ ਰਾਇ ਨਾਲ ਫੈਸਲਾ ਟਰੰਪ ਦੇ ਖਿਲਾਫ ਫੈਸਲਾ ਸੁਣਾਇਆ।

ਟਰੰਪ ਦਾ ਇਲਜ਼ਾਮ ਸੀ ਕਿ ਬਾਇਡਨ ਨੇ ਚੋਣਾਂ ਵਿੱਚ ਹੇਰਾ-ਫੇਰੀ ਕਰਕੇ ਉਨ੍ਹਾਂ ਨੂੰ ਹਰਾਇਆ ਹੈ।

ਜਿਹੜੇ ਦੇਸਾਂ ਵਿੱਚ ਚੋਣ ਪ੍ਰਕਿਰਿਆ ਬਹੁਤ ਸਖਤ ਹੈ। ਉੱਥੇ ਵੀ ਮਾਹਰਾਂ ਦੀ ਸਲਾਹ ਹੈ ਕਿ ਸਾਨੂੰ ਵੋਟਾਂ ਦੀ ਹੋਰਾ-ਫੇਰੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਇੱਕ ਹੋਰ ਤਕਨੀਕ ਜੈਰੀਮੈਂਡਰਿੰਗ (ਚੋਣ ਹਲਕਿਆਂ ਵਿੱਚ ਫੇਰ ਬਦਲ)।

ਚੋਣ ਹਲਕਿਆਂ ਵਿੱਚ ਫੇਰ ਬਦਲ: ਹਲਕੇ ਬੰਦੀ ਦੌਰਾਨ ਚੋਣ ਹਲਕਿਆਂ ਨੂੰ ਇਸ ਤਰ੍ਹਾਂ ਜੋੜ-ਤੋੜ ਦਿੱਤਾ ਜਾਂਦਾ ਹੈ ਕਿ ਜਿਸ ਨਾਲ ਵੋਟ ਨਤੀਜਿਆਂ ਉੱਪਰ ਅਸਰ ਪਵੇ। ਵਿਰੋਧੀ ਵੋਟਾਂ ਨੂੰ ਖਿੰਡਾ ਦਿੱਤਾ ਜਾਂਦਾ ਹੈ ਅਤੇ ਆਪਣੇ ਪੱਖ ਦੇ ਵੋਟਰ ਇੱਕ ਹਲਕੇ ਵਿੱਚ ਇਕੱਠੇ ਕਰ ਲਏ ਜਾਂਦੇ ਹਨ।

ਸੱਤਾਧਾਰੀ ਪਾਰਟੀਆਂ ਜਾਂ ਸਰਕਾਰਾਂ ਸਰਕਾਰੀ ਪੈਸੇ ਦੀ ਵਰਤੋਂ ਆਪਣੇ ਪਰਚਾਰ ਲਈ ਕਰ ਸਕਦੀਆਂ ਹਨ। ਗਲਤ ਜਾਣਕਾਰੀ ਫੈਲਾਅ ਸਕਦੀਆਂ ਹਨ। ਵੋਟਰਾਂ ਨੂੰ ਖ਼ਰੀਦਣ ਲਈ ਫਰੀ ਬੀਜ਼ ਦੇ ਸਕਦੀਆਂ ਹਨ।

ਡਾ਼ ਚੀਜ਼ਮੈਨ ਮੁਤਾਬਕ, “ਅਮਰੀਕਾ ਵਿੱਚ ਜ਼ਿਆਦਾ ਚਿੰਤਾ ਜੈਰੀਮੈਂਡਰਿੰਗ, ਵੋਟਰਾਂ ਨੂੰ ਦਬਾਉਣ ਅਤੇ ਗਲਤ ਜਾਣਕਾਰੀ ਬਾਰੇ ਹੈ।”

“ਅਸੀਂ ਇੱਕ ਝੂਠਾ ਮੈਸਜ ਪਹਿਲਾਂ ਹੀ ਦੇਖ ਲਿਆ ਹੈ ਜਿਸ ਵਿੱਚ ਇੰਝ ਲੱਗ ਰਿਹਾ ਹੈ ਜਿਵੇਂ ਰਾਸ਼ਟਰਪਤੀ ਦੇਸ ਵਾਸੀਆਂ ਨੂੰ ਕਹਿ ਰਹੇ ਹੋਣ ਕਿ ਵੋਟ ਕਰਨ ਬਾਰੇ ਫਿਕਰ ਨਾ ਕਰਨ। ਅਜੇ ਤਾਂ ਚੋਣ ਪ੍ਰਚਾਰ ਸ਼ੁਰੂ ਵੀ ਨਹੀਂ ਹੋਇਆ ਹੈ।”

ਉਹ ਕਹਿੰਦੇ ਹਨ ਕਿ ਅਲ-ਸੈਲਵੇਡੋਰ, ਭਾਰਤ ਅਤੇ ਸ੍ਰੀ ਲੰਕਾ ਵਿੱਚ ਗਲਤ ਜਾਣਕਾਰੀ, ਚੋਣਾਂ ਵਿੱਚ ਹੇਰਾ-ਫੇਰੀ ਅਤੇ ਚੋਣਾਂ ਦੌਰਾਨ ਹਿੰਸਾ ਦਾ ਵੀ ਗੰਭੀਰ ਖਤਰਾ ਹੈ।

ਵਲਾਦੀਮੀਰ ਪੂਤਿਨ ਰੂਸ ਦੇ ਪੰਜਵੀਂ ਵਾਰ ਰਾਸ਼ਟਰਪਤੀ ਬਣਨ ਲਈ ਚੋਣ ਮੈਦਾਨ ਵਿੱਚ ਹਨ। ਰੂਸ ਵਿੱਚ ਰਾਸ਼ਟਰਪਤੀ ਚੋਣਾਂ 15-17 ਮਾਰਚ ਦੌਰਾਨ ਹੋਣੀਆਂ ਹਨ।

ਚੋਣ ਧੋਖਾਧੜੀ ਕੀ ਹੈ?

ਚੋਣ ਧੋਖਾਧੜੀ ਵੋਟਾਂ ਪੈ ਚੁੱਕਣ ਤੋਂ ਬਾਅਦ ਨਤੀਜਿਆਂ ਨੂੰ ਬਦਲਣ ਦੀ ਇੱਕ ਕੋਸ਼ਿਸ਼ ਹੁੰਦੀ ਹੈ।

ਵਿਰੋਧੀ ਧਿਰ ਨੂੰ ਨੁਕਸਾਨ ਪਹੁੰਚਾਉਣ ਲਈ ਪਹਿਲਾਂ ਤੋਂ ਮੋਹਰਾਂ ਲੱਗੀਆਂ ਵੋਟ ਪਰਚੀਆਂ ਵੋਟ ਪੇਟੀਆਂ ਵਿੱਚ ਭਰਨਾ ਜਾਂ ਵੋਟ ਪੇਟੀਆਂ ਨੂੰ ਨੁਕਸਾਨ ਪਹੁੰਚਾਉਣਾ।

ਰੂਸ ਵਿੱਚ ਸਾਲ 2021 ਦੌਰਾਨ ਤਿੰਨ ਦਿਨ ਚੱਲੀਆਂ ਆਮ ਚੋਣਾਂ ਦੌਰਾਨ ਚੋਣ ਧੋਖਾਧੜੀ ਦੇ ਵਿਆਪਕ ਇਲਜ਼ਾਮ ਲੱਗੇ ਸਨ। ਇਨ੍ਹਾਂ ਵਿੱਚ ਵੋਟ ਪੇਟੀਆਂ ਨੂੰ ਭਰਨ ਅਤੇ ਚੋਣ ਅਬਜ਼ਰਵਰਾਂ ਨੂੰ ਧਮਕਾਉਣ ਦੇ ਇਲਜ਼ਾਮ ਵੀ ਸ਼ਾਮਲ ਸਨ।

ਇੰਟਰਨੈਟ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਲੋਕ ਵੋਟ ਪੇਟੀਆਂ ਨੂੰ ਭਰਦੇ ਦੇਖੇ ਜਾ ਸਕਦੇ ਸਨ।

ਹਾਲਾਂਕਿ ਰੂਸ ਸਰਕਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਸੇ “ਮਹੱਤਵਪੂਰਨ ਉਲੰਘਣਾ” ਦੀ ਸ਼ਿਕਾਇਤ ਨਹੀਂ ਮਿਲੀ।

ਡਾ਼ ਚੀਜ਼ਮੈਨ “ਵੋਟ ਧੋਖਾਧੜੀ ਕਿਵੇਂ ਕਰੀਏ?” ਕਿਤਾਬ ਦੇ ਸਹਿ ਲੇਖਕ ਵੀ ਹਨ।

ਉਹ ਕਹਿੰਦੇ ਹਨ, “ਪਰ ਜੇ ਸਾਰੀ ਪ੍ਰਕਿਰਿਆ ਉੱਪਰ ਤੁਹਾਡਾ ਕੰਟਰੋਲ ਹੋਵੇ ਤਾਂ ਤੁਸੀਂ ਅਰਾਮ ਨਾਲ ਝੂਠ ਬੋਲ ਸਕਦੇ ਹੋ।”

ਉਹ ਕਹਿੰਦੇ ਹਨ ਕਿ ਜਿੱਥੇ ਬਹੁਤ ਸਖਤ ਚੋਣ ਪ੍ਰਣਾਲੀਆਂ ਹਨ, ਵੋਟ ਧੋਖਾਧੜੀ ਉਨ੍ਹਾਂ ਦੇਸਾਂ ਵਿੱਚ ਵੀ ਹੋ ਸਕਦੀ ਹੈ।

ਇਨ੍ਹਾਂ ਦੇਸਾਂ ਵਿੱਚ ਘਰੇਲੂ ਅਬਜ਼ਰਵਰ ਅਤੇ ਸਿਆਸੀ ਪਾਰਟੀਆਂ ਦੇ ਏਜੰਟ ਆਮ ਕਰਕੇ ਪੋਲਿੰਗ ਸਟੇਸ਼ਨਾਂ ਉੱਪਰ ਮੌਜੂਦ ਰਹਿੰਦੇ ਹਨ। ਜੋ ਨਤੀਜਿਆਂ ਦੀ ਆਪਣੇ ਨਤੀਜਿਆਂ ਨਾਲ ਮਿਲਾਨ ਕਰਦੇ ਹਨ।

ਸਾਲ 2023 ਦੇ ਦਸੰਬਰ ਮਹੀਨੇ ਕਾਂਗੋ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਹੋਈਆਂ। ਇਹ ਚੋਣਾਂ ਦਾ ਲੌਜਿਸਟੀਕਲ ਸਮੱਸਿਆਵਾਂ ਅਤੇ ਸੁਤੰਤਰ ਅਬਜ਼ਰਵਰਾਂ ਵੱਲੋਂ ਵਿਆਪਕ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਕਾਰਨ ਭੱਠਾ ਬੈਠ ਗਿਆ।

ਡਾ਼ ਚੀਜ਼ਮੈਨ ਘਾਨਾ ਦੀਆਂ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦਾ ਹਵਾਲਾ ਦਿੰਦੇ ਹਨ ਜਿੱਥੇ ਵਿਰੋਧੀ ਪਾਰਟੀਆਂ ਨੇ ਚੋਣ ਨਤੀਜੇ ਇਕੱਠੇ ਕਰਨ ਲਈ ਇੱਕ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕੀਤੀ।

ਇਸੇ ਦੌਰਾਨ ਸਾਲ 2021 ਵਿੱਚ ਘਰੇਲੂ ਅਬਜ਼ਰਵਰਾਂ ਅਤੇ ਚਰਚ ਸਮੂਹਾਂ ਨੇ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਇੱਕ ਸਮਾਂਤਰ ਵੋਟ ਸੂਚੀ ਤਿਆਰ ਕੀਤੀ। ਇਨ੍ਹਾਂ ਨੇ ਇਸ ਤਰ੍ਹਾਂ ਚੋਣ ਆਯੋਗ ਉੱਪਰ ਉਹੋ-ਜਿਹਾ ਹੀ ਨਤੀਜਾ ਐਲਾਨਣ ਦਾ ਦਬਾਅ ਪਾਇਆ।

ਹਾਲਾਂਕਿ ਡਾ਼ ਚੀਜ਼ਮੈਨ ਦੱਸਦੇ ਹਨ ਕਿ ਪਿਛਲੇ ਦਸ ਸਾਲਾਂ ਦੌਰਾਨ ਅਜਿਹਾ ਕਰਨਾ ਹੋਰ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਅਧਿਕਾਰਵਾਦੀ ਸਰਕਾਰਾਂ ਨੇ ਗੈਰ-ਸਰਕਾਰੀ ਸੰਗਠਨਾਂ ਅਤੇ ਸੱਭਿਅਕ ਸਮਾਜ ਦੀਆਂ ਸਰਗਰਮੀਆਂ ਨੂੰ ਨੱਥ ਪਾਉਣ ਲਈ ਸਖਤ ਕਾਨੂੰਨ ਬਣਾ ਦਿੱਤੇ ਹਨ।

ਇਸ ਤੋਂ ਇਲਾਵਾ ਇੱਕ ਚੋਣ ਸਰਵੇਖਣ ਸਿਰਫ਼ ਚੋਣਾਂ ਦੇ ਨਿਰਣਾਇਕ ਪੱਖ ਨੂੰ ਹੀ ਦੇਖ ਸਕਦਾ ਹੈ। ਉਹ ਉਸਤੋਂ ਪਹਿਲੇ ਪੜਾਅ ਵਿੱਚ ਹੋਈ ਧੋਖਾਧੜੀ ਬਾਰੇ ਕੁਝ ਨਹੀਂ ਕਰ ਸਕਦਾ।

ਕੀ ਵਿਰੋਧੀ ਧਿਰ ਚੋਣ ਧੋਖਾਧੜੀ ਕਰ ਸਕਦੀ ਹੈ?

ਡਾ਼ ਚੀਜ਼ਮੈਨ ਦੱਸਦੇ ਹਨ ਕਿ ਵਿਰੋਧੀ ਧਿਰਾਂ ਵੀ ਲੁਕੇ ਛਿਪੇ ਤਰੀਕੇ ਨਾਲ ਅਜਿਹੇ ਕੰਮ ਕਰ ਕੇ ਸਾਫ ਬਚ ਸਕਦੀਆਂ ਹਨ।

“ਡੌਨਲਡ ਟਰੰਪ ਵਰਗਾ ਕੋਈ ਵਿਅਕਤੀ ਜੋ ਹੁਣ ਵਿਰੋਧ ਵਿੱਚ ਹੈ, ਹਰ ਕਿਸਮ ਦੇ ਇਲਜ਼ਾਮ ਲਗਾ (ਕੁਝ ਸਹੀ ਜ਼ਿਆਦਾ ਨਾ- ਸਹੀ) ਸਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।”

ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਇੱਕ ਝੂਠੇ ਵੀਡੀਓ ਸੁਨੇਹੇ ਦੇ ਸ਼ਿਕਾਰ ਹੋ ਚੁੱਕੇ ਹਨ। ਜਦਕਿ ਰਾਸ਼ਟਰਪਤੀ ਚੋਣਾਂ ਅਜੇ ਨਵੰਬਰ 2024 ਵਿੱਚ ਹੋਣੀਆਂ ਹਨ।

ਲੋਕਤੰਤਰ ਖਤਰੇ ਵਿੱਚ

ਯੂਰਪੀ ਯੂਨੀਅਨ ਦੇ ਅਫਸਰ ਰਿਕਾਰਡੋ ਸ਼ੈਲਰੀ ਕਹਿੰਦੇ ਹਨ “ਖੁਦ ਨੂੰ ਮੂਰਖ ਨਾ ਬਣਾਓ। ਲੋਕਤੰਤਰ ਲਈ ਪੂਰੀ ਦੁਨੀਆਂ ਵਿੱਚ ਹੀ ਬੁਰਾ ਸਮਾਂ ਚੱਲ ਰਿਹਾ ਹੈ।”

"ਮੈਨੂੰ ਲਗਦਾ ਹੈ ਕਿ ਪਿਛਲੇ ਪੰਜ ਸਾਲ ਲੋਕਤੰਤਰੀ ਮੰਦੀ ਦੇ ਸਾਲ ਸਨ।”

ਉਹ ਕਹਿੰਦੇ ਹਨ ਕਿ ਇਸ ਪਿੱਛੇ ਮਾੜੀ ਆਰਥਿਕਤਾ ਅਤੇ ਸਾਜਿਸ਼ੀ ਸਿਧਾਂਤ ਫੈਲਾਉਣ ਵਿੱਚ ਸੋਸ਼ਲ ਮੀਡੀਆ ਦਾ ਮਾੜ ਪ੍ਰਭਾਵ ਵਰਗੇ ਕਾਰਨ ਹਨ।

ਡਾ਼ ਚੀਜ਼ਮੈਨ ਕਹਿੰਦੇ ਹਨ ਕਿ ਦੁਨੀਆਂ ਵਿੱਚ ਲੋਕਤੰਤਰ ਦਾ ਭਵਿੱਖ ਇਸ ਸਾਲ ਹੋਣ ਵਾਲੀਆਂ ਚੋਣਾਂ ਦੇ ਨਤੀਜਿਆਂ ਉੱਪਰ ਨਿਰਭਰ ਹਨ।

ਉਹ ਕਹਿੰਦੇ ਹਨ,“ਜੇ ਲੋਕ ਅਜਿਹੇ ਲੋਕਤੰਤਰ ਵਿੱਚ ਰਹਿ ਰਹੇ ਹਨ ਜਿੱਥੇ ਹਮੇਸ਼ਾ ਹੀ ਚੋਣਾਂ ਵਿੱਚ ਧੋਖਾਧੜੀ ਹੁੰਦੀ ਹੈ, ਕਦੇ ਨਾ ਕਦੇ ਉਹ ਸੋਚਣਗੇ ਕਿ ਜਦੋਂ ਸਿਸਟਮ ਨੇ ਸਾਨੂੰ ਅਸਲੀ ਚੋਣ ਕਰਨ ਹੀ ਨਹੀਂ ਦੇਣੀ ਤਾਂ ਸਿਆਸੀ ਸ਼ਮੂਲੀਅਤ ਦਾ ਅਰਥ ਹੀ ਕੀ ਰਹਿ ਜਾਂਦਾ ਹੈ?”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)